Sri Guru Granth Sahib Ji — Ang 1351 (punjabi)
ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥
ਉਹ ਨਿਡਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ (ਹਰ ਥਾਂ) ਪ੍ਰਭੂ ਦਾ ਹੀ ਹੁਕਮ ਵਰਤਦਾ ਦਿੱਸਦਾ ਹੈ, ਪ੍ਰਭੂ ਆਪ ਹੀ ਹੁਕਮ ਚਲਾ ਰਿਹਾ ਜਾਪਦਾ ਹੈ ।੩।
ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥
ਜੋ ਮਨੁੱਖ ਉੱਤਮ ਪੁਰਖ ਪ੍ਰਭੂ ਨੂੰ (ਇਉਂ ਸਰਬ-ਵਿਆਪਕ) ਜਾਣ ਕੇ ਸਿਮਰਦੇ ਹਨ, ਉਹਨਾਂ ਦੀ ਬਾਣੀ ਹੀ ਪ੍ਰਭੂ ਦਾ ਨਾਮ ਬਣ ਜਾਂਦਾ ਹੈ (ਭਾਵ, ਉਹ ਹਰ ਵੇਲੇ ਸਿਫ਼ਤਿ-ਸਾਲਾਹ ਹੀ ਕਰਦੇ ਹਨ) ।
ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥
ਨਾਮਦੇਵ ਆਖਦਾ ਹੈ ਉਹਨਾਂ ਬੰਦਿਆਂ ਨੇ ਅਸਚਰਜ ਅਲੱਖ ਤੇ ਜਗਤ-ਦੇ-ਜੀਵਨ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ ।੪।੧।
ਪ੍ਰਭਾਤੀ ॥
ਪ੍ਰਭਾਤੀ।
ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ ॥
(ਉਹ ਸੋਹਣਾ ਰਾਮ) ਸਾਰੇ ਸੰਸਾਰ ਦਾ ਮੂਲ ਹੈ, ਜੁਗਾਂ ਦੇ ਆਦਿ ਤੋਂ ਹੈ, ਹਰੇਕ ਜੁਗ ਵਿਚ ਮੌਜੂਦ ਹੈ,
ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥੧॥
ਉਸ ਰਾਮ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ, ਉਹ ਰਾਮ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ—(ਸਭ ਧਰਮ-ਪੁਸਤਕਾਂ ਨੇ) ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ ।੧।
ਗੋਬਿਦੁ ਗਾਜੈ ਸਬਦੁ ਬਾਜੈ ॥
(ਇਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ) ਸ਼ਬਦ-ਵਾਜਾ ਵੱਜਦਾ ਹੈ,ਗੋਬਿੰਦ ਪਰਗਟ ਹੋ ਜਾਂਦਾ ਹੈ ।
ਆਨਦ ਰੂਪੀ ਮੇਰੋ ਰਾਮਈਆ ॥੧॥ ਰਹਾਉ ॥
ਉਥੇ ਮੇਰਾ ਸੋਹਣਾ ਰਾਮ, ਸੁਖ-ਸਰੂਪ ਰਾਮ,।੧।ਰਹਾਉ।
ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ ॥
(ਜਿਵੇਂ) ਜੰਗਲ ਵਿਚ ਚੰਦਨ ਦਾ ਬੂਟਾ ਹੁੰਦਾ ਹੈ, (ਉਸ ਦੀ) ਸੁਗੰਧੀ ਤੋਂ (ਸਭ ਨੂੰ) ਸੁਖ ਮਿਲਦਾ ਹੈ, (ਉਸ ਦੀ ਸੰਗਤਿ ਨਾਲ ਸਾਧਾਰਨ) ਰੁੱਖ ਚੰਦਨ ਬਣ ਜਾਂਦਾ ਹੈ;
ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥੨॥
ਤਿਵੇਂ, ਉਹ ਰਾਮ, ਸਭ ਜੀਵਾਂ ਦਾ ਮੂਲ ਰਾਮ, (ਸਭ ਗੁਣਾਂ-ਰੂਪ) ਸੁਗੰਧੀਆਂ ਦਾ ਮੂਲ ਹੈ (ਉਸ ਦੀ ਸੰਗਤਿ ਵਿਚ ਸਾਧਾਰਨ ਜੀਵ ਗੁਣਾਂ ਵਾਲੇ ਹੋ ਜਾਂਦੇ ਹਨ) ।੨।
ਤੁਮੑ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ ॥
(ਹੇ ਮੇਰੇ ਸੋਹਣੇ ਰਾਮ!) ਤੂੰ ਪਾਰਸ ਹੈਂ, ਮੈਂ ਲੋਹਾ ਹਾਂ, ਤੇਰੀ ਸੰਗਤਿ ਵਿਚ ਮੈਂ ਸੋਨਾ ਬਣ ਗਿਆ ਹਾਂ ।
ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥੩॥੨॥
ਤੂੰ ਦਇਆ ਦਾ ਘਰ ਹੈਂ, ਤੂੰ ਰਤਨ ਹੈਂ, ਤੂੰ ਲਾਲ ਹੈਂ । ਮੈਂ ਨਾਮਾ ਤੈਂ ਸਦਾ-ਥਿਰ ਰਹਿਣ ਵਾਲੇ ਵਿਚ ਲੀਨ ਹੋ ਗਿਆ ਹਾਂ ।੩।੨।
ਪ੍ਰਭਾਤੀ ॥
ਪ੍ਰਭਾਤੀ।
ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥
ਜਿਸ ਪਰਮਾਤਮਾ ਦੀ ਕੋਈ ਖ਼ਾਸ ਕੁਲ ਨਹੀਂ ਹੈ ਉਸ ਸਰਬ-ਵਿਆਪਕ ਨੇ ਇਹ ਜਗਤ-ਰੂਪ ਇਕ ਖੇਡ ਬਣਾ ਦਿੱਤੀ ਹੈ ।
ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥
ਹਰੇਕ ਸਰੀਰ ਵਿਚ, ਹਰੇਕ ਦੇ ਅੰਦਰ ਉਸ ਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ ।੧।
ਜੀਅ ਕੀ ਜੋਤਿ ਨ ਜਾਨੈ ਕੋਈ ॥
ਸਾਰੇ ਜੀਵਾਂ ਵਿਚ ਵੱਸਦੀ ਜੋਤਿ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ,
ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ ਰਹਾਉ ॥
ਪਰ ਅਸੀ ਸਾਰੇ ਜੀਵ ਜੋ ਕੁਝ ਕਰਦੇ ਹਾਂ (ਸਾਡੇ ਅੰਦਰ) ਉਸ ਅੰਦਰ-ਵੱਸਦੀ-ਜੋਤਿ ਨੂੰ ਮਲੂਮ ਹੋ ਜਾਂਦੇ ਹਨ ।੧।ਰਹਾਉ।
ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥
ਜਿਵੇਂ ਮਿੱਟੀ ਤੋਂ ਘੜਾ ਬਣ ਜਾਂਦਾ ਹੈ, (ਤਿਵੇਂ ਉਸ ਪਰਮ-ਜੋਤਿ ਤੋਂ ਸਾਰੇ ਜੀਵ ਬਣਦੇ ਹਨ, ਪਰ)
ਆਪ ਹੀ ਕਰਤਾ ਬੀਠੁਲੁ ਦੇਉ ॥੨॥
ਉਹ ਬੀਠੁਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ।੨।
ਜੀਅ ਕਾ ਬੰਧਨੁ ਕਰਮੁ ਬਿਆਪੈ ॥
ਜੀਵ ਦਾ ਕੀਤਾ ਹੋਇਆ ਕੰਮ ਉਸ ਲਈ ਜੰਜਾਲ ਹੋ ਢੁਕਦਾ ਹੈ,
