Sri Guru Granth Sahib Ji — Ang 1420 (punjabi)
ਚਾਰੇ ਕੁੰਡਾ ਝੋਕਿ ਵਰਸਦਾ ਬੂੰਦ ਪਵੈ ਸਹਜਿ ਸੁਭਾਇ ॥
ਸਾਰੀ ਸ੍ਰਿਸ਼ਟੀ ਵਿਚ ਛਹਬਰ ਲਾਈ ਰੱਖਦਾ ਹੈ (ਪਰ ਇਸ ਦੀ) ਬੂੰਦ (ਉਸ ਮਨੁੱਖ ਦੇ ਮੂੰਹ ਵਿਚ) ਪੈਂਦੀ ਹੈ (ਜਿਹੜਾ) ਆਤਮਕ ਅਡੋਲਤਾ ਵਿਚ ਹੈ (ਜਿਹੜਾ ਪਰਮਾਤਮਾ ਦੇ) ਪ੍ਰੇਮ ਵਿਚ (ਲੀਨ) ਹੈ ।
ਜਲ ਹੀ ਤੇ ਸਭ ਊਪਜੈ ਬਿਨੁ ਜਲ ਪਿਆਸ ਨ ਜਾਇ ॥
ਹੇ ਭਾਈ! (ਪ੍ਰਭੂ ਤੋਂ ਹੀ, ਹਰਿ-ਨਾਮ) ਜਲ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ (ਤਾਹੀਏਂ ਹਰਿ-ਨਾਮ) ਜਲ ਤੋਂ ਬਿਨਾ (ਕਿਸੇ ਭੀ ਜੀਵ ਦੀ ਮਾਇਆ ਦੀ) ਤਿ®ਹ ਦੂਰ ਨਹੀਂ ਹੁੰਦੀ ।
ਨਾਨਕ ਹਰਿ ਜਲੁ ਜਿਨਿ ਪੀਆ ਤਿਸੁ ਭੂਖ ਨ ਲਾਗੈ ਆਇ ॥੫੫॥
ਹੇ ਨਾਨਕ! ਜਿਸ (ਮਨੁੱਖ) ਨੇ ਹਰਿ-ਨਾਮ ਜਲ ਪੀ ਲਿਆ, ਉਸ ਨੂੰ (ਕਦੇ ਮਾਇਆ ਦੀ) ਭੁੱਖ ਨਹੀਂ ਵਿਆਪਦੀ ।੫੫।
ਬਾਬੀਹਾ ਤੂੰ ਸਹਜਿ ਬੋਲਿ ਸਚੈ ਸਬਦਿ ਸੁਭਾਇ ॥
ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਆਤਮਕ ਅਡੋਲਤਾ ਵਿਚ (ਟਿਕ ਕੇ), ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ), (ਪ੍ਰਭੂ ਦੇ) ਪਿਆਰ ਵਿਚ (ਟਿਕ ਕੇ), ਤੂੰ (ਹਰੀ ਦਾ ਨਾਮ) ਜਪਿਆ ਕਰ ।
ਸਭੁ ਕਿਛੁ ਤੇਰੈ ਨਾਲਿ ਹੈ ਸਤਿਗੁਰਿ ਦੀਆ ਦਿਖਾਇ ॥
ਹੇ ਪਪੀਹੇ! (ਹਰਿ-ਨਾਮ-ਬੂੰਦ ਤੋਂ ਪੈਦਾ ਹੋਣ ਵਾਲਾ) ਹਰੇਕ ਆਨੰਦ ਮੌਜੂਦ ਹੈ (ਪਰ ਇਹ ਆਨੰਦ ਉਸ ਜੀਵ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ) ਗੁਰੂ ਨੇ (ਇਹ) ਵਿਖਾ ਦਿੱਤਾ ਹੈ ।
ਆਪੁ ਪਛਾਣਹਿ ਪ੍ਰੀਤਮੁ ਮਿਲੈ ਵੁਠਾ ਛਹਬਰ ਲਾਇ ॥
ਹੇ ਭਾਈ! ਜਿਹੜੇ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ, ਉਹਨਾਂ ਨੂੰ ਪ੍ਰੀਤਮ-ਪ੍ਰਭੂ ਮਿਲ ਪੈਂਦਾ ਹੈ, ਉਹਨਾਂ ਦੇ ਅੰਦਰ (ਸਿਫ਼ਤਿ-ਸਾਲਾਹ ਦਾ ਬੱਦਲ) ਝੜੀ ਲਾ ਕੇ ਆ ਵੱਸਦਾ ਹੈ ।
ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥
ਉਹਨਾਂ ਦੇ ਅੰਦਰ ਸਹਜੇ ਸਹਜੇ ਅਡੋਲ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੁੰਦੀ ਰਹਿੰਦੀ ਹੈ (ਉਹਨਾਂ ਦੇ ਅੰਦਰੋਂ) ਮਾਇਆ ਦੀ ਸਾਰੀ ਤਿ®ਸ਼ਨਾ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ ।
ਕੂਕ ਪੁਕਾਰ ਨ ਹੋਵਈ ਜੋਤੀ ਜੋਤਿ ਮਿਲਾਇ ॥
ਮਾਇਆ ਦੇ ਮੋਹ ਦਾ ਸਾਰਾ ਰੌਲਾ ਉਹਨਾਂ ਦੇ ਅੰਦਰੋਂ ਮੁੱਕ ਜਾਂਦਾ ਹੈ, ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।
ਨਾਨਕ ਸੁਖਿ ਸਵਨਿੑ ਸੋਹਾਗਣੀ ਸਚੈ ਨਾਮਿ ਸਮਾਇ ॥੫੬॥
ਹੇ ਨਾਨਕ! ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋ ਕੇ ਭਾਗਾਂ ਵਾਲੀਆਂ ਜੀਵ-ਇਸਤ®ੀਆਂ ਆਤਮਕ ਆਨੰਦ ਵਿਚ ਟਿਕੀਆਂ ਰਹਿੰਦੀਆਂ ਹਨ ।੫੬।
ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ ॥
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੇ ਧੁਰ ਦਰਗਾਹ ਤੋਂ (ਆਪਣੇ) ਹੁਕਮ ਅਨੁਸਾਰ (ਹੀ) ਪ੍ਰੇਰ ਕੇ (ਇੰਦਰ ਦੇਵਤੇ ਨੂੰ, ਗੁਰੂ ਨੂੰ ਸਦਾ) ਭੇਜਿਆ ਹੈ ।
ਇੰਦੁ ਵਰਸੈ ਦਇਆ ਕਰਿ ਗੂੜੑੀ ਛਹਬਰ ਲਾਇ ॥
ਮਿਹਰ ਕਰ ਕੇ ਬੱਦਲ (-ਗੁਰੂ) ਡੰੂਘੀ ਝੜੀ ਲਾ ਕੇ ਵਰਖਾ ਕਰਦਾ ਹੈ ।
ਬਾਬੀਹੇ ਤਨਿ ਮਨਿ ਸੁਖੁ ਹੋਇ ਜਾਂ ਤਤੁ ਬੂੰਦ ਮੁਹਿ ਪਾਇ ॥
ਜਦੋਂ ਪਪੀਹਾ (ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦਾ ਰਸੀਆ) ਨਾਮ-ਬੂੰਦ (ਆਪਣੇ) ਮੂੰਹ ਵਿਚ ਪਾਂਦਾ ਹੈ, ਤਦੋਂ ਉਸ ਦੇ ਤਨ ਵਿਚ ਆਨੰਦ ਪੈਦਾ ਹੁੰਦਾ ਹੈ ।
ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ ॥
ਧਰਤੀ ਹਰੀਆਵਲੀ ਹੋ ਜਾਂਦੀ ਹੈ, (ਉਸ ਵਿਚ) ਬਹੁਤ ਅੰਨ ਪੈਦਾ ਹੁੰਦਾ ਹੈ ।
ਅਨਦਿਨੁ ਲੋਕੁ ਭਗਤਿ ਕਰੇ ਗੁਰ ਕੈ ਸਬਦਿ ਸਮਾਇ ॥
ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਜਗਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਨ ਲੱਗ ਪੈਂਦਾ ਹੈ ।
ਆਪੇ ਸਚਾ ਬਖਸਿ ਲਏ ਕਰਿ ਕਿਰਪਾ ਕਰੈ ਰਜਾਇ ॥
ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ (ਗੁਰੂ ਦੀ ਸਰਨ ਪਈ ਲੁਕਾਈ ਉਤੇ) ਬਖ਼ਸ਼ਸ਼ ਕਰਦਾ ਹੈ, ਮਿਹਰ ਕਰ ਕੇ ਆਪਣਾ ਹੁਕਮ ਵਰਤਾਂਦਾ ਹੈ ।
