Sri Guru Granth Sahib Ji — Ang 1336 (punjabi)
ਗਾਵਤ ਸੁਨਤ ਦੋਊ ਭਏ ਮੁਕਤੇ ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਖਿਨ ਖਿਨ ਹਰਿ-ਨਾਮ ਰਸ ਪੀਣਾ ਸ਼ੁਰੂ ਕਰ ਦਿੱਤਾ, ਉਹ ਹਰਿ-ਗੁਣ ਗਾਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਵਿਕਾਰਾਂ ਤੋਂ ਬਚ ਗਏ ।੧।
ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ ॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਟਿਕਿਆ ਰਹਿੰਦਾ ਹੈ ।
ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ ॥੧॥ ਰਹਾਉ ॥
(ਜਿਸ ਮਨੁੱਖ ਨੂੰ) ਗੁਰੂ ਦੇ ਸਨਮੁਖ ਹੋ ਕੇ (ਆਤਮਕ) ਠੰਢ ਪਾਣ ਵਾਲਾ ਨਾਮ-ਜਲ ਮਿਲ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਡੀਕ ਲਾ ਕੇ ਪੀਂਦਾ ਰਹਿੰਦਾ ਹੈ ।੧।ਰਹਾਉ।
ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਊਜਲ ਟੀਕ ॥
ਹੇ ਭਾਈ! (ਗੁਰੂ ਨੇ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ (ਲੋਕ ਪਰਲੋਕ ਵਿਚ) ਉਹਨਾਂ ਦੇ ਮੱਥੇ ਉਤੇ (ਸੋਭਾ ਦਾ) ਰੌਸ਼ਨ ਟਿੱਕਾ ਲੱਗਾ ਰਹਿੰਦਾ ਹੈ ।
ਹਰਿ ਜਨ ਸੋਭਾ ਸਭ ਜਗ ਊਪਰਿ ਜਿਉ ਵਿਚਿ ਉਡਵਾ ਸਸਿ ਕੀਕ ॥੨॥
ਹੇ ਭਾਈ! ਪਰਮਾਤਮਾ ਦੇ ਭਗਤਾਂ ਦੀ ਸੋਭਾ ਸਾਰੇ ਜਹਾਨ ਉਤੇ ਖਿਲਰ ਜਾਂਦੀ ਹੈ; ਜਿਵੇਂ (ਆਕਾਸ਼ ਦੇ) ਤਾਰਿਆਂ ਵਿਚ ਚੰਦ®ਮਾ (ਸੋਹਣਾ) ਬਣਾਇਆ ਹੋਇਆ ਹੈ ।੨।
ਜਿਨ ਹਰਿ ਹਿਰਦੈ ਨਾਮੁ ਨ ਵਸਿਓ ਤਿਨ ਸਭਿ ਕਾਰਜ ਫੀਕ ॥
ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ (ਦੁਨੀਆ ਵਾਲੇ) ਸਾਰੇ ਹੀ ਕੰਮ ਫਿੱਕੇ ਹੁੰਦੇ ਹਨ (ਉਹਨਾਂ ਦੇ ਜੀਵਨ ਨੂੰ ਰੁੱਖਾ ਬਣਾਈ ਰੱਖਦੇ ਹਨ),
ਜੈਸੇ ਸੀਗਾਰੁ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ॥੩॥
ਜਿਵੇਂ (ਕੋਈ ਨਕ-ਵੱਢਾ ਮਨੁੱਖ ਆਪਣੇ) ਮਨੁੱਖਾ ਸਰੀਰ ਦੀ ਸਜਾਵਟ ਕਰਦਾ ਹੈ, ਪਰ ਨੱਕ ਤੋਂ ਬਿਨਾ (‘ਬਿਨਾ ਨਕ’) ਉਹ ਸਜਾਵਟ ਕਿਸ ਅਰਥ? ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਨਕ-ਵੱਢੇ ਹੀ ਹਨ ।੩।
ਘਟਿ ਘਟਿ ਰਮਈਆ ਰਮਤ ਰਾਮ ਰਾਇ ਸਭ ਵਰਤੈ ਸਭ ਮਹਿ ਈਕ ॥
ਹੇ ਭਾਈ! (ਉਂਞ ਤਾਂ) ਸੋਹਣਾ ਰਾਮ ਪ੍ਰਭੂ ਪਾਤਿਸ਼ਾਹ ਹਰੇਕ ਸਰੀਰ ਵਿਚ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਸਾਰੇ ਜੀਵਾਂ ਵਿਚ ਉਹ ਆਪ ਹੀ ਮੌਜੂਦ ਹੈ, (ਪਰ,)
ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ॥੪॥੩॥
ਹੇ ਨਾਨਕ! ਜਿਨ੍ਹਾਂ ਸੇਵਕਾਂ ਉਤੇ ਉਸ ਨੇ ਮਿਹਰ ਕੀਤੀ, ਉਹ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਘੜੀ ਘੜੀ (ਹਰ ਵੇਲੇ) ਉਸ ਦਾ ਨਾਮ ਸਿਮਰਨ ਲੱਗ ਪਏ ।੪।੩।
ਪ੍ਰਭਾਤੀ ਮਹਲਾ ੪ ॥
ਪ੍ਰਭਾਤੀ ਚੌਥੀ ਪਾਤਿਸ਼ਾਹੀ।
ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ ਮੁਖਿ ਹਰਿ ਹਰਿ ਨਾਮੁ ਹਮ ਕਹੇ ॥
ਹੇ ਭਾਈ! ਅਪਹੁੰਚ ਅਤੇ ਦਇਆ ਦੇ ਸੋਮੇ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਤਾਂ ਅਸਾਂ ਮੂੰਹ ਨਾਲ ਉਸ ਦਾ ਨਾਮ ਜਪਿਆ ।
ਪਤਿਤ ਪਾਵਨ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਪਾਪ ਲਹੇ ॥੧॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਦੇ ਸਾਰੇ ਹੀ ਪਾਪ ਦੂਰ ਹੋ ਗਏ ।੧।
ਜਪਿ ਮਨ ਰਾਮ ਨਾਮੁ ਰਵਿ ਰਹੇ ॥
ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਸਭ ਵਿਚ ਵਿਆਪਕ ਹੈ ਉਸ ਦਾ ਨਾਮ ਜਪਿਆ ਕਰ ।
ਦੀਨ ਦਇਆਲੁ ਦੁਖ ਭੰਜਨੁ ਗਾਇਓ ਗੁਰਮਤਿ ਨਾਮੁ ਪਦਾਰਥੁ ਲਹੇ ॥੧॥ ਰਹਾਉ ॥
ਜਿਸ ਮਨੁੱਖ ਨੇ ਦੀਨਾਂ ਉਤੇ ਦਇਆ ਕਰਨ ਵਾਲੇ ਦੁੱਖਾਂ ਦਾ ਨਾਸ ਕਰਨ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ, ਗੁਰੂ ਦੀ ਮਤਿ ਦੀ ਰਾਹੀਂ ਉਸ ਨੇ ਬਹੁ-ਮੁੱਲਾ ਹਰਿ-ਨਾਮ ਲੱਭ ਲਿਆ ।੧।ਰਹਾਉ।
ਕਾਇਆ ਨਗਰਿ ਨਗਰਿ ਹਰਿ ਬਸਿਓ ਮਤਿ ਗੁਰਮਤਿ ਹਰਿ ਹਰਿ ਸਹੇ ॥
ਹੇ ਭਾਈ! (ਉਂਞ ਤਾਂ) ਹਰੇਕ ਸਰੀਰ-ਸ਼ਹਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੀ ਮਤਿ ਦੀ ਬਰਕਤਿ ਨਾਲ ਹੀ ਇਹ ਨਿਸ਼ਚਾ ਬਣਦਾ ਹੈ ।
ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ ਘਰਿ ਮੰਦਰਿ ਹਰਿ ਪ੍ਰਭੁ ਲਹੇ ॥੨॥
