Sri Guru Granth Sahib Ji — Ang 1421 (punjabi)
ਨਦਰਿ ਕਰਹਿ ਜੇ ਆਪਣੀ ਤਾਂ ਆਪੇ ਲੈਹਿ ਸਵਾਰਿ ॥
ਜੇ ਤੂੰ ਮਿਹਰ ਦੀ ਨਿਗਾਹ ਕਰੇਂ, ਤਾਂ ਤੂੰ ਆਪ ਹੀ (ਜੀਵਾਂ ਦੇ ਆਤਮਕ ਜੀਵਨ) ਸੋਹਣੇ ਬਣਾ ਲੈਂਦਾ ਹੈਂ ।
ਨਾਨਕ ਗੁਰਮੁਖਿ ਜਿਨੑੀ ਧਿਆਇਆ ਆਏ ਸੇ ਪਰਵਾਣੁ ॥੬੩॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਜੰਮੇ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦੇ ਹਨ ।੬੩।
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥
ਹੇ ਭਾਈ! (ਗ੍ਰਿਹਸਤ ਤਿਆਗ ਕੇ) ਗੇਰੂਏ ਰੰਗ ਦੇ ਕੱਪੜਿਆਂ ਨਾਲ ਜਾਂ ਮੈਲੇ ਪਹਿਰਾਵੇ ਨਾਲ (ਪਰਮਾਤਮਾ ਦਾ) ਮਿਲਾਪ ਨਹੀਂ ਹੋ ਜਾਂਦਾ ।
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ ॥੬੪॥
ਪਰ, ਹਾਂ, ਹੇ ਨਾਨਕ! ਗੁਰੂ ਦੇ ਉਪਦੇਸ਼ ਦੀ ਰਾਹੀਂ ਗ੍ਰਿਹਸਤ ਵਿਚ ਰਹਿੰਦਿਆਂ ਹੀ (ਪਰਮਾਤਮਾ ਨਾਲ) ਮਿਲਾਪ ਹੋ ਸਕਦਾ ਹੈ ।੬੪।
ਚਾਰੇ ਕੁੰਡਾ ਜੇ ਭਵਹਿ ਬੇਦ ਪੜਹਿ ਜੁਗ ਚਾਰਿ ॥
ਹੇ ਭਾਈ! (ਗ੍ਰਿਹਸਤ ਛੱਡ ਕੇ) ਜੇ ਤੂੰ (ਧਰਤੀ ਤੇ) ਚੌਹੀਂ ਪਾਸੀਂ ਤੁਰਿਆ ਫਿਰੇਂ, ਤੇ, ਜੇ ਤੂੰ ਸਦਾ ਹੀ ਵੇਦ (ਆਦਿਕ ਧਰਮ-ਪੁਸਤਕ) ਪੜ੍ਹਦਾ ਰਹੇਂ (ਤਾਂ ਭੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦਾ) ।
ਨਾਨਕ ਸਾਚਾ ਭੇਟੈ ਹਰਿ ਮਨਿ ਵਸੈ ਪਾਵਹਿ ਮੋਖ ਦੁਆਰ ॥੬੫॥
ਹੇ ਨਾਨਕ! (ਆਖ—ਹੇ ਭਾਈ!) ਤੂੰ ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ (ਤਦੋਂ) ਲੱਭ ਲਏਂਗਾ, ਜਦੋਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੈਨੂੰ ਮਿਲ ਪਏਗਾ, ਜਦੋਂ ਹਰੀ (ਤੇਰੇ) ਮਨ ਵਿਚ ਆ ਵੱਸੇਗਾ ।੬੫।
ਨਾਨਕ ਹੁਕਮੁ ਵਰਤੈ ਖਸਮ ਕਾ ਮਤਿ ਭਵੀ ਫਿਰਹਿ ਚਲ ਚਿਤ ॥
ਹੇ ਨਾਨਕ! ਮਾਲਕ-ਪ੍ਰਭੂ ਦਾ ਹੁਕਮ ਚੱਲ ਰਿਹਾ ਹੈ (ਉਸ ਹੁਕਮ ਵਿਚ ਹੀ) ਤੇਰੀ ਮਤਿ ਉਲਟੇ ਰਾਹ ਪਈ ਹੋਈ ਹੈ, ਤੇ ਤੂੰ ਚੰਚਲ-ਚਿੱਤ ਹੋ ਕੇ (ਧਰਤੀ ਉਤੇ) ਵਿਚਰ ਰਿਹਾ ਹੈਂ ।
ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥
ਪਰ, ਹੇ ਮਿੱਤਰ! (ਇਹ ਤਾਂ ਦੱਸ ਕਿ) ਆਪਣੇ ਮਨ ਦੇ ਪਿਛੇ ਤੁਰਨ ਵਾਲਿਆਂ ਨਾਲ ਦੋਸਤੀ ਪਾ ਕੇ ਤੂੰ ਆਤਮਕ ਆਨੰਦ ਦੀ ਆਸ ਕਿਵੇਂ ਕਰ ਸਕਦਾ ਹੈਂ?
ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥
ਹੇ ਭਾਈ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨਾਲ ਮਿਤ®ਤਾ ਬਣਾ, ਗੁਰੂ (ਦੇ ਚਰਨਾਂ) ਨਾਲ ਚਿੱਤ ਜੋੜੀ ਰੱਖ ।
ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ ॥੬੬॥
ਜਨਮ ਮਰਨ ਦੇ ਗੇੜ ਦੀ ਜੜ੍ਹ ਵੱਢੀ ਜਾਂਦੀ ਹੈ, ਤਦੋਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ।੬੬।
ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ ॥
ਹੇ ਭਾਈ! ਜ਼ਿੰਦਗੀ ਦੇ ਗ਼ਲਤ ਰਸਤੇ ਉੱਤੇ ਪਏ ਹੋਏ ਭੀ ਜਿਸ ਮਨੁੱਖ ਉਤੇ (ਪਰਮਾਤਮਾ) ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਆਪ (ਹੀ ਆਤਮਕ ਜੀਵਨ ਦੀ) ਸਮਝ ਬਖ਼ਸ਼ ਦੇਂਦਾ ਹੈ ।
ਨਾਨਕ ਨਦਰੀ ਬਾਹਰੀ ਕਰਣ ਪਲਾਹ ਕਰੇ ॥੬੭॥
ਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਿਗਾਹ ਤੋਂ ਵਾਂਜਿਆ ਹੋਇਆ ਮਨੁੱਖ (ਸਦਾ) ਕੀਰਨੇ ਹੀ ਕਰਦਾ ਰਹਿੰਦਾ ਹੈ ।੬੭।
ਸਲੋਕ ਮਹਲਾ ੪
ਸਲੋਕ ਚੋਥੀ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਵਡਭਾਗੀਆ ਸੋਹਾਗਣੀ ਜਿਨੑਾ ਗੁਰਮੁਖਿ ਮਿਲਿਆ ਹਰਿ ਰਾਇ ॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜੀਵ-ਇਸਤ®ੀਆਂ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀਆਂ ਬਣ ਜਾਂਦੀਆਂ ਹਨ, ਉਹ ਖਸਮ ਵਾਲੀਆਂ ਅਖਵਾਂਦੀਆਂ ਹਨ ।
ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ ॥੧॥
ਪ੍ਰਭੂ ਦੇ ਨਾਮ ਵਿਚ ਲੀਨ ਰਹਿ ਕੇ ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਚਮਕ ਪੈਂਦੀ ਹੈ ।੧।
ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥
ਹੇ ਭਾਈ! ਮਹਾ ਪੁਰਖ ਗੁਰੂ ਧੰਨ ਹੈ ਧੰਨ ਹੈ, ਜਿਸ (ਗੁਰੂ) ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ,
ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥
ਜਿਸ (ਗੁਰੂ) ਨੂੰ ਮਿਲਿਆਂ (ਮਾਇਆ ਦੀ) ਤਿ®ਸ਼ਨਾ ਦੂਰ ਹੋ ਜਾਂਦੀ ਹੈ, (ਮਨੁੱਖ ਦਾ) ਤਨ ਅਤੇ ਮਨ ਠੰਢਾ-ਠਾਰ ਸ਼ਾਂਤ ਹੋ ਜਾਂਦਾ ਹੈ ।
ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥
ਹੇ ਭਾਈ! ਗੁਰੂ ਸੱਤ ਪੁਰਖ ਸਲਾਹੁਣ-ਜੋਗ ਹੈ ਧੰਨ ਹੈ, ਕਿਉਂਕਿ ਉਸ ਨੂੰ ਹਰੇਕ ਜੀਵ ਇਕੋ ਜਿਹਾ (ਦਿੱਸਦਾ) ਹੈ ।
ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥
ਗੁਰੂ ਧੰਨ ਹੈ, ਗੁਰੂ ਧੰਨ ਹੈ, ਗੁਰੂ ਨੂੰ ਕਿਸੇ ਨਾਲ ਵੈਰ ਨਹੀਂ (ਕੋਈ ਮਨੁੱਖ ਗੁਰੂ ਦੀ ਨਿੰਦਾ ਕਰੇ, ਕੋਈ ਵਡਿਆਈ ਕਰੇ) ਗੁਰੂ ਨੂੰ (ਉਹ) ਨਿੰਦਾ ਜਾਂ ਵਡਿਆਈ ਇਕੋ ਜਿਹੀ ਜਾਪਦੀ ਹੈ ।
ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥
ਹੇ ਭਾਈ! ਗੁਰੂ ਧੰਨ ਹੈ ਗੁਰੂ ਧੰਨ ਹੈ, ਗੁਰੂ (ਆਤਮਕ ਜੀਵਨ ਦੀ ਸੂਝ ਵਿਚ) ਸਿਆਣਾ ਹੈ, ਗੁਰੂ ਦੇ ਅੰਦਰ ਪਰਮਾਤਮਾ ਸਦਾ ਵੱਸ ਰਿਹਾ ਹੈ ।
ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
ਗੁਰੂ ਸਲਾਹੁਣ-ਜੋਗ ਹੈ, ਗੁਰੂ (ਉਸ) ਨਿਰੰਕਾਰ (ਦਾ ਰੂਪ) ਹੈ ਜਿਸ ਦੇ ਗੁਣਾਂ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।
ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥
ਗੁਰੂ ਧੰਨ ਹੈ ਗੁਰੂ ਧੰਨ ਹੈ, ਕਿਉਂਕਿ ਉਹ (ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ (ਦਾ ਨਾਮ) ਪੱਕਾ ਕਰ ਦੇਂਦਾ ਹੈ ।
ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥੨॥
ਹੇ ਨਾਨਕ! ਜਿਸ (ਗੁਰੂ) ਤੋਂ ਪਰਮਾਤਮਾ ਦਾ ਨਾਮ ਹਾਸਲ ਹੁੰਦਾ ਹੈ, ਉਸ ਨੂੰ (ਸਦਾ) ਧੰਨ ਧੰਨ ਆਖਿਆ ਕਰੋ ।੨।
ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਸਤੇ ਹਰੀ ਪ੍ਰਭੂ ਦਾ ਗੋਬਿੰਦ ਨਾਮ (ਹੀ) ਸਦਾ ਕਾਇਮ ਰਹਿਣ ਵਾਲਾ ਖ਼ੁਸ਼ੀ ਦਾ ਗੀਤ ਹੈ ।
ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥
ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦੀ ਸਿਫ਼ਤਿ ਕੀਤੀ, ਹਰਿ-ਨਾਮ ਹੀ ਜਪਿਆ, ਉਹਨਾਂ ਦੇ ਮਨ ਵਿਚ ਅਨੰਦ ਬਣਿਆ ਰਹਿੰਦਾ ਹੈ ।
