Sri Guru Granth Sahib Ji — Ang 1353 (punjabi)
ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥
ਜਿਸ (ਆਪਣੇ) ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈਂ, ਤੇਰਾ ਉਹ (ਸਰੀਰ) ਤਾਂ (ਜ਼ਰੂਰ) ਸੁਆਹ ਹੋ ਜਾਇਗਾ ।
ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥
ਹੇ ਮੂਰਖ! ਹੇ ਬੇ-ਸ਼ਰਮ!(ਫਿਰ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ? ।੧।
ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥
ਪਰਮਾਤਮਾ ਦੀ ਭਗਤੀ (ਆਪਣੇ) ਹਿਰਦੇ ਵਿਚ ਵਸਾ ਲੈ ।(ਆਪਣੇ) ਮਨ ਦਾ ਅਹੰਕਾਰ ਛੱਡ ਦੇਹ,
ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥
ਦਾਸ ਨਾਨਕ (ਤੈਨੂੰ ਮੁੜ ਮੁੜ) ਇਹ ਗੱਲ ਹੀ ਆਖਦਾ ਹੈ ਕਿ ਇਹੋ ਜਿਹਾ ਸੁਚੱਜਾ ਜੀਵਨ ਜੀਉ ।੨।੪।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਉ ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਸਲੋਕ ਸਹਸਕ੍ਰਿਤੀ ਮਹਲਾ ੧ ॥
ਸਲੋਕ ਸਹਸਕ੍ਰਿਤੀ, ਪਹਿਲੀ ਪਾਤਿਸ਼ਾਹੀ।
ਪੜਿੑ ਪੁਸ੍ਤਕ ਸੰਧਿਆ ਬਾਦੰ ॥
ਪੰਡਿਤ (ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ, ਅਤੇ (ਹੋਰਨਾਂ ਨਾਲ) ਚਰਚਾ ਕਰਦਾ ਹੈ,
ਸਿਲ ਪੂਜਸਿ ਬਗੁਲ ਸਮਾਧੰ ॥
ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ;
ਮੁਖਿ ਝੂਠੁ ਬਿਭੂਖਨ ਸਾਰੰ ॥
ਮੁਖੋਂ ਝੂਠ ਬੋਲਦਾ ਹੈ (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਣਿਆਂ ਵਾਂਗ ਸੋਹਣਾ ਕਰ ਕੇ ਵਿਖਾਲਦਾ ਹੈ;
ਤ੍ਰੈਪਾਲ ਤਿਹਾਲ ਬਿਚਾਰੰ ॥
(ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤ੍ਰ ਨੂੰ ਵਿਚਾਰਦਾ ਹੈ;
ਗਲਿ ਮਾਲਾ ਤਿਲਕ ਲਿਲਾਟੰ ॥
ਗਲ ਵਿਚ ਮਾਲਾ ਰੱਖਦਾ ਹੈ, ਮੱਥੇ ਉਤੇ ਤਿਲਕ ਲਾਂਦਾ ਹੈ;
ਦੁਇ ਧੋਤੀ ਬਸਤ੍ਰ ਕਪਾਟੰ ॥
ਸਦਾ ਦੋ ਧੋਤੀਆਂ (ਆਪਣੇ ਪਾਸ) ਰੱਖਦਾ ਹੈ, ਤੇ (ਸੰਧਿਆ ਕਰਨ ਵੇਲੇ) ਸਿਰ ਉਤੇ ਇਕ ਵਸਤ® ਧਰ ਲੈਂਦਾ ਹੈ ।
ਜੋ ਜਾਨਸਿ ਬ੍ਰਹਮੰ ਕਰਮੰ ॥
ਪਰ ਜੋ ਮਨੁੱਖ ਪਰਮਾਤਮਾ ਦੀ ਭਗਤੀ ਦਾ ਕੰਮ ਜਾਣਦਾ ਹੋਵੇ,
ਸਭ ਫੋਕਟ ਨਿਸਚੈ ਕਰਮੰ ॥
ਤਦ ਨਿਸ਼ਚਾ ਕਰ ਕੇ ਜਾਣ ਲਵੋ ਕਿ ਉਸ ਦੇ ਵਾਸਤੇ ਇਹ ਸਾਰੇ ਕੰੰਮ ਫੋਕੇ ਹਨ ।
ਕਹੁ ਨਾਨਕ ਨਿਸਚੌ ਧੵਿਾਵੈ ॥
ਹੇ ਨਾਨਕ! ਆਖ—(ਮਨੁੱਖ) ਸਰਧਾ ਧਾਰ ਕੇ ਪਰਮਾਤਮਾ ਨੂੰ ਸਿਮਰੇ
ਬਿਨੁ ਸਤਿਗੁਰ ਬਾਟ ਨ ਪਾਵੈ ॥੧॥
(ਕੇਵਲ ਇਹੋ ਰਸਤਾ ਲਾਭਦਾਇਕ ਹੈ, ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ।੧।
ਨਿਹਫਲੰ ਤਸੵ ਜਨਮਸੵ ਜਾਵਦ ਬ੍ਰਹਮ ਨ ਬਿੰਦਤੇ ॥
ਜਦ ਤਕ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਤਦ ਤਕ ਉਸ ਦਾ (ਮਨੁੱਖਾ) ਜਨਮ ਵਿਅਰਥ ਹੈ ।
ਸਾਗਰੰ ਸੰਸਾਰਸੵ ਗੁਰ ਪਰਸਾਦੀ ਤਰਹਿ ਕੇ ॥
(ਜੋ ਮਨੁੱਖ) ਗੁਰੂ ਦੀ ਕਿਰਪਾ ਦੀ ਰਾਹੀਂ (ਪਰਮਾਤਮਾ ਨਾਲ ਸਾਂਝ ਪਾਂਦੇ ਹਨ, ਉਹ) ਅਨੇਕਾਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ।