ਹਰਿ ਗੁਣ ਗਾਵਹੁ ਕਾਮਣੀ ਸਚੈ ਸਬਦਿ ਸਮਾਇ ॥
ਹੇ ਜੀਵ-ਇਸਤ®ੀ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਲੀਨ ਹੋ ਕੇ ਪਰਮਾਤਮਾ ਦੇ ਗੁਣ ਗਾਇਆ ਕਰ,
ਭੈ ਕਾ ਸਹਜੁ ਸੀਗਾਰੁ ਕਰਿਹੁ ਸਚਿ ਰਹਹੁ ਲਿਵ ਲਾਇ ॥
ਡਰ-ਅਦਬ ਤੋਂ ਪੈਦਾ ਹੋਈ ਆਤਮਕ ਅਡੋਲਤਾ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ, ਸਦਾ-ਥਿਰ ਹਰੀ ਵਿਚ ਸੁਰਤਿ ਜੋੜ ਕੇ ਟਿਕੀ ਰਿਹਾ ਕਰ ।
ਨਾਨਕ ਨਾਮੋ ਮਨਿ ਵਸੈ ਹਰਿ ਦਰਗਹ ਲਏ ਛਡਾਇ ॥੫੭॥
ਹੇ ਨਾਨਕ! ਜਿਸ ਦੇ ਮਨ ਵਿਚ ਹਰਿ-ਨਾਮ ਹੀ ਟਿਕਿਆ ਰਹਿੰਦਾ ਹੈ, ਪਰਮਾਤਮਾ ਉਸ ਨੂੰ ਦਰਗਾਹ ਵਿਚ ਲੇਖੇ ਤੋਂ ਬਚਾ ਲੈਂਦਾ ਹੈ ।੫੭।
ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥
ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ! (ਗੁਰੂ ਨੂੰ ਛੱਡ ਕੇ) ਤੂੰ (ਤੀਰਥ-ਜਾਤ®ਾ ਆਦਿਕ ਦੀ ਖ਼ਾਤਰ) ਸਾਰੀ ਧਰਤੀ ਉਤੇ ਰਟਨ ਕਰਦਾ ਫਿਰੇਂ, ਜੇ ਤੂੰ (ਮਾਨਸਕ ਸ਼ਕਤੀਆਂ ਦੀ ਮਦਦ ਨਾਲ) ਉੱਡ ਕੇ ਆਕਾਸ਼ ਵਿਚ ਭੀ ਜਾ ਪਹੁੰਚੇਂ,
ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥
ਇਸ ਤਰ੍ਹਾਂ ਮਾਇਆ ਦੀ ਤਿ®ਸ਼ਨਾ ਮਾਇਆ ਦੀ ਭੁੱਖ ਨਹੀਂ ਮਿਟਦੀ । ਨਾਮ-ਜਲ ਨਾਲ ਹੀ ਮਾਇਆ ਦੀ) ਭੁੱਖ ਤਿ®ਹ ਮਿਟਦੀ ਹੈ (ਅਤੇ ਉਹ ਨਾਮ-) ਜਲ ਗੁਰੂ ਮਿਲਿਆਂ (ਹੀ) ਪ੍ਰਾਪਤ ਹੁੰਦਾ ਹੈ ।
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥
ਹੇ ਭਾਈ! ਇਹ ਜਿੰਦ ਇਹ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਹੀ ਦਿੱਤਾ ਹੋਇਆ ਹੈ, ਹਰੇਕ ਦਾਤਿ ਉਸ ਦੇ ਹੀ ਵੱਸ ਵਿਚ ਹੈ ।
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
(ਜੀਵਾਂ ਦੇ) ਬੋਲਣ ਤੋਂ ਬਿਨਾ ਹੀ (ਹਰੇਕ ਜੀਵ ਦੀ) ਹਰੇਕ ਲੋੜ ਉਹ ਜਾਣਦਾ ਹੈ, (ਉਸ ਨੂੰ ਛੱਡ ਕੇ) ਹੋਰ ਕਿਸ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ?
