Sri Guru Granth Sahib Ji — Ang 1381 (punjabi)
ਸਾਈ ਜਾਇ ਸਮੑਾਲਿ ਜਿਥੈ ਹੀ ਤਉ ਵੰਞਣਾ ॥੫੮॥
ਉਹ ਥਾਂ ਭੀ ਯਾਦ ਰੱਖ ਆਖ਼ਰ ਨੂੰ ਤੂੰ ਜਾਣਾ ਹੈ ।੫੮।
ਫਰੀਦਾ ਜਿਨੑੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
ਹੇ ਫਰੀਦ! ਉਹ ਕੋਝੇ ਕੰਮ ਛੱਡ ਦੇਹ, ਜਿਨ੍ਹਾਂ ਕੰਮਾਂ ਵਿਚ (ਜਿੰਦ ਵਾਸਤੇ ਕੋਈ) ਲਾਭ ਨਹੀਂ ਹੈ,
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥
ਮਤਾਂ ਖਸਮ (ਪਰਮਾਤਮਾ) ਦੇ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਏ ।੫੯।
ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥
ਹੇ ਫਰੀਦ! (ਇਹਨਾਂ ‘ਵਿਸੁ ਗੰਦਲਾਂ’ ਦੀ ਖ਼ਾਤਰ ਆਪਣੇ) ਦਿਲ ਦੀ ਭਟਕਣਾ ਦੂਰ ਕਰ ਕੇ ਮਾਲਕ (-ਪ੍ਰਭੂ) ਦੀ ਬੰਦਗੀ ਕਰ ।
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥
ਫ਼ਕੀਰਾਂ ਨੂੰ (ਤਾਂ) ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ ।੬੦।
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
ਹੇ ਫਰੀਦ! ਮੇਰੇ ਕੱਪੜੇ (ਤਾਂ) ਕਾਲੇ ਹਨ, ਮੇਰਾ ਵੇਸ ਕਾਲਾ ਹੈ ,
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥
ਮੈਂ ਗੁਨਾਹਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਜਗਤ ਮੈਨੂੰ ਫ਼ਕੀਰ ਆਖਦਾ ਹੈ ।੬੧।
ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ ॥
ਪਾਣੀ ਵਿਚ ਸੜੀ ਹੋਈ (ਖੇਤੀ ਫਿਰ) ਹਰੀ ਨਹੀਂ ਹੁੰਦੀ, ਭਾਵੇਂ (ਉਸ ਖੇਤੀ ਨੂੰ) ਪਾਣੀ ਵਿਚ (ਕੋਈ) ਡੋਬਾ ਦੇ ਦੇਵੇ ।
ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥੬੨॥
ਹੇ ਫਰੀਦ! ਰੱਬ ਤੋਂ ਵਿਛੁੜੀ ਹੋਈ ਹੈ, ਉਹ ਸਦਾ ਹੀ ਦੁਖੀ ਹੁੰਦੀ ਹੈ।੬੨।
ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ ॥
ਜਦੋਂ (ਲੜਕੀ) ਕੁਆਰੀ ਹੁੰਦੀ ਹੈ ਤਦੋਂ (ਉਸ ਨੂੰ ਵਿਆਹ ਦਾ) ਚਾਉ ਹੁੰਦਾ ਹੈ (ਪਰ ਜਦੋਂ) ਵਿਆਹੀ ਜਾਂਦੀ ਹੈ ਤਾਂ ਜੰਜਾਲ ਪੈ ਜਾਂਦੇ ਹਨ ।
ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ ॥੬੩॥
ਹੇ ਫਰੀਦ! (ਉਸ ਵੇਲੇ) ਇਹੀ ਪਛੁਤਾਵਾ ਹੁੰਦਾ ਹੈ ਕਿ ਉਹ ਮੁੜ ਕੁਆਰੀ ਨਹੀਂ ਹੋ ਸਕਦੀ ।੬੩।
ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥
ਕੱਲਰ ਦੀ ਛੱਪਰੀ ਵਿਚ ਹੰਸ ਆ ਉਤਰਦੇ ਹਨ,
ਚਿੰਜੂ ਬੋੜਨਿੑ ਨਾ ਪੀਵਹਿ ਉਡਣ ਸੰਦੀ ਡੰਝ ॥੬੪॥
ਚੰੁਝ ਡੋਬਦੇ ਹਨ, (ਪਰ, ਉਹ ਮੈਲਾ ਪਾਣੀ) ਨਹੀਂ ਪੀਂਦੇ, ਉਹਨਾਂ ਨੂੰ ਉਥੋਂ ਉੱਡ ਜਾਣ ਦੀ ਤਾਂਘ ਲੱਗੀ ਰਹਿੰਦੀ ਹੈ ।੬੪।
ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥
ਹੰਸ ਉੱਡ ਕੇ ਕੋਧਰੇ ਦੀ ਪੈਲੀ ਵਿਚ ਜਾ ਬੈਠਾ ਤਾਂ ਦੁਨੀਆ ਦੇ ਬੰਦੇ ਉਸ ਨੂੰ ਉਡਾਣ ਜਾਂਦੇ ਹਨ ।
ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥੬੫॥
ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ ।੬੫।
ਚਲਿ ਚਲਿ ਗਈਆਂ ਪੰਖੀਆਂ ਜਿਨੑੀ ਵਸਾਏ ਤਲ ॥
ਹੇ ਫਰੀਦ! ਜਿਨ੍ਹਾਂ (ਜੀਵ-) ਪੰਛੀਆਂ ਦੀਆਂ ਡਾਰਾਂ ਨੇ ਇਸ (ਸੰਸਾਰ-) ਤਲਾਬ ਨੂੰ ਸੁਹਾਵਣਾ ਬਣਾਇਆ ਹੋਇਆ ਹੈ, ਉਹ ਆਪੋ ਆਪਣੀ ਵਾਰੀ (ਇਸ ਨੂੰ ਛੱਡ ਕੇ) ਟੁਰੀਆਂ ਜਾ ਰਹੀਆਂ ਹਨ ।
ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥
ਸਰੋਵਰ ਭੀ ਸੁੱਕ ਜਾਇਗਾ ਤੇ ਪਿੱਛੇ ਰਹੇ ਹੋਏ ਇਕੱਲੇ ਕਉਲ ਫੁਲ ਭੀ ਕੁਮਲਾ ਜਾਣਗੇ ।੬੬।
ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥
ਹੇ ਫਰੀਦ! ਸਿਰ ਹੇਠ ਇੱਟ ਹੋਵੇਗੀ, ਧਰਤੀ ਵਿਚ (ਭਾਵ, ਤੂੰ ਕਬਰ ਵਿਚ) ਸੁੱਤਾ ਪਿਆ ਹੋਵੇਂਗਾ, ਪਿੰਡੇ ਵਿਚ ਕੀੜੇ ਤੁਰਦੇ ਹੋਣਗੇ ।
ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥
ਇੱਕੋ ਪਾਸੇ ਪਿਆਂ ਢੇਰ ਲੰਮਾ ਸਮਾਂ ਲੰਘ ਜਾਇਗਾ (ਤਦੋਂ ਤੈਨੂੰ ਕਿਸੇ ਜਗਾਣਾ ਨਹੀਂ, ਹੁਣ ਤਾਂ ਗ਼ਾਫ਼ਿਲ ਹੋ ਕੇ ਨਾ ਸਉਂ) ।੬੭।
ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥
ਹੇ ਫਰੀਦ! ਸੰੁਦਰ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਅਤੇ ਸੁਆਸਾਂ ਦੀ) ਸੋਹਣੀ ਲੱਜ ਟੁੱਟ ਗਈ ਹੈ?
ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥
ਅੱਜ ਕਿਸ ਦੇ ਘਰ (ਮੌਤ ਦਾ) ਫ਼ਰਿਸਤਾ ਅਜ਼ਰਾਈਲ ਪ੍ਰਾਹੁਣਾ ਹੈ? ਤਾਂ ਨੂੰ ਕਿਉਂ ਗ਼ਾਫ਼ਿਲ ਹੋ ਕੇ ਸੁੱਤਾ ਪਿਆ ਹੈਂ? ।੬੮।
ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ ॥
ਹੇ ਫਰੀਦ! (ਵੇਖ, ਕਿਸ ਦਾ ਸਰੀਰ-ਰੂਪ) ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਤੇ ਸੁਆਸਾਂ-ਰੂਪ) ਸੋਹਣੀ ਲੱਜ ਟੁੱਟ ਗਈ ਹੈ?
ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ ॥੬੯॥
ਜਿਹੜੇ ਭਰਾ (ਨਮਾਜ਼ ਵਲੋਂ ਗ਼ਾਫ਼ਿਲ ਹੋ ਕੇ) ਧਰਤੀ ਉਤੇ (ਨਿਰਾ) ਭਾਰ ਹੀ ਬਣੇ ਰਹੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲੇਗਾ ।੬੯।
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
ਜੋ ਕਦੇ ਭੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦੇ ਉਹ ਕੁੱਤਿਆਂ (ਸਮਾਨ) ਹਨ, ਉਹਨਾਂ ਦਾ ਇਹ ਜੀਊਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ ।
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥
ਹੇ ਫਰੀਦ! ਜੋ ਬੰਦੇ ਨਿਮਾਜ਼ ਨਹੀਂ ਪੜ੍ਹਦੇ (ਭਾਵ, ਜੋ ਬੰਦਗੀ ਵਲੋਂ ਗ਼ਾਫ਼ਿਲ ਹਨ) ਜੋ ਕਦੇ ਭੀ ਉੱਦਮ ਕਰ ਕੇ ਪੰਜੇ ਵੇਲੇ ਮਸੀਤ ਨਹੀਂ ਆਉਂਦੇ।੭੦।
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥
ਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ ।
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥
ਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ ।੭੧।
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥
ਜੋ ਸਿਰ (ਬੰਦਗੀ ਵਿਚ) ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਸ ਸਿਰ ਦਾ ਕੋਈ ਲਾਭ ਨਹੀਂ ।
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥੭੨॥
ਉਸ ਸਿਰ ਨੂੰ ਹਾਂਡੀ ਹੇਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਏ (ਭਾਵ, ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ) ।੭੨।
ਫਰੀਦਾ ਕਿਥੈ ਤੈਡੇ ਮਾਪਿਆ ਜਿਨੑੀ ਤੂ ਜਣਿਓਹਿ ॥
ਹੇ ਫਰੀਦ! ਤੇਰੇ (ਆਪਣੇ) ਮਾਪੇ ਕਿੱਥੇ ਹਨ, ਜਿਨ੍ਹਾਂ ਤੈਨੂੰ ਜੰਮਿਆ ਸੀ ।
ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥੭੩॥
ਉਹ ਤੇਰੇ ਮਾਪੇ ਤੇਰੇ ਪਾਸੋਂ ਕਦੇ ਦੇ ਚਲੇ ਗਏ ਹਨ । ਤੈਨੂੰ ਅਜੇ ਭੀ ਯਕੀਨ ਨਹੀਂ ਆਇਆ ।੭੩।
ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥
ਹੇ ਫਰੀਦ! ਮਨ ਨੂੰ ਪੱਧਰਾ ਕਰ ਦੇਹ (ਅਤੇ ਇਸ ਦੇ) ਉੱਚੇ ਨੀਵੇਂ ਥਾਂ ਦੂਰ ਕਰ ਦੇਹ,
ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੭੪॥
ਤੇਰੇ ਜੀਵਨ-ਸਫ਼ਰ ਵਿਚ ਦੋਜ਼ਕ ਦੀ ਅੱਗ ਬਿਲਕੁਲ ਨਹੀਂ ਆਵੇਗੀ।੭੪।
ਮਹਲਾ ੫ ॥
ਪੰਜਵੀਂ ਪਾਤਿਸ਼ਾਹੀ।
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥
ਹੇ ਫਰੀਦ! ਪਰਮਾਤਮਾ (ਸਾਰੀ) ਖ਼ਲਕਤ ਵਿਚ ਮੌਜੂਦ ਹੈ, ਅਤੇ ਖ਼ਲਕਤ ਪਰਮਾਤਮਾ ਵਿਚ ਵੱਸ ਰਹੀ ਹੈ ।
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥
ਜਦੋਂ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਦੂਜਾ ਨਹੀਂ ਹੈ, ਤਾਂ ਕਿਸ ਜੀਵ ਨੂੰ ਭੈੜਾ ਕਿਹਾ ਜਾਏ?।੭੫।
ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥
ਹੇ ਫਰੀਦ! (ਆਖ—) (ਹੇ ਦਾਈ!) ਜਿਸ ਦਿਨ ਮੇਰਾ ਨਾੜੂ ਕੱਟਿਆ ਸੀ, ਜੇ ਰਤਾ ਕੁ ਮੇਰਾ ਗਲ ਵੱਢ ਦੇਂਦੀEਂ,
ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥੭੬॥
ਨਾਹ ਇਤਨੇ ਝੰਬੇਲੇ ਪੈਂਦੇ ਅਤੇ ਨਾਹ ਹੀ ਮੈਂ ਇਤਨੇ ਦੁੱਖ ਸਹਾਰਦਾ ।੭੬।
ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥
ਉਹ ਦੰਦ, ਲੱਤਾਂ, ਅੱਖਾਂ ਤੇ ਕੰਨ (ਜਿਨ੍ਹਾਂ ਦੇ ਮਾਣ ਦੇ ਇਹ ਟੋਏ ਟਿੱਬੇ ਬਣੇ ਸਨ) ਕੰਮ ਕਰਨੋਂ ਰਹਿ ਗਏ ਹਨ ।
ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ ॥੭੭॥
ਸਰੀਰ ਨੇ ਢਾਹ ਮਾਰੀ ਹੈ ਉਹ ਮਿੱਤਰ ਤੁਰ ਗਏ ਹਨ (ਭਾਵ, ਕੰਮ ਦੇਣੋਂ ਰਹਿ ਗਏ ਹਨ, ਜਿਨ੍ਹਾਂ ਤੇ ਮੈਨੂੰ ਮਾਣ ਸੀ) ।੭੭।
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ । ਗੁੱਸਾ ਮਨ ਵਿਚ ਨਾਹ ਆਉਣ ਦੇਹ ।