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਹੇ ਨਾਨਕ! (ਪਰਮਾਤਮਾ ਦਾ ਨਾਮ ਮੁੜ ਮੁੜ) ਆਖ, (ਪਰਮਾਤਮਾ ਦੇ ਨਾਮ ਦੀ) ਵਿਚਾਰ ਕਰ, (ਉਹ) ਜਗਤ ਦਾ ਮੂਲ (ਪਰਮਾਤਮਾ) ਸਭ ਤਾਕਤਾਂ ਦਾ ਮਾਲਕ ਹੈ ।
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
ਜਿਸ ਪ੍ਰਭੂ ਨੇ (ਜਗਤ ਵਿਚ ਆਪਣੀ) ਸੱਤਿਆ ਟਿਕਾ ਰੱਖੀ ਹੈ, ਉਸ ਕਰਤਾਰ ਦੇ ਇਖ਼ਤਿਆਰ ਵਿਚ ਹੀ (ਹਰੇਕ) ਸਬਬ ਹੈ ।੨।
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥
(ਵਰਨ-ਵੰਡ ਦੇ ਵਿਤਕਰੇ ਪਾਣ ਵਾਲੇ ਆਖਦੇ ਹਨ ਕਿ) ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ;) ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ;
ਖੵਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਹੈ ।
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥
ਪਰ ਸਭ ਤੋਂ ਸ੍ਰੇਸ਼ਟ ਧਰਮ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ । ਜੇ ਕੋਈ ਮਨੁੱਖ ਇਸ ਭੇਤ ਨੂੰ ਸਮਝ ਲਏ,
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥੩॥
ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ।੩।
ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ॥ ਆਤਮੰ ਸ੍ਰੀ ਬਾਸ੍ਵਦੇਵਸੵ ਜੇ ਕੋਈ ਜਾਨਸਿ ਭੇਵ ॥
ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ । ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਤ ਜਾਣ ਲੈਂਦਾ ਹੈ,
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥੪॥
ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ।੪।
ਸਲੋਕ ਸਹਸਕ੍ਰਿਤੀ ਮਹਲਾ ੫
ਸਲੋਕ ਸਹਸਕ੍ਰਿਤੀ। ਪੰਜਵੀਂ ਪਾਤਿਸ਼ਾਹੀ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਕੀਨਾ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥
ਕਿੱਥੇ ਰਹਿ ਜਾਂਦੀ ਹੈ ਮਾਂ, ਤੇ ਕਿੱਥੇ ਰਹਿ ਜਾਂਦਾ ਹੈ ਪਿਉ? ਤੇ ਕਿੱਥੇ ਰਹਿ ਜਾਂਦੇ ਹਨ ਇਸਤ੍ਰੀ ਪੁੱਤ੍ਰਾਂ ਦੇ ਲਾਡ-ਪਿਆਰ?
ਕਤੰਚ ਭ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬੵਤੇ ॥
ਕਿੱਥੇ ਰਹਿ ਜਾਂਦੇ ਹਨ ਭਰਾ ਮਿਤ੍ਰ ਹਿਤੂ ਤੇ ਸਨਬੰਧੀ? ਤੇ ਕਿੱਥੇ ਰਹਿ ਜਾਂਦਾ ਹੈ ਪਰਵਾਰ ਦਾ ਮੋਹ?
ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ ॥
ਕਿੱਥੇ ਜਾਂਦੀ ਹੈ ਮਨ ਨੂੰ ਮੋਹਣ ਵਾਲੀ ਇਹ ਚੰਚਲ ਮਾਇਆ ਵੇਖਦਿਆਂ ਵੇਖਦਿਆਂ ਹੀ ਛੱਡ ਜਾਂਦੀ ਹੈ ।
ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੵੰ ਅਚੁਤ ਤਨਹ ॥੧॥
ਹੇ ਨਾਨਕ! (ਮਨੁੱਖ ਦੇ) ਨਾਲ (ਸਦਾ) ਰਹਿੰਦਾ ਹੈ ਭਗਵਾਨ ਦਾ ਭਜਨ (ਹੀ), ਤੇ ਇਹ ਭਜਨ ਮਿਲਦਾ ਹੈ ਸੰਤ ਜਨਾਂ ਤੋਂ ।੧।