Sri Guru Granth Sahib Ji — Ang 1383 (punjabi)
ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥
ਉਹਨਾਂ ਕਬਰਾਂ ਵਿਚ ਜਿਨ੍ਹਾਂ ਤੋਂ ਨਫ਼ਰਤ ਕਰੀਦੀ ਹੈ ਰੂਹਾਂ ਸਦਾ ਲਈ ਜਾ ਬੈਠਣਗੀਆਂ ।
ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥
ਹੇ ਸ਼ੇਖ਼ (ਫਰੀਦ)! (ਰੱਬ ਦੀ) ਬੰਦਗੀ ਕਰ (ਇਹਨਾਂ ਮਹਲ-ਮਾੜੀਆਂ ਤੋਂ) ਅੱਜ ਭਲਕ ਕੂਚ ਕਰਨਾ ਹੋਵੇਗਾ ।੯੭।
ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥
ਹੇ ਫਰੀਦ! ਜਿਵੇਂ ਦਰਿਆ ਦਾ ਕਿਨਾਰਾ ਹੈ (ਜੋ ਪਾਣੀ ਦੇ ਵੇਗ ਨਾਲ ਢਹਿ ਰਿਹਾ ਹੁੰਦਾ ਹੈ) ਇਸੇ ਤਰ੍ਹਾਂ ਮੌਤ (-ਰੂਪ) ਨਦੀ ਦਾ ਕੰਢਾ ਹੈ
ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥
(ਮੌਤ) ਅਗਲੇ ਪਾਸੇ (ਵਿਕਾਰੀਆਂ ਵਾਸਤੇ) ਤਪੇ ਹੋਏ ਨਰਕ ਸੁਣੀਂਦੇ ਹਨ, ਉਥੇ ਉਹਨਾਂ ਦੀ ਹਾਹਾਕਾਰ ਤੇ ਰੌਲਾ ਪੈ ਰਿਹਾ ਹੈ ।
ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥
ਕਈ (ਭਾਗਾਂ ਵਾਲਿਆਂ) ਨੂੰ ਤਾਂ ਸਾਰੀ ਸਮਝ ਆ ਗਈ ਹੈ (ਕਿ ਇਥੇ ਕਿਵੇਂ ਜ਼ਿੰਦਗੀ ਗੁਜ਼ਾਰਨੀ ਹੈ, ਪਰ) ਕਈ ਬੇਪਰਵਾਹ ਫਿਰ ਰਹੇ ਹਨ ।
ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥
ਜੇਹੜੇ ਅਮਲ ਇਥੇ ਦੁਨੀਆ ਵਿਚ ਕਰੀਦੇ ਹਨ, ਉਹ ਰੱਬ ਦੀ ਦਰਗਾਹ ਵਿਚ (ਮਨੁੱਖ ਦੀ ਜ਼ਿੰਦਗੀ ਦੇ) ਗਵਾਹ ਬਣਦੇ ਹਨ ।੯੮।
ਫਰੀਦਾ ਦਰੀਆਵੈ ਕੰਨੑੈ ਬਗੁਲਾ ਬੈਠਾ ਕੇਲ ਕਰੇ ॥
ਹੇ ਫਰੀਦ! ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗੁਲਾ ਕਲੋਲ ਕਰਦਾ ਹੈ ,
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥
ਹੰਸ (ਵਰਗੇ ਚਿੱਟੇ ਬਗੁਲੇ) ਨੂੰ ਕਲੋਲ ਕਰਦੇ ਨੂੰ ਅਚਨ-ਚੇਤ ਬਾਜ਼ ਆ ਪੈਂਦੇ ਹਨ,
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
ਜਦੋਂ ਉਸ ਨੂੰ ਬਾਜ਼ ਆ ਕੇ ਪੈਂਦੇ ਹਨ, ਤਾਂ ਸਾਰੇ ਕਲੋਲ ਉਸ ਨੂੰ ਭੁੱਲ ਜਾਂਦੇ ਹਨ
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥
ਜੋ ਗੱਲਾਂ (ਮਨੁੱਖ ਦੇ ਕਦੇ) ਮਨ ਵਿਚ ਚਿੱਤ-ਚੇਤੇ ਵਿਚ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ ।੯੯।
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥
ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ ।
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿੑ ॥
ਬੰਦਾ ਜਗਤ ਵਿਚ ਕੋਈ ਸੋਹਣੀ ਜਿਹੀ ਆਸ ਬਣ ਕੇ ਆਇਆ ਹੈ ,
ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥
ਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦਿ®ਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ,
ਤਿਨੑਾ ਪਿਆਰਿਆ ਭਾਈਆਂ ਅਗੈ ਦਿਤਾ ਬੰਨਿੑ ॥
(ਮਨੁੱਖ ਦੇ) ਉਹ ਪਿਆਰੇ ਵੀਰ (ਮੌਤ ਦੇ ਫ਼ਰਿਸਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ ।
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਿੑ ॥
ਵੇਖੋ! ਬੰਦਾ ਚਹੁੰ ਮਨੁੱਖਾਂ ਦੇ ਮੋਢੇ ਤੇ ਤੁਰ ਪਿਆ ਹੈ ।
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥
ਹੇ ਫਰੀਦ! (ਪਰਮਾਤਮਾ ਦੀ) ਦਰਗਾਹ ਵਿਚ ਉਹੀ (ਭਲੇ) ਕੰਮ ਸਹਾਈ ਹੁੰਦੇ ਹਨ ਜੋ ਦੁਨੀਆ ਵਿਚ (ਰਹਿ ਕੇ) ਕੀਤੇ ਜਾਂਦੇ ਹਨ ।੧੦੦।
ਫਰੀਦਾ ਹਉ ਬਲਿਹਾਰੀ ਤਿਨੑ ਪੰਖੀਆ ਜੰਗਲਿ ਜਿੰਨੑਾ ਵਾਸੁ ॥
ਹੇ ਫਰੀਦ! ਮੈਂ ਉਹਨਾਂ ਪੰਛੀਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿਚ ਹੈ,
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥
ਰੋੜ ਚੁਗਦੇ ਹਨ, ਭੋਇਂ ਉੱਤੇ ਵੱਸਦੇ ਹਨ, (ਪਰ) ਰੱਬ ਦਾ ਆਸਰਾ ਨਹੀਂ ਛੱਡਦੇ ।੧੦੧।
ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥
ਹੇ ਫਰੀਦ! ਮੌਸਮ ਬਦਲ ਗਿਆ ਹੈ, ਜੰਗਲ (ਦਾ ਬੂਟਾ ਬੂਟਾ) ਹਿੱਲ ਗਿਆ ਹੈ, ਪੱਤਰ ਝੜ ਰਹੇ ਹਨ ।
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥
(ਜਗਤ ਦੇ) ਚਾਰੇ ਪਾਸੇ ਢੰੂਢ ਵੇਖੇ ਹਨ, ਥਿਰਤਾ ਕਿਤੇ ਭੀ ਨਹੀਂ ਹੈ ।੧੦੨।
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥
ਹੇ ਫਰੀਦ! ਪੱਟ ਦਾ ਕੱਪੜਾ ਪਾੜ ਕੇ ਮੈਂ ਲੀਰਾਂ ਕਰ ਦਿਆਂ, ਤੇ ਮਾੜੀ ਜਿਹੀ ਕੰਬਲੀ ਪਾ ਲਵਾਂ ।
ਜਿਨੑੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥
ਮੈਂ ਉਹੀ ਵੇਸ ਕਰ ਲਵਾਂ, ਜਿਨ੍ਹਾਂ ਵੇਸਾਂ ਨਾਲ (ਮੇਰਾ) ਖਸਮ ਪਰਮਾਤਮਾ ਮਿਲ ਪਏ ।੧੦੩।
ਮਃ ੩ ॥
ਤੀਜੀ ਪਾਤਿਸ਼ਾਹੀ।
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥
ਸਿਰ ਦਾ ਪੱਟ ਦਾ ਕਪੜਾ ਕਿਉਂ ਪਾੜੇ ਤੇ ਭੈੜੀ ਜਿਹੀ ਕੰਬਲੀ ਕਿਉਂ ਪਾਏ?
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥
ਹੇ ਨਾਨਕ! ਘਰ ਵਿਚ ਬੈਠਿਆਂ ਹੀ ਖਸਮ (-ਪਰਮਾਤਮਾ) ਮਿਲ ਪੈਂਦਾ ਹੈ, ਜੇ (ਜੀਵ-ਇਸਤ®ੀ ਆਪਣੀ) ਨੀਅਤ ਸਾਫ਼ ਕਰ ਲਏ (ਜੇ ਮਨ ਪਵਿਤ® ਕਰ ਲਏ) ।੧੦੪।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਫਰੀਦਾ ਗਰਬੁ ਜਿਨੑਾ ਵਡਿਆਈਆ ਧਨਿ ਜੋਬਨਿ ਆਗਾਹ ॥
ਹੇ ਫਰੀਦ! ਜਿਨ੍ਹਾਂ ਲੋਕਾਂ ਨੂੰ ਦੁਨੀਆਵੀ ਇੱਜ਼ਤ ਦਾ ਅਹੰਕਾਰ (ਰਿਹਾ), ਬੇਅੰਤ ਧਨ ਦੇ ਕਾਰਣ ਜਾਂ ਜੁਆਨੀ ਦੇ ਕਾਰਣ (ਕੋਈ) ਮਾਣ ਰਿਹਾ,
ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥
ਉਹ (ਜਗਤ ਵਿਚੋਂ) ਮਾਲਕ (ਦੀ ਮੇਹਰ) ਤੋਂ ਸੱਖਣੇ ਹੀ ਚਲੇ ਗਏ, ਜਿਵੇਂ ਟਿੱਬੇ ਮੀਂਹ (ਦੇ ਵੱਸਣ) ਪਿੱਛੋਂ (ਸੁੱਕੇ ਰਹਿ ਜਾਂਦੇ ਹਨ) ।੧੦੬।
ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥
ਹੇ ਫਰੀਦ! ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾਇਆ ਹੋਇਆ ਹੈ, ਉਹਨਾਂ ਦੇ ਮੂੰਹ ਡਰਾਉਣੇ ਲੱਗਦੇ ਹਨ,
ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥
ਉਹ ਇਥੇ (ਜਿਊਂਦੇ ਹਨ, ਉਹਨਾਂ ਨੂੰ) ਕਈ ਦੁੱਖ ਵਾਪਰਦੇ ਹਨ, ਤੇ ਅਗਾਂਹ ਵੀ ਉਹਨਾਂ ਨੂੰ ਕੋਈ ਥਾਂ-ਥਿੱਤਾ ਨਹੀਂ ਮਿਲਦਾ (ਭਾਵ, ਧੱਕੇ ਹੀ ਪੈਂਦੇ ਹਨ) ।੧੦੬।
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥
ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ) ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ ।
ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥
ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ) ।੧੦੭।
ਮਃ ੫ ॥
ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥
ਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ ।
ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥
ਜੇ ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ ।੧੦੮।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥
ਹੇ ਫਰੀਦ! ਦੁੱਖ ਤੇ ਸੁੱਖ ਨੂੰ ਇੱਕੋ ਜੇਹਾ ਜਾਣ, ਦਿਲ ਤੋਂ ਪਾਪ ਕੱਢ ਦੇਹ,
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥
ਜੋ ਰੱਬ ਦੀ ਰਜ਼ਾ ਵਿਚ ਵਰਤੇ ਉਸ ਨੂੰ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ ।੧੦੯।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥
ਹੇ ਫਰੀਦ! ਦੁਨੀਆ ਦੇ ਲੋਕ (ਵਾਜੇ ਹਨ ਜੋ ਮਾਇਆ ਦੇ) ਵਜਾਏ ਹੋਏ ਵੱਜ ਰਹੇ ਹਨ, ਤੂੰ ਭੀ ਉਹਨਾਂ ਦੇ ਨਾਲ ਹੀ ਵੱਜ ਰਿਹਾ ਹੈਂ,
ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥
ਉਹੀ (ਭਾਗਾਂ ਵਾਲਾ) ਜੀਵ (ਮਾਇਆ ਦਾ ਵਜਾਇਆ ਹੋਇਆ) ਨਹੀਂ ਵੱਜਦਾ, ਜਿਸ ਦੀ ਸੰਭਾਲ (ਰਾਖੀ) ਪਰਮਾਤਮਾ ਆਪ ਕਰਦਾ ਹੈ ।੧੧੦।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥
ਹੇ ਫਰੀਦ! ਦਿਲ ਦੁਨੀਆ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ? ਦੁਨੀਆ (ਅੰਤ ਵੇਲੇ) ਕਿਸੇ ਕੰਮ ਨਹੀਂ ਆਉਂਦੀ ।