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥
ਹੇ ਨਨਾਕ? ਹਰੇਕ ਸਰੀਰ ਵਿਚ ਉਹ ਪਰਮਾਤਮਾ ਆਪ ਹੀ ਮੌਜੂਦ ਹੈ, (ਗੁਰੂ ਦੇ) ਸ਼ਬਦ ਦੀ ਰਾਹੀਂ (ਹਰੇਕ ਜੀਵ ਦੇ ਅੰਦਰ ਆਤਮਕ ਜੀਵਨ ਦਾ) ਚਾਨਣ (ਉਹ ਆਪ ਹੀ) ਕਰਦਾ ਹੈ ।੫੮।
ਨਾਨਕ ਤਿਸੈ ਬਸੰਤੁ ਹੈ ਜਿ ਸਤਿਗੁਰੁ ਸੇਵਿ ਸਮਾਇ ॥
(ਜਿਵੇਂ ਬਸੰਤ ਰੁੱਤ ਆਉਣ ਤੇ (ਸਾਰਾ ਜਗਤ ਹਰਾ-ਭਰਾ ਹੋ ਜਾਂਦਾ ਹੈ, (ਤਿਵੇਂ) ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਲੀਨ ਰਹਿੰਦਾ ਹੈ
ਹਰਿ ਵੁਠਾ ਮਨੁ ਤਨੁ ਸਭੁ ਪਰਫੜੈ ਸਭੁ ਜਗੁ ਹਰੀਆਵਲੁ ਹੋਇ ॥੫੯॥
ਉਸ ਦੇ ਅੰਦਰ ਆਤਮਕ ਖਿੜਾਉ ਦੀ ਰੁੱਤ ਬਣੀ ਰਹਿੰਦੀ ਹੈ (ਜਦੋਂ ਮਨੁੱਖ ਦੇ ਅੰਦਰ) ਪਰਮਾਤਮਾ ਆ ਵੱਸਦਾ ਹੈ, ਉਸ ਦਾ ਤਨ ਉਸ ਦਾ ਮਨ (ਆਤਮਕ ਆਨੰਦ ਨਾਲ) ਖਿੜ ਪੈਂਦਾ ਹੈ ।੫੯।
ਸਬਦੇ ਸਦਾ ਬਸੰਤੁ ਹੈ ਜਿਤੁ ਤਨੁ ਮਨੁ ਹਰਿਆ ਹੋਇ ॥
ਉਸ ਦੇ ਅੰਦਰ ਸਦਾ ਲਈ (ਅਜਿਹੀ) ਖਿੜਾਉ ਦੀ ਰੁੱਤ ਬਣ ਜਾਂਦੀ ਹੈ ਜਿਸ ਦੀ ਬਰਕਤਿ ਨਾਲ ਉਸ ਦਾ ਮਨ ਆਨੰਦ-ਭਰਪੂਰ ਹੋ ਜਾਂਦਾ ਹੈ ।
ਨਾਨਕ ਨਾਮੁ ਨ ਵੀਸਰੈ ਜਿਨਿ ਸਿਰਿਆ ਸਭੁ ਕੋਇ ॥੬੦॥
ਹੇ ਨਾਨਕ! ਜਿਸ (ਪਰਮਾਤਮਾ) ਨੇ ਹਰੇਕ ਜੀਵ ਪੈਦਾ ਕੀਤਾ ਹੈ (ਜਿਸ ਮਨੁੱਖ ਨੂੰ ਉਸ ਦਾ) ਨਾਮ (ਗੁਰੂ ਦੇ) ਸ਼ਬਦ ਦੀ ਰਾਹੀਂ (ਕਦੇ) ਨਹੀਂ ਭੁੱਲਦਾ,
