Sri Guru Granth Sahib Ji — Ang 1376 (punjabi)
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥
ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ।੨੧੩।
ਮਹਲਾ ੫ ॥
ਪੰਜਵੀਂ ਪਾਤਿਸ਼ਾਹੀ।
ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥
ਹੇ ਕਬੀਰ! ਨਾਹ ਕੋਈ ਅਸਾਡਾ ਸਦਾ ਦਾ ਸਾਥੀ ਹੈ ਅਤੇ ਨਾਹ ਹੀ ਅਸੀ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ ,
ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪॥
ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ।੨੧੪।
ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ ॥
ਹੇ ਕਬੀਰ! ਆਟਾ ਚਿੱਕੜ ਵਿਚ ਡਿੱਗ ਪਿਆ, ਉਸ (ਵਿਚਾਰੀ) ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ ।
ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ ॥੨੧੫॥
ਚੱਕੀ ਪੀਂਹਦਿਆਂ ਪੀਂਹਦਿਆਂ ਜਿਤਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ! ਉਹੀ ਉਸ ਦੇ ਕੰਮ ਆਇਆ ।੨੧੫।
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
ਹੇ ਕਬੀਰ! ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਭੀ (ਠੱਗੀ ਦੀ ਕਮਾਈ ਵਾਲਾ) ਪਾਪ ਕਰੀ ਜਾਂਦਾ ਹੈ ।
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥
ਉਸ ਦੀਵੇ ਤੋਂ ਕੀਹ ਸੁਖ ਜੇ ਉਸ ਦੀਵੇ ਦੇ ਅਸਾਡੇ ਹੱਥ ਵਿਚ ਹੁੰਦਿਆਂ ਭੀ ਅਸੀ ਖੂਹ ਵਿਚ ਡਿੱਗ ਪਏ? ।੨੧੬।
ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ ॥
ਹੇ ਕਬੀਰ! ਮੂਰਖ ਜਗਤ ਘਟ ਘਟ ਦੀ ਜਾਨਣ ਵਾਲੇ ਪਰਮਾਤਮਾ ਨਾਲ ਬਣੀ ਪ੍ਰੀਤ ਦੇ ਰਸਤੇ ਵਿਚ ਰੋਕ ਪਾਂਦਾ ਹੈ;
ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥੨੧੭॥
ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ-ਜਾਨ ਹੈ ਉਸ ਨਾਲੋਂ ਵਿਛੜੀ ਹੋਈ (ਕਿਸੇ ਹਾਲਤ ਵਿਚ ਭੀ) ਇਹ ਸੋਹਣੀ ਨਹੀਂ ਲੱਗ ਸਕਦੀ (ਸੌਖੀ ਨਹੀਂ ਰਹਿ ਸਕਦੀ) ।੨੧੭।
ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ ॥
ਹੇ ਕਬੀਰ! (ਉਸ ਜਿੰਦ ਦਾਤੇ ਨੂੰ ਭੁਲਾ ਕੇ) ਘਰ ਮਹਲ-ਮਾੜੀਆਂ ਬੜੇ ਸ਼ੌਕ ਨਾਲ ਸਜਾ ਸਜਾ ਕੇ ਕਿਉਂ ਆਤਮਕ ਮੌਤੇ ਮਰ ਰਹੇ ਹੋ?
ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥੨੧੮॥
ਤੁਹਾਡੀ ਆਪਣੀ ਲੋੜ ਤਾਂ ਸਾਢੇ ਤਿੰਨ ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ,ਪਰ ਜੇ (ਤੁਹਾਡਾ ਕੱਦ ਕੁਝ ਲੰਮਾ ਹੈ, ਜੇ) ਤੁਹਾਨੂੰ ਕੁਝ ਵਧੀਕ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ ਪੌਣੇ ਚਾਰ ਹੱਥ ਵਰਤ ਲੈਂਦੇ ਹੋਵੋਗੇ ।੨੧੮।
ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥
ਹੇ ਕਬੀਰ! ਮੇਰੇ ਸੋਚਾਂ ਸੋਚਣ ਨਾਲ ਕੁੱਝ ਨਹੀਂ ਬਣਦਾ; ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ,
ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ ॥੨੧੯॥
ਪ੍ਰਭੂ ਉਹ ਕੁਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਜੋ ਕੁਝ ਉਹ ਪਰਮਾਤਮਾ ਸੋਚਦਾ ਹੈ ਉਹ ਅਸਾਡੇ ਚਿੱਤ-ਚੇਤੇ ਭੀ ਨਹੀਂ ਹੁੰਦਾ ।੨੧੯।
ਮਃ ੩ ॥
ਤੀਜੀ ਪਾਤਿਸ਼ਾਹੀ।
ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥
ਹੇ ਕਬੀਰ! ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਦੁਨੀਆ ਦੇ ਫ਼ਿਕਰ-ਸੋਚਾਂ ਪੈਦਾ ਕਰਦਾ ਹੈ, ਉਹ ਅਵਸਥਾ ਭੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਜਦੋਂ ਮਨੁੱਖ ਇਹਨਾਂ ਫ਼ਿਕਰ-ਸੋਚਾਂ ਤੋਂ ਰਹਿਤ ਹੋ ਜਾਂਦਾ ਹੈ ।
ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥੨੨੦॥
ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸੇ ਦੇ ਗੁਣ ਗਾਣੇ ਚਾਹੀਦੇ ਹਨ ।੨੨੦।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ ॥
ਹੇ ਕਬੀਰ! ਜੋ ਮਨੁੱਖ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ,ਲਾਲਚ ਵਿਚ ਭਟਕਦਾ ਫਿਰਦਾ ਹੈ ।
ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥੨੨੧॥
ਪਾਪ ਕਰਦਿਆਂ ਕਰਦਿਆਂ ਉਹ (ਭਾਗ-ਹੀਣ) ਆਤਮਕ ਮੌਤੇ ਮਰ ਜਾਂਦਾ ਹੈ , ਅਤੇ ਉਹ ਵਿਕਾਰਾਂ ਵਿਚ ਰੱਜਦਾ ਭੀ ਨਹੀਂ ਕਿ ਅਚਨਚੇਤ ਉਮਰ ਮੁੱਕ ਜਾਂਦੀ ਹੈ ।੨੨੧।
ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ ॥
ਹੇ ਕਬੀਰ! ਇਹ ਸਰੀਰ ਕੱਚਾ ਲੋਟਾ (ਸਮਝ ਲੈ), ਇਸ ਦਾ ਅਸਲਾ ਨਿਰੋਲ ਕੱਚੀ ਮਿੱਟੀ (ਮਿਥ ਲੈ) ।
ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ ॥੨੨੨॥
ਜੇ ਤੂੰ ਇਸ ਨੂੰ (ਬਾਹਰਲੇ ਭੈੜੇ ਅਸਰਾਂ ਤੋਂ) ਪਵ੍ਰਿਤ ਰੱਖਣਾ ਲੋੜਦਾ ਹੈਂ ਤਾਂ ਪਰਮਾਤਮਾ ਦਾ ਨਾਮ ਸਿਮਰ, ਨਹੀਂ ਤਾਂ ਖੇਡ ਵਿਗੜੀ ਹੀ ਜਾਣ ਲੈ।੨੨੨।
ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥
ਹੇ ਕਬੀਰ! ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ, ਕਿਸੇ ਵੇਲੇ ਭੀ ਵਿਕਾਰਾਂ ਵਲੋਂ ਬੇ-ਪਰਵਾਹ ਨਾਹ ਹੋਈਏ ।
ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥੨੨੩॥
ਜੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ ।੨੨੩।
ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥
ਹੇ ਕਬੀਰ! ਇਹ ਮਨੁੱਖਾ ਸਰੀਰ, ਮਾਨੋ, ‘ਕਜਲੀ ਬਨੁ’ ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਆਪਣੇ ਮਦ ਵਿਚ ਮੱਤਾ ਹੋਇਆ ਫਿਰਦਾ ਹੈ ।
ਅੰਕਸੁ ਗੵਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥
ਇਸ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ, ਕੋਈ ਭਾਗਾਂ ਵਾਲਾ ਗੁਰਮੁਖਿ ਚਲਾਣ-ਜੋਗਾ ਹੁੰਦਾ ਹੈ ।੨੨੪।
ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਖੋਲਿ ॥
ਹੇ ਕਬੀਰ! ਪਰਮਾਤਮਾ ਦਾ ਨਾਮ ਸਭ ਤੋਂ ਕੀਮਤੀ ਪਦਾਰਥ ਹੈ, ਆਪਣੇ ਮੂੰਹ ਨੂੰ ਗੁੱਥੀ ਬਣਾ ਤੇ ਇਸ ਰਤਨ ਦੀ ਕਦਰ-ਕੀਮਤ ਜਾਣਨ ਵਾਲੇ ਕਿਸੇ ਗੁਰਮੁਖਿ ਦੇ ਅੱਗੇ ਹੀ ਮੂੰਹ ਖੋਲ੍ਹਣਾ,
ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ ॥੨੨੫॥
ਜਦੋਂ ਨਾਮ-ਰਤਨ ਦੀ ਕਦਰ ਜਾਨਣ ਵਾਲਾ ਕੋਈ ਗਾਹਕ ਸਤਸੰਗ ਵਿਚ ਆ ਅੱਪੜਦਾ ਹੈ ਤਾਂ ਉਹ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਨਾਮ ਰਤਨ ਨੂੰ ਖ਼ਰੀਦਦਾ ਹੈ ।੨੨੫।
ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ ॥
ਹੇ ਕਬੀਰ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਰਤਨ ਦੀ ਕਦਰ-ਕੀਮਤ ਨਹੀਂ ਪੈਂਦੀ, ਉਹ ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ;
ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ ॥੨੨੬॥
ਦੁਨੀਆ ਦੇ ਧੰਧਿਆਂ ਵਿਚ ਹੀ ਖਪ ਖਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ, ਇਹਨਾਂ ਖਪਾਣਿਆਂ ਵਿਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਰਾਮ-ਨਾਮ ਦੀ ਆਵਾਜ਼ ਨਹੀਂ ਨਿਕਲਦੀ ।੨੨੬।
ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ ॥
ਹੇ ਕਬੀਰ! ਉਸ ਦੀ ਉਮਰ ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ ਬੀਤ ਜਾਂਦੀ ਹੈ;
ਮਨੁ ਜੰਜਾਲੁ ਨ ਛੋਡਈ ਜਮ ਦੀਆ ਦਮਾਮਾ ਆਇ ॥੨੨੭॥
ਫਿਰ ਭੀ ਉਸ ਦਾ ਮਨ (ਕੁਟੰਬ ਦਾ) ਜੰਜਾਲ ਨਹੀਂ ਛੱਡਦਾ, ਆਖ਼ਰ ਜਮ ਮੌਤ ਦਾ ਨਗਾਰਾ ਆ ਵਜਾਂਦੇ ਹਨ ।੨੨੭।
ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥
ਹੇ ਕਬੀਰ! ਪ੍ਰਭੂ ਦਾ ਨਾਮ ਇਕ ਸੋਹਣਾ ਰੁੱਖ ਹੈ ,ਵੈਰਾਗ-ਰੂਪ ਫਲ ਹੈ,
ਛਾਇਆ ਰੂਪੀ ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥
ਜਿਸ ਮਨੁੱਖ ਨੇ (ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ) ਝਗੜਾ-ਝਾਂਜਾ ਮੁਕਾ ਦਿੱਤਾ ਹੈ ਉਹ ਗੁਰਮੁਖਿ ਇਸ ਰੁੱਖ ਦੀ, ਮਾਨੋ, ਛਾਂ ਹੈ । ੨੨੮।
ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥
ਹੇ ਕਬੀਰ! ਇਕ ਅਜੇਹਾ ਬੀ ਬੀਜ ਜੋ ਸਦਾ ਹੀ ਫਲ ਦੇਂਦਾ ਰਹਿੰਦਾ ਹੈ;
ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥
ਉਸ ਦਾ ਆਸਰਾ ਲਈਏ ਤਾਂ ਅੰਦਰ ਠੰਢ ਪੈਂਦੀ ਹੈ, ਫਲ ਮਿਲਦਾ ਹੈ ਕਿ ਦੁਨੀਆ ਦੇ “ਬਾਦ ਬਿਬਾਦ” ਵਲੋਂ ਮਨ ਟਿਕ ਜਾਂਦਾ ਹੈ, ਤੇ ਸਾਰੇ ਗਿਆਨ-ਇੰਦ੍ਰੇ ਆਨੰਦ ਲੈਂਦੇ ਹਨ ।੨੨੯।
ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕਾਰੀ ਜੀਵੰਤ ॥
ਹੇ ਕਬੀਰ! ਉਹ ‘ਸਾਧੂ’ ਆਪਣੀ ਸਾਰੀ ਉਮਰ ਉਪਕਾਰ ਵਿਚ ਹੀ ਗੁਜ਼ਾਰਦਾ ਹੈ;
ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ॥੨੩੦॥
ਸੰਸਾਰੀ ਜੀਵ ਤਾਂ ਹੋਰ ਹੋਰ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ, ਪਰ ਗੁਰਮੁਖ ‘ਸਾਧ’ ਸਦਾ ਇਹੀ ਸਿੱਖਿਆ ਦੇਂਦਾ ਰਹਿੰਦਾ ਹੈ ਕਿ ਸਭ ਨਾਲ ਦਇਆ-ਪਿਆਰ ਵਰਤੋ ।੨੩੦।
ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ ॥
ਹੇ ਕਬੀਰ! “ਜਿਨਿ ਤਜਿਆ ਬਾਦੁ ਬਿਬਾਦੁ” ਉਸ ਸਾਧੂ-ਗੁਰਮੁਖਿ ਦੀ ਸੰਗਤਿ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਬੜੇ ਚੰਗੇ ਭਾਗ ਹੋਣ ।