Sri Guru Granth Sahib Ji — Ang 1407 (punjabi)
ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥
ਪ੍ਰੇਮ ਨਾਲ ਗੁਰੂ ਅਰਜੁਨ ਦੇਵ ਜੀ ਦੇ ਗੁਣ ਵਿਚਾਰਦਾ ਹਾਂ ।
ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥
(ਆਪ ਨੇ) ਗੁਰੂ ਰਾਮਦਾਸ (ਜੀ) ਦੇ ਘਰ ਵਿਚ ਜਨਮ ਲਿਆ,
ਸਗਲ ਮਨੋਰਥ ਪੂਰੀ ਆਸਾ ॥
(ਉਹਨਾਂ ਦੇ) ਸਾਰੇ ਮਨੋਰਥ ਤੇ ਆਸਾਂ ਪੂਰੀਆਂ ਹੋਈਆਂ ।
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥
ਜਨਮ ਤੋਂ ਹੀ ਆਪ ਨੇ ਗੁਰੂ ਦੀ ਮਤਿ ਦੁਆਰਾ ਬ੍ਰਹਮ ਨੂੰ ਪਛਾਣਿਆ ਹੈ (ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ) ।
ਕਲੵ ਜੋੜਿ ਕਰ ਸੁਜਸੁ ਵਖਾਣਿਓ ॥
(ਹੇ ਗੁਰੂ ਅਰਜੁਨ!) ਕਲ´ ਕਵੀ ਹੱਥ ਜੋੜ ਕੇ (ਆਪ ਦੀ) ਸਿਫ਼ਤਿ ਉਚਾਰਦਾ ਹੈ,
ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ ॥
ਆਪ ਨੇ ਭਗਤੀ ਦੇ ਜੋਗ ਨੂੰ ਜਿੱਤ ਲਿਆ ਹੈ (ਭਾਵ, ਆਪ ਨੇ ਭਗਤੀ ਦਾ ਮਿਲਾਪ ਪਾ ਲਿਆ ਹੈ) । ਹਰੀ ਨੇ (ਆਪ ਨੂੰ) ‘ਜਨਕ’ ਪੈਦਾ ਕੀਤਾ ਹੈ ।
ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥
(ਆਪ ਨੇ) ਗੁਰੂ ਸ਼ਬਦ ਨੂੰ ਪਰਗਟ ਕੀਤਾ ਹੈ, ਤੇ ਹਰੀ ਨੂੰ (ਆਪ ਨੇ) ਜੀਭ ਉੱਤੇ ਵਸਾਇਆ ਹੈ ।
ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥
ਗੁਰੂ ਨਾਨਕ ਦੇਵ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਦੀ ਚਰਨੀਂ ਲੱਗ ਕੇ, (ਗੁਰੂ ਅਰਜੁਨ ਸਾਹਿਬ ਜੀ ਨੇ) ਉੱਤਮ ਪਦਵੀ ਪਾਈ ਹੈ;
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥
ਗੁਰੂ ਰਾਮਦਾਸ (ਜੀ) ਦੇ ਘਰ ਵਿਚ ਗੁਰੂ ਅਰਜੁਨ ਭਗਤ ਜੰਮ ਪਿਆ ਹੈ ।੧।
ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ ॥
(ਗੁਰੂ ਅਰਜੁਨ) ਵੱਡੇ ਵਾਗਾਂ ਵਾਲਾ ਹੈ, ਪੂਰਨ ਖਿੜਾਉ ਵਿਚ ਹੈ । (ਆਪ ਨੇ) ਹਿਰਦੇ ਵਿਚ ਸ਼ਬਦ ਵਸਾਇਆ ਹੈ;
ਮਨੁ ਮਾਣਕੁ ਸੰਤੋਖਿਅਉ ਗੁਰਿ ਨਾਮੁ ਦ੍ਰਿੜੑਾਯਉ ॥
