Sri Guru Granth Sahib Ji — Ang 1390 (punjabi)
ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ ॥
ਚਾਰੇ ਵਰਣ, ਛੇ ਭੇਖ, ਗੁਰੂ ਨਾਨਕ ਦੇ ਗੁਣ ਗਾ ਰਹੇ ਹਨ, ਬ੍ਰਹਮਾ ਆਦਿਕ ਭੀ ਉਸ ਦੇ ਗੁਣ ਯਾਦ ਕਰ ਰਹੇ ਹਨ ।
ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ ॥
ਸ਼ੇਸ਼ਨਾਗ ਹਜ਼ਾਰਾਂ ਜੀਭਾਂ ਦੁਆਰਾ ਪ੍ਰੇਮ ਨਾਲ ਇਕ-ਰਸ ਲਿਵ ਦੀ ਧੁਨੀ ਲਗਾ ਕੇ ਗੁਰੂ ਨਾਨਕ ਦੇ ਗੁਣ ਗਾਉਂਦਾ ਹੈ ।
ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ ॥
ਜਿਸ ਗੁਰੂ ਨਾਨਕ ਨੇ ਇਕ-ਰਸ ਬਿਰਤੀ ਜੋੜ ਕੇ ਅਕਾਲ ਪੁਰਖ ਨੂੰ ਪਛਾਣਿਆ ਹੈ (ਸਾਂਝ ਪਾਈ ਹੈ,) ਉਸ ਦੇ ਗੁਣ ਵੈਰਾਗਵਾਨ ਸ਼ਿਵ ਜੀ (ਭੀ) ਗਾਂਦਾ ਹੈ ।
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੫॥
ਕਲ´ ਕਵੀ (ਆਖਦਾ ਹੈ)—‘ਮੈਂ ਉਸ ਗੁਰੂ ਨਾਨਕ ਦੇ ਗੁਣ ਗਾਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ’ ।੫।
ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ ॥
ਰਾਜ ਭੀ ਮਾਣਿਆ ਹੈ ਤੇ ਜੋਗ ਭੀ; ਨਿਰਵੈਰ ਅਕਾਲ ਪੁਰਖ (ਉਹਨਾਂ ਦੇ) ਹਿਰਦੇ ਵਿਚ ਵੱਸ ਰਿਹਾ ਹੈ ।
ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ ॥
ਆਪ ਇਕ-ਰਸ ਨਾਮ ਜਪ ਕੇ ਤਰ ਗਿਆ ਹੈ, ਤੇ (ਉਸ ਨੇ) ਸਾਰੀ ਸ੍ਰਿਸ਼ਟੀ ਨੂੰ ਭੀ ਨਾਮ ਦੀ ਬਰਕਤਿ ਨਾਲ ਤਾਰ ਦਿੱਤਾ ਹੈ ।
ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ ॥
ਸਨਕ ਆਦਿ ਬ੍ਰਹਮਾ ਦੇ ਚਾਰੇ ਪੁੱਤ੍ਰ, ਜਨਕ ਆਦਿਕ ਪੁਰਾਤਨ ਰਿਸ਼ੀ ਕਈ ਜੁੱਗਾਂ ਤੋਂ (ਗੁਰੂ ਨਾਨਕ ਦੇਵ ਜੀ ਦੇ) ਗੁਣ ਗਾ ਰਹੇ ਹਨ ।
ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ ॥
ਧੰਨ ਹੈ ਗੁਰੂ (ਨਾਨਕ)! ਧੰਨ ਹੈ ਗੁਰੂ (ਨਾਨਕ)! ਜਗਤ ਵਿਚ (ਉਸ ਦਾ) ਜਨਮ ਲੈਣਾ ਸਕਾਰਥਾ ਤੇ ਭਲਾ ਹੋਇਆ ਹੈ ।
ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥
ਦਾਸ ਕਲ´ ਕਵੀ ਬੇਨਤੀ ਕਰਦਾ ਹੈ—ਪਾਤਾਲ ਲੋਕ ਤੋਂ ਭੀ ਤੇਰੀ ਜੈ ਜੈਕਾਰ ਦੀ ਆਵਾਜ਼ (ਉਠ ਰਹੀ ਹੈ),
ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ ॥੬॥
‘ਹਰੀ ਦੇ ਨਾਮ ਦੇ ਰਸੀਏ ਹੇ ਗੁਰੂ ਨਾਨਕ! ਤੂੰ ਰਾਜ ਤੇ ਜੋਗ ਦੋਵੇਂ ਹੀ ਮਾਣੇ ਹਨ’ ।੬।
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥
ਸਤਜੁਗ ਵਿਚ (ਭੀ) ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤੂੰ ਹੀ ਰਾਜਾ ਬਲਿ ਨੂੰ ਛਲਿਆ ਸੀ ਤੇ ਤਦੋਂ ਵਾਮਨ ਅਵਤਾਰ ਬਣਨਾ ਤੈਨੂੰ ਚੰਗਾ ਲੱਗਾ ਸੀ ।
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥
ਤ੍ਰੇਤੇ ਵਿਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤਦੋਂ ਤੂੰ ਆਪਣੇ ਆਪ ਨੂੰ ਰਘੁਵੰਸੀ ਰਾਮ ਅਖਵਾਇਆ ਸੀ ।
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥
ਦੁਆਪੁਰ ਜੁਗ ਵਿਚ ਕ੍ਰਿਸ਼ਨ ਮੁਰਾਰ ਭੀ (ਤੂੰ ਹੀ ਸੈਂ), ਤੂੰ ਹੀ ਕੰਸ ਨੂੰ (ਮਾਰ ਕੇ) ਮੁਕਤ ਕੀਤਾ ਸੀ ।
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
ਉਗ੍ਰਸੈਣ ਨੂੰ (ਮਥੁਰਾ ਦਾ) ਰਾਜ ਅਤੇ ਆਪਣੇ ਭਗਤ ਜਨਾਂ ਨੂੰ ਨਿਰਭੈਤਾ ਬਖ਼ਸ਼ੀ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਸ੍ਰੀ ਕ੍ਰਿਸ਼ਨ) ।
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥
ਹੇ ਗੁਰੂ ਨਾਨਕ! ਕਲਜੁਗ ਵਿਚ (ਭੀ ਤੂੰ ਹੀ) ਸਮਰਥਾ ਵਾਲਾ ਹੈਂ, (ਤੂੰ ਹੀ ਆਪਣੇ ਆਪ ਨੂੰ) ਗੁਰੂ ਅੰਗਦ ਤੇ ਗੁਰੂ ਅਮਰਦਾਸ ਅਖਵਾਇਆ ਹੈ ।
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥
(ਇਹ ਤਾਂ) ਅਕਾਲ ਪੁਰਖ ਨੇ (ਹੀ) ਹੁਕਮ ਦੇ ਰੱਖਿਆ ਹੈ ਕਿ ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ ਸਦਾ-ਥਿਰ ਤੇ ਅਟੱਲ ਹੈ ।੭।
ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥
ਗੁਣ ਰਵਿਦਾਸ ਭਗਤ ਗਾ ਰਿਹਾ ਹੈ, ਜੈਦੇਵ ਤੇ ਤ੍ਰਿਲੋਚਨ ਗਾ ਰਹੇ ਹਨ,
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥
ਭਗਤ ਨਾਮਦੇਵ ਤੇ ਕਬੀਰ ਗਾ ਰਹੇ ਹਨ; (ਜੋ) ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ ।
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ ॥
ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਮਿਲਾਪ ਦੇ ਸੁਆਦ ਨੂੰ ਮਾਣਦਾ ਹੈ,(ਉਸ ਦੇ) ਗੁਣਾਂ ਨੂੰ ਬੇਣੀ ਭਗਤ ਗਾ ਰਿਹਾ ਹੈ ।
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ ॥
ਗੁਰੂ ਦੇ ਗਿਆਨ ਦੀ ਬਰਕਤਿ ਨਾਲ ਅਕਾਲ ਪੁਰਖ ਵਿਚ ਸੁਰਤੀ ਜੋੜ ਕੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ,
ਸੁਖਦੇਉ ਪਰੀਖੵਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥
ਸੁਖਦੇਵ ਰਿਸ਼ੀ (ਗੁਰੂ ਨਾਨਕ ਦੇ ਗੁਣ) ਗਾ ਰਿਹਾ ਹੈ ਤੇ (ਰਾਜਾ) ਪਰੀਖਤ (ਭੀ ਗੁਰੂ ਨਾਨਕ ਦੇ) ਗੁਣਾਂ ਨੂੰ ਗਾ ਰਿਹਾ ਹੈ ।
ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥੮॥
ਗੋਤਮ ਰਿਸ਼ੀ ਨੇ (ਭੀ ਗੁਰੂ ਨਾਨਕ ਦਾ ਹੀ) ਜਸ ਗਾਂਵਿਆ ਹੈ । ਹੇ ਕਲ´ ਕਵੀ! ਗੁਰੂ ਨਾਨਕ (ਦੇਵ ਜੀ) ਦੀ ਸੋਹਣੀ ਸੋਭਾ ਨਿੱਤ ਨਵੀਂ ਹੈ ਤੇ ਜਗਤ ਵਿਚ ਆਪਣਾ ਪ੍ਰਭਾਵ ਪਾ ਰਹੀ ਹੈ ।੮।
ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ ॥
ਪਾਤਾਲ ਵਿਚ ਭੀ (ਸ਼ੇਸ਼-) ਨਾਗ ਆਦਿਕ ਹੋਰ ਸਰਪ-ਭਗਤ (ਗੁਰੂ ਨਾਨਕ ਦੇ) ਗੁਣ ਗਾ ਰਹੇ ਹਨ ।
ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ ॥
ਮਹਾਂਦੇਵ ਜੀ ਸੇ ਆਦਿ ਲੇ ਕਰ ਕੇ ਜੋਗੀ ਅਰ ਜਤ ਕੇ ਧਾਰਨੇ ਵਾਲੇ ਜੰਗਮ ਆਦੀ ਸਭ ਤੇਰੇ ਗੁਣੋਂ ਕੋ ਸਦਾ (ਰਵੈ) ਉਚਾਰਨ ਕਰਤੇ ਹੈਂ॥
ਗੁਣ ਗਾਵੈ ਮੁਨਿ ਬੵਾਸੁ ਜਿਨਿ ਬੇਦ ਬੵਾਕਰਣ ਬੀਚਾਰਿਅ ॥
ਜਿਸ (ਵਿਆਸ ਮੁਨੀ) ਨੇ ਸਾਰੇ ਵੇਦਾਂ ਨੂੰ ਵਿਆਕਰਣਾਂ ਦੁਆਰਾ ਵਿਚਾਰਿਆ ਹੈ, ਉਹ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ ।
ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ ॥
ਜਿਸ (ਬ੍ਰਹਮਾ) ਨੇ ਅਕਾਲ ਪੁਰਖ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਰਚੀ ਹੈ, ਉਹ (ਗੁਰੂ ਨਾਨਕ ਦੇ) ਗੁਣ ਉਚਾਰ ਰਿਹਾ ਹੈ ।
ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ ॥
ਜਿਸ ਗੁਰੂ ਨਾਨਕ ਨੇ ਸਾਰੀ ਦੁਨੀਆ ਵਿਚ ਹਾਜ਼ਰ-ਨਾਜ਼ਰ ਅਕਾਲ ਪੁਰਖ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿਚ ਇੱਕੋ ਜਿਹਾ ਪਛਾਣਿਆ ਹੈ,
ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ ॥੯॥
ਜਿਸ ਗੁਰੂ ਨਾਨਕ ਨੇ ਅਡੋਲ ਅਵਸਥਾ ਨੂੰ ਤੇ ਅਕਾਲ ਪੁਰਖ ਦੇ ਮਿਲਾਪ ਨੂੰ ਮਾਣਿਆ ਹੈ,ਹੇ ਕਲ´! ਉਸ ਗੁਰੂ ਨਾਨਕ ਦੇ ਸੋਹਣੇ ਗੁਣਾਂ ਨੂੰ ਯਾਦ ਕਰ ।੯।
ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ ॥
ਨੌ ਨਾਥ (ਭੀ) ਗੁਰੂ ਨਾਨਕ ਦੇ ਗੁਣ ਗਾਂਦੇ ਹਨ (ਤੇ ਆਖਦੇ ਹਨ), “ਗੁਰੂ ਨਾਨਕ ਧੰਨ ਹੈ ਜੋ ਸੱਚੇ ਹਰੀ ਵਿਚ ਜੁੜਿਆ ਹੋਇਆ ਹੈ ।”
ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥
ਜਿਸ ਮਾਂਧਾਤਾ ਨੇ ਆਪਣੇ ਆਪ ਨੂੰ ਚੱਕ੍ਰਵਰਤੀ ਰਾਜਾ ਅਖਵਾਇਆ ਸੀ, ਉਹ ਭੀ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਹੈ ।
ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ ॥
ਸਤਵੇਂ ਪਾਤਾਲ ਵਿਚ ਵੱਸਦਾ ਹੋਇਆ ਰਾਜਾ ਬਲਿ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ ।
ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ ॥
ਆਪਣੇ ਗੁਰੂ ਦੇ ਨਾਲ ਰਹਿੰਦਾ ਹੋਇਆ ਭਰਥਰੀ ਭੀ ਸਦਾ (ਗੁਰੂ ਨਾਨਕ ਦੇ) ਗੁਣ ਉੱਚਾਰ ਰਿਹਾ ਹੈ ।
ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ ॥
ਦੁਰਵਾਸਾ ਰਿਸ਼ੀ ਨੇ, ਰਾਜਾ ਪੁਰੂ ਨੇ ਤੇ ਅੰਗਰ ਰਿਸ਼ੀ ਨੇ ਗੁਰੂ ਨਾਨਕ ਦਾ ਜਸ ਗਾਂਵਿਆਂ ਹੈ ।
ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ ॥੧੦॥
ਹੇ ਕਲ´ ਕਵੀ! ਗੁਰੂ ਨਾਨਕ ਦੀ ਸੋਹਣੀ ਸੋਭਾ ਸੁਤੇ ਹੀ ਹਰੇਕ ਪ੍ਰਾਣੀ-ਮਾਤ੍ਰ ਦੇ ਹਿਰਦੇ ਵਿਚ ਟਿਕੀ ਹੋਈ ਹੈ ।੧੦।