Sri Guru Granth Sahib Ji — Ang 150 (punjabi)
ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥
ਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਹਨ (ਭਾਵ, ਪਰਮਾਤਮਾ ਦੀ ਬੰਦਗੀ ਵਿਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ) ਇਹ ਸਾਰਾ ਆਵਾ ਹੀ ਊਤਿਆ ਹੋਇਆ ਹੈ ।
ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥
(ਇਹ ਵਿਚਾਰੇ ਨਹੀਂ ਸਮਝਦੇ ਕਿ) ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ (ਜੀਊਂਦਾ) ਰੱਖ ਨਹੀਂ ਸਕਦਾ (ਜੀਵ-ਹਿੰਸਾ ਦੇ ਵਹਿਣ ਵਿਚ ਪੈ ਕੇ, ਕਿਰਤ ਕਮਾਈ ਛੱਡ ਕੇ)
ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥
ਇਹ ਦਾਨ ਅਤੇ ਇਸ਼ਨਾਨ ਤੋਂ ਵਾਂਜੇ ਹੋਏ ਹਨ, ਸੁਆਹ ਪਈ ਅਜਿਹੇ ਖੁੱਥੇ ਹੋਏ ਸਿਰ ਉੱਤੇ ।
ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥
(ਇਹ ਲੋਕ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ ਵਿਚ ਨ੍ਹਾਉਂਦੇ ਭੀ ਨਹੀਂ ਹਨ, ਇਹ ਗੱਲ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਦੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ (ਭਾਵ, ਇਸ ਗੱਲ ਨੂੰ ਤਾਂ ਲੋਕ ਪੁਰਾਣੇ ਸਮਿਆਂ ਤੋਂ ਹੀ ਜਾਣਦੇ ਹਨ, ਕਿ ਪਾਣੀ ਵਿਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ, ਆਖ਼ਰ ਉਹ ਪਾਣੀ ਵਿਚ ਵੜਿਆਂ ਹੀ ਨਿਕਲਣਗੇ) ।
ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥
(ਪਾਣੀ ਦੀ ਬਰਕਤਿ ਨਾਲ ਹੀ) ਦੇਵਤਿਆ ਲਈ ਅਠਾਰਹ ਤੀਰਥ ਬਣਾਏ ਗਏ ਜਿੱਥੇ ਪੁਰਬ ਲੱਗਦੇ ਹਨ, ਕਥਾ-ਵਾਰਤਾ ਹੁੰਦੀ ਹੈ ।
ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥
ਨ੍ਹਾ ਕੇ ਹੀ ਨਮਾਜ਼ ਪੜ੍ਹੀਦੀ ਹੈ । ਨ੍ਹਾ ਕੇ ਹੀ ਪੂਜਾ ਹੁੰਦੀ ਹੈ । ਸੁਚੱਜੇ ਬੰਦੇ ਨਿੱਤ ਇਸ਼ਨਾਨ ਕਰਦੇ ਹਨ
ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥
ਮਰੇ ਹੋਏ ਤੇ ਜੀਉਂਦੇ ਪਵਿੱਤਰ ਹੋ ਜਾਂਦੇ ਹਨ, ਜਦ ਉਹਨਾਂ ਦੇ ਸੀਸਾਂ ਉਤੇ ਜਲ ਪਾਇਆ ਜਾਂਦਾ ਹੈ।
ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥
ਨਾਨਕ ਮੂੰਡ ਖੁਹਾਉਣ ਵਾਲੇ ਭੂਤਨੇ ਹਨ। ਮੱਤ ਦੀ ਗੱਲਬਾਤ ਉਹਨਾਂ ਨੂੰ ਚੰਗੀ ਨਹੀਂ ਲੱਗਦੀ।
ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥
(ਪਾਣੀ ਦੀਆਂ ਹੋਰ ਬਰਕਤਾਂ ਤੱਕੋ) ਮੀਂਹ ਪਿਆਂ (ਸਭ ਜੀਵਾਂ ਦੇ ਅੰਦਰ) ਖ਼ੁਸ਼ੀ ਪੈਦਾ ਹੁੰਦੀ ਹੈ । ਜੀਵਾਂ ਦੀ ਜੀਵਨ ਜੁਗਤਿ ਹੀ (ਪਾਣੀ ਵਿਚ) ਟਿਕੀ ਹੋਈ ਹੈ ।
ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥
ਮੀਂਹ ਪਿਆਂ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ ।
ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥
ਮੀਂਹ ਪਿਆਂ (ਉੱਗਿਆ) ਘਾਹ ਗਾਈਆਂ ਚੁਗਦੀਆਂ ਹਨ (ਤੇ ਦੁੱਧ ਦੇਂਦੀਆਂ ਹਨ, ਉਸ ਦੁੱਧ ਤੋਂ ਬਣਿਆ) ਦਹੀਂ ਘਰ ਦੀ ਜ਼ਨਾਨੀ ਰਿੜਕਦੀ ਹੈ (ਤੇ ਘਿਉ ਬਣਾਂਦੀ ਹੈ),
ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥
ਉਸ ਘਿਉ ਨਾਲ ਹੀ ਸਦਾ ਹੋਮ-ਜੱਗ ਪੂਜਾ ਆਦਿਕ ਹੁੰਦੇ ਹਨ, ਇਹ ਘਿਉ ਪਿਆਂ ਹੀ ਹਰੇਕ ਕਾਰਜ ਸੋਭਦਾ ਹੈ ।
ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥
(ਇਕ ਹੋਰ ਇਸ਼ਨਾਨ ਭੀ ਹੈ) ਸਤਿਗੁਰੂ (ਮਾਨੋ) ਸਮੁੰਦਰ ਹੈ ਉਸ ਦੀ ਸਿੱਖਿਆ (ਮਾਨੋ) ਸਾਰੀਆਂ ਨਦੀਆਂ ਹਨ, (ਇਸ ਗੁਰ-ਸਿੱਖਿਆ) ਵਿਚ ਨ੍ਹਾਉਣ ਨਾਲ (ਭਾਵ, ਸੁਰਤਿ ਜੋੜਨ ਨਾਲ) ਵਡਿਆਈ ਮਿਲਦੀ ਹੈ ।
ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥੧॥
ਹੇ ਨਾਨਕ ! ਜੇ ਇਹ ਸਿਰ-ਖੁੱਥੇ (ਇਸ ‘ਨਾਮ’-ਜਲ ਵਿਚ) ਇਸ਼ਨਾਨ ਨਹੀਂ ਕਰਦੇ, ਤਾਂ ਨਿਰੀ ਮੁਕਾਲਖ ਹੀ ਖੱਟਦੇ ਹਨ ।੧।
ਮਃ ੨ ॥
ਦੂਜੀ ਪਾਤਸ਼ਾਹੀ।
ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥
ਅੱਗ ਨੂੰ ਪਾਲਾ ਕੀਹ ਕਰ ਸਕਦਾ ਹੈ ? (ਭਾਵ, ਪਾਲਾ ਅੱਗ ਦਾ ਕੋਈ ਵਿਗਾੜ ਨਹੀਂ ਕਰ ਸਕਦਾ,) ਰਾਤ ਸੂਰਜ ਦਾ ਕੋਈ ਵਿਗਾੜ ਨਹੀਂ ਕਰ ਸਕਦੀ,
ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥
ਹਨੇਰਾ ਚੰਦ੍ਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, (ਕੋਈ ਉੱਚੀ ਨੀਵੀਂ) ਜਾਤਿ ਹਵਾ ਤੇ ਪਾਣੀ ਨੂੰ ਵਿਗਾੜ ਨਹੀਂ ਸਕਦੀ (ਭਾਵ, ਕੋਈ ਨੀਵੀਂ ਜਾਤਿ ਇਹਨਾਂ ਤੱਤਾਂ ਨੂੰ ਭਿੱਟ ਨਹੀਂ ਸਕਦੀ) ।
ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥
ਜਿਸ ਧਰਤੀ ਵਿਚ ਹਰੇਕ ਚੀਜ਼ ਪੈਦਾ ਹੁੰਦੀ ਹੈ, ਇਹ ਚੀਜ਼ਾਂ ਇਸ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੀਆਂ (ਇਹ ਤਾਂ ਪੈਦਾ ਹੀ ਧਰਤੀ ਵਿਚੋਂ ਹੋਈਆਂ ਹਨ ।)
ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥
(ਇਸੇ ਤਰ੍ਹਾਂ) ਹੇ ਨਾਨਕ ! ਉਹੀ ਇੱਜ਼ਤ (ਅਸਲੀ) ਸਮਝੋ (ਭਾਵ, ਸਿਰਫ ਉਸੇ ਇੱਜ਼ਤ ਨੂੰ ਕੋਈ ਵਿਗਾੜ ਨਹੀਂ ਸਕਦਾ) ਜੋ ਇੱਜ਼ਤ ਪ੍ਰਭੂ ਵੱਲੋਂ ਮਿਲੀ ਹੈ (ਪ੍ਰਭੂ-ਦਰ ਤੋਂ ਜੋ ਆਦਰ ਮਿਲੇ ਉਸ ਨੂੰ ਕੋਈ ਜੀਵ ਵਿਗਾੜ ਨਹੀਂ ਸਕਦਾ, ਇਸ ਦਰਗਾਹੀ ਆਦਰ ਲਈ ਉੱਦਮ ਕਰੋ) ।੨।
ਪਉੜੀ ॥
pauVI[
ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ ॥
ਹੇ ਸੱਚੇ (ਪ੍ਰਭੂ) ! ਮੈਂ ਤੈਨੂੰ ਸਦਾ ‘ਸੁਬਹਾਨੁ’ (ਆਖ ਆਖ ਕੇ) ਵਡਿਆਉਂਦਾ ਹਾਂ;
ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥
ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹਾਕਮ ਹੈਂ, ਹੋਰ ਸਾਰੇ ਜੀਵ ਜੰਮਦੇ ਮਰਦੇ ਰਹਿੰਦੇ ਹਨ ।
ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥
(ਹੇ ਪ੍ਰਭੂ !) ਜੋ ਬੰਦੇ ਤੇਰਾ ਸੱਚਾ ਨਾਮ-ਰੂਪ ਦਾਨ ਤੈਥੋਂ ਮੰਗਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ;
ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥
ਤੇਰਾ ਅੱਟਲ ਹੁਕਮ (ਗੁਰ-) ਸ਼ਬਦ ਦੀ ਬਰਕਤਿ ਨਾਲ (ਉਹਨਾਂ ਨੂੰ) ਮਿੱਠਾ ਲੱਗਦਾ ਹੈ;
ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥
ਤੇਰਾ ਹੁਕਮ ਮੰਨਣ ਨਾਲ ਅਸਲੀਅਤ ਦੀ ਸਮਝ ਤੇ ਉੱਚੀ ਟਿਕੀ ਸੁਰਤਿ ਤੇਰੇ ਪਾਸੋਂ ਉਹਨਾਂ ਨੂੰ ਹਾਸਲ ਹੁੰਦੀ ਹੈ ।
ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥
ਤੇਰੀ ਮਿਹਰ ਨਾਲ (ਉਹਨਾਂ ਦੇ ਮੱਥੇ ਤੇ ਇਹ ਸੋਹਣਾ) ਲੇਖ ਲਿਖਿਆ ਜਾਂਦਾ ਹੈ ਜੋ ਕਿਸੇ ਦਾ ਮਿਟਾਇਆ ਮਿਟਦਾ ਨਹੀਂ ।
ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥
ਹੇ ਪ੍ਰਭੂ ! ਤੂੰ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ ਨਿੱਤ ਬਖ਼ਸ਼ਸ਼ਾਂ ਕਰਦਾ ਹੈਂ ਤੇ ਵਧੀਕ ਵਧੀਕ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ ।
ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ ॥੨੬॥
ਨਾਨਕ (ਤੇਰੇ ਦਰ ਤੋਂ) ਉਹੀ ਦਾਨ ਮੰਗਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ (ਭਾਵ, ਤੇਰੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਦਾਨ ਮੰਗਦਾ ਹੈ) ।੨੬।
ਸਲੋਕੁ ਮਃ ੨ ॥
ਸਲੋਕ, ਦੂਜੀ ਪਾਤਸ਼ਾਹੀ।
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
ਹੇ ਨਾਨਕ ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ, ਜਿਨ੍ਹਾਂ ਦੇ ਸਿਰ ਤੇ ਗੁਰਦੇਵ ਹੈ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤਿ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ,
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥
ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ (ਭਾਵ, ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ) ।੧।
ਮਃ ੧ ॥
ਪਹਿਲੀ ਪਾਤਸ਼ਾਹੀ।
ਆਪਿ ਬੁਝਾਏ ਸੋਈ ਬੂਝੈ ॥
ਜਿਸ ਮਨੁੱਖ ਨੂੰ ਪ੍ਰਭੂ ਆਪ ਮਤਿ ਦੇਂਦਾ ਹੈ, ਉਸ ਨੂੰ ਹੀ ਮਤਿ ਆਉਂਦੀ ਹੈ;
ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥
ਜਿਸ ਮਨੁੱਖ ਨੂੰ ਆਪ ਸੂਝ ਬਖ਼ਸ਼ਦਾ ਹੈ, ਉਸ ਨੂੰ (ਜੀਵਨ-ਸਫ਼ਰ ਦੀ) ਹਰੇਕ ਗੱਲ ਦੀ ਸੂਝ ਆ ਜਾਂਦੀ ਹੈ ।
ਕਹਿ ਕਹਿ ਕਥਨਾ ਮਾਇਆ ਲੂਝੈ ॥
(ਜੇ ਇਹ ਮਤਿ ਤੇ ਸੂਝ ਨਹੀਂ, ਤਾਂ ਇਸ ਦੀ ਪ੍ਰਾਪਤੀ ਬਾਰੇ) ਆਖੀ ਜਾਣਾ ਆਖੀ ਜਾਣਾ (ਕੋਈ ਲਾਭ ਨਹੀਂ ਦੇਂਦਾ) (ਮਨੁੱਖ ਅਮਲੀ ਜੀਵਨ ਵਿਚ) ਮਾਇਆ ਵਿਚ ਹੀ ਸੜਦਾ ਰਹਿੰਦਾ ਹੈ ।
ਹੁਕਮੀ ਸਗਲ ਕਰੇ ਆਕਾਰ ॥
ਸਾਰੇ ਜੀਅ-ਜੰਤ ਪ੍ਰਭੂ ਆਪ ਹੀ ਆਪਣੇ ਹੁਕਮ-ਅਨੁਸਾਰ ਪੈਦਾ ਕਰਦਾ ਹੈ,
ਆਪੇ ਜਾਣੈ ਸਰਬ ਵੀਚਾਰ ॥
ਸਾਰੇ ਜੀਵਾਂ ਬਾਰੇ ਵਿਚਾਰਾਂ (ਉਹਨਾਂ ਨੂੰ ਕੀਹ ਕੁਝ ਦੇਣਾ ਹੈ) ਪ੍ਰਭੂ ਆਪ ਹੀ ਜਾਣਦਾ ਹੈ ।
ਅਖਰ ਨਾਨਕ ਅਖਿਓ ਆਪਿ ॥
ਹੇ ਨਾਨਕ ! ਜਿਸ ਮਨੁੱਖ ਨੂੰ ਉਸ ਅਵਿਨਾਸ਼ੀ ਤੇ ਅਖੈ ਪ੍ਰਭੂ ਪਾਸੋਂ (‘ਸੂਝ ਬੂਝ’ ਦੀ) ਦਾਤਿ ਮਿਲਦੀ ਹੈ,
ਲਹੈ ਭਰਾਤਿ ਹੋਵੈ ਜਿਸੁ ਦਾਤਿ ॥੨॥
ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ।੨।
ਪਉੜੀ ॥
paUVI[
ਹਉ ਢਾਢੀ ਵੇਕਾਰੁ ਕਾਰੈ ਲਾਇਆ ॥
ਮੈਂ ਵੇਹਲਾ ਸਾਂ, ਮੈਨੂੰ ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿਚ ਲਾ ਦਿੱਤਾ,
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਜਸ ਕਰੋ ।
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
ਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤਿ-ਸਾਲਾਹ ਸਾਲਾਹ ਵਿਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿਚ (ਆਪਣੀ ਹਜ਼ੂਰੀ ਵਿਚ) ਸੱਦਿਆ ।
ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥
(ਉਸ ਨੇ) ਸੱਚੀ ਸਿਫ਼ਤਿ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ ।
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥
ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ (ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ ।
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥
ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ‘ਅੰਮ੍ਰਿਤ ਨਾਮੁ ਭੋਜਨ’) ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ ।
ਢਾਢੀ ਕਰੇ ਪਸਾਉ ਸਬਦੁ ਵਜਾਇਆ ॥
ਮੈਂ ਢਾਢੀ (ਭੀ ਜਿਉਂ ਜਿਉਂ) ਸਿਫ਼ਤਿ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ) ।
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ
ਹੇ ਨਾਨਕ ! ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ।੨੭। ਸੁਧੁ।