Sri Guru Granth Sahib Ji — Ang 1350 (punjabi)
ਲੋਗਾ ਭਰਮਿ ਨ ਭੂਲਹੁ ਭਾਈ ॥
ਹੇ ਲੋਕੋ! ਹੇ ਭਾਈ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ ।
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ ।੧।ਰਹਾਉ।
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥
ਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ) ਅਨੇਕਾਂ ਕਿਸਮਾਂ ਦੇੁ ਜੀਆ-ਜੰਤ ਪੈਦਾ ਕਰ ਦਿੱਤੇ ਹਨ ।
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥
(ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ) ਨਾਹ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ (ਇਹਨਾਂ ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿਚ ।੨।
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ । ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ ।
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥
ਉਹੀ ਮਨੁੱਖ ਰੱਬ ਦਾ (ਪਿਆਰਾ) ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ ।੩।
ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥
ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ । ਕਬੀਰ ਆਖਦਾ ਹੈ—ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ,
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥
ਪਰ) ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ) ।੪।੩।
ਪ੍ਰਭਾਤੀ ॥
ਪ੍ਰਭਾਤੀ।
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
(ਹੇ ਹਿੰਦੂ ਤੇ ਮੁਸਲਮਾਨ ਵੀਰੋ!) ਵੇਦਾਂ ਜਾਂ ਕੁਰਾਨ ਆਦਿਕ (ਇਕ ਦੂਜੇ ਦੀਆਂ) ਧਰਮ-ਪੁਸਤਕਾਂ ਨੂੰ ਝੂਠੀਆਂ ਨਾਹ ਆਖੋ । ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ-ਪੁਸਤਕਾਂ ਦੀ ਵਿਚਾਰ ਨਹੀਂ ਕਰਦਾ ।
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥
(ਭਲਾ, ਹੇ ਮੁੱਲਾਂ!) ਜੇ ਤੂੰ ਇਹ ਆਖਦਾ ਹੈਂ ਕਿ ਖ਼ੁਦਾ ਸਭ ਜੀਵਾਂ ਵਿਚ ਮੌਜੂਦ ਹੈ ਤਾਂ (ਉਸ ਖ਼ੁਦਾ ਅੱਗੇ ਕੁਰਬਾਨੀ ਦੇਣ ਲਈ) ਮੁਰਗ਼ੀ ਕਿਉਂ ਮਾਰਦਾ ਹੈਂ?
ਮੁਲਾਂ ਕਹਹੁ ਨਿਆਉ ਖੁਦਾਈ ॥
(ਕੀ ਉਸ ਮੁਰਗ਼ੀ ਵਿਚ ਉਹ ਆਪ ਨਹੀਂ ਹੈ? ਮੁਰਗ਼ੀ ਵਿਚ ਬੈਠੇ ਖ਼ੁਦਾ ਦੀ ਅੰਸ਼ ਨੂੰ ਮਾਰ ਕੇ ਖ਼ੁਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ ਹੈ? ।੧।
ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥
ਹੇ ਮੁੱਲਾਂ! ਤੂੰ (ਹੋਰ ਲੋਕਾਂ ਨੂੰ ਤਾਂ) ਖ਼ੁਦਾ ਦਾ ਨਿਆਂ ਸੁਣਾਉਂਦਾ ਹੈਂ, ਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ ਦੂਰ ਹੀ ਨਹੀਂ ਹੋਇਆ ।੧।ਰਹਾਉ।
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥
ਹੇ ਮੁੱਲਾਂ! (ਮੁਰਗ਼ੀ ਆਦਿਕ) ਜੀਵ ਨੂੰ ਫੜ ਕੇ ਤੂੰ ਲੈ ਆਂਦਾ, ਉਸ ਦਾ ਸਰੀਰ ਤੂੰ ਨਾਸ ਕੀਤਾ, ਉਸ (ਦੇ ਜਿਸਮ) ਦੀ ਮਿੱਟੀ ਨੂੰ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕੀਤਾ (ਭਾਵ, ਖ਼ੁਦਾ ਦੀ ਨਜ਼ਰ-ਭੇਟ ਕੀਤਾ) ।
ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥
ਪਰ ਹੇ ਮੁੱਲਾਂ! ਜੋ ਖ਼ੁਦਾ ਨਿਰਾ ਨੂਰ ਹੀ ਨੂਰ ਹੈ, ਤੇ ਜੋ ਅਵਿਨਾਸ਼ੀ ਹੈ ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ, (ਉਸ ਮੁਰਗ਼ੀ ਵਿਚ ਭੀ ਹੈ ਜੋ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕਰਦਾ ਹੈਂ) ਤਾਂ ਫਿਰ, ਦੱਸ, ਤੂੰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ? ।੨।
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥
ਹੇ ਮੁੱਲਾਂ! ਜੇ ਤੂੰ ਆਪਣੇ ਦਿਲ ਵਿਚ ਕਪਟ ਰੱਖ ਕੇ ਨਿਮਾਜ਼ ਪੜ੍ਹਦਾ ਹੈਂ, ਤਾਂ ਇਹ ਨਿਮਾਜ਼ ਦਾ ਕੀਹ ਫ਼ਾਇਦਾ? ਪੈਰ ਹੱਥ ਆਦਿਕ ਸਾਫ਼ ਕਰਨ ਦੀ ਰਸਮ ਦਾ ਕੀਹ ਲਾਭ?
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥
ਮੂੰਹ ਧੋਣ ਦਾ ਕੀਹ ਗੁਣ? ਮਸਜਦ ਵਿਚ ਜਾ ਕੇ ਸਜਦਾ ਕਰਨ ਦੀ ਕੀਹ ਲੋੜ? ਤੇ, ਕਾਹਬੇ ਦੇ ਹੱਜ ਦਾ ਕੀਹ ਫ਼ਾਇਦਾ? ।੩।
ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥
ਹੇ ਮੁੱਲਾਂ! ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈਨੂੰ ਉਸ ਪਵਿੱਤਰ ਪ੍ਰਭੂ ਦੀ ਸਮਝ ਨਹੀਂ ਪਈ, ਤੂੰ ਉਸ ਦਾ ਭੇਤ ਨਹੀਂ ਪਾਇਆ ।
ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥
ਕਬੀਰ ਆਖਦਾ ਹੈ—(ਇਸ ਭੁਲੇਖੇ ਵਿਚ ਫਸੇ ਰਹਿ ਕੇ) ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ ।੪।੪।
ਪ੍ਰਭਾਤੀ ॥
ਪ੍ਰਭਾਤੀ।
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥
ਹੇ ਦੇਵ! ਹੇ ਚਾਨਣ ਦੀ ਖਾਣ! ਹੇ ਜਗਤ ਦੇ ਮਾਲਕ! ਹੇ ਸਭ ਦੇ ਮੂਲ! ਹੇ ਸਰਬ ਵਿਆਪਕ ਪ੍ਰਭੂ! ਜੋਗ-ਅੱਭਿਆਸ ਵਿਚ ਨਿਪੁੰਨ ਜੋਗੀਆਂ ਨੇ ਸਮਾਧੀਆਂ ਲਾ ਕੇ ਭੀ ਤੇਰਾ ਅੰਤ ਨਹੀਂ ਲੱਭਾ ਉਹ ਆਖ਼ਰ ਤੇਰੀ ਸ਼ਰਨ ਲੈਂਦੇ ਹਨ ।
ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥
(ਤੂੰ ਮਾਇਆ ਤੋਂ ਰਹਿਤ ਹੈਂ, ਸੋ) ਮਾਇਆ ਦੇ ਫੁਰਨਿਆਂ ਵਲੋਂ ਮਨ ਨੂੰ ਸਾਫ਼ ਰੱਖਣਾ (ਤੇ ਤੇਰੇ ਚਰਨਾਂ ਵਿਚ ਹੀ ਜੁੜੇ ਰਹਿਣਾ) ਇਹ ਤੇਰੀ ਆਰਤੀ ਕਰਨੀ ਹੈ ।੧।
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥
ਹੇ ਭਾਈ! ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੋ, ਤੇ ਉਸ ਪ੍ਰਭੂ ਦੀ ਆਰਤੀ ਉਤਾਰੋ ਜੋ ਮਾਇਆ ਤੋਂ ਰਹਿਤ ਹੈ ਤੇ ਜੋ ਸਭ ਵਿਚ ਵਿਆਪਕ ਹੈ,
ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥
ਜਿਸ ਦੇ ਕੋਈ ਖ਼ਾਸ ਚਿਹਨ-ਚੱਕ® ਨਹੀਂ ਹਨ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਜਿਸ ਦੇ ਦਰ ਤੇ ਖਲੋਤਾ ਬ੍ਰਹਮਾ ਵੇਦ ਵਿਚਾਰ ਰਿਹਾ ਹੈ ।੧।ਰਹਾਉ।
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜੵਾਰਾ ॥
ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ । (ਜਿਸ ਨੇ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ ।
ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥
ਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ ।੨।
ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥
ਹੇ ਵਾਸ਼ਨਾ-ਰਹਿਤ ਨਿਰੰਕਾਰ! ਹੇ ਸਾਰਿੰਗਪਾਣ! ਮੈਂ ਤੇਰੇ ਦਾਸ ਕਬੀਰ ਨੇ ਭੀ ਤੇਰੀ (ਇਹੋ ਜਿਹੀ ਹੀ) ਆਰਤੀ ਕੀਤੀ ਹੈ
ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥
(ਜਿਸ ਦੀ ਬਰਕਤਿ ਨਾਲ) ਤੂੰ ਮੈਨੂੰ ਅੰਗ-ਸੰਗ ਦਿੱਸ ਰਿਹਾ ਹੈਂ (ਤੇ ਮੇਰੇ ਅੰਦਰ ਇਕ ਐਸਾ ਆਨੰਦ ਬਣ ਰਿਹਾ ਹੈ)
ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ
ਪ੍ਰਭਾਤੀ ਸ਼ਬਦ ਮਹਾਰਾਜ ਸੰਤ ਨਾਮ ਦੇਵ ਜੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥
ਮਨ ਦਾ ਦੁੱਖ-ਕਲੇਸ਼ ਜਾਂ (ਦੁਖੀਏ ਦਾ) ਆਪਣਾ ਮਨ ਜਾਣਦਾ ਹੈ ਜਾਂ (ਅੰਤਰਜਾਮੀ ਪ੍ਰਭੂ ਜਾਣਦਾ ਹੈ, ਸੋ ਜੇ ਆਖਣਾ ਹੋਵੇ ਤਾਂ) ਉਸ ਅੰਤਰਜਾਮੀ ਅੱਗੇ ਆਖਣਾ ਚਾਹੀਦਾ ਹੈ ।
ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥
ਮੈਨੂੰ ਤਾਂ ਹੁਣ ਕੋਈ (ਦੁੱਖਾਂ ਦਾ) ਡਰ ਰਿਹਾ ਹੀ ਨਹੀਂ, ਕਿਉਂਕਿ ਮੈਂ ਉਸ ਅੰਤਰਜਾਮੀ ਪਰਮਾਤਮਾ ਨੂੰ ਸਿਮਰ ਰਿਹਾ ਹਾਂ ।੧।
ਬੇਧੀਅਲੇ ਗੋਪਾਲ ਗੋੁਸਾਈ ॥
ਮੇਰੇ ਗੋਪਾਲ ਗੋਸਾਈਂ ਨੇ ਮੈਨੂੰ (ਆਪਣੇ ਚਰਨਾਂ ਵਿਚ ਵਿੰਨ੍ਹ ਲਿਆ ਹੈ,
ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ ॥
ਹੁਣ ਮੈਨੂੰ ਉਹ ਪਿਆਰਾ ਪ੍ਰਭੂ ਸਭ ਥਾਂ ਵੱਸਦਾ ਦਿਸਦਾ ਹੈ ।੧।ਰਹਾਉ।
ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥
(ਉਸ ਅੰਤਰਜਾਮੀ ਦਾ ਮਨੁੱਖ ਦੇ) ਮਨ ਵਿਚ ਹੀ ਹੱਟ ਹੈ, ਮਨ ਵਿਚ ਹੀ ਸ਼ਹਿਰ ਹੈ, ਤੇ ਮਨ ਵਿਚ ਹੀ ਉਹ ਹੱਟ ਚਲਾ ਰਿਹਾ ਹੈ, ਉਹ ਅਨੇਕ ਰੂਪਾਂ ਰੰਗਾਂ ਵਾਲਾ ਪ੍ਰਭੂ (ਮਨੁੱਖ ਦੇ) ਮਨ ਵਿਚ ਹੀ ਵੱਸਦਾ ਹੈ ।
ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥
ਪਰ ਸੰਸਾਰ ਨਾਲ ਮੋਹ ਰੱਖਣ ਵਾਲਾ ਮਨੁੱਖ ਬਾਹਰ ਭਟਕਦਾ ਫਿਰਦਾ ਹੈ ।੨।
ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥
ਜਿਸ ਮਨੁੱਖ ਦਾ ਇਹ ਮਨ ਸਤਿਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਮੇਰ-ਤੇਰ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਈ ਹੈ, ਉਹ ਸਮ-ਦਰਸੀ ਹੋ ਜਾਂਦਾ ਹੈ,