ਨਾਨਕ ਤਿਨਾ ਬਸੰਤੁ ਹੈ ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ (ਪਰਮਾਤਮਾ) ਆ ਵੱਸਦਾ ਹੈ, ਉਹਨਾਂ ਦੇ ਅੰਦਰ ਆਤਮਕ ਖਿੜਾਉ ਦਾ ਸਮਾ ਬਣਿਆ ਰਹਿੰਦਾ ਹੈ ।
ਹਰਿ ਵੁਠੈ ਮਨੁ ਤਨੁ ਪਰਫੜੈ ਸਭੁ ਜਗੁ ਹਰਿਆ ਹੋਇ ॥੬੧॥
ਹੇ ਭਾਈ! (ਜਿਵੇਂ ਬਸੰਤ ਰੁੱਤੇ) ਸਾਰਾ ਜਗਤ ਹਰਾ-ਭਰਾ ਹੋ ਜਾਂਦਾ ਹੈ (ਤਿਵੇਂ, ਜਿਸ ਮਨੁੱਖ ਦੇ ਅੰਦਰ) ਪਰਮਾਤਮਾ ਆ ਵੱਸਦਾ ਹੈ (ਉਸ ਦਾ) ਮਨ (ਉਸ ਦਾ) ਤਨ ਖਿੜ ਪੈਂਦਾ ਹੈੈ ।੬੧।
ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ ॥
ਹੇ ਭਾਈ ਸੁਵਖਤੇ ਘੁਸਮੁਸੇ (ਵੇਲੇ ਉੱਠ ਕੇ) ਕਿਸ ਦਾ ਸੋਹਣਾ ਨਾਮ ਲੈਣਾ ਚਾਹੀਦਾ ਹੈ?
ਨਾਉ ਲਈਐ ਪਰਮੇਸਰੈ ਭੰਨਣ ਘੜਣ ਸਮਰਥੁ ॥੬੨॥
ਉਸ ਪਰਮੇਸਰ ਦਾ ਨਾਮ ਲੈਣਾ ਚਾਹੀਦਾ ਹੈ ਜੋ (ਜੀਵਾਂ ਨੂੰ) ਪੈਦਾ ਕਰਨ ਤੇ ਨਾਸ ਕਰਨ ਦੀ ਸਮਰਥਾ ਵਾਲਾ ਹੈ ।੬੨।
ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ ॥
(ਇਸ ਤਰ੍ਹਾਂ ਤਾਂ) ਹਲਟ ਭੀ (ਚੱਲਦੇ ਖੂਹ ਭੀ ਆਵਾਜ਼ ਕੱਢਦੇ ਇਉਂ ਜਾਪਦੇ ਹਨ ਕਿ) ‘ਤੂੰ ਤੂੰ’ ਕਰ ਰਹੇ ਹਨ, ਅਤੇ ਮਿੱਠੀ ਸੁਰ ਵਿਚ ਆਵਾਜ਼ ਕੱਢਦੇ ਹਨ (ਪਰ ਉਹ ਭਗਤੀ ਤਾਂ ਨਹੀਂ ਕਰ ਰਹੇ) ।
ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ ॥
ਹੇ ਭਾਈ! ਮਾਲਕ-ਪ੍ਰਭੂ ਤਾਂ ਸਦਾ ਤੇਰੇ ਨਾਲ ਵੱਸਦਾ ਹੈ (ਉਸ ਅੰਦਰ-ਵੱਸਦੇ ਨੂੰ ਭੁਲਾ ਕੇ ਬਾਹਰ ਲੋਕ-ਵਿਖਾਵੇ ਲਈ) ਤੂੰ ਕਿਉਂ ਉੱਚੀ ਉੱਚੀ ਪੁਕਾਰਦਾ ਹੈਂ?
