Sri Guru Granth Sahib Ji — Ang 1427 (punjabi)
ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥
ਹੇ ਮਿੱਤਰ! ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਜਿਸ ਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ।
ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥
ਹੇ ਨਾਨਕ! ਆਖ—ਹੇ ਮਨ! ਸੁਣ, ਉਮਰ ਸਦਾ ਘਟਦੀ ਜਾ ਰਹੀ ਹੈ (ਪਰਮਾਤਮਾ ਦਾ ਸਿਮਰਨ ਨਾਹ ਵਿਸਾਰ) ।੧੦।
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥
ਹੇ ਚਤੁਰ ਮਨੁੱਖ! ਹੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ (ਤੇਰਾ ਇਹ) ਸਰੀਰ (ਪਰਮਾਤਮਾ ਨੇ) ਪੰਜ ਤੱਤਾਂ ਤੋਂ ਬਣਾਇਆ ਹੈ ।
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥
(ਇਹ ਭੀ) ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ (ਇਹ ਸਰੀਰ) ਬਣਿਆ ਹੈ (ਮੁੜ) ਉਹਨਾਂ ਵਿਚ ਹੀ ਲੀਨ ਹੋ ਜਾਇਗਾ (ਫਿਰ ਇਸ ਸਰੀਰ ਦੇ ਝੂਠੇ ਮੋਹ ਵਿਚ ਫਸ ਕੇ ਪਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ? ।੧੧।
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
ਸੰਤ ਜਨਾਂ ਨੇ ਉੱਚੀ ਕੂਕ ਕੇ ਦੱਸ ਦਿੱਤਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ ।
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥
ਹੇ ਨਾਨਕ! ਆਖ—ਹੇ ਮਨ! ਤੂੰ ਉਸ (ਪਰਮਾਤਮਾ) ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਤੂੰ ਪਾਰ ਲੰਘ ਜਾਹਿਂਗਾ ।੧੨।
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥
ਜਿਸ ਮਨੁੱਖ (ਦੇ ਹਿਰਦੇ) ਨੂੰ ਸੁਖ ਦੁਖ ਨਹੀਂ ਪੋਹ ਸਕਦਾ, ਲੋਭ ਮੋਹ ਅਹੰਕਾਰ ਨਹੀਂ ਪੋਹ ਸਕਦਾ (ਭਾਵ, ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ ਵਲੋਂ ਨਹੀਂ ਡੋਲਦਾ, ਜਿਸ ਉਤੇ ਲੋਭ ਮੋਹ ਅਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ)
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥
ਹੇ ਨਾਨਕ! ਆਖ—ਹੇ ਮਨ! ਉਹ ਮਨੁੱਖ (ਸਾਖਿਆਤ) ਪਰਮਾਤਮਾ ਦਾ ਰੂਪ ਹੈ ।੧੩।
ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥
ਜਿਸ ਮਨੁੱਖ (ਦੇ ਮਨ) ਨੂੰ ਉਸਤਤਿ ਨਹੀਂ (ਡੁਲਾ ਸਕਦੀ) ਨਿੰਦਿਆ ਨਹੀਂ (ਡੁਲਾ ਸਕਦੀ), ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ (ਦਿੱਸਦੇ ਹਨ, ਭਾਵ, ਜੋ ਲਾਲਚ ਵਿਚ ਨਹੀਂ ਫਸਦਾ),
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥
ਹੇ ਨਾਨਕ! ਆਖ—ਹੇ ਮਨ! ਸੁਣ, ਇਹ ਗੱਲ (ਪੱਕ) ਜਾਣ ਕਿ ਉਸ ਨੂੰ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ ।੧੪।
ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥
ਜਿਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਗ਼ਮੀ ਆਪਣਾ ਜ਼ੋਰ ਨਹੀਂ ਪਾ ਸਕਦੀ, ਜਿਸ ਨੂੰ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਜਾਪਦੇ ਹਨ,
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥
ਹੇ ਨਾਨਕ! ਆਖ—ਹੇ ਮਨ! ਸੁਣ, ਤੂੰ ਇਹ ਗੱਲ ਪੱਕੀ ਸਮਝ ਕਿ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਚੁੱਕੀ ਹੈ ।੧੫।
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ)
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥
ਹੇ ਨਾਨਕ! ਆਖ—ਹੇ ਮਨ! ਸੁਣ, ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ ।੧੬।
ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥
ਜਿਸ (ਮਨੁੱਖ) ਨੇ (ਕਾਮ, ਕੋ੍ਰਧ, ਲੋਭ, ਮੋਹ, ਅਹੰਕਾਰ, ਨਿੰਦਾ, ਈਰਖਾ, ਆਦਿਕ ਅਨੇਕਾਂ ਰੂਪਾਂ ਵਾਲੀ) ਸਾਰੀ ਦੀ ਸਾਰੀ ਮਾਇਆ ਤਿਆਗ ਦਿੱਤੀ, (ਉਸੇ ਨੇ ਹੀ ਸਹੀ) ਵੈਰਾਗ ਦਾ (ਸਹੀ) ਭੇਖ ਧਾਰਨ ਕੀਤਾ (ਸਮਝ) ।
ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥੧੭॥
ਹੇ ਨਾਨਕ! ਆਖ—ਹੇ ਮਨ! ਸੁਣ, ਉਸ ਮਨੁੱਖ ਦੇ ਮੱਥੇ ਉਤੇ (ਚੰਗਾ) ਭਾਗ (ਜਾਗਿਆ ਸਮਝ) ।੧੭।
ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥
ਜਿਸ (ਮਨੁੱਖ) ਨੇ ਮਾਇਆ ਦਾ ਮੋਹ ਛੱਡ ਦਿੱਤਾ, (ਜਿਹੜਾ ਮਨੁੱਖ ਮਾਇਆ ਦੇ ਕਾਮਾਦਿਕ) ਸਾਰੇ ਵਿਕਾਰਾਂ ਵਲੋਂ ਉਪਰਾਮ ਹੋ ਗਿਆ,
ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥੧੮॥
ਹੇ ਨਾਨਕ! ਆਖ—ਹੇ ਮਨ! ਸੁਣ, ਉਸ ਦੇ ਹਿਰਦੇ ਵਿਚ (ਪਰਤੱਖ ਤੌਰ ਤੇ) ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ।੧੮।
ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥
ਜਿਸ ਮਨੁੱਖ ਨੇ ਕਰਤਾਰ ਸਿਰਜਣਹਾਰ ਨਾਲ ਡੂੰਘੀ ਸਾਂਝ ਪਾ ਕੇ (ਆਪਣੇ ਅੰਦਰੋਂ) ਹਉਮੈ ਤਿਆਗ ਦਿੱਤੀ,
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥
ਹੇ ਨਾਨਕ! ਆਖ—ਹੇ ਮਨ! ਇਹ ਗੱਲ ਸੱਚੀ ਸਮਝ ਕਿ ਉਹ ਮਨੁੱਖ (ਹੀ) ਮੁਕਤ ਹੈ ।੧੯।
ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥
ਇਸ ਕਲੇਸ਼ਾਂ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ) ਸਾਰੇ ਡਰ ਨਾਸ ਕਰਨ ਵਾਲਾ ਹੈ, ਖੋਟੀ ਮਤਿ ਦੂਰ ਕਰਨ ਵਾਲਾ ਹੈ ।
ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥੨੦॥
ਹੇ ਨਾਨਕ! (ਆਖ—ਹੇ ਭਾਈ!) ਜਿਹੜਾ ਮਨੁੱਖ ਪ੍ਰਭੂ ਦਾ ਨਾਮ ਰਾਤ ਦਿਨ ਜਪਦਾ ਰਹਿੰਦਾ ਹੈ ਉਸ ਦੇ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ ।੨੦।
ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥
ਹੇ ਭਾਈ! (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਕਰਿਆ ਕਰੋ, (ਆਪਣੇ) ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰੋ ।
ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥੨੧॥
ਹੇ ਨਾਨਕ! ਆਖ—ਹੇ ਮਨ! (ਜਿਹੜੇ ਮਨੁੱਖ ਨਾਮ ਜਪਦੇ ਹਨ, ਉਹ) ਜਮਾਂ ਦੇ ਵੱਸ ਨਹੀਂ ਪੈਂਦੇ ।੨੧।
ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥
(ਹੇ ਭਾਈ!) ਜਿਹੜਾ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਮਮਤਾ ਤਿਆਗਦਾ ਹੈ, ਲੋਭ ਮੋਹ ਅਤੇ ਅਹੰਕਾਰ ਦੂਰ ਕਰਦਾ ਹੈ,
ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥੨੨॥
ਹੇ ਨਾਨਕ! ਆਖ—(ਹੇ ਭਾਈ!) ਉਹ ਆਪ (ਭੀ ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਅਤੇ ਹੋਰਨਾਂ ਨੂੰ ਭੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ ।੨੨।
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥
ਜਿਵੇਂ (ਸੁੱਤੇ ਪਿਆਂ) ਸੁਪਨਾ (ਆਉਂਦਾ ਹੈ) ਅਤੇ (ਉਸ ਸੁਪਨੇ ਵਿਚ ਕਈ ਪਦਾਰਥ) ਵੇਖੀਦੇ ਹਨ, ਤਿਵੇਂ ਇਸ ਜਗਤ ਨੂੰ ਸਮਝ ਲੈ ।
ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ ਵਿਚ ਦਿੱਸ ਰਹੇ) ਇਹਨਾਂ (ਪਦਾਰਥਾਂ) ਵਿਚ ਕੋਈ ਭੀ ਪਦਾਰਥ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ ।੨੩।
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥
ਮਾਇਆ (ਇਕੱਠੀ ਕਰਨ) ਦੀ ਖ਼ਾਤਰ ਮਨੁੱਖ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ ।
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥
ਹੇ ਨਾਨਕ! (ਆਖ—ਹੇ ਭਾਈ!) ਕੋ੍ਰੜਾਂ (ਬੰਦਿਆਂ) ਵਿਚ ਕੋਈ ਵਿਰਲਾ (ਅਜਿਹਾ ਹੁੰਦਾ) ਹੈ, ਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ ।੨੪।
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥
ਜਿਵੇਂ ਪਾਣੀ ਤੋਂ ਬੁਲਬੁਲਾ ਸਦਾ ਪੈਦਾ ਹੁੰਦਾ ਅਤੇ ਨਾਸ ਹੁੰਦਾ ਰਹਿੰਦਾ ਹੈ,
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥
ਹੇ ਨਾਨਕ! ਆਖ—ਹੇ ਮਿੱਤਰ! ਸੁਣ, ਤਿਵੇਂ ਹੀ (ਪਰਮਾਤਮਾ ਨੇ) ਜਗਤ ਦੀ (ਇਹ) ਖੇਡ ਬਣਾਈ ਹੋਈ ਹੈ ।੨੫।
ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥
ਪਰ ਮਾਇਆ ਦੇ ਨਸ਼ੇ ਵਿਚ (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੋਚਦਾ ।
ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥
ਹੇ ਨਾਨਕ! ਆਖ—ਪਰਮਾਤਮਾ ਦੇ ਭਜਨ ਤੋਂ ਬਿਨਾ (ਅਜਿਹੇ ਮਨੁੱਖ ਨੂੰ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ।੨੬।
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥
ਜੇ (ਮਨੁੱਖ) ਆਤਮਕ ਆਨੰਦ (ਹਾਸਲ ਕਰਨਾ) ਚਾਹੁੰਦਾ ਹੈ, ਤਾਂ (ਉਸ ਨੂੰ ਚਾਹੀਦਾ ਹੈ ਕਿ) ਪਰਮਾਤਮਾ ਦੀ ਸਰਨ ਪਿਆ ਰਹੇ ।
ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥
ਹੇ ਨਾਨਕ! ਆਖ—ਹੇ ਮਨ! ਸੁਣ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖ਼ਾਤਰ ਭਟਕਣਾ ਵਿਚ ਹੀ ਨਹੀਂ ਰੋਲ ਦੇਣਾ ਚਾਹੀਦਾ) ।੨੭।
ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥
ਮੂਰਖ ਬੇ-ਸਮਝ ਬੰਦੇ (ਨਿਰੀ) ਮਾਇਆ (ਇਕੱਠੀ ਕਰਨ) ਵਾਸਤੇ ਭਟਕਦੇ ਰਹਿੰਦੇ ਹਨ,
ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥
ਹੇ ਨਾਨਕ! ਆਖ—(ਹੇ ਭਾਈ!) ਪਰਮਾਤਮਾ ਦੇ ਭਜਨ ਤੋਂ ਬਿਨਾ (ਉਹਨਾਂ ਦਾ ਇਹ ਮਨੁੱਖਾ) ਜਨਮ ਅਜਾਈਂ ਬੀਤ ਜਾਂਦਾ ਹੈ ।੨੮।
ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥
ਜਿਹੜਾ ਮਨੁੱਖ ਰਾਤ ਦਿਨ (ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ,