Sri Guru Granth Sahib Ji — Ang 1363 (punjabi)
ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ ॥
ਕੋਈ ਵਿਰਲਾ ਹੀ ਇਹੋ ਜਿਹਾ (ਸੰਤ-) ਮਿੱਤਰ ਮਿਲਦਾ ਹੈ ਜੋ (ਇਸ ਜੀਵ-ਭੌਰੇ ਦੀ ਜਿੰਦ ਨੂੰ ਮਾਇਆ ਦੇ ਮੋਹ ਦੀ ਪਈ ਹੋਈ) ਪੱਕੀ ਗੰਢ ਤੋੜ ਸਕਦਾ ਹੈ ।
ਨਾਨਕ ਇਕੁ ਸ੍ਰੀਧਰ ਨਾਥੁ ਜਿ ਟੂਟੇ ਲੇਇ ਸਾਂਠਿ ॥੧੫॥
ਹੇ ਨਾਨਕ! ਲੱਛਮੀ-ਦਾ-ਆਸਰਾ (ਸਾਰੇ ਜਗਤ ਦਾ) ਨਾਥ ਪ੍ਰਭੂ ਹੀ ਸਮਰੱਥ ਹੈ ਜੋ (ਆਪਣੇ ਨਾਲੋਂ) ਟੁੱਟੇ ਹੋਇਆਂ ਨੂੰ ਮੁੜ ਗੰਢ ਲੈਂਦਾ ਹੈ ।੧੫।
ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ॥
ਹੇ ਭਾਈ! ਪਰਮਾਤਮਾ (ਦੇ ਚਰਨਾਂ) ਦਾ ਪੇ੍ਰਮ ਹਾਸਲ ਕਰਨ ਵਾਸਤੇ ਮੈਂ ਕਈ ਪਾਸੀਂ ਦੌੜਦਾ ਫਿਰਦਾ ਹਾਂ,
ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ ॥
(ਪਰ ਇਹ ਕਾਮਾਦਿਕ) ਪੰਜ ਵੈਰੀ ਸਤਾਂਦੇ (ਹੀ) ਰਹਿੰਦੇ ਹਨ । (ਇਹਨਾਂ ਨੂੰ) ਕਿਸ ਤਰੀਕੇ ਨਾਲ ਮਾਰਿਆ ਜਾਏ?
ਤੀਖਣ ਬਾਣ ਚਲਾਇ ਨਾਮੁ ਪ੍ਰਭ ਧੵਾਈਐ ॥
(ਇਹਨਾਂ ਨੂੰ) ਕਿਸ ਤਰੀਕੇ ਨਾਲ ਮਾਰਿਆ ਜਾਏ? (ਇਹਨਾਂ ਨੂੰ ਮਾਰਨ ਦਾ ਤਰੀਕਾ ਇਹੀ ਹੈ ਕਿ) ਪਰਮਾਤਮਾ ਦਾ ਨਾਮ (ਸਦਾ) ਸਿਮਰਦੇ ਰਹਿਣਾ ਚਾਹੀਦਾ ਹੈ ।
ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ ॥੧੬॥
ਜਦੋਂ ਪੂਰਾ ਗੁਰੂ ਮਿਲਦਾ ਹੈ (ਉਸ ਦੀ ਸਹਾਇਤਾ ਨਾਲ ਸਿਮਰਨ ਦੇ) ਤ੍ਰਿੱਖੇ ਤੀਰ ਚਲਾ ਕੇ (ਇਹਨਾਂ ਕਾਮਾਦਿਕ) ਵੱਡੇ ਝਗੜਾਲੂਆਂ ਦਾ ਨਾਸ (ਕੀਤਾ ਜਾ ਸਕਦਾ ਹੈ) ।੧੬।
ਸਤਿਗੁਰ ਕੀਨੀ ਦਾਤਿ ਮੂਲਿ ਨ ਨਿਖੁਟਈ ॥
ਹੇ ਭਾਈ! ਗੁਰੂ ਦੀ ਬਖ਼ਸ਼ੀ ਹੋਈ ਹਰਿ-ਨਾਮ-ਦਾਤਿ ਕਦੇ ਭੀ ਨਹੀਂ ਮੁੱਕਦੀ, ਬੇਸ਼ੱਕ ਤੁਸੀ ਸਾਰੇ ਇਸ ਦਾਤਿ ਨੂੰ ਵਰਤੋ ।
ਖਾਵਹੁ ਭੁੰਚਹੁ ਸਭਿ ਗੁਰਮੁਖਿ ਛੁਟਈ ॥
(ਸਗੋਂ) ਗੁਰੂ ਦੀ ਸਰਨ ਪੈ ਕੇ (ਇਸ ਦਾਤਿ ਨੂੰ ਵਰਤਣ ਵਾਲਾ ਮਨੁੱਖ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ ।
ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ ॥
ਆਤਮਕ ਜੀਵਨ ਦੇਣ ਵਾਲਾ (ਇਹ) ਨਾਮ-ਖ਼ਜ਼ਾਨਾ ਪਰਮਾਤਮਾ (ਆਪ ਹੀ) ਖ਼ੁਸ਼ ਹੋ ਕੇ ਦੇਂਦਾ ਹੈ ।
ਨਾਨਕ ਸਦਾ ਅਰਾਧਿ ਕਦੇ ਨ ਜਾਂਹਿ ਮਰਿ ॥੧੭॥
ਹੇ ਨਾਨਕ! (ਆਖ—ਹੇ ਭਾਈ!) ਸਦਾ ਇਸ ਨਾਮ ਨੂੰ ਸਿਮਰਿਆ ਕਰ, ਤੈਨੂੰ ਕਦੇ ਆਤਮਕ ਮੌਤ ਨਹੀਂ ਆਵੇਗੀ ।੧੭।
ਜਿਥੈ ਜਾਏ ਭਗਤੁ ਸੁ ਥਾਨੁ ਸੁਹਾਵਣਾ ॥
ਹੇ ਭਾਈ! ਜਿਸ ਥਾਂ ਤੇ (ਭੀ ਕੋਈ ਪਰਮਾਤਮਾ ਦਾ) ਭਗਤ ਜਾ ਬੈਠਦਾ ਹੈ, ਉਹ ਥਾਂ (ਸਿਫ਼ਤਿ-ਸਾਲਾਹ ਦੇ ਵਾਯੂ-ਮੰਡਲ ਨਾਲ) ਸੁਖਦਾਈ ਬਣ ਜਾਂਦਾ ਹੈ,
ਸਗਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥
ਪਰਮਾਤਮਾ ਦਾ ਨਾਮ ਸਿਮਰਦਿਆਂ (ਉਥੇ) ਸਾਰੇ ਸੁਖ ਹੋ ਜਾਂਦੇ ਹਨ,
ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥
(ਉਥੇ ਆਂਢ-ਗੁਆਂਢ ਰਹਿਣ ਵਾਲੇ ਸਾਰੇ) ਜੀਅ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੇ ਹਨ । (ਪਰ ਭਾਗਾਂ ਦੀ ਗੱਲ ਹੈ ਕਿ) ਨਿੰਦਾ ਕਰਨ ਵਾਲੇ ਮਨੁੱਖ (ਸੰਤ ਜਨਾਂ ਦੀ ਵਡਿਆਈ ਵੇਖ ਕੇ ਈਰਖਾ ਦੀ ਅੱਗ ਨਾਲ) ਸੜ ਸੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ ।
ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮॥
ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਜਪ ਕੇ ਸੱਜਣ ਜਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ ।੧੮।
ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ ॥
ਪਵਿੱਤਰ-ਸਰੂਪ ਹਰੀ ਨੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਨੂੰ ਕਦੇ ਭੀ ਸਿਮਰਿਆ ਨਹੀਂ ਜਾ ਸਕਦਾ ।
ਝੂਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ ॥
ਹੇ ਭਾਈ! ਮਾਇਕ ਪਦਾਰਥਾਂ ਦੇ ਮੋਹ ਵਿਚ (ਫਸੇ ਰਹਿ ਕੇ ਜ਼ਿੰਦਗੀ ਦੀ) ਬੇੜੀ ਬਹੁਤਾ ਵਿਚ (ਸੁਖ ਨਾਲ) ਨਹੀਂ ਚਲਾਈ ਜਾ ਸਕਦੀ, (ਆਖ਼ਰ) ਖ਼ੁੁਆਰ ਹੀ ਹੋਈਦਾ ਹੈ, (ਇਸ ਝੂਠੇ ਰੰਗ ਵਿਚ ਟਿਕੇ ਰਹਿ ਕੇ)