ਵਡਭਾਗੀ ਹਰਿ ਪਾਇਆ ਪੂਰਨ ਪਰਮਾਨੰਦੁ ॥
ਹੇ ਭਾਈ! ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਸਭ ਤੋਂ ਉੱਚੇ ਆਤਮਕ ਅਨੰਦ ਦੇ ਮਾਲਕ-ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ।
ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੩॥
ਹੇ ਦਾਸ ਨਾਨਕ! (ਜਿਨ੍ਹਾਂ ਨੇ ਹਰ ਵੇਲੇ) ਹਰਿ-ਨਾਮ ਦੀ ਵਡਿਆਈ ਕੀਤੀ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਆਨੰਦ ਦੀ) ਮੁੜ ਕਦੇ ਤੋਟ ਨਹੀਂ ਆਉਂਦੀ ।੩।
ਮੂੰ ਪਿਰੀਆ ਸਉ ਨੇਹੁ ਕਿਉ ਸਜਣ ਮਿਲਹਿ ਪਿਆਰਿਆ ॥
ਹੇ ਭਾਈ! (ਆਪਣੇ) ਪਿਆਰੇ (ਪ੍ਰਭੂ) ਨਾਲ ਮੇਰਾ ਪਿਆਰ ਹੈ (ਮੇਰੀ ਹਰ ਵੇਲੇ ਤਾਂਘ ਹੈ ਕਿ ਮੈਨੂੰ) ਕਿਵੇਂ (ਉਹ) ਪਿਆਰੇ ਸੱਜਣ ਮਿਲ ਪੈਣ (ਜਿਹੜੇ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਣ) ।
ਹਉ ਢੂਢੇਦੀ ਤਿਨ ਸਜਣ ਸਚਿ ਸਵਾਰਿਆ ॥
ਮੈਂ ਉਹਨਾਂ ਸੱਜਣਾਂ ਨੂੰ ਲੱਭਦੀ ਫਿਰਦੀ ਹਾਂ, ਸਦਾ-ਥਿਰ ਹਰਿ ਨਾਮ ਨੇ ਜਿਨ੍ਹਾਂ ਨੂੰ ਸੋਹਣੇ ਜੀਵਨ ਵਾਲਾ ਬਣਾ ਦਿੱਤਾ ਹੈ ।
ਸਤਿਗੁਰੁ ਮੈਡਾ ਮਿਤੁ ਹੈ ਜੇ ਮਿਲੈ ਤ ਇਹੁ ਮਨੁ ਵਾਰਿਆ ॥
ਹੇ ਭਾਈ! ਗੁਰੂ (ਹੀ) ਮੇਰਾ (ਅਸਲ) ਮਿੱਤਰ ਹੈ । ਜੇ (ਮੈਨੂੰ ਗੁਰੂ) ਮਿਲ ਪਏ, ਤਾਂ (ਮੈਂ ਆਪਣਾ) ਇਹ ਮਨ (ਉਸ ਤੋਂ) ਸਦਕੇ ਕਰ ਦਿਆਂ ।
ਦੇਂਦਾ ਮੂੰ ਪਿਰੁ ਦਸਿ ਹਰਿ ਸਜਣੁ ਸਿਰਜਣਹਾਰਿਆ ॥
(ਗੁਰੂ ਹੀ) ਮੈਨੂੰ ਦੱਸ ਸਕਦਾ ਹੈ ਕਿ ਸਿਰਜਣਹਾਰ ਹਰੀ (ਹੀ ਅਸਲ) ਸੱਜਣ ਹੈ ।
ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ ਨਾਲਿ ਦਿਖਾਲਿਆ ॥੪॥
ਹੇ ਨਾਨਕ! (ਆਖ—) ਹੇ ਸਤਿਗੁਰੂ! ਮੈਂ ਆਪਣਾ ਖਸਮ-ਪ੍ਰਭੂ ਢੂੰਢ ਰਹੀ ਸਾਂ, ਤੂੰ (ਮੈਨੂੰ ਮੇਰੇ) ਨਾਲ (ਵੱਸਦਾ) ਵਿਖਾਲ ਦਿੱਤਾ ਹੈ ।੪।
ਹਉ ਖੜੀ ਨਿਹਾਲੀ ਪੰਧੁ ਮਤੁ ਮੂੰ ਸਜਣੁ ਆਵਏ ॥
ਹੇ ਭਾਈ! ਮੈਂ ਤਾਂਘ ਨਾਲ ਰਾਹ ਤੱਕ ਰਹੀ ਹਾਂ ਕਿ ਸ਼ਾਇਦ ਮੇਰਾ ਸੱਜਣ ਆ ਰਿਹਾ ਹੈ,
ਕੋ ਆਣਿ ਮਿਲਾਵੈ ਅਜੁ ਮੈ ਪਿਰੁ ਮੇਲਿ ਮਿਲਾਵਏ ॥
ਜਿਹੜਾ ਮੈਨੂੰ (ਮੇਰਾ ਪ੍ਰਭੂ-) ਪਤੀ ਅੱਜ (ਇਸੇ ਜੀਵਨ ਵਿਚ) ਲਿਆ ਕੇ ਮਿਲਾ ਦੇਂਦਾ ਹੋਵੇ ।