Sri Guru Granth Sahib Ji — Ang 1362 (punjabi)
ਆਸਾ ਇਤੀ ਆਸ ਕਿ ਆਸ ਪੁਰਾਈਐ ॥
ਹੇ ਸਹੇਲੀਏ! (ਮੇਰੇ ਅੰਦਰ) ਇਤਨੀ ਕੁ ਤਾਂਘ ਬਣੀ ਰਹਿੰਦੀ ਹੈ ਕਿ (ਪ੍ਰਭੂ-ਮਿਲਾਪ ਦੀ ਮੇਰੀ) ਆਸ ਪੂਰੀ ਹੋ ਜਾਏ ।
ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥
ਪਰ ਸਰਬ-ਗੁਣ ਭਰਪੂਰ ਪ੍ਰਭੂ ਤਦੋਂ ਮਿਲਦਾ ਹੈ ਜਦੋਂ ਗੁਰੂ ਦਇਆਵਾਨ ਹੋਵੇ ।
ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ ॥
ਹੇ ਸਹੇਲੀਏ! ਮੇਰੇ ਸਰੀਰ ਵਿਚ (ਇਤਨੇ) ਵਧੀਕ ਔਗੁਣ ਹਨ ਕਿ (ਮੇਰਾ ਆਪਾ) ਔਗੁਣਾਂ ਨਾਲ ਢਕਿਆ ਰਹਿੰਦਾ ਹੈ ।
ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ ॥੫॥
ਪਰ ਜਦੋਂ ਗੁਰੂ ਦਇਆਵਾਨ ਹੁੰਦਾ ਹੈ ਤਦੋਂ ਮਨ (ਵਿਕਾਰਾਂ ਵਲ) ਡੋਲਣੋਂ ਹਟ ਜਾਂਦਾ ਹੈ ।੫।
ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ॥
ਹੇ ਨਾਨਕ! ਆਖ—(ਹੇ ਸਹੇਲੀਏ!) ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ,
ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ॥
ਪਰ ਜਿਸ ਮਨੁੱਖ ਨੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਗੁਰੂ ਨੇ ਉਸ ਨੂੰ ਪਾਰ ਲੰਘਾ ਦਿੱਤਾ (ਗੁਰੂ ਨੇ ਉਸ ਨੂੰ ਪੂਰਨ ਪ੍ਰਭੂ ਨਾਲ ਜੋੜ ਦਿੱਤਾ,
ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ ॥
ਤੇ) ਜਦੋਂ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਦਾ ਜਨਮ ਮਰਨ ਦਾ ਗੇੜ (ਭੀ) ਮੁੱਕ ਗਿਆ ।
ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ ॥੬॥
ਹੇ ਸਹੇਲੀਏ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ ਤੋਂ (ਹੀ) ਮਿਲਦਾ ਹੈ ।੬।
ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ ॥
(ਹੁਣ) ਮੇਰੇ ਹੱਥ ਵਿਚ ਕੌਲ-ਫੁੱਲ (ਦੀ ਰੇਖਾ ਬਣ ਪਈ) ਹੈ (ਮੇਰੇ ਭਾਗ ਜਾਗ ਪਏ ਹਨ) ਮੇਰੇ (ਹਿਰਦੇ ਦੇ) ਵਿਹੜੇ ਵਿਚ ਆਤਮਕ ਆਨੰਦ ਦੀ ਸੁਗੰਧੀ (ਖਿਲਰੀ ਰਹਿੰਦੀ) ਹੈ ।
ਸਖੀ ਮੋਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ ॥
ਹੇ ਸਹੇਲੀਏ! ਮੇਰੇ ਗਲੇ ਵਿਚ ਰਤਨ ਲਟਕ ਰਿਹਾ ਹੈ (ਮੇਰੇ ਗਲ ਵਿਚ ਨਾਮ-ਰਤਨ ਪ੍ਰੋਤਾ ਗਿਆ ਹੈ) ਜਿਸ ਨੂੰ ਵੇਖ ਕੇ (ਹਰੇਕ) ਦੁੱਖ ਦੂਰ ਹੋ ਗਿਆ ਹੈ ।੭।
ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ ॥
ਜਿਹੜਾ ਪਰਮਾਤਮਾ ਸਾਰੇ ਸੁਖਾਂ ਦਾ ਸੋਮਾ ਹੈ (ਗੁਰੂ ਦੀ ਮਿਹਰ ਦਾ ਸਦਕਾ) ਮੈਂ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ (ਸਦਾ) ਵੱਸਦੀ ਹਾਂ ।
ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ ॥੭॥
ਹੇ ਸਹੇਲੀਏ! ਜਿਸ (ਪਰਮਾਤਮਾ) ਦੇ ਹੱਥ ਵਿਚ ਸਾਰੀਆਂ ਆਤਮਕ ਤਾਕਤਾਂ ਅਤੇ (ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ ਸਦਾ ਟਿਕੇ ਰਹਿੰਦੇ ਹਨ,
ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥
ਹੇ ਭਾਈ! ਜਿਹੜੇ ਮਨੁੱਖ ਪਰਾਈ ਇਸਤ®ੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ ।
ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ ॥
ਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਹੇ ਭਾਈ! ਉਹਨਾਂ ਦੇ ਇਹ) ਕੁਕਰਮ ਕਿੱਥੇ ਲੁਕੇ ਰਹਿ ਸਕਦੇ ਹਨ? (ਪਰਮਾਤਮਾ ਸਭ ਕੁਝ ਵੇਖ ਰਿਹਾ ਹੈ) ।
ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥
ਹੇ ਭਾਈ! ਪਰਮਾਤਮਾ ਦੇ ਗੁਣ ਯਾਦ ਕਰਦਿਆਂ ਮਨੁੱਖ (ਆਪ) ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ (ਅਤੇ ਆਪਣੀਆਂ) ਸਾਰੀਆਂ ਕੁਲਾਂ ਨੂੰ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।
ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥੮॥
(ਜਿਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣਦੇ ਹਨ, ਉਹ ਸਾਰੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ।੮।
ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ ॥
ਹੇ ਸਹੇਲੀਏ! ਉਤਾਂਹ (ਤਾਰਿਆਂ ਆਦਿਕ ਨਾਲ) ਆਕਾਸ਼ ਫਬ ਰਿਹਾ ਹੈ, ਹੇਠ ਪੈਰਾਂ ਵਾਲੇ ਪਾਸੇ (ਹਰਿਆਵਲ ਆਦਿਕ ਨਾਲ) ਧਰਤੀ ਸਜ ਰਹੀ ਹੈ ।
ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ ॥
ਦਸੀਂ ਪਾਸੀਂ ਬਿਜਲੀ ਚਮਕ ਰਹੀ ਹੈ, ਮੂੰਹ ਉੱਤੇ ਲਿਸ਼ਕਾਰੇ ਮਾਰ ਰਹੀ ਹੈ (ਰੱਬੀ ਜੋਤਿ ਦਾ ਕੈਸਾ ਸੋਹਣਾ ਸਾਕਾਰ ਸਰੂਪ ਹੈ!)
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ॥
ਪਰ ਮੈਂ (ਉਸ ਦੇ ਇਸ ਸਰਗਣ ਸਰੂਪ ਦੀ ਕਦਰ ਨਾਹ ਸਮਝ ਕੇ) ਪਰਦੇਸ ਵਿਚ (ਜੰਗਲ ਆਦਿਕ ਵਿਚ) ਢੰੂਢਦੀ ਫਿਰਦੀ ਹਾਂ ਕਿ ਪ੍ਰੀਤਮ-ਪ੍ਰਭੂ ਕਿਤੇ ਲੱਭ ਪਏ ।
ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ ॥੯॥
ਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ (ਹਰ ਥਾਂ ਹੀ ਉਸ ਦੇ) ਦੀਦਾਰ ਵਿਚ ਲੀਨ ਹੋ ਸਕੀਦਾ ਹੈ ।੯।
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
ਹੇ ਰਾਮ ਦੇ ਦਾਸਾਂ ਦੇ ਸ਼ਹਰ! ਮੈਂ ਹੋਰ ਸਾਰੇ ਥਾਂ ਵੇਖ ਲਏ ਹਨ, (ਪਰ) ਤੇਰੇ ਬਰਾਬਰ ਦਾ (ਮੈਨੂੰ ਕੋਈ) ਨਹੀਂ (ਦਿੱਸਿਆ) ।
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰੰਗ!) ਤੇਰੀ ਨੀਂਹ ਅਕਾਲ ਪੁਰਖ ਸਿਰਜਣਹਾਰ ਨੇ ਆਪ ਰੱਖੀ ਹੋਈ ਹੈ, ਇਸੇ ਵਾਸਤੇ ਤੂੰ (ਉਸ ਦੇ ਆਤਮਕ ਗੁਣਾਂ ਦੀ ਬਰਕਤਿ ਨਾਲ) ਸੋਹਣਾ ਦਿੱਸਦਾ ਰਿਹਾ ਹੈਂ
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥
ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) (ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ) ਵੱਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇ-ਬਿਸਾਲ ਹੈ ।
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥
ਹੇ ਨਾਨਕ! (ਆਖ—) ਹੇ ਰਾਮ ਦੇ ਦਾਸਾਂ ਦੇ ਸਰੋਵਰ! (ਹੇ ਸਤਸੰਗ! ਤੇਰੇ ਵਿਚ ਆਤਮਕ) ਇਸ਼ਨਾਨ ਕੀਤਿਆਂ! (ਮਨੁੱਖ ਦੇ ਮਨ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ।
ਚਾਤ੍ਰਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ ॥
ਹੇ ਭਾਈ! ਪਪੀਹੇ ਵਾਂਗ ਸੁਚੇਤ-ਚਿੱਤ ਹੋ ਕੇ ਉਸ ਸੱਜਣ-ਪ੍ਰਭੂ ਨੂੰ ਪਿਆਰ ਕਰਨਾ ਚਾਹੀਦਾ ਹੈ ।
ਜਿਸੁ ਸੰਗਿ ਲਾਗੇ ਪ੍ਰਾਣ ਤਿਸੈ ਕਉ ਆਹੀਐ ॥
ਜਿਸ ਸੱਜਣ ਨਾਲ ਜਿੰਦ ਦੀ ਪ੍ਰੀਤਿ ਬਣ ਜਾਏ, ਉਸੇ ਨੂੰ ਹੀ (ਮਿਲਣ ਦੀ) ਤਾਂਘ ਕਰਨੀ ਚਾਹੀਦੀ ਹੈ ।
ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ ॥
(ਹੇ ਭਾਈ! ਵੇਖ, ਪਪੀਹਾ ਵਰਖਾ ਦੇ) ਪਾਣੀ ਦੀ ਇਕ ਬੂੰਦ ਵਾਸਤੇ (ਦਰਿਆਵਾਂ ਟੋਭਿਆਂ ਦੇ ਪਾਣੀ ਵਲੋਂ) ਉਪਰਾਮ ਹੋ ਕੇ ਜੰਗਲ ਜੰਗਲ (ਢੰੂਡਦਾ) ਫਿਰਦਾ ਹੈ ।
ਹਰਿਹਾਂ ਤਿਉ ਹਰਿ ਜਨੁ ਮਾਂਗੈ ਨਾਮੁ ਨਾਨਕ ਬਲਿਹਾਰਣੇ ॥੧੧॥
ਹੇ ਨਾਨਕ! (ਆਖ—ਜਿਹੜਾ) ਪ੍ਰਭੂ ਦਾ ਸੇਵਕ (ਪਪੀਹੇ ਵਾਂਗ ਪਰਮਾਤਮਾ ਦਾ ਨਾਮ) ਮੰਗਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ।੧੧।
ਮਿਤ ਕਾ ਚਿਤੁ ਅਨੂਪੁ ਮਰੰਮੁ ਨ ਜਾਨੀਐ ॥
ਹੇ ਭਾਈ! (ਪਰਮਾਤਮਾ-) ਮਿੱਤਰ ਦਾ ਚਿੱਤ ਅੱਤਿ ਸੋਹਣਾ ਹੈ, (ਉਸ ਦਾ) ਭੇਤ ਨਹੀਂ ਜਾਣਿਆ ਜਾ ਸਕਦਾ ।
ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥
ਪਰ ਉਸ ਬੇਅੰਤ ਪ੍ਰਭੂ ਦੇ ਗੁਣਾਂ ਦੇ ਗਾਹਕ ਸੰਤ-ਜਨਾਂ ਦੀ ਰਾਹੀਂ ਉਹ ਭੇਤ ਸਮਝ ਲਈਦਾ ਹੈ ।
ਚਿਤਹਿ ਚਿਤੁ ਸਮਾਇ ਤ ਹੋਵੈ ਰੰਗੁ ਘਨਾ ॥
(ਉਹ ਭੇਤ ਇਹ ਹੈ ਕਿ) ਜੇ ਉਸ ਪਰਮਾਤਮਾ ਦੇ ਚਿੱਤ ਵਿਚ (ਮਨੁੱਖ ਦਾ) ਚਿੱਤ ਲੀਨ ਹੋ ਜਾਏ, ਤਾਂ (ਮਨੁੱਖ ਦੇ ਅੰਦਰ) ਬਹੁਤ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ ।
ਹਰਿਹਾਂ ਚੰਚਲ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ ॥੧੨॥
ਸੋ, ਹੇ ਭਾਈ! ਜੇ ਤੂੰ (ਪ੍ਰਭੂ ਦੇ ਚਿੱਤ ਵਿਚ ਲੀਨ ਕਰ ਕੇ) ਇਸ ਸਦਾ ਭਟਕਦੇ (ਮਨ-) ਚੋਰ ਨੂੰ (ਚੰਚਲਤਾ ਵਲੋਂ) ਮਾਰ ਲਏਂ, ਤਾਂ ਤੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਹਾਸਲ ਕਰ ਲਏਂਗਾ ।੧੨।
ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥
ਹੇ ਸਹੇਲੀਏ! ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ) ਮੈਂ ਉੱਠ ਖਲੋਤੀ (ਪਰ ਮੈਂ ਉਸ ਦਾ ਪੱਲਾ ਨਾਹ ਫੜ ਸਕੀ) ।
ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥
ਮੈਂ (ਉਸ ਦਾ) ਪੱਲਾ ਕਿਉਂ ਨ ਫੜਿਆ? (ਇਸ ਵਾਸਤੇ ਨਾਹ ਫੜ ਸਕੀ ਕਿ) ਉਸ ਸੋਹਣੇ ਦਗ-ਦਗ ਕਰਦੇ ਪ੍ਰਭੂ-ਪਤੀ ਨੂੰ ਵੇਖ ਕੇ (ਮੇਰਾ) ਮਨ ਮੋਹਿਆ ਗਿਆ (ਮੈਨੂੰ ਆਪਣੇ ਆਪ ਦੀ ਸੁਰਤਿ ਹੀ ਨਾਹ ਰਹੀ) ।
ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥
ਹੁਣ ਮੈਂ ਉਸ ਦੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ ।
ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥੧੩॥
ਦਸੋ, ਹੇ ਸਹੇਲੀਏ! ਉਹ ਕਿਵੇਂ ਮਿਲੇ? ਹੇ ਸਹੇਲੀਏ! ਮੈਨੂੰ ਉਹ ਜਤਨ ਦੱਸ ਜਿਸ ਨਾਲ ਉਹ ਪਿਆਰਾ ਮਿਲ ਪਏ ।੧੩।
ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ ॥
ਹੇ ਸਹੇਲੀਏ! ਜਿਹੜੀਆਂ ਅੱਖਾਂ ਸਤ-ਸੰਗੀਆਂ ਦੇ ਦਰਸਨ ਨਹੀਂ ਕਰਦੀਆਂ, ਉਹ ਅੱਖਾਂ (ਦੁਨੀਆ ਦੇ ਪਦਾਰਥਾਂ ਅਤੇ ਰੂਪ ਨੂੰ ਤੱਕ ਤੱਕ ਕੇ) ਬੇ-ਹਾਲ ਹੋਈਆਂ ਰਹਿੰਦੀਆਂ ਹਨ ।
ਕਰਨ ਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ ॥
ਜਿਹੜੇ ਕੰਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣਦੇ, ਉਹ ਕੰਨ (ਆਤਮਕ ਆਨੰਦ ਦੀ ਧੁਨੀ ਸੁਣਨ ਵਲੋਂ) ਬੰਦ ਕੀਤੇ ਪਏ ਹਨ ।
ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥
ਜਿਹੜੀ ਜੀਭ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਹ ਜੀਭ (ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ ਹਰ ਵੇਲੇ) ਕੱਟੀ ਜਾ ਰਹੀ ਹੈ ।
ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨੁ ਘਟੀਐ ॥੧੪॥
ਹੇ ਸਹੇਲੀਏ! ਜਦੋਂ ਪ੍ਰਭੂ-ਪਾਤਿਸ਼ਾਹ (ਦੀ ਯਾਦ) ਭੁੱਲ ਜਾਏ, ਤਦੋਂ ਦਿਨੋ ਦਿਨ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦੇ ਜਾਈਦਾ ਹੈ । (ਸੋ, ਹੇ ਸਹੇਲੀਏ! ਸਾਧ ਸੰਗਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਰਹਿਣਾ, ਜੀਭ ਨਾਲ ਨਾਮ ਜਪਦੇ ਰਹਿਣਾ—ਇਹੀ ਹੈ ਜਤਨ ਉਸ ਨੂੰ ਲੱਭ ਸਕਣ ਦਾ) ।੧੪।
ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ॥
ਹੇ ਭਾਈ! (ਕੌਲ ਫੁੱਲ ਦੀ) ਤੇਜ਼ ਸੁਗੰਧੀ ਵਿਚ ਮਸਤ ਹੋ ਜਾਣ ਦੇ ਕਾਰਨ (ਭੌਰੇ ਦੇ) ਖੰਭ ਕੌਲ ਫੁੱਲ (ਦੀਆਂ ਪੰਖੜੀਆਂ) ਵਿਚ ਫਸ ਜਾਂਦੇ ਹਨ,
ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ॥
(ਉਹਨਾਂ ਪੰਖੜੀਆਂ ਨਾਲ ਉਲਝ ਕੇ (ਭੌਰੇ ਨੂੰ) ਉਡਾਰੀਆਂ ਲਾਣੀਆਂ ਭੁੱਲ ਜਾਂਦੀਆਂ ਹਨ (ਇਹੀ ਹਾਲ ਹੈ ਜੀਵ-ਭੌਰੇ ਦਾ) ।