ਜੋ ਕਿਛੁ ਕੀਆ ਸੁ ਆਪੈ ਆਪੈ ॥੩॥
ਪਰ ਇਹ ਜੰਜਾਲ ਆਦਿਕ ਭੀ ਜੋ ਕੁਝ ਬਣਾਇਆ ਹੈ ਪ੍ਰਭੂ ਨੇ ਆਪ ਹੀ ਬਣਾਇਆ ਹੈ ।੩।
ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ ॥
ਨਾਮਦੇਵ ਬੇਨਤੀ ਕਰਦਾ ਹੈ, ਇਹ ਜੀਵ ਜਿਸ ਸ਼ੈ ਉਤੇ ਆਪਣਾ ਮਨ ਟਿਕਾਂਦਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ (ਮਾਇਆ-ਜਾਲ ਦੀ ਚਿਤਵਨੀ ਕਰਦਾ ਹੈ ਤਾਂ ਮਾਇਆ-ਜਾਲ ਵਿਚ ਫਸ ਜਾਂਦਾ ਹੈ, ਪਰ)
ਅਮਰੁ ਹੋਇ ਸਦ ਆਕੁਲ ਰਹੈ ॥੪॥੩॥
ਜੇ ਇਹ ਜੀਵ ਸਰਬ-ਵਿਆਪਕ ਪਰਮਾਤਮਾ ਨੂੰ ਆਪਣੇ ਮਨ ਵਿਚ ਟਿਕਾਏ ਤਾਂ (ਉਸ ਅਮਰ ਪ੍ਰਭੂ ਵਿਚ ਟਿਕ ਕੇ ਆਪ ਭੀ) ਅਮਰ ਹੋ ਜਾਂਦਾ ਹੈ ।੪।
ਪ੍ਰਭਾਤੀ ਭਗਤ ਬੇਣੀ ਜੀ ਕੀ
ਪ੍ਰਭਾਤੀ। ਸ਼ਬਦ ਪੂਜਯ ਸੰਤ ਬੇਣੀ ਜੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਤਨਿ ਚੰਦਨੁ ਮਸਤਕਿ ਪਾਤੀ ॥
(ਹੇ ਲੰਪਟ!) ਤੂੰ ਸਰੀਰ ਉੱਤੇ ਚੰਦਨ (ਦਾ ਲੇਪ ਕਰਦਾ ਹੈਂ) ਮੱਥੇ ਉੱਤੇ ਤੁਲਸੀ ਦੇ ਪੱਤਰ (ਲਾਂਦਾ ਹੈਂ; ਪਰ)
ਰਿਦ ਅੰਤਰਿ ਕਰ ਤਲ ਕਾਤੀ ॥
ਤੇਰੇ ਹਿਰਦੇ ਵਿਚ (ਇਉਂ ਕੁਝ ਹੋ ਰਿਹਾ ਹੈ ਜਿਵੇਂ) ਤੇਰੇ ਹੱਥਾਂ ਵਿਚ ਕੈਂਚੀ ਫੜੀ ਹੋਈ ਹੈ;
ਠਗ ਦਿਸਟਿ ਬਗਾ ਲਿਵ ਲਾਗਾ ॥
ਤੇਰੀ ਨਿਗਾਹ ਠੱਗਾਂ ਵਾਲੀ ਬਗਲੇ ਵਾਂਗ ਤੂੰ ਸਮਾਧੀ ਲਾਈ ਹੋਈ ਹੈ,
ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥
ਵੇਖਣ ਨੂੰ ਤੂੰ ਵੈਸ਼ਨੋ ਜਾਪਦਾ ਹੈਂ ਜਿਵੇਂ ਤੇਰੇ ਮੂੰਹ ਵਿਚੋਂ ਸੁਆਸ ਭੀ ਨਿਕਲ ਗਏ ਹਨ (ਭਾਵ, ਵੇਖਣ ਨੂੰ ਤੂੰ ਬੜਾ ਹੀ ਦਇਆਵਾਨ ਜਾਪਦਾ ਹੈਂ) ।੧।
ਕਲਿ ਭਗਵਤ ਬੰਦ ਚਿਰਾਂਮੰ ॥
(ਹੇ ਵਿਸ਼ਈ ਮਨੁੱਖ! ਤੂੰ ਉਂਞ ਤਾਂ) ਕਲਜੁਗੀ ਸੁਭਾਵ ਵਿਚ ਪ੍ਰਵਿਰਤ ਹੈਂ, ਪਰ ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਹੈਂ, ਤੇਰੀ ਨਜ਼ਰ ਟੇਢੀ ਹੈ (ਤੇਰੀ ਨਿਗਾਹ ਵਿਚ ਖੋਟ ਹੈ),
ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥
ਦਿਨ ਰਾਤ ਤੂੰ ਮਾਇਆ ਦੇ ਧੰਧਿਆਂ ਵਿਚ ਰੱਤਾ ਹੋਇਆ ਹੈਂ (ਤੇਰੀਆਂ ਇਹ ਮੂਰਤੀ ਨੂੰ ਬੰਦਨਾਂ ਕਿਸ ਅਰਥ?) ।੧।ਰਹਾਉ।
ਨਿਤਪ੍ਰਤਿ ਇਸਨਾਨੁ ਸਰੀਰੰ ॥