ਮਾਣਕ-ਰੂਪ ਮਨ ਨੂੰ ਸੰਤੋਖ ਵਿਚ ਟਿਕਾਇਆ ਹੈ; ਗੁਰੂ (ਰਾਮਦਾਸ ਜੀ) ਨੇ (ਆਪ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ ।
ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ ਦਰਸਾਯਉ ॥
ਸਤਿਗੁਰੂ (ਰਾਮਦਾਸ ਜੀ) ਨੇ (ਆਪ ਨੂੰ) ਅਗਮ ਅਗੋਚਰ ਪਾਰਬ੍ਰਹਮ ਵਿਖਾਲ ਦਿੱਤਾ ਹੈ ।
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ ॥੨॥
ਗੁਰੂ ਰਾਮਦਾਸ (ਜੀ) ਦੇ ਘਰ ਵਿਚ ਅਕਾਲ ਪੁਰਖ ਨੇ ਗੁਰੂ ਅਰਜੁਨ (ਜੀ) ਨੂੰ ਗਿਆਨ-ਰੂਪ ਥਾਪਿਆ ਹੈ ।੨।
ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ ॥
(ਗੁਰੂ ਅਰਜੁਨ ਸਾਹਿਬ ਨੇ) ਗਿਆਨ ਦਾ ਰਾਜ ਵਰਤਾ ਦਿੱਤਾ ਹੈ, (ਹੁਣ ਤਾਂ) ਸਤਿਜੁਗ ਵਰਤ ਰਿਹਾ ਹੈ ।
ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ ॥
ਮਨ ਗੁਰੂ ਦੇ ਸ਼ਬਦ ਵਿਚ ਮੰਨਿਆ ਹੋਇਆ ਹੈ, ਤੇ ਇਹ ਨਾਹ ਪਤੀਜਣ ਵਾਲਾ ਮਨ ਪਤੀਜ ਗਿਆ ਹੈ ।
ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ ॥
ਗੁਰੂ ਨਾਨਕ ਦੇਵ ਆਪ ‘ਸਚੁ’-ਰੂਪ ਨੀਂਹ ਉਸਾਰ ਕੇ ਗੁਰੂ (ਅਰਜੁਨ ਦੇਵ ਜੀ) ਵਿਚ ਲੀਨ ਹੋ ਗਿਆ ਹੈ ।
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥੩॥
ਗੁਰੂ ਰਾਮਦਾਸ (ਜੀ) ਦੇ ਘਰ ਵਿਚ ਗੁਰੂ ਅਰਜੁਨ ਦੇਵ ਅਪਰੰਪਰ-ਰੂਪ ਬਣਿਆ ਹੋਇਆ ਹੈ ।੩।
ਖੇਲੁ ਗੂੜੑਉ ਕੀਅਉ ਹਰਿ ਰਾਇ ਸੰਤੋਖਿ ਸਮਾਚਰੵਿਓ ਬਿਮਲ ਬੁਧਿ ਸਤਿਗੁਰਿ ਸਮਾਣਉ ॥
ਅਕਾਲ ਪੁਰਖ ਨੇ (ਇਹ) ਅਸਚਰਜ ਖੇਡ ਰਚੀ ਹੈ, (ਗੁਰੂ ਅਰਜੁਨ) ਸੰਤੋਖ ਵਿਚ ਵਿਚਰ ਰਿਹਾ ਹੈ । ਨਿਰਮਲ ਬੁੱਧੀ ਗੁਰੂ (ਅਰਜੁਨ) ਵਿਚ ਸਮਾਈ ਹੋਈ ਹੈ ।
ਆਜੋਨੀ ਸੰਭਵਿਅਉ ਸੁਜਸੁ ਕਲੵ ਕਵੀਅਣਿ ਬਖਾਣਿਅਉ ॥
ਆਪ ਜੂਨਾਂ ਤੋਂ ਰਹਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹਨ । ਕਲ´ ਆਦਿਕ ਕਵੀਆਂ ਨੇ (ਆਪ ਦਾ) ਸੁੰਦਰ ਜਸ ਉਚਾਰਿਆ ਹੈ ।
ਗੁਰਿ ਨਾਨਕਿ ਅੰਗਦੁ ਵਰੵਉ ਗੁਰਿ ਅੰਗਦਿ ਅਮਰ ਨਿਧਾਨੁ ॥
ਗੁਰੂ ਨਾਨਕ (ਦੇਵ ਜੀ) ਨੇ ਗੁਰੂ ਅੰਗਦ ਨੂੰ ਵਰ ਬਖ਼ਸ਼ਿਆ; ਗੁਰੂ ਅੰਗਦ (ਦੇਵ ਜੀ) ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ (ਗੁਰੂ) ਅਮਰਦਾਸ (ਜੀ) ਨੂੰ ਦਿੱਤਾ ।
