Sri Guru Granth Sahib Ji — Ang 1424 (punjabi)
ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ ॥
ਹੇ ਭਾਈ! (ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ (ਦੇ ਹਿਰਦੇ) ਵਿਚ ਵੱਸਦਾ ਹੈ, (ਗੁਰੂ ਆਪ ਇਹ) ਅੰਮ੍ਰਿਤ-ਨਾਮ ਜਪਦਾ ਹੈ (ਅਤੇ ਹੋਰਨਾਂ ਪਾਸੋ) ਜਪਾਂਦਾ ਹੈ ।
ਗੁਰਮਤੀ ਨਾਮੁ ਨਿਰਮਲੋੁ ਨਿਰਮਲ ਨਾਮੁ ਧਿਆਇ ॥
ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਇਹ) ਪਵਿੱਤਰ ਨਾਮ (ਪ੍ਰਾਪਤ ਹੁੰਦਾ ਹੈ । ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ ਇਹ) ਪਵਿੱਤਰ ਨਾਮ ਜਪ (ਸਕਦਾ ਹੈ) ।
ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ ॥
ਹੇ ਭਾਈ! (ਮਨੁੱਖਾ ਜੀਵਨ ਦਾ) ਤੱਤ (ਹਰਿ-ਨਾਮ ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਹੀ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਹੀ (ਹਰਿ-ਨਾਮ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ
ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ ॥
ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਆ ਵੱਸਦਾ ਹੈ, ਉਸ ਦੇ) ਹਿਰਦੇ ਦਾ ਕੌਲ-ਫੁੱਲ ਖਿੜ ਪੈਂਦਾ ਹੈ, (ਉਸ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।
ਨਾਨਕ ਸਤਿਗੁਰੁ ਤਿਨ ਕਉ ਮੇਲਿਓਨੁ ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥
ਪਰ, ਹੇ ਨਾਨਕ! ਉਸ (ਪਰਮਾਤਮਾ) ਨੇ ਗੁਰੂ ਉਹਨਾਂ (ਮਨੁੱਖਾਂ) ਨੂੰ ਮਿਲਾਇਆ, ਜਿਨ੍ਹਾਂ ਦੇ ਮੱਥੇ ਉਤੇ (ਉਸ ਨੇ) ਧੁਰ ਦਰਗਾਹ ਤੋਂ (ਇਹ) ਚੰਗੀ ਕਿਸਮਤ ਲਿਖ ਦਿੱਤੀ ।੨੫।
ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ ॥
ਹੇ ਭਾਈ! ਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ ਤਿ®ਸ਼ਨਾ ਦੀ (ਅੱਗ ਬਲਦੀ) ਰਹਿੰਦੀ, (ਉਸ ਦੇ ਅੰਦਰੋਂ ਮਾਇਆ ਦੀ) ਭੁੱਖ (ਕਦੇ) ਦੂਰ ਨਹੀਂ ਹੁੰਦੀ ।
ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ ॥
ਹੇ ਭਾਈ! (ਜਗਤ ਦਾ ਇਹ) ਮੋਹ ਨਾਸਵੰਤ ਪਸਾਰਾ ਹੈ, (ਇਹ) ਪਰਵਾਰ (ਭੀ) ਨਾਸਵੰਤ ਪਸਾਰਾ ਹੈ, (ਪਰ ਮਨ ਦਾ ਮੁਰੀਦ ਮਨੁੱਖ ਇਸ) ਨਾਸਵੰਤ ਪਸਾਰੇ ਵਿਚ (ਸਦਾ) ਫਸਿਆ ਰਹਿੰਦਾ ਹੈ,
ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ ॥
ਹਰ ਵੇਲੇ (ਮਾਇਆ ਦੇ ਮੋਹ ਦੀਆਂ) ਸੋਚਾਂ ਸੋਚਦਾ ਰਹਿੰਦਾ ਹੈ, ਸੋਚਾਂ ਵਿਚ ਬੱਝਾ ਹੋਇਆ (ਹੀ ਜਗਤ ਤੋਂ) ਤੁਰ ਪੈਂਦਾ ਹੈ,
ਜੰਮਣੁ ਮਰਣੁ ਨ ਚੁਕਈ ਹਉਮੈ ਕਰਮ ਕਮਾਇ ॥
ਹਉਮੈ ਦੇ ਆਸਰੇ ਹੀ (ਸਾਰੇ) ਕੰਮ ਕਰਦਾ ਰਹਿੰਦਾ ਹੈ (ਤਾਹੀਏਂ ਉਸ ਦਾ) ਜਨਮ ਮਰਣ ਦਾ ਗੇੜ (ਕਦੇ) ਮੁੱਕਦਾ ਨਹੀਂ ।
ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ ॥੨੬॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਉਹ ਮਨਮੁਖ ਭੀ ਮੋਹ ਦੇ ਜਾਲ ਵਿਚੋਂ) ਬਚ ਨਿਕਲਦਾ ਹੈ, ਗੁਰੂ (ਇਸ ਮੋਹ-ਜਾਲ ਤੋਂ) ਛੁਡਾ ਲੈਂਦਾ ਹੈ ।੨੬।
