Sri Guru Granth Sahib Ji — Ang 152 (punjabi)
ਸਰਮ ਸੁਰਤਿ ਦੁਇ ਸਸੁਰ ਭਏ ॥
ਉੱਦਮ ਅਤੇ ਉੱਚੀ ਸੁਰਤਿ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ;
ਕਰਣੀ ਕਾਮਣਿ ਕਰਿ ਮਨ ਲਏ ॥੨॥
ਤੇ ਹੇ ਮਨ ! ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ ।੨।;
ਸਾਹਾ ਸੰਜੋਗੁ ਵੀਆਹੁ ਵਿਜੋਗੁ ॥
ਜੇ ਸਤ ਸੰਗ (ਵਿਚ ਜਾਣਾ) ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ (ਭਾਵ, ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾ ਸਕਦਾ, ਤਿਵੇਂ ਸਤ ਸੰਗ ਵਿਚੋਂ ਕਦੇ ਨ ਖੁੰਝੇ), ਜੇ (ਸਤ ਸੰਗ ਵਿਚ ਰਹਿ ਕੇ ਦੁਨੀਆ ਨਾਲੋਂ) ਨਿਰਮੋਹਤਾ-ਰੂਪ (ਪ੍ਰਭੂ ਨਾਲ) ਵਿਆਹ ਹੋ ਜਾਏ;
ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥
ਤਾਂ (ਇਸ ਵਿਆਹ ਵਿਚੋਂ) ਸੱਚ (ਭਾਵ, ਪ੍ਰਭੂ ਦਾ ਸਦਾ ਹਿਰਦੇ ਵਿਚ ਟਿਕੇ ਰਹਿਣਾ, ਉਸ ਜੀਵ-ਇਸਤ®ੀ ਦੀ) ਸੰਤਾਨ ਹੈ । ਹੇ ਨਾਨਕ ! ਆਖ—ਇਹ ਹੈ (ਸੱਚਾ) ਪ੍ਰਭੂ-ਮਿਲਾਪ ।੩।੩।
ਗਉੜੀ ਮਹਲਾ ੧ ॥
ਗਊੜੀ ਪਹਿਲੀ ਪਾਤਸ਼ਾਹੀ।
ਪਉਣੈ ਪਾਣੀ ਅਗਨੀ ਕਾ ਮੇਲੁ ॥
ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ ! (ਗੁਰੂ ਦੀ ਸਰਨ ਪੈ ਕੇ) ਇਹ ਗੱਲ ਸਮਝ ਲੈ (ਕਿ ਜਦੋਂ) ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਦੋਂ ਇਹ ਸਰੀਰ ਬਣਦਾ ਹੈ, ਤੇ ਇਸ ਵਿਚ)
ਚੰਚਲ ਚਪਲ ਬੁਧਿ ਕਾ ਖੇਲੁ ॥
ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ (ਸ਼ੁਰੂ ਹੋ ਜਾਂਦੀ ਹੈ) ।
ਨਉ ਦਰਵਾਜੇ ਦਸਵਾ ਦੁਆਰੁ ॥
(ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿਚ ਸ਼ਾਮਿਲ ਰਹਿੰਦੀਆਂ ਹਨ, ਸਿਰਫ਼)
ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥
ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ) ।੧।
ਕਥਤਾ ਬਕਤਾ ਸੁਨਤਾ ਸੋਈ ॥
(ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਉਹ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ
ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥
ਹੇ ਭਾਈ ! ਜਿਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ।੧।ਰਹਾਉ।
ਦੇਹੀ ਮਾਟੀ ਬੋਲੈ ਪਉਣੁ ॥
ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਹੀ ਰਹਿੰਦਾ ਹੈ ।
ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥
ਹੇ ਗਿਆਨਵਾਨ ਮਨੁੱਖ ! ਇਸ ਗੱਲ ਨੂੰ ਸਮਝ (ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ-ਭਾਵ ਦੀ ਮੌਤ ਹੁੰਦੀ ਹੈ, ਉਂਞ) ਹੋਰ ਕੁਝ ਨਹੀਂ ਮਰਦਾ,
ਮੂਈ ਸੁਰਤਿ ਬਾਦੁ ਅਹੰਕਾਰੁ ॥
(ਹਾਂ, ਗੁਰੂ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ) ਖਿੱਚ ਮਰ ਜਾਂਦੀ ਹੈ, (ਮਾਇਆ ਦੀ ਖ਼ਾਤਰ ਮਨ ਦਾ) ਝਗੜਾ ਮਰ ਜਾਂਦਾ ਹੈ (ਮਨੁੱਖ ਦੇ ਅੰਦਰੋਂ ਮਾਇਆ ਦਾ) ਅਹੰਕਾਰ ਮਰ ਜਾਂਦਾ ਹੈ ।
ਓਹੁ ਨ ਮੂਆ ਜੋ ਦੇਖਣਹਾਰੁ ॥੨॥
ਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ ।੨।
ਜੈ ਕਾਰਣਿ ਤਟਿ ਤੀਰਥ ਜਾਹੀ ॥
ਹੇ ਭਾਈ ! ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ,
ਰਤਨ ਪਦਾਰਥ ਘਟ ਹੀ ਮਾਹੀ ॥
ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ ।
ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥
(ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ ।
ਭੀਤਰਿ ਹੋਦੀ ਵਸਤੁ ਨ ਜਾਣੈ ॥੩॥
ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ ।੩।
ਹਉ ਨ ਮੂਆ ਮੇਰੀ ਮੁਈ ਬਲਾਇ ॥
(ਉਸ ਨੂੰ) ਇਹ ਦਿੱਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, (ਮਨੁੱਖ ਦੇ ਅੰਦਰੋਂ) ਮਾਇਆ ਦੀ ਮਮਤਾ-ਰੂਪ ਚੁੜੇਲ ਹੀ ਮਰਦੀ ਹੈ ।
ਓਹੁ ਨ ਮੂਆ ਜੋ ਰਹਿਆ ਸਮਾਇ ॥
ਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ ।
ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥
ਹੇ ਨਾਨਕ ! ਆਖ—(ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ,
