Sri Guru Granth Sahib Ji — Ang 1409 (punjabi)
ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ ॥
ਪਰ ਇਹਨਾਂ ਸਾਰੇ ਦੇਵਤਿਆਂ ਤੇ ਮੁਨੀਆਂ ਨੇ (ਗੁਰੂ ਅਰਜੁਨ ਦਾ) ਅੰਤ ਨਾਹ ਪਾਇਆ ।
ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡੵਿਉ ਏਕ ਘਰੀ ॥
ਇੰਦ੍ਰ ਤੇ ਸ਼ਿਵ ਜੀ ਨੇ ਜੋਗ-ਸਾਧਨਾ ਕੀਤੀ, ਬ੍ਰਹਮਾ ਬੇਦ ਵਿਚਾਰ ਕੇ ਥੱਕ ਗਿਆ, ਉਸ ਨੇ ਹਰੀ ਦਾ ਜਾਪ ਇਕ ਘੜੀ ਨਾਹ ਛੱਡਿਆ,
ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ ਸੰਗਤਿ ਸ੍ਰਿਸ੍ਟਿ ਨਿਹਾਲੁ ਕਰੀ ॥
ਦਾਸ ਮਥੁਰਾ ਦਾ ਪ੍ਰਭੂ (ਗੁਰੂ ਅਰਜੁਨ) ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਆਪ ਨੇ ਸੰਗਤ ਨੂੰ ਤੇ ਸ੍ਰਿਸ਼ਟੀ ਨੂੰ ਨਿਹਾਲ ਕੀਤਾ ਹੈ ।
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥
ਗੁਰੂ ਰਾਮਦਾਸ ਜੀ ਨੇ ਜਗਤ ਨੂੰ ਤਾਰਨ ਲਈ ਗੁਰੂ ਵਾਲੀ ਜੋਤਿ ਗੁਰੂ ਅਰਜੁਨ ਵਿਚ ਰੱਖ ਦਿੱਤੀ ।੪।
ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ ॥
ਜਗਤ ਦੇ ਇਸ ਘੋਰ ਹਨੇਰੇ ਵਿਚ (ਗੁਰੂ ਅਰਜੁਨ ਤੋਂ ਬਿਨਾ) ਕੋਈ ਹੋਰ (ਰਾਖਾ) ਨਹੀਂ ਹੈ, ਉਸੇ ਨੂੰ (ਹਰੀ ਨੇ) ਲਿਆ ਕੇ ਉਜਾਗਰ ਅਵਤਾਰ ਬਣਾਇਆ ਹੈ ।
ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨੑ ਅੰਮ੍ਰਿਤ ਨਾਮੁ ਪੀਅਉ ॥
ਹੇ ਮਥੁਰਾ! ਜਿਨ੍ਹਾਂ ਨੇ (ਉਸ ਪਾਸੋਂ) ਨਾਮ ਅੰਮ੍ਰਿਤ ਪੀਤਾ ਹੈ ਉਹਨਾਂ ਦੇ ਕ®ੋੜਾਂ ਦੁੱਖ ਦੂਰ ਹੋ ਗਏ ਹਨ ।
ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥
ਹੇ ਮੇਰੇ ਮਨ! ਕਿਤੇ ਇਸ ਰਾਹ ਤੋਂ ਖੁੰਝ ਨਾਹ ਜਾਈਂ, ਕਿਤੇ ਇਹ ਵਿੱਥ ਨ ਸਮਝੀਂ, ਕਿ ਗੁਰੂ ਅਰਜੁਨ (ਹਰੀ ਤੋਂ ਵੱਖਰਾ) ਦੂਜਾ ਹੈ ।
ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥
ਪੂਰਨ ਬ੍ਰਹਮ ਹਰੀ ਨੇ ਗੁਰੂ ਅਰਜੁਨ ਦੇ ਹਿਰਦੇ ਵਿਚ ਪ੍ਰਤੱਖ ਤੌਰ ਤੇ ਨਿਵਾਸ ਕੀਤਾ ਹੈ ।੫।
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥
ਹੇ ਭਾਈ! ਜਦ ਤਾਈਂ ਮੱਥੇ ਦੇ ਭਾਗ ਨਹੀਂ ਸਨ ਜਾਗੇ, ਤਦ ਤਾਈਂ ਬਹੁਤ ਭਟਕਦੇ ਤੇ ਭੱਜਦੇ ਫਿਰਦੇ ਸਾਂ,
ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥
ਕਲਜੁਗ ਦੇ ਡਰਾਉਣੇ ਸਮੁੰਦਰ ਵਿਚ ਡੁੱਬ ਰਹੇ ਸਾਂ, ਪੱਛੋਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ ।
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥
ਪਰ, ਹੇ ਮਥੁਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ (ਹਰੀ ਨੇ ਗੁਰੂ ਅਰਜੁਨ) ਅਵਤਾਰ ਬਣਾਇਆ ਹੈ,
ਜਪੵਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਤੇ ਦੁੱਖਾਂ ਵਿਚ ਨਹੀਂ ਆਏ ।੬।
ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥
ਕਲਜੁਗ ਦੇ ਸਮੁੰਦਰ ਤੋਂ ਤਾਰਨ ਲਈ ਗੁਰੂ ਅਰਜੁਨ ਦੇਵ ਜੀ ਹਰੀ ਦਾ ਨਾਮ-ਰੂਪ ਪ੍ਰਗਟ ਹੋਏ ਹਨ,
ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥
ਆਪ ਦੇ ਹਿਰਦੇ ਵਿਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ ਜੀ) ਵੱਸਦੇ ਹਨ, ਆਪ ਦੁੱਖਾਂ ਦਰਿਦ®ਾਂ ਦੇ ਦੂਰ ਕਰਨ ਵਾਲੇ ਹਨ ।
ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥
ਉਸ (ਗੁਰੂ ਅਰਜੁਨ) ਤੋਂ ਬਿਨਾ ਕੋਈ ਹੋਰ ਨਹੀਂ ਹੈ, ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ ।
ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥
ਜਿਸ (ਮਨੁੱਖ) ਨੇ ਮਨ ਤੇ ਬਚਨਾਂ ਕਰਕੇ ਹਰੀ ਨੂੰ ਪਛਾਤਾ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ ।
ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥
(ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿਚ ਵਿਆਪ ਰਿਹਾ ਹੈ ।
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖੵ ਹਰਿ ॥੭॥੧੯॥
ਹੇ ਮਥੁਰਾ! ਆਖਿ—ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ । ਕੋਈ ਫ਼ਰਕ ਨਹੀਂ ਹੈ ।੭।੧੯।
ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥
(ਗੁਰੂ ਅਰਜੁਨ ਦੇਵ ਜੀ ਦੀ ਦਰਗਾਹ ਵਿਚ) ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਗੰਗਾ ਜਲ (ਵਹਿ ਰਿਹਾ ਹੈ, ਜਿਸ ਵਿਚ) ਸਾਰੀ ਸੰਗਤਿ ਇਸ਼ਨਾਨ ਕਰਦੀ ਹੈ ।
ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ ॥
ਪੁਰਾਣ ਸਦਾ ਪੜ੍ਹੇ ਜਾਂਦੇ ਹਨ ਤੇ ਬ੍ਰਹਮਾ (ਭੀ ਆਪ ਦੀ ਹਜ਼ੂਰੀ ਵਿਚ) ਮੂੰਹੋਂ ਵੇਦਾਂ ਨੂੰ ਗਾ ਰਿਹਾ ਹੈ ।
ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥
(ਆਪ ਦੇ) ਸਿਰ ਤੇ ਰੱਬੀ ਚਉਰ ਝੁੱਲ ਰਿਹਾ ਹੈ, ਆਪ ਨੇ ਆਤਮਕ ਜੀਵਣ ਦੇਣ ਵਾਲਾ ਨਾਮ ਮੂੰਹੋਂ (ਸਦਾ) ਉਚਾਰਿਆ ਹੈ ।
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥
ਗੁਰੂ ਅਰਜੁਨ ਦੇਵ ਜੀ ਦੇ ਸਿਰ ਤੇ ਇਹ ਛਤਰ ਪਰਮੇਸੁਰ ਨੇ ਆਪ ਬਖ਼ਸ਼ਿਆ ਹੈ ।
ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥
ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੂੰ ਮਿਲ ਕੇ, ਗੁਰੂ ਰਾਮਦਾਸ ਜੀ ਹਰੀ ਵਿਚ ਲੀਨ ਹੋ ਗਏ ਹਨ ।
ਹਰਿਬੰਸ ਜਗਤਿ ਜਸੁ ਸੰਚਰੵਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥
ਹੇ ਹਰਿਬੰਸ! ਜਗਤ ਵਿਚ ਸਤਿਗੁਰੂ ਜੀ ਦੀ ਸੋਭਾ ਪਸਰ ਰਹੀ ਹੈ । ਕੌਣ ਆਖਦਾ ਹੈ, ਕਿ ਗੁਰੂ ਰਾਮਦਾਸ ਜੀ ਮੁਏ ਹਨ?
ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥
(ਗੁਰੂ ਰਾਮ ਦਾਸ) ਸੱਚ ਖੰਡ ਵਿਚ ਗਿਆ ਹੈ ਹਰੀ ਨੂੰ ਇਹੀ ਰਜ਼ਾ ਚੰਗੀ ਲੱਗੀ ਹੈ ।
ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥
ਹਰੀ ਨੇ (ਆਪ ਨੂੰ) ਤਖ਼ਤ ਦਿੱਤਾ ਹੈ ਤੇ ਉਸ ਉਤੇ ਸ੍ਰੀ ਗੁਰੂ (ਰਾਮਦਾਸ ਜੀ) ਨੂੰ ਬਿਠਾਇਆ ਹੈ ।
ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥
ਦੇਵਤਿਆਂ ਨੇ ਮੰਗਲਚਾਰ ਕੀਤਾ ਹੈ, ਤੇਰਾ ਜਸ ਤੇ ਜੈ-ਜੈਕਾਰ ਕਰ ਰਹੇ ਹਨ ।
ਅਸੁਰ ਗਏ ਤੇ ਭਾਗਿ ਪਾਪ ਤਿਨੑ ਭੀਤਰਿ ਕੰਪਹਿ ॥
ਉਹ (ਸਾਰੇ ਦੈਂਤ (ਉਥੋਂ) ਭੱਜ ਗਏ ਹਨ, (ਉਹਨਾਂ ਦੇ ਆਪਣੇ) ਪਾਪ ਉਹਨਾਂ ਦੇ ਅੰਦਰ ਕੰਬ ਰਹੇ ਹਨ ।
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥
ਉਹਨਾਂ ਮਨੁੱਖਾਂ ਦੇ ਪਾਪ ਕੱਟੇ ਗਏ ਹਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਿਲ ਪਿਆ ਹੈ ।
ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
ਗੁਰੂ ਰਾਮਦਾਸ ਧਰਤੀ ਦਾ ਛਤਰ ਤੇ ਸਿੰਘਾਸਣ ਗੁਰੂ ਅਰਜੁਨ ਸਾਹਿਬ ਜੀ ਨੂੰ ਦੇ ਆਇਆ ਹੈ ।੨।੨੧।