Sri Guru Granth Sahib Ji — Ang 1365 (punjabi)
ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥
ਉੱਠ ਖਲੋਂਦੇ ਹਨ, ਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ ਹੋਏ ਹਨ ।੧੦।
ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿੑਓ ਢਾਕ ਪਲਾਸ ॥
ਹੇ ਕਬੀਰ! ਚੰਦਨ ਦਾ ਨਿੱਕਾ ਜਿਹਾ ਭੀ ਬੂਟਾ ਚੰਗਾ ਜਾਣੋ, ਭਾਵੇਂ ਉਹ ਢਾਕ ਪਲਾਹ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੋਵੇ ।
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥
ਉਹ (ਢਾਕ ਪਲਾਹ ਵਰਗੇ ਨਿਕੰਮੇ ਰੁੱਖ) ਭੀ, ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ, ਚੰਦਨ ਹੀ ਹੋ ਜਾਂਦੇ ਹਨ ।੧੧।
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥
ਹੇ ਕਬੀਰ! ਬਾਂਸ ਦਾ ਬੂਟਾ (ਉੱਚਾ ਲੰਮਾ ਹੋਣ ਦੇ) ਮਾਣ ਵਿਚ ਡੁੱਬਿਆ ਹੋਇਆ ਹੈ;ਤੁਸੀ ਕੋਈ ਧਿਰ ਬਾਂਸ ਵਾਂਗ (ਹਉਮੈ ਵਿਚ) ਨਾਹ ਡੁੱਬ ਜਾਇE ।
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥
ਬਾਂਸ ਭਾਵੇਂ ਚੰਦਨ ਦੇ ਨੇੜੇ ਭੀ ਉੱਗਾ ਹੋਇਆ ਹੋਵੇ, ਉਸ ਵਿਚ ਚੰਦਨ ਵਾਲੀ ਸੁਗੰਧੀ ਨਹੀਂ ਆਉਂਦੀ ।।੧੨।
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥
ਹੇ ਕਬੀਰ! ਗ਼ਾਫ਼ਲ ਮਨੁੱਖ ਨੇ ‘ਦੁਨੀਆ’ਦੀ ਖ਼ਾਤਰ ‘ਦੀਨ’ ਗਵਾ ਲਿਆ, ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ ।
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥
ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ ।੧੩।
ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥
ਹੇ ਕਬੀਰ! ਮੈਂ ਜਿਥੇ ਜਿਥੇ ਗਿਆ ਹਾਂ, ਥਾਂ ਥਾਂ ‘ਦੁਨੀਆ’ ਵਾਲੇ ਰੰਗ-ਤਮਾਸ਼ੇ ਹੀ (ਵੇਖੇ ਹਨ);
ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥
ਪਰ ਮੇਰੇ ਭਾ ਦਾ ਉਹ ਥਾਂ ਉਜਾੜ ਹੈ ਜਿਥੇ ਪਰਮਾਤਮਾ ਨਾਲ ਪਿਆਰ ਕਰਨ ਵਾਲਾ (ਸੰਤ) ਕੋਈ ਨਹੀਂ ।੧੪।
ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥
ਹੇ ਕਬੀਰ! ਸੰਤਾਂ ਦੀ ਭੈੜੀ ਜਿਹੀ ਕੁੱਲੀ ਭੀ (ਮੈਨੂੰ) ਸੋਹਣੀ (ਲੱਗਦੀ) ਹੈ,ਪਰ ਖੋਟੇ ਮਨੁੱਖ ਦਾ ਪਿੰਡ (ਸੜਦੀ) ਭੱਠੀ ਵਰਗਾ (ਜਾਣੋ) ।
ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥
ਜਿਸ ਮਹਲ-ਮਾੜੀ ਵਿਚ ਪਰਮਾਤਮਾ ਦਾ ਨਾਮ ਨਹੀਂ ਸਿਮਰੀਦਾ, ਉਸ ਨੂੰ ਪਈ ਅੱਗ ਲੱਗੇ (ਮੈਨੂੰ ਅਜੇਹੇ ਮਹਲ-ਮਾੜੀਆਂ ਦੀ ਲੋੜ ਨਹੀਂ) ।੧੫।
ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥
ਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਸੰਤ ਤਾਂ ਉਸ ਘਰ ਵਿਚ ਜਾਂਦਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ।
ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥
ਉਸ ਮੰਦ-ਭਾਗੀ (ਦੇ ਮਰਨ) ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ, ਹਰੇਕ ਹੱਟੀ ਤੇ ਵਿਕਦਾ ਹੈ ।੧੬।
