Sri Guru Granth Sahib Ji — Ang 1423 (punjabi)
ਬਿਨੁ ਨਾਵੈ ਸਭੁ ਦੁਖੁ ਹੈ ਦੁਖਦਾਈ ਮੋਹ ਮਾਇ ॥
ਮਾਇਆ ਦਾ ਮੋਹ ਦੁਖਦਾਈ ਸਾਬਤ ਹੁੰਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਉੱਦਮ) ਦੁਖ (ਦਾ ਹੀ ਮੂਲ) ਹੈ ।
ਨਾਨਕ ਗੁਰਮੁਖਿ ਨਦਰੀ ਆਇਆ ਮੋਹ ਮਾਇਆ ਵਿਛੁੜਿ ਸਭ ਜਾਇ ॥੧੭॥
ਹੇ ਨਾਨਕ! ਗੁਰੂ ਦੀ ਸ਼ਰਨ ਪੈ ਕੇ (ਜਿਸ ਮਨੁੱਖ ਨੂੰ ਇਹ ਭੇਤ) ਦਿੱਸ ਪੈਂਦਾ ਹੈ, (ਉਸ ਦੇ ਅੰਦਰੋਂ) ਮਾਇਆ ਦਾ ਸਾਰਾ ਮੋਹ ਦੂਰ ਹੋ ਜਾਂਦਾ ਹੈ ।੧੭।
ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਿਹ ਕੇ ਖਸਮ-ਪ੍ਰਭੂ ਦਾ ਹੁਕਮ ਮੰਨਦਾ ਹੈ, ਉਹ ਹੁਕਮ ਵਿਚ ਟਿਕ ਕੇ ਹੀ ਆਤਮਕ ਆਨੰਦ ਮਾਣਦਾ ਹੈ ।
ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਿਹ ਕੇ ਖਸਮ-ਪ੍ਰਭੂ ਦਾ ਹੁਕਮ ਮੰਨਦਾ ਹੈ, ਉਹ ਹੁਕਮ ਵਿਚ ਟਿਕ ਕੇ ਹੀ ਆਤਮਕ ਆਨੰਦ ਮਾਣਦਾ ਹੈ ।
ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥
ਵਰਤ (ਆਦਿਕ ਰੱਖਣ ਦਾ) ਨੇਮ, ਸਰੀਰਕ ਪਵਿਤ®ਤਾ, ਇੰਦਿ®ਆਂ ਨੂੰ ਰੋਕਣ ਦਾ ਜਤਨ—ਇਹ ਸਭ ਕੁਝ ਉਸ ਮਨੁੱਖ ਦੇ ਵਾਸਤੇ ਪ੍ਰਭੂ ਦਾ ਹੁਕਮ ਮੰਨਣਾ ਹੀ ਹੈ । (ਹੁਕਮ ਮੰਨ ਕੇ) ਉਹ ਮਨੁੱਖ ਮਨ-ਮੰਗੀ ਮੁਰਾਦ ਪ੍ਰਾਪਤ ਕਰਦਾ ਹੈ ।
ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥
ਹੇ ਭਾਈ! ਜਿਹੜੀ ਜੀਵ-ਇਸਤ®ੀ ਪਰਮਾਤਮਾ ਦੀ ਰਜ਼ਾ ਨੂੰ ਸਮਝਦੀ ਹੈ, ਜਿਹੜੀ ਸੁਰਤਿ ਜੋੜ ਕੇ ਗੁਰੂ ਦੀ ਸਰਨ ਪਈ ਰਹਿੰਦੀ ਹੈ, ਉਹ ਜੀਵ-ਇਸਤ®ੀ ਸਦਾ ਭਾਗਾਂ ਵਾਲੀ ਹੈ ।
ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥੧੮॥
ਹੇ ਨਾਨਕ! ਜਿਨ੍ਹਾਂ ਜੀਵਾਂ ਉੱਤੇ (ਪਰਮਾਤਮਾ) ਮਿਹਰ ਕਰਦਾ ਹੈ, ਉਹਨਾਂ ਨੂੰ (ਆਪਣੇ) ਹੁਕਮ ਵਿਚ ਲੀਨ ਕਰ ਲੈਂਦਾ ਹੈ ।੧੮।
ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬਦ-ਨਸੀਬ ਜੀਵ-ਇਸਤ®ੀ (ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦੀ, ਸਦਾ ਹਉਮੈ ਦੇ ਆਸਰੇ (ਆਪਣੇ ਵਲੋਂ ਮਿਥੇ ਹੋਏ ਧਾਰਮਿਕ) ਕੰਮ ਕਰਦੀ ਰਹਿੰਦੀ ਹੈ ।
ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥
ਉਹ ਵਰਤ ਨੇਮ ਸੁੱਚ ਸੰਜਮ ਦੇਵ-ਪੂਜਾ (ਆਦਿਕ ਕਰਮ ਕਰਦੀ ਹੈ, ਪਰ ਇਹ ਹਨ ਨਿਰਾ ਵਿਖਾਵਾ, ਤੇ) ਵਿਖਾਵੇ ਨਾਲ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ।
ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥
ਹੇ ਭਾਈ! (ਜਿਨ੍ਹਾਂ ਮਨੁੱਖਾਂ ਦਾ ਮਨ) ਅੰਦਰੋਂ ਖੋਟਾ ਰਹਿੰਦਾ ਹੈ, ਜਿਹੜੇ ਮਾਇਆ ਦੇ ਮੋਹ ਵਿਚ ਵਿੱਝੇ ਰਹਿੰਦੇ ਹਨ (ਉਹਨਾਂ ਦੇ ਕੀਤੇ ਧਾਰਮਿਕ ਕਰਮ ਇਉਂ ਹੀ ਹਨ) ਜਿਵੇਂ ਹਾਥੀ (ਨ੍ਹਾ ਕੇ ਆਪਣੇ ਉੱਤੇ) ਮਿੱਟੀ ਉਡਾ ਕੇ ਪਾ ਲੈਂਦਾ ਹੈ ।
ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ ॥
ਉਹ ਮਨੁੱਖ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ । (ਹਰਿ-ਨਾਮ ਦਾ) ਸਿਮਰਨ ਕਰਨ ਤੋਂ ਬਿਨਾ ਕੋਈ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ ।
ਨਾਨਕ ਪਰਪੰਚੁ ਕੀਆ ਧੁਰਿ ਕਰਤੈ ਪੂਰਬਿ ਲਿਖਿਆ ਕਮਾਏ ॥੧੯॥
ਹੇ ਨਾਨਕ! ਕਰਾਤਰ ਨੇ ਹੀ ਧੁਰ ਦਰਗਾਹ ਤੋਂ (ਆਪਣੇ ਹੁਕਮ ਨਾਲ) ਜਗਤ-ਰਚਨਾ ਕੀਤੀ ਹੋਈ ਹੈ, ਹਰੇਕ ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ (ਹੁਣ ਭੀ) ਕਰਮ ਕਰੀ ਜਾਂਦਾ ਹੈ ।੧੯।
ਗੁਰਮੁਖਿ ਪਰਤੀਤਿ ਭਈ ਮਨੁ ਮਾਨਿਆ ਅਨਦਿਨੁ ਸੇਵਾ ਕਰਤ ਸਮਾਇ ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ (ਗੁਰੂ ਵਾਸਤੇ) ਸਰਧਾ ਬਣੀ ਰਹਿੰਦੀ ਹੈ, (ਉਸ ਦਾ) ਮਨ (ਗੁਰੂ ਵਿਚ) ਪਤੀਜਿਆ ਰਹਿੰਦਾ ਹੈ, ਉਹ ਹਰ ਵੇਲੇ ਸੇਵਾ ਕਰਦਿਆਂ (ਸੇਵਾ ਵਿਚ) ਮਸਤ ਰਹਿੰਦਾ ਹੈ ।
ਅੰਤਰਿ ਸਤਿਗੁਰੁ ਗੁਰੂ ਸਭ ਪੂਜੇ ਸਤਿਗੁਰ ਕਾ ਦਰਸੁ ਦੇਖੈ ਸਭ ਆਇ ॥
(ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਗੁਰੂ ਵੱਸਦਾ ਹੈ ਸਭ ਦਾ ਆਦਰ-ਸਤਕਾਰ ਕਰਦਾ ਹੈ, ਉਹ ਸਾਰੀ ਲੁਕਾਈ ਵਿਚ ਗੁਰੂ ਦਾ ਦਰਸਨ ਕਰਦਾ ਹੈ ।
ਮੰਨੀਐ ਸਤਿਗੁਰ ਪਰਮ ਬੀਚਾਰੀ ਜਿਤੁ ਮਿਲਿਐ ਤਿਸਨਾ ਭੁਖ ਸਭ ਜਾਇ ॥
ਹੇ ਭਾਈ! ਸਭ ਤੋਂ ਉੱਚੀ ਆਤਮਕ ਵਿਚਾਰ ਦੇ ਮਾਲਕ ਗੁਰੂ ਵਿਚ ਸਰਧਾ ਬਣਾਣੀ ਚਾਹੀਦੀ ਹੈ, ਜਿਸ (ਗੁਰੂ) ਦੇ ਮਿਲਿਆਂ (ਮਾਇਆ ਦੀ) ਸਾਰੀ ਭੁੱਖ ਸਾਰੀ ਤਿ®ਹ ਦੂਰ ਹੋ ਜਾਂਦੀ ਹੈ ।
ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ ਜੋ ਪ੍ਰਭੁ ਸਚਾ ਦੇਇ ਮਿਲਾਇ ॥
ਹੇ ਭਾਈ! ਮੈਂ ਸਦਾ ਹੀ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਕਿਉਂਕਿ ਉਹ ਗੁਰੂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲਾ ਦੇਂਦਾ ਹੈ ।
ਨਾਨਕ ਕਰਮੁ ਪਾਇਆ ਤਿਨ ਸਚਾ ਜੋ ਗੁਰ ਚਰਣੀ ਲਗੇ ਆਇ ॥੨੦॥
ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਆ ਕੇ ਟਿਕ ਗਏ, ਉਹਨਾਂ ਨੇ ਸਦਾ ਕਾਇਮ ਰਹਿਣ ਵਾਲੀ (ਰੱਬੀ) ਮਿਹਰ ਪ੍ਰਾਪਤ ਕਰ ਲਈ ।੨੦।
ਜਿਨ ਪਿਰੀਆ ਸਉ ਨੇਹੁ ਸੇ ਸਜਣ ਮੈ ਨਾਲਿ ॥
ਹੇ ਭਾਈ! ਜਿਨ੍ਹਾਂ (ਸਤ ਸੰਗੀਆਂ ਦਾ) ਪਿਆਰੇ ਪ੍ਰਭੂ ਨਾਲ ਪਿਆਰ ਬਣਿਆ ਹੋਇਆ ਹੈ, ਉਹ ਸਤਸੰਗੀ ਸੱਜਣ ਮੇਰੇ ਨਾਲ (ਸਹਾਈ) ਹਨ ।
ਅੰਤਰਿ ਬਾਹਰਿ ਹਉ ਫਿਰਾਂ ਭੀ ਹਿਰਦੈ ਰਖਾ ਸਮਾਲਿ ॥੨੧॥
(ਉਹਨਾਂ ਦੇ ਸਤਸੰਗ ਦੀ ਬਰਕਤਿ ਨਾਲ) ਮੈਂ ਅੰਦਰ ਬਾਹਰ (ਦੁਨੀਆ ਦੇ ਕਾਰ ਵਿਹਾਰ ਵਿਚ ਭੀ) ਤੁਰਿਆ ਫਿਰਦਾ ਹਾਂ, (ਫਿਰ) ਭੀ (ਪਰਮਾਤਮਾ ਨੂੰ ਆਪਣੇ) ਹਿਰਦੇ ਵਿਚ ਸੰਭਾਲ ਕੇ ਰੱਖਦਾ ਹਾਂ ।੨੧।
ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰ ਚਰਨਾਂ ਵਿਚ ਚਿੱਤ ਜੋੜ ਕੇ ਇਕਾਗਰ ਮਨ ਨਾਲ ਇਕਾਗਰ ਚਿੱਤ ਨਾਲ (ਪਰਮਾਤਮਾ ਦਾ ਨਾਮ) ਸਿਮਰਿਆ ਹੈ,
ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ ॥
ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਹਉਮੈ ਦਾ ਵੱਡਾ ਰੋਗ ਦੂਰ ਹੋ ਜਾਂਦਾ ਹੈ, (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ।
ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ ॥
ਉਹ ਮਨੁੱਖ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਗੁਣ ਉਚਾਰਦੇ ਹਨ ।ਹੇ ਭਾਈ! (ਗੁਰੂ-ਚਰਨਾਂ ਵਿਚ ਸੁਰਤਿ ਜੋੜ ਕੇ) ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸਦਾ ਲੀਨ ਰਹਿੰਦਾ ਹੈ ਟਿਕਿਆ ਰਹਿੰਦਾ ਹੈ ।
ਨਾਨਕ ਗੁਰ ਪੂਰੇ ਤੇ ਪਾਇਆ ਸਹਜਿ ਮਿਲਿਆ ਪ੍ਰਭੁ ਆਇ ॥੨੨॥
ਹੇ ਨਾਨਕ! ਪਰਮਾਤਮਾ ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ, ਆਤਮਕ ਅਡੋਲਤਾ ਵਿਚ ਆ ਮਿਲਦਾ ਹੈ ।੨੨।
ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਅੰਦਰ ਮਾਇਆ ਦਾ ਮੋਹ (ਬਣਿਆ ਰਹਿੰਦਾ) ਹੈ, (ਇਸ ਵਾਸਤੇ ਉਸ ਦਾ ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣਦਾ ।
ਕੂੜੁ ਕਮਾਵੈ ਕੂੜੁ ਸੰਘਰੈ ਕੂੜਿ ਕਰੈ ਆਹਾਰੁ ॥
ਉਹ ਮਨੁੱਖ ਠੱਗੀ-ਫ਼ਰੇਬ ਕਰਦਾ ਰਹਿੰਦਾ ਹੈ, ਠੱਗੀ-ਫ਼ਰੇਬ (ਦੇ ਸੰਸਕਾਰ ਆਪਣੇ ਅੰਦਰ) ਇਕੱਠੇ ਕਰਦਾ ਜਾਂਦਾ ਹੈ, ਠੱਗੀ-ਫ਼ਰੇਬ ਦੀ ਰਾਹੀਂ ਹੀ ਆਪਣੀ ਰੋਜ਼ੀ ਬਣਾਈ ਰੱਖਦਾ ਹੈ ।
ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤਿ ਹੋਇ ਸਭੁ ਛਾਰੁ ॥
ਹੇ ਭਾਈ! ਆਤਮਕ ਮੌਤ ਲਿਆਉਣ ਵਾਲੀ ਮਾਇਆ ਵਾਲਾ ਧਨ (ਮਨੁੱਖ ਦੇ) ਅੰਤ ਸਮੇ (ਉਸ ਦੇ ਭਾ ਦਾ) ਸਾਰਾ ਸੁਆਹ ਹੋ ਜਾਂਦਾ ਹੈ, (ਪਰ ਇਸੇ) ਧਨ ਨੂੰ ਜੋੜ ਜੋੜ ਕੇ (ਜੀਵ) ਆਤਮਕ ਮੌਤ ਸਹੇੜਦੇ ਰਹਿੰਦੇ ਹਨ,
ਕਰਮ ਧਰਮ ਸੁਚਿ ਸੰਜਮੁ ਕਰਹਿ ਅੰਤਰਿ ਲੋਭੁ ਵਿਕਾਰ ॥
(ਆਪਣੇ ਵਲੋਂ ਤੀਰਥ-ਜਾਤ®ਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰਦੇ ਹਨ, ਸਰੀਰਕ ਪਵਿੱਤ®ਤਾ ਰੱਖਦੇ ਹਨ, (ਇਹੋ ਜਿਹਾ ਹਰੇਕ) ਸੰਜਮ ਕਰਦੇ ਹਨ, (ਪਰ ਉਹਨਾਂ ਦੇ) ਅੰਦਰ ਲੋਭ ਟਿਕਿਆ ਰਹਿੰਦਾ ਹੈ ਵਿਕਾਰ ਟਿਕੇ ਰਹਿੰਦੇ ਹਨ ।
ਨਾਨਕ ਮਨਮੁਖਿ ਜਿ ਕਮਾਵੈ ਸੁ ਥਾਇ ਨ ਪਵੈ ਦਰਗਹ ਹੋਇ ਖੁਆਰੁ ॥੨੩॥
ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਾਰੀ ਉਮਰ) ਜੋ ਕੁਝ ਕਰਦਾ ਰਹਿੰਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ, ਉਥੇ ਉਹ ਖ਼ੁਆਰ ਹੀ ਹੁੰਦਾ ਹੈ ।੨੩।
ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ॥
ਹੇ ਭਾਈ! ਸਦਾ-ਥਿਰ ਹਰਿ-ਨਾਮ (ਦਾ ਸਿਮਰਨ ਹੀ ਮਨੁੱਖ ਵਾਸਤੇ) ਸਭ ਕੁਝ ਹੈ,ਹੇ ਭਾਈ! ਸਾਰੇ ਰਾਗਾਂ ਵਿਚ ਉਹ (ਹਰਿ-ਨਾਮ ਸਿਮਰਨ ਹੀ) ਚੰਗਾ (ਉੱਦਮ) ਹੈ, ਕਿਉਂਕਿ ਉਸ (ਸਿਮਰਨ) ਦੀ ਰਾਹੀਂ (ਹੀ ਪਰਮਾਤਮਾ ਮਨੁੱਖ ਦੇ) ਮਨ ਵਿਚ ਆ ਕੇ ਵੱਸਦਾ ਹੈ ।
ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ॥
ਸਦਾ-ਥਿਰ ਹਰਿ-ਨਾਮ ਹੀ (ਮਨੁੱਖ ਵਾਸਤੇ) ਰਾਗ ਹੈ ਨਾਦ ਹੈ, (ਹਰਿ-ਨਾਮ ਦੇ ਸਿਮਰਨ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ ।
ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ ॥
ਪਰਮਾਤਮਾ (ਦਾ ਮਿਲਾਪ) ਰਾਗ (ਦੀ ਕੈਦ) ਤੋਂ ਪਰੇ ਹੈ, ਨਾਦ (ਦੀ ਕੈਦ) ਤੋਂ ਪਰੇ ਹੈ । ਇਹਨਾਂ (ਰਾਗਾਂ ਨਾਦਾਂ) ਦੀ ਰਾਹੀਂ (ਪਰਮਾਤਮਾ ਦੀ) ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ ।
ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ ॥
ਹੇ ਨਾਨਕ! (ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ ਉਹਨਾਂ ਵਾਸਤੇ (ਰਾਗ ਭੀ) ਸਹਾਈ ਹੋ ਸਕਦਾ ਹੈ (ਉØਂਞ ਨਿਰੇ ਰਾਗ ਹੀ ਆਤਮਕ ਜੀਵਨ ਦੇ ਰਸਤੇ ਵਿਚ ਸਹਾਈ ਨਹੀਂ ਹਨ) ।
ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ ॥੨੪॥
ਹੇ ਭਾਈ! ਗੁਰੂ ਪਾਸੋਂ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਉਸ ਪਰਮਾਤਮਾ ਤੋਂ ਹੀ ਹੋ ਰਿਹਾ ਹੈ, ਜਿਵੇਂ ਉਸ ਦੀ ਰਜ਼ਾ ਹੈ, (ਤਿਵੇਂ ਹੀ ਸਭ ਕੁਝ ਹੋ ਰਿਹਾ ਹੈ) ।੨੪।