Sri Guru Granth Sahib Ji — Ang 1408 (punjabi)
ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ ॥
(ਗੁਰੂ ਅਰਜੁਨ ਦੇਵ ਜੀ ਨੇ) ਉਸ ਹਰੀ ਨੂੰ ਮਾਣਿਆ ਹੈ, ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਤੇ ਜੋ ਲੱਖਾਂ ਵਿਚ ਰਮਿਆ ਹੋਇਆ ਹੈ ।
ਅਗਮੁ ਅਗੋਚਰ ਗਤਿ ਗਭੀਰੁ ਸਤਿਗੁਰਿ ਪਰਚਾਯਉ ॥
ਗੁਰੂ (ਰਾਮਦਾਸ ਜੀ) ਨੇ ਆਪ ਨੂੰ ਉਸ ਹਰੀ ਦਾ ਉਪਦੇਸ਼ ਦਿੱਤਾ ਹੈ ਜੋ ਅਗੰਮ ਹੈ, ਗੰਭੀਰ ਹੈ ਤੇ ਜਿਸ ਦੀ ਹਸਤੀ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ।
ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ ॥
ਗੁਰੂ ਦੇ ਉਪਦੇਸ਼ ਦੇ ਕਾਰਨ ਆਪ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਗਏ ਹੋ, ਆਪ ਨੇ ਰਾਜ ਵਿਚ ਜੋਗ ਕਮਾਇਆ ਹੈ ।
ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ ॥
ਗੁਰੂ ਅਰਜੁਨ ਦੇਵ ਧੰਨ ਹੈ । ਖ਼ਾਲੀ ਹਿਰਦਿਆਂ ਨੂੰ ਆਪ ਨੇ (ਨਾਮ-ਅੰਮ੍ਰਿਤ ਨਾਲ) ਨਕਾ-ਨਕ ਭਰ ਦਿੱਤਾ ਹੈ ।
ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਯਉ ॥
ਗੁਰੂ ਵਾਲੀ ਪਦਵੀ ਪਰਾਪਤ ਕਰ ਲੈਣ ਦੇ ਕਾਰਨ ਆਪ ਨੇ ਅਜਰ ਅਵਸਥਾ ਨੂੰ ਜਰਿਆ ਹੈ, ਤੇ ਆਪ ਸੰਤੋਖ ਦੇ ਸਰੋਵਰ ਵਿਚ ਲੀਨ ਹੋ ਗਏ ਹਨ ।
ਗੁਰ ਅਰਜੁਨ ਕਲੵੁਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ ॥੮॥
ਕਵੀ ‘ਕਲ´’ ਆਖਦਾ ਹੈ—‘ਹੇ ਗੁਰੂ ਅਰਜੁਨ (ਦੇਵ ਜੀ)! ਤੂੰ ਆਤਮਕ ਅਡੋਲਤਾ ਵਿਚ ਟਿਕ ਕੇ (ਅਕਾਲ ਪੁਰਖ ਨਾਲ) ਅਸਲੀ ਮਿਲਾਪ ਪ੍ਰਾਪਤ ਕਰ ਲਿਆ ਹੈ’ ।੮।
ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰੵਉ ॥
ਹੇ ਅਲੱਖ! ਹੇ ਅਪਾਰ! ਹੇ ਸੂਰਮੇ ਗੁਰੂ! ਆਪ ਜੀਭ ਨਾਲ ਅੰਮ੍ਰਿਤ (ਵਰਸਾਉਂਦੇ ਹੋ) ਅਤੇ ਮੂੰਹੋਂ ਵਰ ਦੀ ਬਖ਼ਸ਼ਿਸ਼ ਕਰਦੇ ਹੋ, ਸ਼ਬਦ ਦੁਆਰਾ ਆਪ ਨੇ ਹਉਮੈ ਦੂਰ ਕੀਤੀ ਹੈ ।
ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰੵਉ ॥
ਅਗਿਆਨ ਨੂੰ ਆਪ ਨੇ ਨਾਸ ਕਰ ਦਿੱਤਾ ਹੈ ਅਤੇ ਆਤਮਕ ਅਡੋਲਤਾ ਦੀ ਰਾਹੀਂ ਅਫੁਰ ਨਿਰੰਕਾਰ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ ।
ਹਰਿ ਨਾਮਿ ਲਾਗਿ ਜਗ ਉਧਰੵਉ ਸਤਿਗੁਰੁ ਰਿਦੈ ਬਸਾਇਅਉ ॥
ਹੇ ਗੁਰੂ ਅਰਜੁਨ! ਹਰੀ-ਨਾਮ ਵਿਚ ਜੁੜ ਕੇ (ਆਪ ਨੇ) ਜਗਤ ਨੂੰ ਬਚਾ ਲਿਆ ਹੈ; (ਆਪ ਨੇ) ਸਤਿਗੁਰੂ ਨੂੰ ਹਿਰਦੇ ਵਿਚ ਵਸਾਇਆ ਹੈ ।
ਗੁਰ ਅਰਜੁਨ ਕਲੵੁਚਰੈ ਤੈ ਜਨਕਹ ਕਲਸੁ ਦੀਪਾਇਅਉ ॥੯॥
ਕਲ´ ਕਵੀ ਆਖਦਾ ਹੈ—ਆਪ ਨੇ ਗਿਆਨ-ਰੂਪ ਕਲਸ ਨੂੰ ਲਿਸ਼ਕਾਇਆ ਹੈ ।੯।
ਸੋਰਠੇ ॥
sorTy[
ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ ॥
ਗੁਰੂ ਅਰਜਨ (ਦੇਵ ਜੀ) ਅਕਾਲ ਪੁਰਖ-ਰੂਪ ਹੈ, ਅਰਜੁਨ ਵਾਂਗ ਆਪ ਕਦੇ ਘਬਰਾਉਣ ਵਾਲੇ ਨਹੀਂ ਹਨ ।
ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ ॥੧॥
ਨਾਮ ਦਾ ਪ੍ਰਕਾਸ਼ ਆਪ ਦਾ ਨੇਜ਼ਾ ਹੈ, ਗੁਰੂ ਦੇ ਸ਼ਬਦ ਨੇ ਆਪ ਨੂੰ ਸੋਹਣਾ ਬਣਾਇਆ ਹੋਇਆ ਹੈ ।੧।
ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ ॥
ਸੰਸਾਰ ਸਮੁੰਦਰ ਹੈ, ਅਕਾਲ ਪੁਰਖ ਦਾ ਨਾਮ ਪੁਲ ਹੈ ਤੇ ਜਹਾਜ਼ ਹੈ ।
ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰੵਉ ॥੨॥
ਆਪ ਦਾ ਗੁਰੂ ਨਾਲ ਪਿਆਰ ਹੈ, (ਅਕਾਲ ਪੁੁਰਖ ਦੇ) ਨਾਮ ਵਿਚ ਜੁੜ ਕੇ ਆਪ ਨੇ ਜਗਤ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲਿਆ ਹੈ ।੨।
ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ ॥
ਜਗਤ ਨੂੰ ਤਾਰਨ ਵਾਲਾ ਨਾਮ ਆਪ ਨੇ ਗੁਰੂ ਦੇ ਪ੍ਰਸੰਨ ਹੋਣ ਤੇ ਪ੍ਰਾਪਤ ਕੀਤਾ ਹੈ ।
ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥੩॥੧੨॥
ਸਾਨੂੰ ਹੁਣ ਕਿਸੇ ਹੋਰ ਨਾਲ ਕੋਈ ਗਉਂ ਨਹੀਂ । (ਗੁਰੂ ਅਰਜਨ ਦੇਵ ਜੀ ਦੇ) ਦਰ ਉਤੇ ਸਾਡੇ ਸਾਰੇ ਕਾਰਜ ਰਾਸ ਹੋ ਗਏ ਹਨ ।੩।੧੨।
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
ਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ।
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥
ਉਸ (ਗੁਰੂ ਨਾਨਕ ਦੇਵ ਜੀ) ਤੋਂ (ਗੁਰੂ ਅੰਗਦ ਪ੍ਰਗਟ ਹੋਇਆ), (ਗੁਰੂ ਨਾਨਕ ਦੇਵ ਜੀ ਦੀ) ਜੋਤਿ (ਗੁਰੂ ਅੰਗਦ ਜੀ ਦੀ) ਜੋਤਿ ਨਾਲ ਮਿਲ ਗਈ ।
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥
(ਗੁਰੂ) ਅੰਗਦ (ਦੇਵ ਜੀ) ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ;
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥
(ਗੁਰੂ) ਅਮਰਦਾਸ (ਜੀ) ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ (ਜੀ) ਨੂੰ ਦੇ ਦਿਤਾ ।
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥
ਮਥੁਰਾ ਆਖਦਾ ਹੈ—‘ਗੁਰੂ ਰਾਮਦਾਸ (ਜੀ) ਦਾ ਦਰਸਨ ਕਰ ਕੇ (ਗੁਰੂ ਅਰਜੁਨ ਦੇਵ ਜੀ ਦੇ) ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ ।
ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥
ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ ।੧।
ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ ॥
(ਗੁਰੂ ਅਰਜੁਨ ਦੇਵ ਜੀ ਨੇ) ਸਤ ਸੰਤੋਖ ਹਿਰਦੇ ਵਿਚ ਧਾਰਨ ਕੀਤਾ ਹੈ, ਤੇ ਉਸ ਹਰੀ ਨੂੰ ਆਪਣੇ ਅੰਦਰ ਟਿਕਾਇਆ ਹੈ ਜਿਸ ਦਾ ਰੂਪ ਸਤਿ ਹੈ ਤੇ ਨਾਮ ਸਦਾ-ਥਿਰ ਹੈ ।
ਆਦਿ ਪੁਰਖਿ ਪਰਤਖਿ ਲਿਖੵਉ ਅਛਰੁ ਮਸਤਕਿ ਧੁਰਿ ॥
ਪਰਤੱਖ ਤੌਰ ਤੇ ਅਕਾਲ ਪੁਰਖ ਨੇ ਧੁਰੋਂ ਹੀ ਆਪ ਦੇ ਮੱਥੇ ਤੇ ਲੇਖ ਲਿਖਿਆ ਹੈ ।
ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ ॥
(ਆਪ ਦੇ ਅੰਦਰ) ਪ੍ਰਗਟ ਤੌਰ ਤੇ (ਹਰੀ ਦੀ) ਜੋਤਿ ਜਗਮਗ ਜਗਮਗ ਕਰ ਰਹੀ ਹੈ, (ਆਪ ਦਾ) ਤੇਜ ਧਰਤੀ ਉਤੇ ਛਾਇਆ ਹੋਇਆ ਹੈ ।
ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ ॥
ਪਾਰਸ (ਗੁਰੂ) ਨੂੰ ਤੇ ਪਰਸਣ-ਜੋਗ (ਗੁਰੂ) ਨੂੰ ਛੁਹ ਕੇ (ਆਪ) ਗੁਰੂ ਤੋਂ ਗੁਰੂ ਅਖਵਾਏ ।
ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ ॥
ਹੇ ਮਥੁਰਾ! ਆਖ—(ਗੁਰੂ ਅਰਜੁਨ ਦੇਵ ਜੀ ਦੇ) ਸਰੂਪ ਵਿਚ ਮਨ ਭਲੀ ਪ੍ਰਕਾਰ ਜੋੜ ਕੇ ਸਨਮੁਖ ਰਹੋ ।
ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ ॥੨॥
ਗੁਰੂ ਅਰਜੁਨ ਕਲਜੁਗ ਵਿਚ ਜਹਾਜ਼ ਹੈ । ਹੇ ਦੁਨੀਆ ਦੇ ਲੋਕੋ! ਉਸ ਦੀ ਚਰਨੀਂ ਲੱਗ ਕੇ (ਸੰਸਾਰ-ਸਾਗਰ) ਤੋਂ ਸਹੀ ਸਲਾਮਤ ਪਾਰ ਲੰਘੋ ।੨।
ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ ॥
ਹੇ ਲੋਕੋ! ਉਸ ਗੁਰੂ ਦੇ ਦਰ ਤੋਂ ਮੰਗੋ, ਜੋ ਸਾਰੇ ਸੰਸਾਰ ਵਿਚ ਪ੍ਰਗਟ ਹੈ ਤੇ ਦਿਨ ਰਾਤ ਜਿਸ ਦਾ ਪਿਆਰ ਤੇ ਵਾਸਾ ਨਾਮ ਨਾਲ ਹੈ, ਜੋ ਪੂਰਨ ਵੈਰਾਗਵਾਨ ਹੈ,
ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗੵੌ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ ॥
ਹਰੀ ਦੇ ਪਿਆਰ ਵਿਚ ਭਿੱਜਾ ਹੋਇਆ ਹੈ, ਵਾਸ਼ਨਾ ਤੋਂ ਪਰੇ ਹੈ; ਪਰ ਉਂਞ ਗ੍ਰਿਹਸਤ ਵਿਚ ਵੇਖੀਦਾ ਹੈ ।
ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗੵੌ ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ ॥
(ਜਿਸ ਗੁਰੂ ਅਰਜੁਨ ਦਾ) ਪਿਆਰ ਬੇਅੰਤ ਹਰੀ ਨਾਲ ਲੱਗਾ ਹੋਇਆ ਹੈ, ਤੇ ਜਿਸ ਨੂੰ ਹਰੀ ਤੋਂ ਬਿਨਾ ਕਿਸੇ ਹੋਰ ਕੰਮ ਨਾਲ ਕੋਈ ਗਉਂ ਨਹੀਂ ਹੈ,
ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ ॥੩॥
ਉਹ ਗੁਰੂ ਅਰਜੁਨ ਹੀ ਮਥੁਰਾ ਦਾ ਸਰਬ-ਵਿਆਪਕ ਪ੍ਰਭੂ ਹੈ, ਉਹ ਭਗਤੀ ਦੀ ਖ਼ਾਤਰ ਹਰੀ ਦੇ ਚਰਨਾਂ ਵਿਚ ਜੁੜਿਆ ਹੋਇਆ ਹੈ ।੩।