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥
ਹੇ ਕਬੀਰ! ਜੋ ਮਨੁੱਖ ਰੱਬ ਨਾਲੋਂ ਟੁੱਟਾ ਹੋਇਆ ਹੈ,ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ ।
ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥
ਥੋਮ ਨੂੰ ਕਿਤੇ ਲੁਕਵੇਂ ਥਾਂ ਭੀ ਬਹਿ ਕੇ ਖਾ ਲਈਏ, ਤਾਂ ਭੀ ਉਹ ਜ਼ਰੂਰ (ਆਪਣੀ ਬੋ ਤੋਂ) ਉੱਘੜ ਪੈਂਦਾ ਹੈ।੧੭।
ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥
ਹੇ ਕਬੀਰ! ਇਸ ‘ਦੁਨੀਆ’ (‘ਮਾਇਆ’) ਨੂੰ ਦੁੱਧ ਦੀ ਭਰੀ ਚਾਟੀ ਸਮਝੋ, (ਹਰੇਕ ਜੀਵ ਦਾ) ਸੁਆਸ ਸੁਆਸ (ਉਸ ਚਾਟੀ ਨੂੰ ਰਿੜਕਣ ਲਈ) ਮਧਾਣੀ ਮਿਥ ਲਵੋ ।
ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥
ਉਹਨਾਂ ਸੰਤ ਜਨਾਂ ਨੇ (ਇਸ ਰੇੜਕੇ ਵਿਚੋਂ) ਮੱਖਣ (ਹਾਸਲ ਕੀਤਾ ਤੇ) ਖਾਧਾ ,ਉਹਨਾਂ ਸੰਤ ਜਨਾਂ ਨੇ (ਇਸ ਰੇੜਕੇ ਵਿਚੋਂ) ਮੱਖਣ (ਹਾਸਲ ਕੀਤਾ ਤੇ) ਖਾਧਾ ।੧੮।
ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥
ਹੇ ਕਬੀਰ! ਇਹ ‘ਦੁਨੀਆ’ (ਮਾਇਆ’) ਮਾਨੋ, ਦੁੱਧ ਦੀ ਚਾਟੀ ਹੈ, (ਇਸ ਚਾਟੀ ਵਿਚ ਨਾਮ ਦੀ) ਠੰਢਕ ਵਾਲੇ ਸੁਆਸ, ਮਾਨੋ, ਮਧਾਣੀ ਹਿਲਾਈ ਜਾ ਰਹੀ ਹੈ ।
ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥
ਜਿਸ (ਭਾਗਾਂ ਵਾਲੇ ਮਨੁੱਖ) ਨੇ ਰਿੜਕਿਆ ਹੈ ਉਸ ਨੇ (ਮੱਖਣ) ਖਾਧਾ ਹੈ, ਬਾਕੀ ਦੇ ਹੋਰ ਲੋਕ ਨਿਰਾ ਰਿੜਕ ਹੀ ਰਹੇ ਹਨ।੧੯।
ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥
ਹੇ ਕਬੀਰ! ਇਹ ਦੁਨੀਆ, ਇਹ ਮਾਇਆ, ਮੋਮੋ-ਠੱਗਣੀ ਹੈ ,ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ (ਹੋਰ ਹੋਰ) ਸਜਾਂਦੀ ਹੈ ।
ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥
ਹੇ ਕਬੀਰ! ਸਿਰਫ਼ ਉਹ ਮਨੁੱਖ ਇਸ ਦੀ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਸ ਨੇ ਇਸ ਮਾਇਆ ਦੀਆਂ ਬਾਰਾਂ ਵੰਡੀਆਂ ਕਰ ਦਿੱਤੀਆਂ ਹਨ ।੨੦।
ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥
ਹੇ ਕਬੀਰ! ਕਈ ਮਿਤ੍ਰ ਬਣਾ ਰਿਹਾ ਹੈਂ, ਇਸ ਮਨੁੱਖਾ ਜਨਮ ਵਿਚ (ਇਹਨਾਂ ਮਿਤ੍ਰਾਂ ਤੋਂ) ਸੁਖ ਨਹੀਂ ਮਿਲੇਗਾ ।
ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥
ਸਿਰਫ਼ ਉਹ ਮਨੁੱਖ ਸਦਾ ਸੁਖ ਮਾਣਦੇ ਹਨ ਜੋ (‘ਦੁਨੀਆ’ ਵਿਚ ਵਰਤਦੇ ਹੋਏ ਭੀ) ਇੱਕ ਪਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ ।੨੧।
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥
ਹੇ ਕਬੀਰ! ਜਿਸ (ਮੋਹ ਦੇ ਤਿਆਗ-ਰੂਪ) ਮੌਤ ਤੋਂ ਜਗਤ ਝੱਕਦਾ ਹੈ, ਉਸ ਨਾਲ ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ;
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥
‘ਦੁਨੀਆ’ ਦੇ ਇਸ ਮੋਹ ਵਲੋਂ ਮਰਿਆਂ ਹੀ ਉਹ ਪਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ ।੨੨।
ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲੑ ॥