ਜਿਨਿ ਜਗਤੁ ਉਪਾਇ ਹਰਿ ਰੰਗੁ ਕੀਆ ਤਿਸੈ ਵਿਟਹੁ ਕੁਰਬਾਣੁ ॥
ਹੇ ਭਾਈ! ਜਿਸ ਹਰੀ ਨੇ ਇਹ ਜਗਤ ਪੈਦਾ ਕਰ ਕੇ ਇਹ ਖੇਲ-ਤਮਾਸ਼ਾ ਬਣਾਇਆ ਹੈ, ਉਸ ਤੋਂ ਸਦਕੇ ਹੋਇਆ ਕਰ ।
ਆਪੁ ਛੋਡਹਿ ਤਾਂ ਸਹੁ ਮਿਲੈ ਸਚਾ ਏਹੁ ਵੀਚਾਰੁ ॥
ਸਦਾ ਕਾਇਮ ਰਹਿਣ ਵਾਲਾ ਵਿਚਾਰ ਇਹ ਹੈ ਕਿ ਜੇ ਤੂੰ (ਆਪਣੇ ਅੰਦਰੋਂ) ਆਪਾ ਭਾਵ ਛੱਡ ਦੇਵੇਂਗਾ, ਤਾਂ ਤੈਨੂੰ ਪਰਮਾਤਮਾ ਮਿਲ ਪਏਗਾ ।
ਹਉਮੈ ਫਿਕਾ ਬੋਲਣਾ ਬੁਝਿ ਨ ਸਕਾ ਕਾਰ ॥
ਹੇ ਭਾਈ! ਹਉਮੈ ਅਹੰਕਾਰ ਦੇ ਆਸਰੇ (‘ਤੂੰ ਤੂੰ’) ਬੋਲਦਾ (ਭੀ) ਬੇ-ਸੁਆਦਾ ਰਹਿੰਦਾ ਹੈ , ਮੈਂ ਪਰਮਾਤਮਾ ਨਾਲ ਮਿਲ ਸਕਣ ਵਾਲਾ) ਕਰਤੱਬ ਸਮਝ ਨਹੀਂ ਸਕਦਾ ।
ਵਣੁ ਤ੍ਰਿਣੁ ਤ੍ਰਿਭਵਣੁ ਤੁਝੈ ਧਿਆਇਦਾ ਅਨਦਿਨੁ ਸਦਾ ਵਿਹਾਣ ॥
ਹੇ ਪ੍ਰਭੂ! ਜੰਗਲ, (ਜੰਗਲ ਦਾ) ਘਾਹ, ਸਾਰਾ ਜਗਤ ਤੈਨੂੰ ਹੀ ਸਿਮਰ ਰਿਹਾ ਹੈ । ਹਰੇਕ ਦਿਹਾੜਾ ਸਦਾ ਸਾਰਾ ਸਮਾ (ਤੇਰੀ ਹੀ ਯਾਦ ਵਿਚ) ਬੀਤ ਰਿਹਾ ਹੈ ।
ਬਿਨੁ ਸਤਿਗੁਰ ਕਿਨੈ ਨ ਪਾਇਆ ਕਰਿ ਕਰਿ ਥਕੇ ਵੀਚਾਰ ॥
ਪਰ (ਅਨੇਕਾਂ ਹੀ ਪੰਡਿਤ ਲੋਕ) ਸੋਚਾਂ ਵਿਚਾਰਾਂ ਕਰ ਕੇ ਥੱਕਦੇ ਆ ਰਹੇ ਹਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੇ ਤੇਰਾ ਮਿਲਾਪ ਪ੍ਰਾਪਤ ਨਹੀਂ ਕੀਤਾ ।