ਸਤਿਗੁਰ ਪੁਰਖੁ ਹਰਿ ਧਿਆਇਦਾ ਸਤਸੰਗਤਿ ਸਤਿਗੁਰ ਭਾਇ ॥
ਹੇ ਭਾਈ! ਗੁਰੂ ਮਹਾਪੁਰਖ ਸਾਧ ਸੰਗਤਿ ਵਿਚ ਗੁਰੂ ਦੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ ।
ਸਤਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ ॥
(ਜਿਹੜੇ ਮਨੁੱਖ) ਸਾਧ ਸੰਗਤਿ ਵਿਚ ਆ ਕੇ ਗੁਰੂ ਦੀ ਸਰਨ ਪੈਂਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਵਿਚ ਜੋੜ ਦੇਂਦਾ ਹੈ ਪਰਮਾਤਮਾ ਨਾਲ ਮਿਲਾ ਦੇਂਦਾ ਹੈ ।
ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥
(ਹੇ ਭਾਈ! ਉØਂਞ ਤਾਂ) ਇਹ ਜਗਤ ਇਹ ਸੰਸਾਰ ਇਕ ਭਿਆਨਕ ਸਮੁੰਦਰ ਹੈ, ਪਰ ਗੁਰੂ-ਜਹਾਜ਼ (ਸਰਨ ਆਏ ਜੀਵਾਂ ਨੂੰ) ਹਰਿ-ਨਾਮ ਵਿਚ (ਜੋੜ ਕੇ ਇਸ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ।
ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥
(ਜਿਨ੍ਹਾਂ) ਗੁਰਸਿੱਖਾਂ ਨੇ (ਗੁਰੂ ਦਾ) ਹੁਕਮ ਮੰਨ ਲਿਆ, ਪੂਰਾ ਗੁਰੂ (ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ।
ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥
ਹੇ ਹਰੀ! ਅਸਾਂ ਜੀਵਾਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖ਼ਸ਼, ਤਾ ਕਿ ਅਸੀ ਵਿਕਾਰੀ ਜੀਵ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੀਏ ।
ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥
ਹੇ ਨਾਨਕ! ਧੁਰ ਦਰਗਾਹ ਤੋਂ ਹਰੀ-ਪ੍ਰਭੂ ਦਾ ਲਿਖਿਆ ਲੇਖ (ਜਿਸ ਮਨੁੱਖ ਦੇ) ਮੱਥੇ ਉੱਤੇ ਉੱਘੜ ਪੈਂਦਾ ਹੈ ਉਹ ਮਨੁੱਖ ਗੁਰੂ ਨੂੰ ਆ ਮਿਲਦਾ ਹੈ ।
ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥
ਉਸ (ਗੁਰੂ) ਨੇ (ਸਾਰੇ) ਜਮਦੂਤ ਮਾਰ ਕੇ ਮੁਕਾ ਦਿੱਤੇ । (ਗੁਰੂ ਉਸ ਨੂੰ) ਪਰਮਾਤਮਾ ਦੀ ਦਰਗਾਹ ਵਿਚ ਸੁਰਖ਼ਰੂ ਕਰਾ ਲੈਂਦਾ ਹੈ ।
ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥੨੭॥
ਹੇ ਭਾਈ! ਗੁਰਸਿੱਖਾਂ ਨੂੰ (ਲੋਕ ਪਰਲੋਕ ਵਿਚ) ਆਦਰ-ਸਤਕਾਰ ਮਿਲਦਾ ਹੈ, ਪ੍ਰਭੂ ਉਹਨਾਂ ਉਤੇ ਪ੍ਰਸੰਨ ਹੋ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ।੨੭।
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥
ਹੇ ਭਾਈ! (ਜਿਸ) ਪੂਰੇ ਗੁਰੂ ਨੇ (ਜੀਵ ਦੇ ਅੰਦਰ ਸਦਾ) ਪਰਮਾਤਮਾ ਦਾ ਨਾਮ ਪੱਕਾ ਕੀਤਾ ਹੈ, ਜਿਸ (ਪੂਰੇ ਗੁਰੂ) ਨੇ (ਜੀਵ ਦੇ) ਅੰਦਰੋਂ ਭਟਕਣਾ (ਸਦਾ) ਮੁਕਾਈ ਹੈ,
ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥
(ਉਸ ਗੁਰੂ ਨੇ ਆਪ) ਪਰਮਾਤਮਾ ਦਾ ਨਾਮ (ਸਿਮਰ ਕੇ), ਪਰਮਾਤਮਾ ਦੀ ਸਿਫ਼ਤਿ-ਸਾਲਾਹ ਗਾ ਗਾ ਕੇ (ਸਰਨ ਆਏ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਕੇ (ਉਸ ਨੂੰ ਆਤਮਕ ਜੀਵਨ ਦਾ ਸਹੀ) ਰਸਤਾ (ਸਦਾ) ਵਿਖਾਇਆ ਹੈ ।
ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥
ਹੇ ਭਾਈ! (ਪੂਰੇ ਗੁਰੂ ਦੀ ਰਾਹੀਂ) ਹਉਮੈ ਦੂਰ ਕਰ ਕੇ (ਜਿਸ ਮਨੁੱਖ ਦੇ ਅੰਦਰ) ਇਕ ਪਰਮਾਤਮਾ ਦੀ ਲਗਨ ਲੱਗ ਗਈ, (ਉਸ ਨੇ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾ ਲਿਆ ।
ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥
ਗੁਰੂ ਦੀ ਮਤਿ ਉਤੇ ਤੁਰਨ ਦੇ ਕਾਰਨ ਜਮਰਾਜ ਭੀ (ਉਸ ਮਨੁੱਖ ਵੱਲ) ਤੱਕ ਨਹੀਂ ਸਕਦਾ, (ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ (ਸਦਾ) ਲੀਨ ਰਹਿੰਦਾ ਹੈ ।
ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥
(ਉਸਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਹਰ ਥਾਂ ਕਰਤਾਰ ਆਪ ਹੀ ਆਪ ਮੌਜੂਦ ਹੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜ ਲੈਂਦਾ ਹੈ ।
ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨੮॥
ਹੇ ਭਾਈ! ਦਾਸ ਨਾਨਕ (ਭੀ ਜਦੋਂ ਪਰਮਾਤਮਾ ਦਾ) ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ । ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਜੀਵ ਇਕ ਖਿਨ ਵਿਚ ਹੀ ਆਤਮਕ ਮੌਤ ਸਹੇੜ ਲੈਂਦਾ ਹੈ ।੨੮।
ਮਨ ਅੰਤਰਿ ਹਉਮੈ ਰੋਗੁ ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥
ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਦੁਰਾਚਾਰੀ ਮਨੁੱਖਾਂ ਦੇ ਮਨ ਵਿਚ ਹਉਮੈ ਦਾ ਰੋਗ (ਸਦਾ ਟਿਕਿਆ ਰਹਿੰਦਾ ਹੈ), ਇਸ ਹਉਮੈ ਦੇ ਕਾਰਨ ਭਟਕਣਾ ਵਿਚ ਪੈ ਕੇ ਉਹ (ਜੀਵਨ ਦੇ) ਗ਼ਲਤ ਰਸਤੇ ਪਏ ਰਹਿੰਦੇ ਹਨ ।
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ ॥੨੯॥
ਹੇ ਨਾਨਕ! (ਸਾਕਤ ਮਨੁੱਖ ਭੀ) ਸੱਜਣ ਸਾਧੂ ਸਤਿਗੁਰੂ ਨੂੰ ਮਿਲ ਕੇ (ਹਉਮੈ ਦਾ ਇਹ) ਰੋਗ ਦੂਰ ਕਰ ਲੈਂਦਾ ਹੈ ।੨੯।
ਗੁਰਮਤੀ ਹਰਿ ਹਰਿ ਬੋਲੇ ॥
ਹੇ ਭਾਈ! (ਜਿਹੜੀ ਜੀਵ-ਇਸਤ®ੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਸਦਾ) ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ,
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥
ਉਹ ਦਿਨ ਰਾਤ ਪਰਮਾਤਮਾ ਦੇ ਪਿਆਰ ਵਿਚ ਖਿੱਚ ਪਾਂਦੀ ਰਹਿੰਦੀ ਹੈ, ਪਰਮਾਤਮਾ (ਦੇ ਨਾਮ) ਵਿਚ ਰੱਤੀ ਰਹਿੰਦੀ ਹੈ, ਉਹ ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਆਤਮਕ ਆਨੰਦ) ਮਾਣਦੀ ਰਹਿੰਦੀ ਹੈ ।
ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥
ਹੇ ਭਾਈ! ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਪਰਮਾਤਮਾ ਵਰਗਾ ਖਸਮ (ਕਿਸੇ ਹੋਰ ਥਾਂ) ਨਹੀਂ ਲੱਭਦਾ ।
ਗੁਰ ਸਤਿਗੁਰਿ ਨਾਮੁ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥
ਹੇ ਭਾਈ! ਗੁਰੂ ਸਤਿਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ, (ਉਸ ਦਾ) ਮਨ ਕਿਸੇ ਭੀ ਹੋਰ ਪਾਸੇ ਨਹੀਂ ਡੋਲਦਾ ।
ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥
ਹੇ ਭਾਈ! ਦਾਸ ਨਾਨਕ (ਭੀ) ਪਰਮਾਤਮਾ ਦਾ ਦਾਸ ਹੈ, ਗੁਰੂ ਸਤਿਗੁਰੂ ਦੇ ਦਾਸਾਂ ਦੇ ਦਾਸਾਂ ਦਾ ਦਾਸ ਹੈ ।੩੦।