ਹਰਿਚੰਦਉਰੀ ਪੇਖਿ ਕਾਹੇ ਸੁਖੁ ਮਾਨਿਆ ॥
ਹੇ ਭਾਈ! (ਮਾਇਕ ਪਦਾਰਥਾਂ ਦੇ ਇਹਨਾਂ) ਹਵਾਈ ਕਿਲ੍ਹਿਆਂ ਨੂੰ ਵੇਖ ਵੇਖ ਕੇ ਤੂੰ ਕਿਉਂ ਸੁਖ ਪ੍ਰਤੀਤ ਕਰ ਰਿਹਾ ਹੈਂ? (ਨਾਹ ਇਹ ਸਦਾ ਕਾਇਮ ਰਹਿਣੇ, ਅਤੇ ਨਾਹ ਹੀ ਇਹਨਾਂ ਦੇ ਮੋਹ ਵਿਚ ਫਸਿਆਂ ਪ੍ਰਭੂ ਦਰ ਤੇ ਆਦਰ ਮਿਲਣਾ) ।
ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ ॥੧੯॥
ਹੇ ਭਾਈ! ਮੈਂ (ਤਾਂ) ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਹੜੇ (ਪਰਮਾਤਮਾ ਦਾ ਨਾਮ ਜਪ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ ।੧੯।
ਕੀਨੇ ਕਰਮ ਅਨੇਕ ਗਵਾਰ ਬਿਕਾਰ ਘਨ ॥
ਹੇ ਭਾਈ! ਮੂਰਖ ਮਨੁੱਖ ਅਨੇਕਾਂ ਹੀ ਕੁਕਰਮ ਕਰਦਾ ਰਹਿੰਦਾ ਹੈ ।
ਮਹਾ ਦ੍ਰੁਗੰਧਤ ਵਾਸੁ ਸਠ ਕਾ ਛਾਰੁ ਤਨ ॥
ਵੱਡੇ ਕੁਕਰਮਾਂ ਦੀ ਗੰਦਗੀ ਵਿਚ ਇਸ ਦਾ ਨਿਵਾਸ ਹੋਇਆ ਰਹਿੰਦਾ ਹੈ ਜਿਸ ਕਰਕੇ ਮੂਰਖ ਦਾ ਸਰੀਰ ਮਿੱਟੀ ਵਿਚ ਰੁਲ ਜਾਂਦਾ ਹੈ (ਅਮੋਲਕ ਮਨੁੱਖਾ ਸਰੀਰ ਕੌਡੀ ਦੇ ਬਰਾਬਰ ਦਾ ਨਹੀਂ ਰਹਿ ਜਾਂਦਾ) ।
ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ ॥
(ਅਜਿਹਾ ਮਨੁੱਖ) ਅਹੰਕਾਰ ਦੇ ਹਨੇਰੇ ਵਿਚ ਤੁਰਿਆ ਫਿਰਦਾ ਹੈ, ਇਸ ਨੂੰ ਮੌਤ (ਭੀ) ਨਹੀਂ ਸੁੱਝਦੀ ।
ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥੨੦॥
ਇਸ ਹਵਾਈ ਕਿਲ੍ਹੇ ਨੂੰ ਵੇਖ ਵੇਖ ਕੇ ਪਤਾ ਨਹੀਂ, ਇਹ ਕਿਉਂ ਇਸ ਨੂੰ ਸਦਾ-ਕਾਇਮ ਰਹਿਣਾ ਮੰਨੀ ਬੈਠਾ ਹੈ ।੨੦।
ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ ॥
ਹੇ ਭਾਈ! ਜਿਸ (ਮਨੁੱਖ) ਦੀ (ਉਮਰ ਦੀ) ਆਖ਼ਰੀ ਹੱਦ ਪਹੁੰਚ ਜਾਂਦੀ ਹੈ, ਉਸ ਨੂੰ ਕੋਈ ਮਨੁੱਖ (ਮੌਤ ਦੇ ਮੂੰਹੋਂ) ਬਚਾ ਨਹੀਂ ਸਕਦਾ ।
ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ ॥
ਹਿਕਮਤ-ਵਿੱਦਿਆ ਦੇ ਅਨੇਕਾਂ ਹੀ ਢੰਗ (ਨੁਸਖ਼ੇ) ਕਿੱਥੋਂ ਤਕ (ਕੋਈ) ਦੱਸ ਸਕਦਾ ਹੈ?
