Sri Guru Granth Sahib Ji — Ang 1394 (punjabi)
ਸਕਯਥੁ ਜਨਮੁ ਕਲੵੁਚਰੈ ਗੁਰੁ ਪਰਸੵਿਉ ਅਮਰ ਪ੍ਰਗਾਸੁ ॥੮॥
ਕਵੀ ਕਲ´ਸਹਾਰ ਆਖਦਾ ਹੈ—‘ਉਸ ਮਨੁੱਖ ਦਾ ਜਨਮ ਸਕਾਰਥਾ ਹੈ ਜਿਸ ਨੇ ਪ੍ਰਕਾਸ਼-ਸੂਰਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ’ ।੮।
ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ ॥
(ਗੁਰੂ ਅਮਰਦਾਸ ਜੀ ਦੇ) ਸੱਜੇ ਹੱਥ ਵਿਚ ਪਦਮ ਹੈ; ਸਿੱਧੀ (ਉਹਨਾਂ ਦੇ) ਮੂੰਹ ਨੂੰ ਸਾਹਮਣੇ ਹੋ ਕੇ ਤੱਕ ਰਹੀ ਹੈ;
ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ ॥
(ਆਪ ਦੇ) ਖੱਬੇ ਅੰਗ ਵਿਚ ਰਿੱਧੀ ਵੱਸ ਰਹੀ ਹੈ, ਜੋ ਤਿੰਨਾਂ ਲੋਕਾਂ ਨੂੰ ਮੋਂਹਦੀ ਹੈ ।
ਰਿਦੈ ਬਸੈ ਅਕਹੀਉ ਸੋਇ ਰਸੁ ਤਿਨ ਹੀ ਜਾਤਉ ॥
(ਗੁਰੂ ਅਮਰਦਾਸ ਜੀ ਦੇ) ਹਿਰਦੇ ਵਿਚ ਅਕੱਥ ਹਰੀ ਵੱਸ ਰਿਹਾ ਹੈ, ਇਸ ਆਨੰਦ ਨੂੰ ਉਸ (ਗੁਰੂ ਅਮਰਦਾਸ ਜੀ) ਨੇ ਆਪ ਹੀ ਜਾਣਿਆ ਹੈ ।
ਮੁਖਹੁ ਭਗਤਿ ਉਚਰੈ ਅਮਰੁ ਗੁਰੁ ਇਤੁ ਰੰਗਿ ਰਾਤਉ ॥
ਇਸ ਰੰਗ ਵਿਚ ਰੱਤਾ ਹੋਇਆ ਗੁਰੂ ਅਮਰਦਾਸ ਆਪਣੇ ਮੁਖ ਤੋਂ (ਅਕਾਲ ਪੁਰਖ ਦੀ) ਭਗਤੀ ਉਚਾਰ ਰਿਹਾ ਹੈ ।
ਮਸਤਕਿ ਨੀਸਾਣੁ ਸਚਉ ਕਰਮੁ ਕਲੵ ਜੋੜਿ ਕਰ ਧੵਾਇਅਉ ॥
(ਗੁਰੂ ਅਮਰਦਾਸ ਜੀ ਦੇ) ਮੱਥੇ ਉੱਤੇ (ਪਰਮਾਤਮਾ ਦੀ) ਸੱਚੀ ਬਖ਼ਸ਼ਸ਼-ਰੂਪ ਨਿਸ਼ਾਨ ਹੈ । ਹੇ ਕਲ´ ਕਵੀ! ਹੱਥ ਜੋੜ ਕੇ (ਇਸ ਸਤਿਗੁਰੂ ਨੂੰ) ਜਿਸ ਮਨੁੱਖ ਨੇ ਧਿਆਇਆ ਹੈ।
ਪਰਸਿਅਉ ਗੁਰੂ ਸਤਿਗੁਰ ਤਿਲਕੁ ਸਰਬ ਇਛ ਤਿਨਿ ਪਾਇਅਉ ॥੯॥
ਤੇ ਇਸ ਸ਼ਿਰੋਮਣੀ ਸਤਿਗੁਰੂ ਨੂੰ ਪਰਸਿਆ ਹੈ, ਉਸ ਨੇ ਆਪਣੀਆਂ ਸਾਰੀਆਂ ਮਨੋ-ਕਾਮਨਾਂ ਪਾ ਲਈਆਂ ਹਨ ।੯।
ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ ॥
ਉਹੀ ਚਰਨ ਚੰਗੀ ਤਰ੍ਹਾਂ ਸਕਾਰਥੇ ਹਨ, ਜੋ ਚਰਨ ਗੁਰੂ ਅਮਰਦਾਸ ਜੀ ਦੇ ਰਾਹ ਤੇ ਤੁਰਦੇ ਹਨ ।
ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ ॥
ਉਹੀ ਹੱਥ ਸਫਲੇ ਹਨ, ਜੋ ਹੱਥ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਲੱਗਦੇ ਹਨ ।
ਜੀਹ ਤ ਪਰ ਸਕਯਥ ਜੀਹ ਗੁਰ ਅਮਰੁ ਭਣਿਜੈ ॥
ਉਹੀ ਜੀਭ ਸਕਾਰਥੀ ਹੈ, ਜੋ ਗੁਰੂ ਅਮਰਦਾਸ ਜੀ ਨੂੰ ਸਲਾਹੁੰਦੀ ਹੈ ।
ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ ॥
ਉਹੀ ਅੱਖਾਂ ਸਫਲ ਹਨ ਜਿਨ੍ਹਾਂ ਅੱਖਾਂ ਨਾਲ ਗੁਰੂ ਅਮਰਦਾਸ ਜੀ ਨੂੰ ਵੇਖੀਏ ।
ਸ੍ਰਵਣ ਤ ਪਰ ਸਕਯਥ ਸ੍ਰਵਣਿ ਗੁਰੁ ਅਮਰੁ ਸੁਣਿਜੈ ॥
ਉਹੀ ਕੰਨ ਸਫਲ ਹਨ, ਜਿਨ੍ਹਾਂ ਕੰਨਾਂ ਨਾਲ ਗੁਰੂ ਅਮਰਦਾਸ ਜੀ ਦੀ ਸੋਭਾ ਸੁਣੀ ਜਾਂਦੀ ਹੈ ।
ਸਕਯਥੁ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ ॥
ਉਹੀ ਹਿਰਦਾ ਸਕਾਰਥਾ ਹੈ, ਜਿਸ ਹਿਰਦੇ ਵਿਚ ਜਗਤ ਦਾ ਪਿਤਾ ਪਿਆਰਾ ਗੁਰੂ ਅਮਰਦਾਸ ਜੀ ਵੱਸਦਾ ਹੈ ।
ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਮਰ ਨਿਤ ॥੧॥੧੦॥
ਜਾਲਪ ਕਵੀ ਆਖਦਾ ਹੈ—“ਉਹੀ ਸਿਰ ਸਫਲ ਹੈ, ਜੋ ਸਿਰ ਸਦਾ ਗੁਰੂ ਅਮਰਦਾਸ ਜੀ ਦੇ ਅੱਗੇ ਨਿਊਂਦਾ ਹੈ” ।੧।੧੦।
ਤਿ ਨਰ ਦੁਖ ਨਹ ਭੁਖ ਤਿ ਨਰ ਨਿਧਨ ਨਹੁ ਕਹੀਅਹਿ ॥
ਉਹਨਾਂ ਮਨੁੱਖਾਂ ਨੂੰ ਨਾਹ ਕੋਈ ਦੁੱਖ ਹੈ ਨਾਹ ਭੁੱਖ, ਉਹ ਮਨੁੱਖ ਕੰਗਾਲ ਨਹੀਂ ਕਹੇ ਜਾ ਸਕਦੇ;
ਤਿ ਨਰ ਸੋਕੁ ਨਹੁ ਹੁਐ ਤਿ ਨਰ ਸੇ ਅੰਤੁ ਨ ਲਹੀਅਹਿ ॥
ਉਹਨਾਂ ਮਨੁੱਖਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ; ਉਹ ਮਨੁੱਖ ਅਜਿਹੇ ਹਨ ਕਿ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ।
ਤਿ ਨਰ ਸੇਵ ਨਹੁ ਕਰਹਿ ਤਿ ਨਰ ਸਯ ਸਹਸ ਸਮਪਹਿ ॥
ਉਹ ਮਨੁੱਖ ਕਿਸੇ ਦੀ ਮੁਥਾਜੀ ਨਹੀਂ ਕਰਦੇ, ਉਹ ਮਨੁੱਖ (ਤਾਂ ਆਪ) ਸੈਂਕੜੇ ਹਜ਼ਾਰਾਂ (ਪਦਾਰਥ ਹੋਰਨਾਂ ਮਨੁੱਖਾਂ ਨੂੰ) ਦੇਂਦੇ ਹਨ;
ਤਿ ਨਰ ਦੁਲੀਚੈ ਬਹਹਿ ਤਿ ਨਰ ਉਥਪਿ ਬਿਥਪਹਿ ॥
ਗ਼ਲੀਚੇ ਤੇ ਬੈਠਦੇ ਹਨ (ਭਾਵ, ਰਾਜ ਮਾਣਦੇ ਹਨ) ਅਤੇ ਉਹ ਮਨੁੱਖ (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ ।
ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ ॥
ਉਹ ਮਨੁੱਖ ਸੰਸਾਰ ਵਿਚ ਸੁਖ ਮਾਣਦੇ ਹਨ, (ਕਾਮਾਦਿਕ) ਵੈਰੀਆਂ ਦੇ ਵਿਚ ਨਿਰਭੈਤਾ ਦਾ ਬਸਤ੍ਰ ਪਾਈ ਰੱਖਦੇ ਹਨ (ਭਾਵ, ਨਿਰਭੈ ਰਹਿੰਦੇ ਹਨ) ।
ਸਕਯਥ ਤਿ ਨਰ ਜਾਲਪੁ ਭਣੈ ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥
ਜਾਲਪ ਕਵੀ ਆਖਦਾ ਹੈ—“ਜਿਨ੍ਹਾਂ ਮਨੁੱਖਾਂ ਉਤੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ, ਉਹ ਮਨੁੱਖ ਸਫਲ ਹਨ (ਭਾਵ, ਉਹਨਾਂ ਦਾ ਜਨਮ ਸਫਲਾ ਹੈ)” ।੨।੧੧।
ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ ॥
(ਹੇ ਗੁਰੂ ਅਮਰਦਾਸ!) ਤੂੰ ਇਕ ਅਕਾਲ ਪੁਰਖ ਨੂੰ ਹੀ ਪੜ੍ਹਿਆ ਹੈ, ਤੂੰ (ਆਪਣੇ) ਮਨ ਵਿਚ ਇੱਕ ਨੂੰ ਹੀ ਸਿਮਰਿਆ ਹੈ, ਅਤੇ ਇਹੀ ਨਿਸਚੇ ਕੀਤਾ ਹੈ ਕਿ ਅਕਾਲ ਪੁਰਖ ਆਪ ਹੀ ਆਪ ਹੈ ।
ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ ॥
ਅਤੇ (ਤੇਰੇ) ਮੂੰਹ ਵਿਚ ਕੇਵਲ ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਤੂੰ ਦੂਜਾ-ਪਨ ਨੂੰ ਆਪਣੇ ਹਿਰਦੇ ਵਿਚ ਜਾਤਾ ਹੀ ਨਹੀਂ ਹੈ ।
ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ ॥
(ਹੇ ਗੁਰੂ ਅਮਰਦਾਸ!) ਤੂੰ ਸੁਫ਼ਨੇ ਵਿਚ ਭੀ ਅਤੇ ਜਾਗਦਿਆਂ ਭੀ (ਸਿਮਰਦਾ ਹੈਂ), ਤੂੰ ਉਸ ਇੱਕ ਵਿਚ ਹੀ (ਸਦਾ) ਲੀਨ ਰਹਿੰਦਾ ਹੈਂ ।
ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ ॥
ਜੋ ਅਕਾਲ ਪੁਰਖ ਤ੍ਰੀਹਾਂਵਿਚ ਇਕੋ ਹੀ ਹੈ, ਜੋ ਅਕਾਲ ਪੁਰਖ ਪੰਜਾਂ ਤੱਤਾਂ ਦੇ ਸਮੂਹ ਵਿਚ (ਭਾਵ, ਸਾਰੇ ਜਗਤ ਵਿਚ) ਪਰਗਟ ਹੈ,
ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ ॥
ਜਿਸ ਇੱਕ ਹਰੀ ਤੋਂ ਲੱਖਾਂ ਜੀਵ ਬਣੇ ਹਨ, ਅਤੇ ਜੋ ਇਹਨਾਂ ਲੱਖਾਂ ਜੀਆਂ ਦੀ ਸਮਝ ਤੋਂ ਪਰੇ ਹੈ, ਉਸ ਇੱਕ ਨੂੰ (ਹੇ ਗੁਰੂ ਅਮਰਦਾਸ!) ਤੂੰ ਇੱਕ (ਅਦੁਤੀ) ਕਰਕੇ ਹੀ ਵਰਣਨ ਕੀਤਾ ਹੈ ।
ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ ॥੩॥੧੨॥
ਜਾਲਪ ਭੱਟ ਆਖਦਾ ਹੈ—“ਹੇ ਗੁਰੂ ਅਮਰਦਾਸ! ਤੂੰ ਇੱਕ ਅਕਾਲ ਪੁਰਖ ਨੂੰ ਹੀ ਮੰਗਦਾ ਹੈਂ ਅਤੇ ਇੱਕ ਨੂੰ ਹੀ ਮੰਨਦਾ ਹੈਂ” ।੩।੧੨।
ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ ॥
ਜਿਹੜੀ ਮੱਤ ਜੈਦੇਵ ਨੇ ਸਿੱਖੀ, ਜਿਹੜੀ ਮੱਤ ਨਾਮਦੇਵ ਵਿਚ ਸਮਾਈ ਹੋਈ ਸੀ,
ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ ॥
ਜੋ ਮੱਤ ਤ੍ਰਿਲੋਚਨ ਦੇ ਹਿਰਦੇ ਵਿਚ ਸੀ, ਜਿਹੜੀ ਮੱਤ ਕਬੀਰ ਭਗਤ ਨੇ ਸਮਝੀ ਸੀ,
ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ ॥
ਜਿਸ ਮੱਤ ਦਾ ਸਦਕਾ ਰੁਕਮਾਂਗਦ ਦੀ ਕਾਰ ਇਹ ਸੀ (ਕਿ ਆਪ ਜਪਦਾ ਸੀ ਤੇ ਹੋਰਨਾਂ ਨੂੰ ਆਖਦਾ ਸੀ) ਹੇ ਭਾਈ! ਨਿੱਤ ਰਾਮ ਨੂੰ ਸਿਮਰੋ,
ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ ॥
ਜਿਸ ਮੱਤ ਦੁਆਰਾ ਅੰਬਰੀਕ ਤੇ ਪ੍ਰਹਲਾਦ ਨੇ ਗੋਬਿੰਦ ਦੀ ਸਰਨ ਪੈ ਕੇ ਉੱਚੀ ਆਤਮਕ ਅਵਸਥਾ ਲੱਭੀ ਸੀ,
ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲੵ ਜਾਣੀ ਜੁਗਤਿ ॥
(ਹੇ ਗੁਰੂ ਅਮਰਦਾਸ!) ਜਲ´ (ਆਖਦਾ ਹੈ) ਤੂੰ ਉਸ ਮੱਤ ਦੀ ਜੁਗਤੀ ਜਾਣ ਲਈ ਹੈ ਤੂੰ ਲੋਭ ਕ੍ਰੋਧ ਤੇ ਤ੍ਰਿਸਨਾ ਤਿਆਗ ਦਿੱਤੇ ਹਨ ।
ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥
ਗੁਰੂ ਅਮਰਦਾਸ ਅਕਾਲ ਪੁਰਖ ਦਾ ਪਿਆਰਾ ਭਗਤ ਹੈ । ਮੈਂ (ਉਸ ਦਾ) ਦਰਸ਼ਨ ਦੇਖ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ ।੪।੧੩।
ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ ॥
(ਹੇ ਭਾਈ! ਆE) ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨਾਲ) ਧਰਤੀ ਦੇ ਪਾਪ ਦੂਰ ਹੋ ਜਾਂਦੇ ਹਨ ।
ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ ॥
ਗੁਰੂ ਅਮਰਦਾਸ ਜੀ ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨੂੰ) ਸਿਧ ਤੇ ਸਾਧਿਕ ਲੋਚਦੇ ਹਨ ।
ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ ॥
ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਇਸ ਤਰ੍ਹਾਂ ਪਰਮਾਤਮਾ ਵਾਲਾ) ਧਿਆਨ ਪ੍ਰਾਪਤ ਹੁੰਦਾ ਹੈ ।
ਗੁਰੁ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ ॥
ਗੁਰੂ ਅਮਰਦਾਸ ਜੀ ਨੂੰ ਪਰਸੀਏ, (ਇਸ ਤਰ੍ਹਾਂ) ਨਿਰਭਉ ਅਕਾਲ ਪੁਰਖ ਮਿਲ ਪੈਂਦਾ ਹੈ ਤੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ।