Sri Guru Granth Sahib Ji — Ang 1379 (punjabi)
ਧਿਗੁ ਤਿਨੑਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥
ਸੋ, ਜੋ ਲੋਕ ਦੂਜਿਆਂ ਦੀ ਆਸ ਤੱਕਦੇ ਹਨ ਉਹਨਾਂ ਦੇ ਜੀਉਣ ਨੂੰ ਫਿਟਕਾਰ ਹੈ, (ਆਸ ਇਕ ਰੱਬ ਦੀ ਰੱਖੋ) ।੨੧।
ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥
ਹੇ ਫਰੀਦ! ਜੇ ਮੈਂ ਆਏ ਸੱਜਣਾਂ ਤੋਂ ਕਦੇ ਕੁਝ ਲੁਕਾ ਰੱਖਾਂ,
ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥
ਮੇਰਾ ਸਰੀਰ (ਇਉਂ) ਸੜਦਾ ਹੈ ਜਿਵੇਂ ਬਲਦੇ ਕੋਲਿਆਂ ਉੱਤੇ ਮਜੀਠ ।੨੨।
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥
ਹੇ ਫਰੀਦ!ਜੋ ਜੱਟ ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ,
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥
ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੰੁਦਾ ਹੈ ।੨੩।
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥
ਹੇ ਫਰੀਦ! (ਵਰਖਾ ਦੇ ਕਾਰਨ) ਗਲੀ ਵਿਚ ਚਿੱਕੜ ਹੈ, (ਇਥੋਂ ਪਿਆਰੇ ਦਾ) ਘਰ ਦੂਰ ਹੈ (ਪਰ) ਪਿਆਰੇ ਨਾਲ (ਮੇਰਾ) ਪਿਆਰ (ਬਹੁਤ) ਹੈ ।
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥
ਜੇ ਮੈਂ (ਪਿਆਰੇ ਨੂੰ ਮਿਲਣ) ਜਾਵਾਂ ਤਾਂ ਮੇਰੀ ਕੰਬਲੀ ਭਿੱਜਦੀ ਹੈ, ਜੇ (ਵਰਖਾ ਤੇ ਚਿੱਕੜ ਤੋਂ ਡਰਦਾ) ਨਾਹ ਜਾਵਾਂ ਤਾਂ ਮੇਰਾ ਪਿਆਰ ਟੁੱਟਦਾ ਹੈ ।੨੪।
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥
ਕੰਬਲੀ ਬੇਸ਼ੱਕ ਚੰਗੀ ਤਰ੍ਹਾਂ ਭਿੱਜ ਜਾਏ, ਰੱਬ ਕਰੇ ਮੀਂਹ (ਭੀ) ਬੇਸ਼ੱਕ ਵਰ੍ਹਦਾ ਰਹੇ,
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥
ਮੈਂ ਉਨ੍ਹਾਂ ਸੱਜਣਾਂ ਨੂੰ ਜ਼ਰੂਰ ਮਿਲਾਂਗਾ, (ਤਾਕਿ ਕਿਤੇ) ਮੇਰਾ ਪਿਆਰ ਨ ਟੁੱਟ ਜਾਏ ।੨੫।
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥
ਹੇ ਫਰੀਦ! ਮੈਨੂੰ (ਆਪਣੀ) ਪੱਗ ਦਾ ਫ਼ਿਕਰ (ਰਹਿੰਦਾ) ਹੈ (ਕਿ ਮਿੱਟੀ ਨਾਲ ਮੇਰੀ ਪੱਗ) ਕਿਤੇ ਮੈਲੀ ਨਾ ਹੋ ਜਾਏ,
ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥
ਪਰ ਕਮਲੀ ਜਿੰਦ ਇਹ ਨਹੀਂ ਜਾਣਦੀ ਕਿ ਮਿੱਟੀ (ਤਾਂ) ਸਿਰ ਨੂੰ ਭੀ ਖਾ ਜਾਂਦੀ ਹੈ ।੨੬।
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ ॥
ਹੇ ਫਰੀਦ! ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਮਾਝਾ ਦੁੱਧ
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥
ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ । ਪਰ, ਹੇ ਰੱਬ! (ਮਿਠਾਸ ਵਿਚ ਇਹ ਚੀਜ਼ਾਂ) ਤੇਰੇ (ਨਾਮ ਦੀ ਮਿਠਾਸ) ਤਕ ਨਹੀਂ ਅੱਪੜ ਸਕਦੀਆਂ ।੨੭।
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥
ਹੇ ਫਰੀਦ! (ਆਪਣੇ ਹੱਥਾਂ ਦੀ ਕਮਾਈ ਹੋਈ) ਮੇਰੀ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ, ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ ।
ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥
ਜੋ ਲੋਕ ਚੰਗੀ-ਚੋਖੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ ।੨੮।
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥
ਹੇ ਫਰੀਦ! (ਆਪਣੀ ਕਮਾਈ ਦੀ) ਰੁੱਖੀ-ਸੁੱਖੀ ਹੀ ਖਾ ਕੇ ਠੰਢਾ ਪਾਣੀ ਪੀ ਲੈ ।
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥
ਪਰ ਪਰਾਈ ਸੁਆਦਲੀ ਰੋਟੀ ਵੇਖ ਕੇ ਆਪਣਾ ਮਨ ਨਾਹ ਤਰਸਾਈਂ ।੨੯।
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥
ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ ਹੁਣ ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ ।
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥
ਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ ।੩੦।
ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥
ਪਰ ਉਸ ਨੂੰ ਨਾਹ ਸਹੁਰੇ ਘਰ ਤੇ ਨਾਹ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਮਿਲਦਾ ਹੈ
ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥
ਜਿਸ ਇਸਤ®ੀ ਦੀ ਮਾੜੀ ਜਿਹੀ ਵਾਤ ਭੀ ਪਤੀ ਨਹੀਂ ਪੁੱਛਦਾ, ਉਹ ਆਪਣਾ ਨਾਮ ਬੇਸ਼ੱਕ ਸੁਹਾਗਣ ਰੱਖੀ ਰੱਖੇ।੩੧।
ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥
ਜੋ ਇਸ ਲੋਕ ਤੇ ਪਰਲੋਕ ਵਿਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ ,ਖਸਮ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਤੇ ਬਹੁਤ ਡੰੂਘਾ ਹੈ।
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥
ਹੇ ਨਾਨਕ! ਸੋਹਾਗਣ (ਜੀਵ-ਇਸਤ®ੀ) ਉਹੀ ਹੈ ਜੋ ਉਸ ਬੇ-ਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ।੩੨।
ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥
(ਜੋ ਜੀਵ-ਇਸਤ®ੀ) ਨ੍ਹਾ ਧੋ ਕੇ (ਪਤੀ ਮਿਲਣ ਦੀ ਆਸ ਵਿਚ) ਤਿਆਰ ਹੋ ਬੈਠੀ, (ਪਰ ਫਿਰ) ਬੇ-ਫ਼ਿਕਰ ਹੋ ਕੇ ਸਉਂ ਗਈ,
ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥੩੩॥
ਹੇ ਫਰੀਦ! ਉਸ ਦੀ ਕਸਤੂਰੀ ਵਾਲੀ ਸੁਗੰਧੀ ਤਾਂ ਉੱਡ ਗਈ, ਉਹ ਹਿੰਙ ਦੀ (ਬੋ ਨਾਲ) ਭਰੀ ਰਹਿ ਗਈ ।੩੩।
ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥
ਜੇ ਖਸਮ (ਪ੍ਰਭੂ) ਨਾਲ ਮੇਰੀ ਪ੍ਰੀਤ ਨਾਹ ਟੁੱਟੇ ਤਾਂ ਮੈਨੂੰ ਜੁਆਨੀ ਦੇ (ਗੁਜ਼ਰ) ਜਾਣ ਦਾ ਡਰ ਨਹੀਂ ਹੈ ।