ਏਕੋ ਚੇਤਿ ਗਵਾਰ ਕਾਜਿ ਤੇਰੈ ਆਵਈ ॥
ਹੇ ਮੂਰਖ! ਇਕ ਪਰਮਾਤਮਾ ਨੂੰ ਹੀ ਯਾਦ ਕਰਿਆ ਕਰ, (ਉਹ ਹੀ ਹਰ ਵੇਲੇ) ਤੇਰੇ ਕੰਮ ਆਉਂਦਾ ਹੈ ।
ਹਰਿਹਾਂ ਬਿਨੁ ਨਾਵੈ ਤਨੁ ਛਾਰੁ ਬ੍ਰਿਥਾ ਸਭੁ ਜਾਵਈ ॥੨੧॥
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਮਿੱਟੀ (ਸਮਾਨ) ਹੈ, ਸਾਰਾ ਵਿਅਰਥ ਚਲਾ ਜਾਂਦਾ ਹੈ ।੨੧।
ਅਉਖਧੁ ਨਾਮੁ ਅਪਾਰੁ ਅਮੋਲਕੁ ਪੀਜਈ ॥
ਹੇ ਭਾਈ! (ਆਤਮਕ ਰੋਗਾਂ ਨੂੰ ਦੂਰ ਕਰਨ ਲਈ ਪਰਮਾਤਮਾ ਦਾ) ਨਾਮ (ਹੀ) ਦਵਾਈ ਹੈ, ਬਹੁਤ ਹੀ ਕੀਮਤੀ ਦਵਾਈ ਹੈ ।
ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥
(ਇਹ ਦਵਾਈ ਸਾਧ ਸੰਗਤਿ ਵਿਚ ਮਿਲ ਕੇ) ਕੀਤੀ ਜਾ ਸਕਦੀ ਹੈ । (ਸਾਧ ਸੰਗਤਿ ਵਿਚ) ਸੰਤ ਜਨ ਸਦਾ ਮਿਲ ਕੇ (ਇਹ ਹਰਿ-ਨਾਮ ਦਵਾਈ) ਖਾਂਦੇ ਰਹਿੰਦੇ ਹਨ (ਜਿਹੜੇ ਭੀ ਵਡਭਾਗੀ ਸਾਧ ਸੰਗਤਿ ਵਿਚ ਜਾਂਦੇ ਹਨ, ਉਹਨਾਂ) ਸਾਰਿਆਂ ਨੂੰ (ਇਹ ਨਾਮ-ਦਵਾਈ) ਵੰਡੀ ਜਾਂਦੀ ਹੈ ।
ਜਿਸੈ ਪਰਾਪਤਿ ਹੋਇ ਤਿਸੈ ਹੀ ਪਾਵਣੇ ॥
ਪਰ ਉਸੇ ਮਨੁੱਖ ਨੂੰ ਇਹ ਨਾਮ-ਦਵਾਈ ਮਿਲਦੀ ਹੈ, ਜਿਸ ਦੇ ਭਾਗਾਂ ਵਿਚ ਇਸ ਦਾ ਮਿਲਣਾ ਲਿਖਿਆ ਹੁੰਦਾ ਹੈ ।
ਹਰਿਹਾਂ ਹਉ ਬਲਿਹਾਰੀ ਤਿੰਨੑ ਜਿ ਹਰਿ ਰੰਗੁ ਰਾਵਣੇ ॥੨੨॥
ਹੇ ਭਾਈ! ਮੈਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਜਿਹੜੇ (ਹਰਿ-ਨਾਮ ਜਪ ਕੇ) ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ।੨੨।
ਵੈਦਾ ਸੰਦਾ ਸੰਗੁ ਇਕਠਾ ਹੋਇਆ ॥
ਹੇ ਭਾਈ! (ਸਾਧ ਸੰਗਤਿ ਵਿਚ ਆਤਮਕ ਮੌਤ ਤੋਂ ਬਚਾਣ ਵਾਲੇ) ਹਕੀਮਾਂ (ਸੰਤ-ਜਨਾਂ) ਦੀ ਸੰਗਤਿ ਇਕੱਠੀ ਹੁੰਦੀ ਹੈ
ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ ॥
(ਉਹਨਾਂ ਦੀ ਵਰਤੀ ਹੋਈ ਤੇ ਦੱਸੀ ਹੋਈ ਹਰਿ-ਨਾਮ ਸਿਮਰਨ ਦੀ) ਦਵਾਈ (ਸਾਧ ਸੰਗਤਿ ਵਿਚ) ਆਪਣਾ ਪੂਰਾ ਅਸਰ ਕਰਦੀ ਹੈ (ਕਿਉਂਕਿ ਉਸ ਇਕੱਠ ਵਿਚ ਪਰਮਾਤਮਾ ਆਪ ਹਾਜ਼ਰ ਰਹਿੰਦਾ ਹੈ) ।
ਜੋ ਜੋ ਓਨਾ ਕਰਮ ਸੁਕਰਮ ਹੋਇ ਪਸਰਿਆ ॥
(ਆਤਮਕ ਰੋਗਾਂ ਦੇ ਉਹ ਵੈਦ ਸੰਤ-ਜਨ) ਜਿਹੜੇ ਜਿਹੜੇ ਨਿੱਤ ਦੇ ਕਰਤੱਬ ਕਰਦੇ ਹਨ (ਉਹ ਸਾਧ ਸੰਗਤਿ ਵਿਚ ਆਏ ਆਮ ਲੋਕਾਂ ਦੇ ਸਾਹਮਣੇ) ਵਧੀਆ ਪੂਰਨੇ ਬਣ ਕੇ ਪਰਗਟ ਹੁੰਦੇ ਹਨ,
ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ ॥੨੩॥
(ਇਸੇ ਵਾਸਤੇ ਸਾਧ ਸੰਗਤਿ ਵਿਚ ਆਏ ਵਡਭਾਗੀਆਂ ਦੇ) ਸਰੀਰ ਤੋਂ ਸਾਰੇ ਦੁੱਖ ਸਾਰੇ ਰੋਗ ਸਾਰੇ ਪਾਪ ਦੂਰ ਹੋ ਜਾਂਦੇ ਹਨ ।੨੩।
ਚਉਬੋਲੇ ਮਹਲਾ ੫
ਚਉਬੋਲੇ ਛੰਦ ਵਸੇਸ ਹੈਂ; ਵਾ ਜੋ ਚਾਰ ਭਗਤੋਂ ਨੇ ਬੋਲੇ ਹੈਂ ਸੋਈ ਸ੍ਰੀ ਗੁਰੂ ਜੀ ਨੇ ਉਚਾਰਨ ਕੀਏ ਹੈਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਸੰਮਨ ਜਉ ਇਸ ਪ੍ਰੇਮ ਕੀ ਦਮ ਕੵਿਹੁ ਹੋਤੀ ਸਾਟ ॥
ਹੇ ਦਾਨੀ ਮਨੁੱਖ! (ਧਨ ਦੇ ਵੱਟੇ ਹਰਿ-ਨਾਮ ਦਾ ਪ੍ਰੇਮ ਨਹੀਂ ਮਿਲ ਸਕਦਾ) ਜੇ ਇਸ ਪ੍ਰੇਮ ਦਾ ਵਟਾਂਦਰਾ ਧਨ ਤੋਂ ਹੋ ਸਕਦਾ,
ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥
ਤਾਂ ਉਹ (ਰਾਵਣ) ਜਿਸ ਨੇ ਸ਼ਿਵ ਜੀ ਨੂੰ ਖ਼ੁਸ਼ ਕਰਨ ਲਈ ਗਿਆਰਾਂ ਵਾਰੀ ਆਪਣੇ) ਸਿਰ ਕੱਟ ਕੇ ਦਿੱਤੇ ਸਨ (ਸਿਰ ਦੇਣ ਦੇ ਥਾਂ ਬੇਅੰਤ ਧਨ ਦੇ ਦੇਂਦਾ, ਕਿਉਂਕਿ) ਰਾਵਣ ਵਰਗੇ ਕੰਗਾਲ ਨਹੀਂ ਸਨ ।੧।
ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ ॥
(ਹੇ ਦਾਨੀ ਮਨੁੱਖ! ਵੇਖ, ਜਿਸ ਮਨੁੱਖ ਦਾ) ਹਿਰਦਾ (ਆਪਣੇ ਪ੍ਰੀਤਮ ਦੇ) ਪ੍ਰੇਮ-ਪਿਆਰ ਵਿਚ ਮਗਨ ਹੋਇਆ ਰਹਿੰਦਾ ਹੈ (ਉਸ ਦੇ ਅੰਦਰ ਆਪਣੇ ਪ੍ਰੀਤਮ ਨਾਲੋਂ) ਰਤਾ ਭਰ ਭੀ ਵਿੱਥ ਨਹੀਂ ਹੁੰਦੀ,
ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥
(ਜਿਵੇਂ ਭੌਰਾ ਕੌਲ-ਫੁੱਲ ਵਿਚ ਵਿੱਝ ਜਾਂਦਾ ਹੈ, ਤਿਵੇਂ ਉਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਉਸ ਦੀ ਸਮਝਣ ਵਾਲੀ ਮਾਨਸਕ ਤਾਕਤ ਲਗਨ ਵਿਚ ਹੀ ਲੀਨ ਹੋਈ ਰਹਿੰਦੀ ਹੈ ।੨।