Sri Guru Granth Sahib Ji — Ang 1388 (punjabi)
ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ ॥
ਹੇ ਮਾਇਆ ਵਿਚ ਮੱਤੇ ਹੋਏ (ਜੀਵ!) ਇਹ ਸਰੀਰ, ਇਹ ਘਰ, (ਮਾਇਆ ਦੇ) ਇਹ ਪਿਆਰ, ਕੋਈ ਸਦਾ ਰਹਿਣ ਵਾਲੇ ਨਹੀਂ ਹਨ; ਕਦ ਤਾਈਂ (ਤੂੰ ਇਹਨਾਂ ਦਾ) ਹੰਕਾਰ ਕਰੇਂਗਾ?
ਛਤ੍ਰ ਨ ਪਤ੍ਰ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ ॥
ਇਹ (ਰਾਜਸੀ) ਛਤਰ, ਇਹ ਹੁਕਮ-ਨਾਮੇ, ਇਹ ਚਉਰ ਅਤੇ ਇਹ ਚਉਰ-ਬਰਦਾਰ, ਸਭ ਨਾਸ ਹੋ ਜਾਣਗੇ । ਪਰ ਹਿਰਦੇ ਵਿਚ ਤੰੂ ਵਿਚਾਰਦਾ ਨਹੀਂ ਹੈਂ ।
ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ ॥
ਰਥ, ਘੋੜੇ, ਹਾਥੀ, ਤਖ਼ਤ, (ਇਹਨਾਂ ਵਿਚੋਂ ਕੋਈ ਭੀ ਨਾਲ) ਨਹੀਂ (ਨਿਭਣਾ), ਇਹਨਾਂ ਨੂੰ ਇਕ ਖਿਨ ਵਿਚ ਛੱਡ ਕੇ ਨੰਗਾ (ਹੀ ਇਥੋਂ) ਤੁਰ ਜਾਹਿਂਗਾ ।
ਸੂਰ ਨ ਬੀਰ ਨ ਮੀਰ ਨ ਖਾਨਮ ਸੰਗਿ ਨ ਕੋਊ ਦ੍ਰਿਸਟਿ ਨਿਹਾਰਹੁ ॥
ਅੱਖਾਂ ਨਾਲ ਵੇਖ, ਨਾਹ ਸੂਰਮੇ, ਨਾਹ ਜੋਧੇ, ਨਾਹ ਮੀਰ, ਨਾਹ ਸਿਰਦਾਰ, ਕੋਈ ਭੀ ਸਾਥੀ ਨਹੀਂ (ਬਣਨੇ) ।
ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ ॥
ਇਹਨਾਂ ਕਿਲ੍ਹਿਆਂ, (ਮਾਇਆ ਦੇ) ਆਸਰਿਆਂ ਤੇ ਖ਼ਜ਼ਾਨਿਆਂ ਨਾਲ (ਅੰਤ ਵੇਲੇ) ਛੁਟਕਾਰਾ ਨਹੀਂ (ਹੋ ਸਕੇਗਾ) । (ਤੂੰ) ਪਾਪ ਕਰ ਕਰ ਕੇ ਦੋਵੇਂ ਹੱਥ ਝਾੜਦਾ ਹੈਂ ।
ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹੁ ॥
ਇਹ ਮਿੱਤ®, ਪੁੱਤ®, ਇਸਤ®ੀ, ਸੱਜਣ ਤੇ ਸਾਥੀ (ਅੰਤ ਵੇਲੇ) ਸਾਥ ਛੱਡ ਦੇਣਗੇ, ਜਿਵੇਂ (ਹਨੇਰੇ ਵਿਚ) ਰੁੱਖ ਦੀ ਛਾਂ(ਉਸ ਦਾ ਸਾਥ ਛੱਡ ਦੇਂਦੀ ਹੈ ।)
ਦੀਨ ਦਯਾਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮ ਅਪਾਰਹੁ ॥
ਦੀਨਾਂ ਉੱਤੇ ਦਇਆ ਕਰਨ ਵਾਲੇ, ਸਭ ਥਾਈਂ ਵਿਆਪਕ, ਬੇਅੰਤ ਤੇ ਅਪਾਰ ਹਰੀ ਨੂੰ ਹਰ ਵੇਲੇ ਯਾਦ ਕਰ,
ਸ੍ਰੀਪਤਿ ਨਾਥ ਸਰਣਿ ਨਾਨਕ ਜਨ ਹੇ ਭਗਵੰਤ ਕ੍ਰਿਪਾ ਕਰਿ ਤਾਰਹੁ ॥੫॥
ਹੇ ਮਾਇਆ ਦੇ ਪਤੀ! ਹੇ ਨਾਥ! ਹੇ ਭਗਵੰਤ! ਨਾਨਕ ਦਾਸ ਨੂੰ ਕਿਰਪਾ ਕਰ ਕੇ ਤਾਰ ਲਵੋ, ਜੋ ਤੇਰੀ ਸਰਨ ਆਇਆ ਹੈ ।੫।
ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ ॥
(ਲੋਕ) ਜਾਨ ਹੀਲ ਕੇ, ਇੱਜ਼ਤ ਭੀ ਦੇ ਕੇ, ਦਾਨ ਲੈ ਲੈ ਕੇ, ਡਾਕੇ ਮਾਰ ਮਾਰ ਕੇ, (ਮਾਇਆ ਵਿਚ) ਪ੍ਰੇਮ ਜੋੜ ਕੇ, (ਪੂਰਨ) ਧਿਆਨ ਦੇ ਦੇ (ਮਾਇਆ ਨੂੰ) ਲੈ ਲੈ ਕੇ ਇਕੱਠੇ ਕਰਦੇ ਹਨ;
ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ ॥
ਸੱਜਣ, ਸਾਥੀ, ਮਿੱਤ®, ਪੁੱਤ®, ਭਰਾ—ਇਹਨਾਂ ਸਭਨਾਂ ਤੋਂ ਉਹਲੇ ਲੁਕਾ ਕੇ ਰੱਖਦੇ ਹਨ ।
ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ ॥
ਦੌੜਨਾ ਭੱਜਣਾ, ਠੱਗੀ ਦੇ ਕੰਮ ਕਰਨੇ—ਸਾਰੀ ਉਮਰ ਇਹ ਕੁਝ ਕਰਦਿਆਂ ਹੀ ਗਵਾ ਦਿੰਦੇ ਹਨ;
ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗਿ ਸਗਲ ਬਿਧਿ ਹਾਰੀ ॥
ਪੁੰਨ ਕਰਮ, ਜੁਗਤੀ ਵਿਚ ਰਹਿਣਾ, ਆਤਮਕ ਸੁਚ ਤੇ ਨੇਮ—ਇਹ ਸਾਰੇ ਹੀ ਕੰਮ ਚੰਚਲ ਮਾਇਆ ਦੀ ਸੰਗਤ ਵਿਚ ਛੱਡ ਬੈਠਦੇ ਹਨ ।
ਪਸੁ ਪੰਖੀ ਬਿਰਖ ਅਸਥਾਵਰ ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ ॥
(ਜੀਵ) ਪਸ਼ੂ, ਪੰਛੀ, ਰੁੱਖ, ਪਰਬਤ ਆਦਿਕ—ਇਹਨਾਂ ਰੰਗਾ-ਰੰਗ ਦੀਆਂ ਜੂਨੀਆਂ ਵਿਚ ਬਹੁਤ ਭਟਕਦੇ ਫਿਰਦੇ ਹਨ;
ਖਿਨੁ ਪਲੁ ਚਸਾ ਨਾਮੁ ਨਹੀ ਸਿਮਰਿਓ ਦੀਨਾ ਨਾਥ ਪ੍ਰਾਨਪਤਿ ਸਾਰੀ ॥
ਖਿਨ ਮਾਤ੍ਰ, ਪਲ ਮਾਤ੍ਰ ਜਾਂ ਚਸਾ ਮਾਤ੍ਰ ਭੀ ਦੀਨਾਂ ਦੇ ਨਾਥ, ਪ੍ਰਾਣਾਂ ਦੇ ਮਾਲਕ, ਸ੍ਰਿਸ਼ਟੀ ਦੇ ਸਾਜਣਹਾਰ ਦਾ ਨਾਮ ਨਹੀਂ ਜਪਦੇ ।
ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ॥
ਖਾਣ ਪੀਣ, ਮਿੱਠੇ ਰਸਾਂ ਵਾਲੇ ਪਦਾਰਥ—(ਇਹ ਸਭ) ਅਖ਼ੀਰ ਦੇ ਵੇਲੇ ਸਦਾ ਕੌੜੇ (ਲੱਗਦੇ ਹਨ) ।