ਫਰੀਦਾ ਕਿਤਂੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥
ਹੇ ਫਰੀਦ! (ਪ੍ਰਭੂ ਦੀ) ਪ੍ਰੀਤਿ ਤੋਂ ਸੱਖਣੇ ਕਿਤਨੇ ਹੀ ਜੋਬਨ ਕੁਮਲਾ ਕੇ ਸੁੱਕ ਗਏ ।੩੪।
ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥
ਹੇ ਫਰੀਦ! (ਪ੍ਰਭੂ ਦੀ ਯਾਦ ਭੁਲਾ ਕੇ) ਚਿੰਤਾ (ਅਸਾਡੀ) ਨਿੱਕੀ ਜਿਹੀ ਮੰਜੀ (ਬਣੀ ਹੋਈ ਹੈ), ਦੁੱਖ (ਉਸ ਮੰਜੇ ਦਾ) ਵਾਣ ਹੈ ਅਤੇ ਵਿਛੋੜੇ ਦੇ ਕਾਰਣ (ਦੁੱਖ ਦੀ) ਤੁਲਾਈ ਤੇ ਲੇਫ਼ ਹੈ ।
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥
ਹੇ ਸੱਚੇ ਮਾਲਿਕ! ਵੇਖ, (ਤੈਥੋਂ ਵਿਛੁੜ ਕੇ) ਇਹ ਹੈ ਅਸਾਡਾ ਜੀਊਣ (ਦਾ ਹਾਲ) ।੩੫।
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥
ਹਰ ਕੋਈ ਆਖਦਾ ਹੈ (ਹਾਇ!) ਵਿਛੋੜਾ (ਬੁਰਾ) (ਹਾਇ!) ਵਿਛੋੜਾ (ਬੁਰਾ) । ਪਰ ਹੇ ਵਿਛੋੜੇ! ਤੂੰ ਪਾਤਸ਼ਾਹ ਹੈਂ ,
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥
ਹੇ ਫਰੀਦ! ਜਿਸ ਸਰੀਰ ਵਿਚ ਵਿਛੋੜੇ ਦਾ ਸੱਲ ਨਹੀਂ ਪੈਦਾ ਹੁੰਦਾ ,ਉਸ ਸਰੀਰ ਨੂੰ ਮਸਾਣ ਸਮਝੋ ।੩੬।
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥
ਹੇ ਫਰੀਦ! ਇਹ ਦੁਨੀਆ ਦੇ ਪਦਾਰਥ (ਮਾਨੋ,) ਜ਼ਹਿਰ-ਭਰੀਆਂ ਗੰਦਲਾਂ ਹਨ, ਜੋ ਖੰਡ ਨਾਲ ਗਲੇਫ਼ ਰੱਖੀਆਂ ਹਨ ।
ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥
ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ, ਬੀਜੀਆਂ ਨੂੰ (ਵਿਚੇ ਹੀ) ਛੱਡ ਗਏ ।੩੭।
ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥
ਹੇ ਫਰੀਦ! ਚਾਰ (ਪਹਿਰ ਦਿਨ) ਤੂੰ ਦੌੜ-ਭੱਜ ਕੇ ਵਿਅਰਥ ਗੁਜ਼ਾਰ ਦਿੱਤਾ ਹੈ, ਤੇ ਚਾਰ (ਪਹਿਰ ਰਾਤਿ) ਸਉਂ ਕੇ ਗਵਾ ਦਿੱਤੀ ਹੈ ।
ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥੩੮॥
ਪਰਮਾਤਮਾ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਆਇਆ ਸੈਂ ।੩੮।
ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥
ਹੇ ਫਰੀਦ! ਕੀ (ਕਿਸੇ) ਬੂਹੇ ਤੇ (ਕਿਸੇ) ਦਰਵਾਜ਼ੇ ਤੇ ਜਾ ਕੇ (ਕਦੇ) ਘੜੀਆਲ (ਵੱਜਦਾ) ਵੇਖਿਆ ਈ?
ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥
ਇਹ (ਘੜਿਆਲ) ਬੇ-ਦੋਸਾ (ਹੀ) ਮਾਰ ਖਾਂਦਾ ਹੈ, (ਭਲਾ) ਅਸਾਡਾ ਦੋਸੀਆਂ ਦਾ ਕੀਹ ਹਾਲ? ।੩੯।
ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥
ਹਰੇਕ ਘੜੀ ਪਿਛੋਂ ਮਾਰ ਪੈਂਦੀ ਹੈ, ਹਰੇਕ ਪਹਿਰ ਮਗਰੋਂ (ਇਹ) ਕੁੱਟ ਖਾਂਦਾ ਹੈ ।
ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥੪੦॥
ਘੜੀਆਲ ਵਾਂਗ ਹੀ ਹੈ ਉਹ ਸਰੀਰ , ਉਸ ਦੀ (ਜ਼ਿੰਦਗੀ-ਰੂਪ) ਰਾਤਿ ਦੁੱਖਾਂ ਵਿਚ ਹੀ ਬੀਤਦੀ ਹੈ ।੪੦।