ਗੁਰਿ ਰਾਮਦਾਸ ਅਰਜੁਨੁ ਵਰੵਉ ਪਾਰਸੁ ਪਰਸੁ ਪ੍ਰਮਾਣੁ ॥੪॥
ਗੁਰੂ ਰਾਮਦਾਸ ਜੀ ਨੇ (ਗੁਰੂ) ਅਰਜੁਨ (ਸਾਹਿਬ ਜੀ) ਨੂੰ ਵਰ ਦਿੱਤਾ; ਅਤੇ ਉਹਨਾਂ (ਦੇ ਚਰਨਾਂ) ਨੂੰ ਛੁਹਣਾ ਪਾਰਸ ਦੀ ਛੋਹ ਵਰਗਾ ਹੋ ਗਿਆ ਹੈ ।੪।
ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ ॥
(ਗੁਰੂ) ਅਰਜਨ (ਸਾਹਿਬ) ਸਦ-ਜੀਵੀ ਹੈ, (ਆਪ ਦਾ) ਮੁੱਲ ਨਹੀਂ ਪੈ ਸਕਦਾ, (ਆਪ) ਜੂਨਾਂ ਤੋਂ ਰਹਤ ਤੇ ਸੁਤੇ ਪ੍ਰਕਾਸ਼ ਹਰੀ ਦਾ ਰੂਪ ਹਨ;
ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ ॥
(ਗੁਰੂ ਅਰਜਨ) ਭੈ ਦੂਰ ਕਰਨ ਵਾਲਾ, ਪਰਾਏ ਦੁੱਖ ਹਰਨ ਵਾਲਾ, ਬੇਅੰਤ ਤੇ ਗਿਆਨ-ਸਰੂਪ ਹੈ ।
ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ ॥
(ਗੁਰੂ ਅਰਜਨ ਸਾਹਿਬ ਜੀ ਦੀ) ਉਸ ਹਰੀ ਤਕ ਪਹੁੰਚ ਹੈ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ, (ਗੁਰੂ ਅਰਜਨ) ਭਰਮ ਤੇ ਭਟਕਣਾ ਨੂੰ ਦੂਰ ਕਰਨ ਵਾਲਾ ਹੈ, ਸੀਤਲ ਹੈ ਤੇ ਸੁਖਾਂ ਦੇ ਦੇਣ ਵਾਲਾ ਹੈ;
ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ ॥
(ਮਾਨੋ) ਅਜਨਮਾ, ਪੂਰਨ ਪੁਰਖ ਸਿਰਜਣਹਾਰ ਪ੍ਰਗਟ ਹੋ ਪਿਆ ਹੈ ।
ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ ॥
ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਦੀ ਬਰਕਤਿ ਨਾਲ, (ਗੁਰੂ ਅਰਜਨ ਦੇਵ) ਸਤਿਗੁਰੂ ਦੇ ਸ਼ਬਦ ਵਿਚ ਲੀਨ ਹੈ ।
ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ ॥੫॥
ਗੁਰੂ ਰਾਮਦਾਸ ਜੀ ਧੰਨ ਹੈ, ਜਿਸ ਨੇ ਗੁਰੂ (ਅਰਜਨ ਜੀ ਨੂੰ) ਪਰਸ ਕੇ ਪਾਰਸ ਬਣਾ ਕੇ ਆਪਣੇ ਵਰਗਾ ਕਰ ਲਿਆ ਹੈ ।੫।
ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥
ਜਿਸ ਗੁਰੂ ਦੀ ਮਹਿਮਾ ਜਗਤ ਵਿਚ ਹੋ ਰਹੀ ਹੈ, ਜਿਸ ਦੇ ਹਿਰਦੇ ਵਿਚ ਭਾਗ ਜਾਗ ਪਿਆ ਹੈ, ਜੋ ਹਰੀ ਨਾਲ ਜੁੜਿਆ ਰਹਿੰਦਾ ਹੈ,
ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥
(ਜਿਸ ਨੇ) ਵੱਡੇ ਭਾਗਾਂ ਨਾਲ ਪੂਰਾ ਗੁਰੂ ਲੱਭ ਲਿਆ ਹੈ, (ਜਿਸ ਦੀ) ਬ੍ਰਿਤੀ (ਹਰੀ ਵਿਚ) ਜੁੜੀ ਰਹਿੰਦੀ ਹੈ, ਤੇ ਜੋ ਧਰਤੀ ਦਾ ਭਾਰ ਸਹਿ ਰਿਹਾ ਹੈ;
ਭਯ ਭੰਜਨੁ ਪਰ ਪੀਰ ਨਿਵਾਰਨੁ ਕਲੵ ਸਹਾਰੁ ਤੋਹਿ ਜਸੁ ਬਕਤਾ ॥
(ਹੇ ਗੁਰੂ ਅਰਜੁਨ ਜੀ!) ਤੂੰ ਭੈ ਦੂਰ ਕਰਨ ਵਾਲਾ, ਪਰਾਈ ਪੀੜ ਹਰਨ ਵਾਲਾ ਹੈਂ, ਕਵੀ ਕਲ´ਸਹਾਰ ਤੇਰਾ ਜਸ ਆਖਦਾ ਹੈ ।
ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥
ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਦਾ ਪੁੱਤਰ, ਸੋਢੀ ਕੁਲ ਵਿਚ ਧਰਮ ਦੇ ਝੰਡੇ ਵਾਲਾ, ਹਰੀ ਦਾ ਭਗਤ ਹੈ ।੬।
ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ ॥
(ਗੁਰੂ ਅਰਜਨ ਦੇਵ ਜੀ ਨੇ) ਧੀਰਜ ਨੂੰ ਆਪਣਾ ਧਰਮ ਬਣਾਇਆ ਹੋਇਆ ਹੈ, (ਗੁਰੂ ਅਰਜਨ) ਗੁਰਮਤਿ ਵਿਚ ਡੂੰਘਾ ਹੈ, ਪਰਾਏ ਦੁੱਖ ਦੂਰ ਕਰਨ ਵਾਲਾ ਹੈ,
ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ ॥
ਸ੍ਰੇਸ਼ਟ ਸ਼ਬਦ ਵਾਲਾ ਹੈ, ਹਰੀ ਵਰਗਾ ਉਦਾਰ-ਚਿੱਤ ਹੈ, ਅਤੇ ਹਉਮੈ ਨੂੰ ਦੂਰ ਕਰਦਾ ਹੈ ।
ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ ॥
(ਆਪ) ਬੜੇ ਦਾਨੀ ਹਨ, ਗੁਰੂ ਦੇ ਗਿਆਨ ਵਾਲੇ ਹਨ, (ਆਪ ਦੇ) ਮਨ ਵਿਚੋਂ ਉਤਸ਼ਾਹ ਕਦੇ ਘੱਟ ਨਹੀਂ ਹੁੰਦਾ ।
ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥
(ਆਪ) ਸਤਿਵੰਤ ਹਨ, ਹਰੀ ਦਾ ਨਾਮ-ਰੂਪ ਮੰਤ੍ਰ (ਜੋ, ਮਾਨੋ,) ਨੌ ਨਿਧੀਆਂ (ਹੈ ਆਪ ਦੇ ਖ਼ਜ਼ਾਨੇ ਵਿਚੋਂ) ਕਦੇ ਮੁੱਕਦਾ ਨਹੀਂ ਹੈ ।
ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥
ਗੁਰੂ ਰਾਮਦਾਸ ਜੀ ਦਾ ਸਪੁਤ੍ਰ (ਗੁਰੂ ਅਰਜਨ ਜੀ) ਸਰਬ-ਵਿਆਪਕ (ਦਾ ਰੂਪ) ਹੈ; (ਆਪ ਨੇ) ਆਤਮਕ ਅਡੋਲਤਾ ਵਿਚ (ਆਪਣਾ) ਚੰਦੋਆ ਤਾਣਿਆ ਹੋਇਆ ਹੈ ।
ਗੁਰ ਅਰਜੁਨ ਕਲੵੁਚਰੈ ਤੈ ਰਾਜ ਜੋਗ ਰਸੁ ਜਾਣਿਅਉ ॥੭॥
ਕਲ´ ਕਵੀ ਆਖਦਾ ਹੈ, “ਹੇ ਗੁਰੂ ਅਰਜਨ ਦੇਵ! ਤੂੰ ਰਾਜ ਅਤੇ ਜੋਗ ਦਾ ਆਨੰਦ ਸਮਝ ਲਿਆ ਹੈ” (ਮਾਣ ਰਿਹਾ ਹੈਂ) ।੭।