Sri Guru Granth Sahib Ji — Ang 1426 (punjabi)
ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥
ਹੇ ਨਾਨਕ! ਜਿਸ (ਜੀਵ) ਨੂੰ ਉਹ ਵਿਕਾਰਾਂ ਵਿਚੋਂ ਕੱਢਦਾ ਹੈ, ਉਹ ਉਸ ਸਿਰਜਣਹਾਰ ਕਰਤਾਰ ਨੂੰ ਸਿਮਰਨ ਲੱਗ ਪੈਂਦਾ ਹੈ ।੧੫।
ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥
ਹੇ ਭਾਈ! ਸਿਰਫ਼ ਇਕ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖ, (ਪ੍ਰਭੂ ਦੀ ਯਾਦ ਤੋਂ ਬਿਨਾ) ਮਾਇਆ ਦੇ ਮੋਹ ਵਾਲਾ ਕੋਝਾ ਰਸਤਾ ਛੱਡ ਦੇਹ ।
ਦੂਜੈ ਭਾਵਂੀ ਨਾਨਕਾ ਵਹਣਿ ਲੁੜੑੰਦੜੀ ਜਾਇ ॥੧੬॥
ਹੇ ਨਾਨਕ! ਹੋਰ ਪਿਆਰਾਂ ਵਿਚ (ਫਸਿਆਂ), ਜੀਵ-ਇਸਤ®ੀ (ਵਿਕਾਰਾਂ ਦੇ) ਵਹਣ ਵਿਚ ਰੁੜ੍ਹਦੀ ਜਾਂਦੀ ਹੈ ।੧੬।
ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥
ਹੇ ਭਾਈ! (ਜਗਤ ਵਿਚ ਹਰਿ-ਨਾਮ ਦਾ) ਵਣਜ ਕਰਨ ਆਏ ਹੋਏ ਜੀਵ (ਆਮ ਤੌਰ ਤੇ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਹੀ ਦੁਨੀਆ ਦਾ ਕਾਰ-ਵਿਹਾਰ ਕਰਦੇ ਰਹਿੰਦੇ ਹਨ ।
ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥
ਅਸਲ ਵਪਾਰੀ ਉਹ ਹਨ ਜਿਨ੍ਹਾਂ ਨੇ (ਇਥੋਂ) ਸਦਾ-ਥਿਰ ਹਰਿ-ਨਾਮ (ਦਾ) ਸਉਦਾ ਲੱਦਿਆ ਹੈ ।੧੭।
ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥
ਹੇ ਭਾਈ! ਜਿਹੜੀ ਜੀਵ-ਇਸਤ®ੀ (ਪਰਮਾਤਮਾ ਦੇ) ਪ੍ਰੇਮ ਦਾ ਰਸਤਾ ਨਹੀਂ ਜਾਣਦੀ, ਉਹ ਮੂਰਖ ਇਸਤ®ੀ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਭਟਕਦੀ ਫਿਰਦੀ ਹੈ ।
ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧੵਾਰ ॥੧੮॥
ਹੇ ਨਾਨਕ! ਪਰਮਾਤਮਾ (ਦੀ ਯਾਦ) ਭੁਲਾ ਕੇ ਜੀਵ ਘੋਰ ਨਰਕ ਵਿਚ ਪਏ ਰਹਿੰਦੇ ਹਨ ।੧੮।
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ ॥
ਹੇ ਭਾਈ! (ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ ਮਾਇਆਂ ਕਦੇ ਨਹੀਂ ਭੁੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ ।
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥੧੯॥
ਉਹ ਪਰਮਾਤਮਾ (ਜੋ ਸਭ ਕੁਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿਚ ਨਹੀਂ ਆਉਂਦਾ । ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿਚ ਹੀ ਨਹੀਂ ।੧੯।
ਤਿਚਰੁ ਮੂਲਿ ਨ ਥੁੜਂੀਦੋ ਜਿਚਰੁ ਆਪਿ ਕ੍ਰਿਪਾਲੁ ॥
ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ ਧਨ ਕਦੇ ਭੀ ਨਹੀਂ ਮੁੱਕਦਾ ।
ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥
ਹੇ ਨਾਨਕ! (ਆਖ—) ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਐਸਾ ਧਨ ਹੈ ਐਸਾ ਮਾਲ ਹੈ ਜੋ ਕਦੇ ਮੁੱਕਦਾ ਨਹੀਂ । (ਇਸ ਧਨ ਨੂੰ ਆਪ) ਵਰਤਿਆ ਕਰ, (ਹੋਰਨਾਂ ਵਿਚ ਭੀ) ਵੰਡਿਆ ਕਰ ।
ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥
ਹੇ ਭਾਈ! ਜੇ ਮੈਂ ਕਿਤੇ ਖੰਭ ਲੱਭ ਲਵਾਂ, ਤਾਂ ਮੈਂ ਆਪਣਾ ਆਪ ਦੇ ਕੇ ਉਸ ਦੇ ਬਰਾਬਰ ਤੋਲ ਕੇ ਉਹ ਖੰਭ ਲੈ ਲਵਾਂ ।
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥
ਮੈਂ ਉਹ ਖੰਭ ਆਪਣੇ ਸਰੀਰ ਉੱਤੇ ਜੜ ਲਵਾਂ ਅਤੇ (ਉਡਾਰੀ ਲਾ ਕੇ) ਭਾਲ ਕਰ ਕੇ ਉਸ ਸੱਜਣ ਪ੍ਰਭੂ ਦਾ ਮਿਲਾਪ ਹਾਸਲ ਕਰ ਲਵਾਂ (ਭਾਵ, ਆਪਾ-ਭਾਵ ਸਦਕੇ ਕੀਤਿਆਂ ਹੀ ਉਹ ਆਤਮਕ ਉਡਾਰੀ ਲੱਗਦੀ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਲੱਭ ਪੈਂਦਾ ਹੈ) ।੨੧।
ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥
ਹੇ ਭਾਈ! (ਅਸਲ) ਮਿੱਤਰ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਹੈ ਜੋ (ਦੁਨੀਆ ਦੇ ਸਾਰੇ) ਪਾਤਿਸ਼ਾਹਾਂ ਦੇ ਸਿਰ ਤੇ ਪਾਤਿਸ਼ਾਹ ਹੈ (ਸਭ ਦੁਨੀਆਵੀ ਪਾਤਿਸ਼ਾਹਾਂ ਤੋਂ ਵੱਡਾ ਹੈ) ।
ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥
ਉਹ ਪ੍ਰਭੂ-ਪਾਤਿਸ਼ਾਹ ਸਭ ਜੀਵਾਂ ਦਾ ਆਸਰਾ ਹੈ, (ਉਹ ਐਸਾ ਹੈ ਕਿ) ਉਸ ਦੇ ਪਾਸ ਬੈਠਿਆਂ (ਲੋਕ ਪਰਲੋਕ ਦੀ) ਸੋਭਾ ਖੱਟ ਲਈਦੀ ਹੈ ।੨੨।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੇ।
ਸਲੋਕ ਮਹਲਾ ੯ ॥
ਸਲੋਕ ਨੌਵੀ ਪਾਤਿਸ਼ਾਹੀ।
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ ।
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥
ਹੇ ਨਾਨਕ! ਆਖ—ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ) ।੧।
ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥
ਹੇ ਭਾਈ! ਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ ।
ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥
ਹੇ ਨਾਨਕ! ਆਖ—ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ । (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ ।੨।
ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥
ਹੇ ਭਾਈ! (ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ ।
ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥
ਹੇ ਨਾਨਕ! ਆਖ—ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ । ਉਮਰ ਲੰਘਦੀ ਜਾ ਰਹੀ ਹੈ ।੩।
ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥
ਆਖ—ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? (ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈ
ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥
ਹੇ ਨਾਨਕ! ਆਖ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ ।੪।
ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥
(ਆਖ—ਹੇ ਭਾਈ!) ਧਨ, ਇਸਤ®ੀ, ਸਾਰੀ ਜਾਇਦਾਦ—(ਇਸ ਨੂੰ) ਆਪਣੀ ਕਰ ਕੇ ਨਾਹ ਮੰਨ ।
ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥
ਹੇ ਨਾਨਕ! (ਆਖ—ਹੇ ਭਾਈ!) ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ ।੫।
ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥
ਹੇ ਭਾਈ! ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ ।
ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥
ਹੇ ਨਾਨਕ! ਆਖ—(ਹੇ ਭਾਈ!) ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ ।੬।
ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥
ਹੇ ਝੱਲੇ ਮਨੁੱਖ! ਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ ।
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥
ਹੇ ਨਾਨਕ! ਆਖ— ਫਿਰ ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈਂ (ਭਾਵ, ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾ ਘਬਰਾਣਾ ਤਾਂ ਹੋਇਆ ਹੀ) ।੭।
ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥
ਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ,
ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥
ਹੇ ਨਾਨਕ! ਆਖ—ਹੇ ਮਨ! ਸੁਣ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ।੮।
ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥
ਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ,
ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥
ਹੇ ਨਾਨਕ! ਆਖ—ਹੇ ਮਨ! ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ ।੯।