ਨਾਨਕ ਸੰਤ ਚਰਨ ਸੰਗਿ ਉਧਰੇ ਹੋਰਿ ਮਾਇਆ ਮਗਨ ਚਲੇ ਸਭਿ ਡਾਰੀ ॥੬॥
ਹੇ ਨਾਨਕ! ਜੋ ਜਨ ਸੰਤਾਂ ਦੀ ਚਰਨੀਂ ਪੈਂਦੇ ਹਨ ਉਹ ਤਰ ਜਾਂਦੇ ਹਨ, ਬਾਕੀ ਲੋਕ, ਜੋ ਮਾਇਆ ਵਿਚ ਮਸਤ ਹਨ, ਸਭ ਕੁਝ ਛੱਡ ਕੇ (ਖ਼ਾਲੀ-ਹੱਥ ਹੀ) ਜਾਂਦੇ ਹਨ ।੬।
ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ ॥
ਬ੍ਰਹਮਾ ਵਰਗੇ, ਸ਼ਿਵ ਜੀ ਅਤੇ ਵੱਡੇ ਵੱਡੇ ਮੁਨੀ ਵੇਦਾਂ ਦੁਆਰਾ ਪਰਮਾਤਮਾ ਦੇ ਗੁਣ ਪ੍ਰੇਮ ਨਾਲ ਗਾਉਂਦੇ ਹਨ ।
ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ ॥
ਇੰਦ੍ਰ, ਵੱਡੇ ਵੱਡੇ ਮੁਨੀ ਤੇ ਗੋਰਖ (ਆਦਿਕ) ਕਦੇ ਧਰਤੀ ਤੇ ਆਉਂਦੇ ਹਨ ਕਦੇ ਆਕਾਸ਼ ਵਲ ਦੌੜਦੇ ਫਿਰਦੇ ਹਨ, (ਅਤੇ ਪਰਮਾਤਮਾ ਨੂੰ ਸਭ ਥਾਈਂ) ਖੋਜ ਰਹੇ ਹਨ ।
ਸਿਧ ਮਨੁਖੵ ਦੇਵ ਅਰੁ ਦਾਨਵ ਇਕੁ ਤਿਲੁ ਤਾ ਕੋ ਮਰਮੁ ਨ ਪਾਵਤ ॥
ਸਿੱਧ, ਮਨੁੱਖ, ਦੇਵਤੇ ਤੇ ਦੈਂਤ, ਕਿਸੇ ਨੇ ਭੀ ਉਸ (ਪ੍ਰਭੂ) ਦਾ ਰਤਾ ਭਰ ਭੇਦ ਨਹੀਂ ਪਾਇਆ ।
ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ ਹਰਿ ਜਨ ਤਾ ਕੈ ਦਰਸਿ ਸਮਾਵਤ ॥
ਪਰ, ਹਰੀ ਦੇ ਦਾਸ ਪਿਆਰੇ ਪ੍ਰਭੂ ਦੀ ਪ੍ਰੀਤਿ ਦੁਆਰਾ ਤੇ ਪ੍ਰੇਮ-ਰਸ ਵਾਲੀ ਭਗਤੀ ਦੁਆਰਾ ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦੇ ਹਨ ।
ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸਿ ਜਾਵਤ ॥
ਉਸ ਪ੍ਰਭੂ ਨੂੰ ਛੱਡ ਕੇ ਹੋਰਨਾਂ ਤੋਂ ਮੰਗਦੇ ਹਨ (ਮੰਗਦਿਆਂ ਮੰਗਦਿਆਂ ਉਹਨਾਂ ਦੇ) ਮੂੰਹ, ਦੰਦ ਤੇ ਜੀਭ—ਇਹ ਸਾਰੇ ਹੀ ਘਸ ਜਾਂਦੇ ਹਨ ।
ਰੇ ਮਨ ਮੂੜ ਸਿਮਰਿ ਸੁਖਦਾਤਾ ਨਾਨਕ ਦਾਸ ਤੁਝਹਿ ਸਮਝਾਵਤ ॥੭॥
ਹੇ ਮੂਰਖ ਮਨ! ਸੁਖਾਂ ਦੇ ਦੇਣ ਵਾਲੇ (ਪ੍ਰਭੂ) ਨੂੰ ਯਾਦ ਕਰ, ਤੈਨੂੰ (ਪ੍ਰਭੂ ਦਾ) ਦਾਸ ਨਾਨਕ ਸਮਝਾ ਰਿਹਾ ਹੈ ।੭।
ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪਿ ਗੁਬਾਰਿ ਪਰਿਓ ਹੈ ॥
(ਹੇ ਭਾਈ!) ਭੁਲੇਖੇ ਤੇ ਮੋਹ ਦੇ ਕਾਰਨ (ਜਿਸ ਮਾਇਆ ਦੇ) ਹਨੇਰੇ ਖੂਹ ਵਿਚ ਤੂੰ ਪਿਆ ਹੋਇਆ ਹੈਂ, (ਉਹ) ਮਾਇਆ ਕਈ ਰੰਗਾਂ ਦੇ ਕੌਤਕ ਕਰਦੀ ਹੈ ।
ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ ॥
(ਤੈਨੂੰ) ਇਤਨਾ ਅਹੰਕਾਰ ਹੈ ਕਿ ਅਸਮਾਨ ਤਾਈਂ ਨਹੀਂ (ਤੂੰ) ਮਿਉਂਦਾ । ਢਿੱਡ ਵਿਸ਼ਟਾ, ਹੱਡੀਆਂ ਤੇ ਕੀੜਿਆਂ ਨਾਲ ਭਰਿਆ ਹੋਇਆ ਹੈ ।
ਦਹ ਦਿਸ ਧਾਇ ਮਹਾ ਬਿਖਿਆ ਕਉ ਪਰ ਧਨ ਛੀਨਿ ਅਗਿਆਨ ਹਰਿਓ ਹੈ ॥
ਤੂੰ ਮਾਇਆ ਦੀ ਖ਼ਾਤਰ ਦਸੀਂ ਪਾਸੀਂ ਦੌੜਦਾ ਹੈਂ, ਪਰਾਇਆ ਧਨ ਖੋਂਹਦਾ ਹੈਂ, ਤੈਨੂੰ ਅਗਿਆਨ ਨੇ ਠੱਗ ਲਿਆ ਹੈ ।
ਜੋਬਨ ਬੀਤਿ ਜਰਾ ਰੋਗਿ ਗ੍ਰਸਿਓ ਜਮਦੂਤਨ ਡੰਨੁ ਮਿਰਤੁ ਮਰਿਓ ਹੈ ॥
(ਤੇਰੀ) ਜੁਆਨੀ ਬੀਤ ਗਈ ਹੈ; ਬੁਢੇਪੇ-ਰੂਪ ਰੋਗ ਨੇ (ਤੈਨੂੰ) ਆ ਘੇਰਿਆ ਹੈ; (ਤੂੰ ਅਜੇਹੀ) ਮੌਤੇ ਮੁਇਆ ਹੈਂ (ਜਿੱਥੇ) ਤੈਨੂੰ ਜਮਦੂਤਾਂ ਦਾ ਡੰਨ ਭਰਨਾ ਪਏਗਾ ।
ਅਨਿਕ ਜੋਨਿ ਸੰਕਟ ਨਰਕ ਭੁੰਚਤ ਸਾਸਨ ਦੂਖ ਗਰਤਿ ਗਰਿਓ ਹੈ ॥
ਤੂੰ ਅਨੇਕਾਂ ਜੂਨਾਂ ਦੇ ਕਸ਼ਟ ਤੇ ਨਰਕ ਭੋਗਦਾ ਹੈਂ, ਜਮਾਂ ਦੀ ਤਾੜਨਾ ਦੇ ਦੁੱਖਾਂ ਦੇ ਟੋਏ ਵਿਚ ਗਲ ਰਿਹਾ ਹੈਂ ।
ਪ੍ਰੇਮ ਭਗਤਿ ਉਧਰਹਿ ਸੇ ਨਾਨਕ ਕਰਿ ਕਿਰਪਾ ਸੰਤੁ ਆਪਿ ਕਰਿਓ ਹੈ ॥੮॥
ਹੇ ਨਾਨਕ! ਉਹ ਮਨੁੱਖ ਪ੍ਰੇਮ-ਭਗਤੀ ਦੀ ਬਰਕਤਿ ਨਾਲ ਪਾਰ ਲੰਘ ਗਏ ਹਨ, ਜਿਨ੍ਹਾਂ ਨੂੰ (ਹਰੀ ਨੇ) ਮਿਹਰ ਕਰ ਕੇ ਆਪ ਸੰਤ ਬਣਾ ਲਿਆ ਹੈ ।੮।
ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ॥
ਸਾਡੀ ਆਸ ਪੂਰੀ ਹੋ ਗਈ ਹੈ, ਸਾਰੇ ਗੁਣ ਤੇ ਸਾਰੇ ਮਨੋਰਥਾਂ ਦੇ ਫਲ ਪ੍ਰਾਪਤ ਹੋ ਗਏ ਹਨ ।
ਅਉਖਧ ਮੰਤ੍ਰ ਤੰਤ੍ਰ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ ॥
ਪਰਾਏ ਦੁੱਖ ਦੂਰ ਕਰਨ ਲਈ (ਇਹ ਨਾਮ) ਅਉਖਧੀ ਰੂਪ ਹੈ, ਮੰਤ®-ਰੂਪ ਹੈ, ਨਾਮ ਸਾਰੇ ਰੋਗਾਂ ਦੇ ਨਾਸ ਕਰਨ ਵਾਲਾ ਹੈ ਤੇ ਗੁਣ ਪੈਦਾ ਕਰਨ ਵਾਲਾ ਹੈ ।