ਮਰਤਾ ਜਾਤਾ ਨਦਰਿ ਨ ਆਇਆ ॥੪॥੪॥
ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਪ੍ਰਭੂ ਜੰਮਦਾ ਮਰਦਾ ਨਹੀਂ ।੪।੪।
ਗਉੜੀ ਮਹਲਾ ੧ ਦਖਣੀ ॥
ਗਊੜੀ ਪਹਿਲੀ ਪਾਤਸ਼ਾਹੀ ਦਖਣੀ।
ਸੁਣਿ ਸੁਣਿ ਬੂਝੈ ਮਾਨੈ ਨਾਉ ॥ ਤਾ ਕੈ ਸਦ ਬਲਿਹਾਰੈ ਜਾਉ ॥
ਜੋ ਮਨੁੱਖ (“ਸਾਚੇ ਗੁਰ ਕੀ ਸਾਚੀ ਸੀਖ”) ਸੁਣ ਸੁਣ ਕੇ ਉਸ ਨੂੰ ਵਿਚਾਰਦਾ-ਸਮਝਦਾ ਹੈ ਤੇ ਇਹ ਯਕੀਨ ਬਣਾ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਅਸਲ ਵਣਜ-ਵਪਾਰ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ।
ਆਪਿ ਭੁਲਾਏ ਠਉਰ ਨ ਠਾਉ ॥
ਜਿਸ ਮਨੁੱਖ ਨੂੰ ਪ੍ਰਭੂ (ਇਸ ਪਾਸੇ ਵਲੋਂ) ਖੰੁਝਾ ਦੇਂਦਾ ਹੈ, ਉਸ ਨੂੰ ਕੋਈ ਹੋਰ (ਆਤਮਕ) ਸਹਾਰਾ ਨਹੀਂ ਮਿਲ ਸਕਦਾ ।
ਤੂੰ ਸਮਝਾਵਹਿ ਮੇਲਿ ਮਿਲਾਉ ॥੧॥
ਹੇ ਪ੍ਰਭੂ ! ਜਿਸ ਨੂੰ ਤੂੰ ਆਪ ਬਖ਼ਸ਼ੇਂ, ਉਸ ਨੂੰ ਤੂੰ (ਗੁਰੂ ਦੀ ਸਿੱਖਿਆ ਵਿਚ) ਮੇਲ ਕੇ (ਆਪਣੇ ਚਰਨਾਂ ਦਾ) ਮਿਲਾਪ (ਬਖ਼ਸ਼ਦਾ ਹੈਂ) ।੧।
ਨਾਮੁ ਮਿਲੈ ਚਲੈ ਮੈ ਨਾਲਿ ॥
ਹੇ ਪ੍ਰਭੂ ! ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ) ਨਾਮ ਮਿਲ ਜਾਏ, (ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ) ਮੇਰੇ ਨਾਲ ਜਾ ਸਕਦਾ ਹੈ ।
ਬਿਨੁ ਨਾਵੈ ਬਾਧੀ ਸਭ ਕਾਲਿ ॥੧॥ ਰਹਾਉ ॥
ਤੇਰਾ ਨਾਮ ਸਿਮਰਨ ਤੋਂ ਬਿਨਾ ਸਾਰੀ ਲੁਕਾਈ ਮੌਤ ਦੇ ਸਹਮ ਵਿਚ ਜਕੜੀ ਪਈ ਹੈ ।੧।ਰਹਾਉ।
ਖੇਤੀ ਵਣਜੁ ਨਾਵੈ ਕੀ ਓਟ ॥
(ਹੇ ਭਾਈ !) ਪਰਮਾਤਮਾ ਦੇ ਨਾਮ ਦਾ ਆਸਰਾ (ਇਸ ਤਰ੍ਹਾਂ ਲਵੋ ਜਿਸ ਤਰ੍ਹਾਂ) ਖੇਤੀ ਨੂੰ, ਵਣਜ ਨੂੰ ਆਪਣੇ ਸਰੀਰਕ ਨਿਰਬਾਹ ਦਾ ਸਹਾਰਾ ਬਣਾਂਦੇ ਹੋ ।
ਪਾਪੁ ਪੁੰਨੁ ਬੀਜ ਕੀ ਪੋਟ ॥
(ਕੋਈ ਭੀ ਕੀਤਾ ਹੋਇਆ) ਪਾਪ ਜਾਂ ਪੁੰਨ (ਹਰੇਕ ਜੀਵ ਲਈ ਅਗਾਂਹ ਵਾਸਤੇ) ਬੀਜ ਦੀ ਪੋਟਲੀ ਬਣ ਜਾਂਦਾ ਹੈ । (ਉਹ ਚੰਗਾ ਮੰਦਾ ਕੀਤਾ ਕਰਮ ਮਨ ਦੇ ਅੰਦਰ ਸੰਸਕਾਰ-ਰੂਪ ਵਿਚ ਟਿਕ ਕੇ ਉਹੋ ਜਿਹੇ ਕਰਮ ਕਰਨ ਲਈ ਪ੍ਰੇਰਨਾ ਕਰਦਾ ਰਹਿੰਦਾ ਹੈ) ।
ਕਾਮੁ ਕ੍ਰੋਧੁ ਜੀਅ ਮਹਿ ਚੋਟ ॥
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ (ਪ੍ਰਭੂ ਦੇ ਨਾਮ ਦੇ ਥਾਂ) ਕਾਮ ਕੋ®ਧ (ਆਦਿਕ ਵਿਕਾਰ) ਚੋਟ ਲਾਂਦਾ ਰਹਿੰਦਾ ਹੈ (ਪ੍ਰੇਰਨਾ ਕਰਦਾ ਰਹਿੰਦਾ ਹੈ)
ਨਾਮੁ ਵਿਸਾਰਿ ਚਲੇ ਮਨਿ ਖੋਟ ॥੨॥
ਉਹ ਬੰਦੇ ਪ੍ਰਭੂ ਦਾ ਨਾਮ ਵਿਸਾਰ ਕੇ (ਇਥੋਂ) ਮਨ ਵਿਚ (ਵਿਕਾਰਾਂ ਦੀ) ਖੋਟ ਲੈ ਕੇ ਹੀ ਤੁਰ ਪੈਂਦੇ ਹਨ ।੨।
ਸਾਚੇ ਗੁਰ ਕੀ ਸਾਚੀ ਸੀਖ ॥
ਜਿਨ੍ਹਾਂ ਮਨੁੱਖਾਂ ਨੂੰ ਸੱਚੇ ਸਤਿਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਹੁੰਦੀ ਹੈ,
ਤਨੁ ਮਨੁ ਸੀਤਲੁ ਸਾਚੁ ਪਰੀਖ ॥
ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ (ਭਾਵ, ਉਹਨਾਂ ਦੇ ਗਿਆਨ-ਇੰਦ®ੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ) ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ (ਸਾਂਝ ਪਾ ਲੈਂਦੇ ਹਨ) ।
ਜਲ ਪੁਰਾਇਨਿ ਰਸ ਕਮਲ ਪਰੀਖ ॥
ਜਿਵੇਂ ਪਾਣੀ ਦੀ ਚੌਪੱਤੀ, ਜਿਵੇਂ ਪਾਣੀ ਦਾ ਕੌਲ ਫੁਲ (ਪਾਣੀ ਤੋਂ ਬਿਨਾ ਜੀਊਂਦੇ ਨਹੀਂ ਰਹਿ ਸਕਦੇ, ਤਿਵੇਂ ਉਹਨਾਂ ਦੀ ਜਿੰਦ ਪ੍ਰਭੂ-ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ) ।
ਸਬਦਿ ਰਤੇ ਮੀਠੇ ਰਸ ਈਖ ॥੩॥
ਉਹ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਿੱਠੇ ਸੁਭਾਵ ਵਾਲੇ ਹੁੰਦੇ ਹਨ, ਜਿਵੇਂ ਗੰਨੇ ਦੀ ਰਹੁ ਮਿੱਠੀ ਹੈ ।੩।
ਹੁਕਮਿ ਸੰਜੋਗੀ ਗੜਿ ਦਸ ਦੁਆਰ ॥
ਵਾਹਿਗੁਰੂ ਦੇ ਫੁਰਮਾਨ ਦੇ ਪਹੁੰਚਣ ਉਤੇ ਦਸਾਂ ਦਰਵਾਜਿਆਂ ਵਾਲਾ ਸਰੀਰ ਕਿਲ੍ਹਾ ਵਜੂਦ ਵਿੱਚ ਆਇਆ।
ਪੰਚ ਵਸਹਿ ਮਿਲਿ ਜੋਤਿ ਅਪਾਰ ॥
ਉਸ ਵਿੱਚ ਪੰਜ ਮੰਦ-ਵਿਸ਼ੇ ਵੇਗ, ਅਨੰਤ ਰਬੀ ਨੂਰ ਦੇ ਨਾਲ ਹੀ ਰਹਿੰਦੇ ਹਨ!
ਆਪਿ ਤੁਲੈ ਆਪੇ ਵਣਜਾਰ ॥
ਪ੍ਰਭੂ ਆਪ (ਨਾਮ-ਵੱਖਰ ਬਣ ਕੇ) ਵਣਜਿਆ ਜਾ ਰਿਹਾ ਹੈ, ਤੇ,
ਨਾਨਕ ਨਾਮਿ ਸਵਾਰਣਹਾਰ ॥੪॥੫॥
ਹੇ ਨਾਨਕ ! (ਉਹਨਾਂ ਸੰਤ ਜਨਾਂ ਨੂੰ) ਆਪਣੇ ਨਾਮ ਵਿਚ ਜੋੜ ਕੇ (ਆਪ ਹੀ) ਉਹਨਾਂ ਦਾ ਜੀਵਨ ਸੁਚੱਜਾ ਬਣਾਂਦਾ ਹੈ ।੪।੫।
ਗਉੜੀ ਮਹਲਾ ੧ ॥
ਗਊੜੀ ਪਹਿਲੀ ਪਾਤਸ਼ਾਹੀ।
ਜਾਤੋ ਜਾਇ ਕਹਾ ਤੇ ਆਵੈ ॥
(ਪਰ) ਇਹ ਕਿਵੇਂ ਸਮਝ ਆਵੇ ਕਿ (ਇਹ ਵਾਸਨਾ) ਕਿਥੋਂ ਆਉਂਦੀ ਹੈ,
ਕਹ ਉਪਜੈ ਕਹ ਜਾਇ ਸਮਾਵੈ ॥
(ਵਾਸਨਾ) ਕਿਥੋਂ ਪੈਦਾ ਹੁੰਦੀ ਹੈ, ਕਿਥੇ ਜਾ ਕੇ ਮੁੱਕ ਜਾਂਦੀ ਹੈ ?
ਕਿਉ ਬਾਧਿਓ ਕਿਉ ਮੁਕਤੀ ਪਾਵੈ ॥
ਮਨੁੱਖ ਕਿਵੇਂ ਇਸ ਵਾਸਨਾ ਵਿਚ ਬੱਝ ਜਾਂਦਾ ਹੈ ? ਕਿਵੇਂ ਇਸ ਤੋਂ ਖ਼ਲਾਸੀ ਹਾਸਲ ਕਰਦਾ ਹੈ ?
ਕਿਉ ਅਬਿਨਾਸੀ ਸਹਜਿ ਸਮਾਵੈ ॥੧॥
(ਖ਼ਲਾਸੀ ਪਾ ਕੇ) ਕਿਵੇਂ ਅਟੱਲ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ? ।੧।
ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮ੍ਰਿਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ,
ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ ॥
ਉਹ ਪ੍ਰਭੂ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ-ਰਹਿਤ (ਵਾਸਨਾ-ਰਹਿਤ) ਹੋ ਜਾਂਦਾ ਹੈ ।੧।ਰਹਾਉ।
ਸਹਜੇ ਆਵੈ ਸਹਜੇ ਜਾਇ ॥
(ਗੁਰੂ ਦੇ ਸਨਮੁਖ ਹੋਇਆਂ ਇਹ ਸਮਝ ਆਉਂਦੀ ਹੈ ਕਿ) ਵਾਸਨਾ ਕੁਦਰਤੀ ਨਿਯਮ ਅਨੁਸਾਰ ਪੈਦਾ ਹੋ ਜਾਂਦੀ ਹੈ ।
ਮਨ ਤੇ ਉਪਜੈ ਮਨ ਮਾਹਿ ਸਮਾਇ ॥
ਕੁਦਰਤੀ ਨਿਯਮ ਅਨੁਸਾਰ ਹੀ ਮੁੱਕ ਜਾਂਦੀ ਹੈ (ਮਨਮੁਖਤਾ ਦੀ ਹਾਲਤ ਵਿਚ) ਮਨ ਤੋਂ ਪੈਦਾ ਹੁੰਦੀ ਹੈ (ਗੁਰੂ ਦੇ ਸਨਮੁਖ ਹੋਇਆਂ) ਮਨ ਵਿਚ ਹੀ ਖ਼ਤਮ ਹੋ ਜਾਂਦੀ ਹੈ ।
ਗੁਰਮੁਖਿ ਮੁਕਤੋ ਬੰਧੁ ਨ ਪਾਇ ॥
ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ (ਉਸ ਦੇ ਰਾਹ ਵਿਚ) ਬੰਨ੍ਹ ਨਹੀਂ ਮਾਰ ਸਕਦੀ ।
ਸਬਦੁ ਬੀਚਾਰਿ ਛੁਟੈ ਹਰਿ ਨਾਇ ॥੨॥
ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ (ਦੇ ਜਾਲ) ਵਿਚੋਂ ਬਚ ਜਾਂਦਾ ਹੈ ।੨।
ਤਰਵਰ ਪੰਖੀ ਬਹੁ ਨਿਸਿ ਬਾਸੁ ॥
(ਜਿਵੇਂ) ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਵਸੇਰਾ ਕਰ ਲੈਂਦੇ ਹਨ (ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ),
ਸੁਖ ਦੁਖੀਆ ਮਨਿ ਮੋਹ ਵਿਣਾਸੁ ॥
ਕੋਈ ਸੁਖੀ ਹਨ ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ ।
ਸਾਝ ਬਿਹਾਗ ਤਕਹਿ ਆਗਾਸੁ ॥
ਪੰਛੀ ਸ਼ਾਮ ਵੇਲੇ ਰੁੱਖਾਂ ਤੇ ਆ ਟਿਕਦੇ ਹਨ, ਸਵੇਰੇ ਅਕਾਸ਼ ਨੂੰ ਤੱਕਦੇ ਹਨ (ਚਾਨਣ ਵੇਖ ਕੇ) ਦਸੀਂ ਪਾਸੀਂ ਉੱਡ ਜਾਂਦੇ ਹਨ,
ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥੩॥
ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ ।੩।