(ਹੇ ਵਿਸ਼ਈ ਮਨੁੱਖ!) ਤੂੰ ਹਰ ਰੋਜ਼ ਆਪਣੇ ਸਰੀਰ ਨੂੰ ਇਸ਼ਨਾਨ ਕਰਾਂਦਾ ਹੈਂ,
ਦੁਇ ਧੋਤੀ ਕਰਮ ਮੁਖਿ ਖੀਰੰ ॥
ਦੋ ਧੋਤੀਆਂ ਰੱਖਦਾ ਹੈਂ, (ਹੋਰ) ਕਰਮ ਕਾਂਡ (ਭੀ ਕਰਦਾ ਹੈਂ), ਦੂਧਾਧਾਰੀ (ਬਣਿਆ ਹੋਇਆ) ਹੈਂ;
ਰਿਦੈ ਛੁਰੀ ਸੰਧਿਆਨੀ ॥
ਪਰ ਆਪਣੇ ਹਿਰਦੇ ਵਿਚ ਤੂੰ ਛੁਰੀ ਕੱਸ ਕੇ ਰੱਖੀ ਹੋਈ ਹੈ,
ਪਰ ਦਰਬੁ ਹਿਰਨ ਕੀ ਬਾਨੀ ॥੨॥
ਤੈਨੂੰ ਪਰਾਇਆ ਧਨ ਠੱਗਣ ਦੀ ਆਦਤ ਪਈ ਹੋਈ ਹੈ ।੨।
ਸਿਲ ਪੂਜਸਿ ਚਕ੍ਰ ਗਣੇਸੰ ॥
(ਹੇ ਲੰਪਟ!) ਤੂੰ ਸਿਲਾ ਪੂਜਦਾ ਹੈਂ, ਸਰੀਰ ਉੱਤੇ ਤੂੰ ਗਣੇਸ਼ ਦੇਵਤੇ ਦੇ ਨਿਸ਼ਾਨ ਬਣਾਏ ਹੋਏ ਹਨ,
ਨਿਸਿ ਜਾਗਸਿ ਭਗਤਿ ਪ੍ਰਵੇਸੰ ॥
ਰਾਤ ਨੂੰ ਰਾਸਾਂ ਵਿਚ (ਭਗਤੀ ਵਜੋਂ) ਜਾਗਦਾ ਭੀ ਹੈਂ,
ਪਗ ਨਾਚਸਿ ਚਿਤੁ ਅਕਰਮੰ ॥
ਉਥੇ ਪੈਰਾਂ ਨਾਲ ਤੂੰ ਨੱਚਦਾ ਹੈਂ, ਪਰ ਤੇਰਾ ਚਿੱਤ ਮੰਦੇ ਕਰਮਾਂ ਵਿਚ ਹੀ ਮਗਨ ਰਹਿੰਦਾ ਹੈ,
ਏ ਲੰਪਟ ਨਾਚ ਅਧਰਮੰ ॥੩॥
ਹੇ ਲੰਪਟ! ਇਹ ਨਾਚ ਕੋਈ ਧਰਮ (ਦਾ ਕੰਮ) ਨਹੀਂ ਹੈ ।੩।
ਮ੍ਰਿਗ ਆਸਣੁ ਤੁਲਸੀ ਮਾਲਾ ॥
ਹੇ ਵਿਸ਼ਈ ਮਨੁੱਖ! (ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ ਹੈਂ), ਤੁਲਸੀ ਦੀ ਮਾਲਾ ਤੇਰੇ ਪਾਸ ਹੈ,
ਕਰ ਊਜਲ ਤਿਲਕੁ ਕਪਾਲਾ ॥
ਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈਂ, ਗਲ ਵਿਚ ਤੂੰ ਰੁਦ®ਾਖ ਦੀ ਮਾਲਾ ਪਾਈ ਹੋਈ ਹੈ,
ਰਿਦੈ ਕੂੜੁ ਕੰਠਿ ਰੁਦ੍ਰਾਖੰ ॥
ਪਰ ਤੇਰੇ ਹਿਰਦੇ ਵਿਚ ਠੱਗੀ ਹੈ ।
ਰੇ ਲੰਪਟ ਕ੍ਰਿਸਨੁ ਅਭਾਖੰ ॥੪॥
(ਹੇ ਲੰਪਟ! ਇਸ ਤਰ੍ਹਾਂ) ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈਂ ।੪।
ਜਿਨਿ ਆਤਮ ਤਤੁ ਨ ਚੀਨਿੑਆ ॥
ਹੇ ਬੇਣੀ! ਇਹ ਗੱਲ ਸੱਚ ਹੈ ਕਿ ਜਿਸ ਮਨੁੱਖ ਨੇ ਆਤਮਾ ਦੀ ਅਸਲੀਅਤ ਨੂੰ ਨਹੀਂ ਪਛਾਣਿਆ,
ਸਭ ਫੋਕਟ ਧਰਮ ਅਬੀਨਿਆ ॥
ਉਸ ਅੰਨ੍ਹੇ ਦੇ ਸਾਰੇ ਕਰਮ-ਧਰਮ ਫੋਕੇ ਹਨ ।
ਕਹੁ ਬੇਣੀ ਗੁਰਮੁਖਿ ਧਿਆਵੈ ॥
ਉਹੀ ਮਨੁੱਖ ਸਿਮਰਨ ਕਰਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ,
ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥
ਗੁਰੂ ਤੋਂ ਬਿਨਾ ਜ਼ਿੰਦਗੀ ਦਾ ਸਹੀ ਰਾਹ ਨਹੀਂ ਲੱਭਦਾ ।੫।੧।