ਜਿਸ ਸਰੀਰ-ਸਰੋਵਰ ਵਿਚ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ, ਉਸ ਹਿਰਦੇ-ਘਰ ਵਿਚ ਉਸ ਹਿਰਦੇ-ਮੰਦਰ ਵਿਚ ਪਰਮਾਤਮਾ ਲੱਭ ਪੈਂਦਾ ਹੈ ।੨।
ਜੋ ਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ ਮੂੜ ਮੁਹੇ ॥
ਪਰ, ਹੇ ਭਾਈ! ਜਿਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਇਸ ਸੰਸਾਰ) ਜੰਗਲ ਵਿਚ ਭਟਕ ਕੇ (ਉਮਰ ਗੁਜ਼ਾਰਦੇ ਹਨ) ਉਹ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ,
ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥੩॥
(ਉਹ ਆਪਣਾ ਆਤਮਕ ਜੀਵਨ) ਲੁਟਾ ਬੈਠਦੇ ਹਨ; ਜਿਵੇਂ ਕਸਤੂਰੀ ਦੀ ਸੁਗੰਧੀ (ਤਾਂ) ਹਿਰਨ ਦੀ ਧੁੰਨੀ ਵਿਚ ਵੱਸਦੀ ਹੈ, ਪਰ ਉਹ (ਬਾਹਰ ਭਟਕ ਭਟਕ ਕੇ ਝਾੜੀਆਂ ਸੰੁਘਦਾ ਫਿਰਦਾ ਹੈ ।੩।
ਤੁਮ ਵਡ ਅਗਮ ਅਗਾਧਿ ਬੋਧਿ ਪ੍ਰਭ ਮਤਿ ਦੇਵਹੁ ਹਰਿ ਪ੍ਰਭ ਲਹੇ ॥
ਹੇ ਹਰੀ! ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ, ਤੂੰ ਜੀਵਾਂ ਦੀ ਸਮਝ ਤੋਂ ਪਰੇ ਹੈਂ । ਜੇ ਤੂੰ ਆਪ ਹੀ ਅਕਲ ਬਖ਼ਸ਼ੇਂ, ਤਾਂ ਹੀ ਤੈਨੂੰ ਜੀਵ ਮਿਲ ਸਕਦੇ ਹਨ ।
ਜਨ ਨਾਨਕ ਕਉ ਗੁਰਿ ਹਾਥੁ ਸਿਰਿ ਧਰਿਓ ਹਰਿ ਰਾਮ ਨਾਮਿ ਰਵਿ ਰਹੇ ॥੪॥੪॥
ਹੇ ਨਾਨਕ! ਜਿਸ ਸੇਵਕ ਦੇ ਸਿਰ ਉੱਤੇ ਗੁਰੂ ਨੇ (ਆਪਣਾ ਮਿਹਰ-ਭਰਿਆ) ਹੱਥ ਰੱਖਿਆ ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ।੪।੪।
ਪ੍ਰਭਾਤੀ ਮਹਲਾ ੪ ॥
ਪ੍ਰਭਾਤੀ ਚੌਥੀ ਪਾਤਿਸ਼ਾਹੀ।
ਮਨਿ ਲਾਗੀ ਪ੍ਰੀਤਿ ਰਾਮ ਨਾਮ ਹਰਿ ਹਰਿ ਜਪਿਓ ਹਰਿ ਪ੍ਰਭੁ ਵਡਫਾ ॥
ਹੇ ਭਾਈ! ਜਿਸ ਮਨੁੱਖ ਉਤੇ ਹਰੀ-ਪ੍ਰਭੂ ਨੇ ਮਿਹਰ ਕੀਤੀ, ਉਸ ਦੇ ਹਿਰਦੇ ਵਿਚ ਗੁਰੂ ਦੇ ਬਚਨ ਪਿਆਰੇ ਲੱਗਣ ਲੱਗ ਪਏ,
ਸਤਿਗੁਰ ਬਚਨ ਸੁਖਾਨੇ ਹੀਅਰੈ ਹਰਿ ਧਾਰੀ ਹਰਿ ਪ੍ਰਭ ਕ੍ਰਿਪਫਾ ॥੧॥
ਉਸ ਦੇ ਮਨ ਵਿਚ ਪਰਮਾਤਮਾ ਦੇ ਨਾਮ ਦੀ ਪ੍ਰੀਤ ਪੈਦਾ ਹੋ ਗਈ, ਉਸ ਨੇ ਸਭ ਤੋਂ ਵੱਡੇ ਹਰੀ-ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ।੧।
ਮੇਰੇ ਮਨ ਭਜੁ ਰਾਮ ਨਾਮ ਹਰਿ ਨਿਮਖਫਾ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਨਿਮਖ (ਹਰ ਵੇਲੇ) ਜਪਿਆ ਕਰ ।
ਹਰਿ ਹਰਿ ਦਾਨੁ ਦੀਓ ਗੁਰਿ ਪੂਰੈ ਹਰਿ ਨਾਮਾ ਮਨਿ ਤਨਿ ਬਸਫਾ ॥੧॥ ਰਹਾਉ ॥
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਜਪਣ ਦੀ ਦਾਤਿ ਦੇ ਦਿੱਤੀ, ਉਸ ਦੇ ਮਨ ਵਿਚ ਉਸਦੇ ਹਿਰਦੇ ਵਿਚ ਹਰਿ-ਨਾਮ ਵੱਸ ਪਿਆ ।੧।ਰਹਾਉ।
ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥
ਹੇ ਭਾਈ! (ਉਂਞ ਤਾਂ) ਹਰੇਕ ਸਰੀਰ-ਨਗਰ ਵਿਚ, ਸਰੀਰ-ਘਰ ਵਿਚ, ਸਰੀਰ-ਮੰਦਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਉਸ ਦਾ ਨਾਮ) ਜਪ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦੇ ਹਨ ।
ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥੨॥
ਪ੍ਰਭੂ ਦੇ ਸੇਵਕ ਇਸ ਲੋਕ ਵਿਚ ਪਰਲੋਕ ਵਿਚ (ਨਾਮ ਦੀ ਬਰਕਤਿ ਨਾਲ) ਸੁਖੀ ਰਹਿੰਦੇ ਹਨ, ਉਹਨਾਂ ਦੇ ਮੁਖ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।੨।
ਅਨਭਉ ਹਰਿ ਹਰਿ ਹਰਿ ਲਿਵ ਲਾਗੀ ਹਰਿ ਉਰ ਧਾਰਿਓ ਗੁਰਿ ਨਿਮਖਫਾ ॥
ਹੇ ਭਾਈ! ਪਰਮਾਤਮਾ ਉਤੇ ਕੋਈ ਡਰ-ਭਉ ਪ੍ਰਭਾਵ ਨਹੀਂ ਪਾ ਸਕਦਾ । ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਉਸ ਪਰਮਾਤਮਾ ਵਿਚ ਸੁਰਤਿ ਜੋੜੀ, ਉਸ ਪਰਮਾਤਮਾ ਨੂੰ ਇਕ ਨਿਮਖ ਵਾਸਤੇ ਭੀ ਹਿਰਦੇ ਵਿਚ ਵਸਾਇਆ,
ਕੋਟਿ ਕੋਟਿ ਕੇ ਦੋਖ ਸਭ ਜਨ ਕੇ ਹਰਿ ਦੂਰਿ ਕੀਏ ਇਕ ਪਲਫਾ ॥੩॥
ਪਰਮਾਤਮਾ ਨੇ ਉਸ ਸੇਵਕ ਦੇ ਕੋ®ੜਾਂ ਜਨਮਾਂ ਦੇ ਪਾਪ ਇਕ ਪਲ ਵਿਚ ਦੂਰ ਕਰ ਦਿੱਤੇ ।੩।
ਤੁਮਰੇ ਜਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ॥
ਹੇ ਪ੍ਰਭੂ! ਤੇਰੇ ਭਗਤ ਤੇਰੀ ਹੀ ਮਿਹਰ ਨਾਲ (ਜਗਤ ਵਿਚ) ਪਰਗਟ ਹੁੰਦੇ ਹਨ । ਹੇ ਪ੍ਰਭੂ! ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ, ਉਹ ਸੇਵਕ ਇੱਜ਼ਤ ਵਾਲੇ ਹੋ ਜਾਂਦੇ ਹਨ ।
ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥
ਹੇ ਭਾਈ! ਪਰਮਾਤਮਾ ਨੇ ਆਪਣਾ ਆਪ ਆਪਣੇ ਭਗਤਾਂ ਦੇ ਅੰਦਰ ਰੱਖਿਆ ਹੁੰਦਾ ਹੈ । (ਤਾਹੀਏਂ, ਹੇ ਭਾਈ! ਪਰਮਾਤਮਾ ਦਾ) ਸੇਵਕ (ਗੁਰੂ) ਨਾਨਕ ਅਤੇ ਹਰੀ-ਪ੍ਰਭੂ ਇੱਕ-ਰੂਪ ਹੈ ।੪।੫।