ਹੇ ਕਬੀਰ!ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗਠੜੀ ਹੋਰਨਾਂ ਅੱਗੇ ਨਾਹ ਖੋਲ੍ਹਦਾ ਫਿਰ ।
ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥
ਨਾਹ ਕੋਈ ਮੰਡੀ ਹੈ ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ, ਨਾਹ ਇਹ ਕੋਈ ਵਸਤ ਖ਼ਰੀਦਣੀ ਚਾਹੁੰਦਾ ਹੈ, ਤੇ ਨਾਹ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ ।੨੩।
ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥
ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ (ਆਸਰਾ-ਪਰਨਾ) ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ,
ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥
ਪੰਡਿਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ।੨੪।
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥
ਹੇ ਕਬੀਰ! (‘ਦੁਨੀਆ’ ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ ।
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥
ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) ।੨੫।
ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥
ਹੇ ਕਬੀਰ! ‘ਦੁਨੀਆ’ ਦਾ ਮੋਹ, ਮਾਨੋ, ਇਕ ਐਸੀ ਕੋਠੜੀ ਹੈ ਜੋ ਕਾਲਖ ਨਾਲ ਭਰੀ ਹੋਈ ਹੈ; ਇਸ ਵਿਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ ।
ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥
ਪਰ, ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਇਸ ਵਿਚ ਡਿੱਗ ਕੇ ਮੁੜ ਨਿਕਲ ਆਉਂਦੇ ਹਨ—(ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ ‘ਦੁਨੀ’ ਦੇ ਮੋਹ ਨੂੰ ਤਿਆਗ ਦੇਂਦੇ ਹਨ) ।੨੬।
ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥
ਹੇ ਕਬੀਰ! ਇਹ ਸਾਰਾ ਸਰੀਰ ਨਾਸ ਹੋ ਜਾਇਗਾ, ਜੇ ਤੁਸੀ ਇਸ ਨੂੰ ਨਾਸ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਵੋ ।
ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥
ਜਿਨ੍ਹਾਂ ਬੰਦਿਆਂ ਦੇ ਪਾਸ ਲੱਖਾਂ ਕ੍ਰੋੜਾਂ ਰੁਪਏ ਜਮ੍ਹਾ ਸਨ, ਉਹ ਭੀ ਇਥੋਂ ਨੰਗੀ ਪੈਰੀਂ ਹੀ (ਭਾਵ, ਕੰਗਾਲਾਂ ਵਾਂਗ ਹੀ) ਚਲੇ ਗਏ।੨੭।
ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥
ਹੇ ਕਬੀਰ! ਇਹ ਸਰੀਰ ਨਾਸ ਹੋ ਜਾਇਗਾ, ਇਸ ਨੂੰ ਕਿਸੇ (ਉਸ) ਕੰਮ ਵਿਚ ਜੋੜ।
ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥
ਸਾਧ ਸੰਗਤਿ ਕਰ ਅਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ (‘ਦੁਨੀ’ ਤਾਂ ਇਥੇ ਹੀ ਰਹਿ ਜਾਂਦੀ ਹੈ, ‘ਦੀਨ’ ਹੀ ਸਾਥੀ ਬਣਦਾ ਹੈ) ।੨੮।
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥
ਹੇ ਕਬੀਰ! ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ, (ਨਿਰੀ ਮਾਇਆ ਦਾ ਵਪਾਰੀ) ਕਿਸੇ ਧਿਰ ਨੂੰ ਭੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ ।