Sri Guru Granth Sahib Ji — Ang 1333 (punjabi)
ਹਰਿ ਹਰਿ ਨਾਮੁ ਜਪਹੁ ਜਨ ਭਾਈ ॥
ਹੇ ਭਾਈ ਜਨੋ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ ।
ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ ॥
(ਨਾਮ ਜਪਣ ਦੀ ਰਾਹੀਂ) ਗੁਰੂ ਦੀ ਕਿਰਪਾ ਨਾਲ (ਮਨੁੱਖ ਦਾ) ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ । ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਨੁੱਖ) ਹਰ ਵੇਲੇ (ਮਾਇਆ ਦੇ ਲਾਲਚ ਵਲੋਂ) ਰੱਜਿਆ ਰਹਿੰਦਾ ਹੈ ।੧।ਰਹਾਉ।
ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜੁਗ ਕਾ ਲਾਹਾ ਭਾਈ ॥
ਹੇ ਭਾਈ! ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹੋ । ਇਹੀ ਹੈ ਇਸ ਮਨੁੱਖਾ ਜੀਵਨ ਦਾ ਲਾਭ । (ਭਗਤੀ ਕਰਨ ਵਾਲੇ) ਮਨੁੱਖ ਸਦਾ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ।
ਸਦਾ ਜਨ ਨਿਰਮਲ ਮੈਲੁ ਨ ਲਾਗੈ ਸਚਿ ਨਾਮਿ ਚਿਤੁ ਲਾਈ ॥੨॥
ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜਦਾ ਹੈ (ਉਸ ਦੇ ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ।੨।
ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ ॥
ਹੇ ਭਾਈ! ਆਤਮਕ ਆਨੰਦ (ਮਨੁੱਖਾ ਜੀਵਨ ਵਾਸਤੇ ਇਕ) ਗਹਿਣਾ ਹੈ । (ਜਿਸ ਮਨੁੱਖ ਨੂੰ) ਗੁਰੂ ਨੇ (ਇਹ ਗਹਿਣਾ) ਵਿਖਾ ਦਿੱਤਾ, ਉਸ ਨੇ ਹਰਿ-ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟ ਲਈ ।
ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥੩॥
ਹੇ ਭਾਈ! ਸਦਾ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹੋ (ਸਦਾ ਭਗਤੀ ਕਰਦੇ ਰਿਹਾਂ ਇਹ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਮਨੁੱਖ ਦੇ ਅੰਦਰ) ਭਰੇ ਰਹਿੰਦੇ ਹਨ, (ਇਹਨਾਂ ਖ਼ਜ਼ਾਨਿਆਂ ਵਿਚ) ਕਦੇ ਕਮੀ ਨਹੀਂ ਹੁੰਦੀ ।੩।
ਆਪੇ ਕਰਤਾ ਜਿਸ ਨੋ ਦੇਵੈ ਤਿਸੁ ਵਸੈ ਮਨਿ ਆਈ ॥
ਪਰ, ਹੇ ਭਾਈ! ਇਹ ਨਾਮ-ਖ਼ਜ਼ਾਨਾ ਜਿਸ ਮਨੁੱਖ ਨੂੰ ਕਰਤਾਰ ਆਪ ਹੀ ਦੇਂਦਾ ਹੈ, ਉਸ ਦੇ ਮਨ ਵਿਚ ਆ ਵੱਸਦਾ ਹੈ ।
ਨਾਨਕ ਨਾਮੁ ਧਿਆਇ ਸਦਾ ਤੂ ਸਤਿਗੁਰਿ ਦੀਆ ਦਿਖਾਈ ॥੪॥੧॥
ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ । (ਭਗਤੀ-ਸਿਮਰਨ ਦਾ ਇਹ ਰਸਤਾ) ਗੁਰੂ ਨੇ (ਹੀ) ਵਿਖਾਇਆ ਹੈ (ਇਹ ਰਸਤਾ ਗੁਰੂ ਦੀ ਰਾਹੀਂ ਹੀ ਲੱਭਦਾ ਹੈ) ।੪।੧।
ਪ੍ਰਭਾਤੀ ਮਹਲਾ ੩ ॥
ਪਰਭਾਤੀ ਤੀਜੀ ਪਾਤਿਸ਼ਾਹੀ।
ਨਿਰਗੁਣੀਆਰੇ ਕਉ ਬਖਸਿ ਲੈ ਸੁਆਮੀ ਆਪੇ ਲੈਹੁ ਮਿਲਾਈ ॥
ਹੇ ਮੇਰੇ ਸੁਆਮੀ! (ਮੈਂ) ਗੁਣ-ਹੀਨ ਨੂੰ ਬਖ਼ਸ਼ ਲੈ, ਤੂੰ ਆਪ ਹੀ (ਮੈਨੂੰ ਆਪਣੇ) ਚਰਨਾਂ ਵਿਚ ਜੋੜੀ ਰੱਖ ।
ਤੂ ਬਿਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ ॥੧॥
ਤੂੰ ਬੇਅੰਤ ਹੈਂ, ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ । (ਹੇ ਸੁਆਮੀ! ਗੁਰੂ ਦੇ) ਸ਼ਬਦ ਵਿਚ (ਜੋੜ ਕੇ) ਮੈਨੂੰ (ਆਤਮਕ ਜੀਵਨ ਦੀ) ਸੂਝ ਬਖ਼ਸ਼ ।੧।
ਹਰਿ ਜੀਉ ਤੁਧੁ ਵਿਟਹੁ ਬਲਿ ਜਾਈ ॥
ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਜਾਂਦਾ ਹਾਂ ।
ਤਨੁ ਮਨੁ ਅਰਪੀ ਤੁਧੁ ਆਗੈ ਰਾਖਉ ਸਦਾ ਰਹਾਂ ਸਰਣਾਈ ॥੧॥ ਰਹਾਉ ॥
ਮੈਂ (ਆਪਣਾ) ਤਨ (ਆਪਣਾ) ਮਨ ਭੇਟ ਕਰਦਾ ਹਾਂ, ਤੇਰੇ ਅੱਗੇ ਰੱਖਦਾ ਹਾਂ (ਮਿਹਰ ਕਰ,) ਮੈਂ ਸਦਾ ਤੇਰੀ ਸਰਨ ਪਿਆ ਰਹਾਂ ।੧।ਰਹਾਉ।
ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ ਹਰਿ ਨਾਮੋ ਦੇਹਿ ਵਡਿਆਈ ॥
ਹੇ ਮੇਰੇ ਸੁਆਮੀ! ਮੈਨੂੰ ਸਦਾ ਆਪਣੀ ਰਜ਼ਾ ਵਿਚ ਰੱਖ, ਮੈਨੂੰ ਆਪਣਾ ਨਾਮ ਹੀ ਦੇਹ (ਇਹ ਹੀ ਮੇਰੇ ਵਾਸਤੇ) ਇੱਜ਼ਤ (ਹੈ) ।
ਪੂਰੇ ਗੁਰ ਤੇ ਭਾਣਾ ਜਾਪੈ ਅਨਦਿਨੁ ਸਹਜਿ ਸਮਾਈ ॥੨॥
ਹੇ ਭਾਈ! ਪੂਰੇ ਗੁਰੂ ਪਾਸੋਂ (ਪਰਮਾਤਮਾ ਦੀ) ਰਜ਼ਾ ਦੀ ਸਮਝ ਆਉਂਦੀ ਹੈ, ਅਤੇ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨਤਾ ਹੋ ਸਕਦੀ ਹੈ ।੨।
ਤੇਰੈ ਭਾਣੈ ਭਗਤਿ ਜੇ ਤੁਧੁ ਭਾਵੈ ਆਪੇ ਬਖਸਿ ਮਿਲਾਈ ॥
ਹੇ ਮੇਰੇ ਸੁਆਮੀ! ਜੇ ਤੈਨੂੰ ਚੰਗਾ ਲੱਗੇ ਤਾਂ ਤੇਰੀ ਰਜ਼ਾ ਵਿਚ ਹੀ ਤੇਰੀ ਭਗਤੀ ਹੋ ਸਕਦੀ ਹੈ, ਤੂੰ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈਂ ।
ਤੇਰੈ ਭਾਣੈ ਸਦਾ ਸੁਖੁ ਪਾਇਆ ਗੁਰਿ ਤ੍ਰਿਸਨਾ ਅਗਨਿ ਬੁਝਾਈ ॥੩॥
(ਜਿਸ ਮਨੁੱਖ ਦੇ ਅੰਦਰੋਂ) ਗੁਰੂ ਨੇ ਤਿ®ਸ਼ਨਾ ਦੀ ਅੱਗ ਬੁਝਾ ਦਿੱਤੀ, ਉਸ ਨੇ (ਹੇ ਪ੍ਰਭੂ!) ਤੇਰੀ ਰਜ਼ਾ ਵਿਚ ਰਹਿ ਕੇ ਸਦਾ ਆਤਮਕ ਆਨੰਦ ਮਾਣਿਆ ।੩।
ਜੋ ਤੂ ਕਰਹਿ ਸੁ ਹੋਵੈ ਕਰਤੇ ਅਵਰੁ ਨ ਕਰਣਾ ਜਾਈ ॥
ਹੇ ਕਰਤਾਰ! (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੂੰ (ਆਪ) ਕਰਦਾ ਹੈਂ (ਤੇਰੀ ਮਰਜ਼ੀ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ।
ਨਾਨਕ ਨਾਵੈ ਜੇਵਡੁ ਅਵਰੁ ਨ ਦਾਤਾ ਪੂਰੇ ਗੁਰ ਤੇ ਪਾਈ ॥੪॥੨॥
ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਦਾਤਾਂ ਦੇਣ ਵਾਲਾ ਨਹੀਂ ਹੈ । ਇਹ ਨਾਮ ਗੁਰੂ ਪਾਸੋਂ (ਹੀ) ਮਿਲਦਾ ਹੈ ।੪।੨।
ਪ੍ਰਭਾਤੀ ਮਹਲਾ ੩ ॥
ਪਰਭਾਤੀ ਤੀਜੀ ਪਾਤਿਸ਼ਾਹੀ।
ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ, ਉਹਨਾਂ ਨੇ ਹੀ ਸਿਫ਼ਤਿ-ਸਾਲਾਹ ਕਰਨੀ ਸਿੱਖੀ ।
ਵਿਚਹੁ ਭਰਮੁ ਗਇਆ ਹੈ ਦੂਜਾ ਗੁਰ ਕੈ ਸਬਦਿ ਪਛਾਤਾ ॥੧॥
ਉਹਨਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ ।੧।
ਹਰਿ ਜੀਉ ਤੂ ਮੇਰਾ ਇਕੁ ਸੋਈ ॥
ਹੇ ਪ੍ਰਭੂ ਜੀ! ਮੇਰੀ ਸਾਰ ਲੈਣ ਵਾਲਾ ਸਿਰਫ਼ ਇਕ ਤੂੰ ਹੀ ਹੈਂ ।
ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥੧॥ ਰਹਾਉ ॥
ਮੈਂ (ਸਦਾ) ਤੈਨੂੰ (ਹੀ) ਜਪਦਾ ਹਾਂ, ਮੈਂ (ਸਦਾ) ਤੈਨੂੰ ਹੀ ਸਲਾਹੁੰਦਾ ਹਾਂ । ਉੱਚੀ ਆਤਮਕ ਅਵਸਥਾ ਤੇ ਉੱਚੀ ਅਕਲ ਤੈਥੋਂ ਹੀ ਮਿਲਦੀ ਹੈ ।੧।ਰਹਾਉ।
ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ ॥
ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹ (ਉਸ ਦਾ) ਆਨੰਦ ਮਾਣਦੇ ਹਨ । ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਉਹਨਾਂ ਨੂੰ ਮਿੱਠਾ ਲੱਗਦਾ ਹੈ (ਹੋਰ ਸਭ ਪਦਾਰਥਾਂ ਨਾਲੋਂ) ਸ੍ਰੇਸ਼ਟ ਲੱਗਦਾ ਹੈ ।
ਸਦਾ ਮੀਠਾ ਕਦੇ ਨ ਫੀਕਾ ਗੁਰ ਸਬਦੀ ਵੀਚਾਰੁ ॥੨॥
(ਉਹ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ (ਕਰਦੇ ਹਨ, ਉਸ ਦਾ ਸੁਆਦ ਉਹਨਾਂ ਨੂੰ) ਸਦਾ ਮਿੱਠਾ ਲੱਗਦਾ ਹੈ, ਕਦੇ ਬੇ-ਸੁਆਦਾ ਨਹੀਂ ਜਾਪਦਾ ।੨।
ਜਿਨਿ ਮੀਠਾ ਲਾਇਆ ਸੋਈ ਜਾਣੈ ਤਿਸੁ ਵਿਟਹੁ ਬਲਿ ਜਾਈ ॥
ਪਰ, ਹੇ ਭਾਈ! ਜਿਸ (ਪਰਮਾਤਮਾ) ਨੇ (ਆਪਣਾ ਨਾਮ) ਮਿੱਠਾ ਮਹਿਸੂਸ ਕਰਾਇਆ ਹੈ, ਉਹ ਆਪ ਹੀ (ਇਸ ਭੇਤ ਨੂੰ) ਜਾਣਦਾ ਹੈ । ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ।
ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥੩॥
ਮੈਂ (ਗੁਰੂ ਦੇ) ਸ਼ਬਦ ਦੀ ਰਾਹੀਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਉਸ ਸੁਖ-ਦਾਤੇ ਪਰਮਾਤਮਾ ਦੀ ਸਦਾ ਸਿਫ਼ਤਿ-ਸਾਲਾਹ ਕਰਦਾ ਹਾਂ ।੩।
ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ ॥
ਹੇ ਭਾਈ! ਪਿਆਰਾ ਗੁਰੂ ਸਦਾ (ਹਰੇਕ) ਦਾਤਿ ਦੇਣ ਵਾਲਾ ਹੈ ਜਿਹੜਾ ਮਨੁੱਖ (ਗੁਰੂ ਪਾਸੋਂ) ਮੰਗਦਾ ਹੈ, ਉਹ ਫਲ ਹਾਸਲ ਕਰ ਲੈਂਦਾ ਹੈ ।
ਨਾਨਕ ਨਾਮੁ ਮਿਲੈ ਵਡਿਆਈ ਗੁਰ ਸਬਦੀ ਸਚੁ ਪਾਏ ॥੪॥੩॥
ਹੇ ਨਾਨਕ! (ਗੁਰੂ ਪਾਸੋਂ ਪਰਮਾਤਮਾ ਦਾ) ਨਾਮ ਮਿਲਦਾ ਹੈ (ਇਹੀ ਹੈ ਅਸਲ) ਇੱਜ਼ਤ । ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ) ਸਦਾ-ਥਿਰ ਪ੍ਰਭੂ ਨੂੰ ਮਿਲ ਪੈਂਦਾ ਹੈ ।੪।੩।
ਪ੍ਰਭਾਤੀ ਮਹਲਾ ੩ ॥
ਪਰਭਾਤੀ ਤੀਜੀ ਪਾਤਿਸ਼ਾਹੀ।
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ ਉਹਨਾਂ ਦੀ ਰੱਖਿਆ ਕਰਨ ਦੇ ਸਮਰੱਥ ਹੈਂ ।
ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨਾ ਕੋ ਹੋਆ ਨ ਹੋਗੁ ॥੧॥
ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਸੁੱਝਦਾ । (ਅਜੇ ਤਕ ਤੇਰੇ ਬਰਾਬਰ ਦਾ) ਨਾਹ ਕੋਈ ਹੋਇਆ ਹੈ, (ਅਤੇ ਅਗਾਂਹ ਨੂੰ) ਨਾਹ ਕੋਈ ਹੋਵੇਗਾ ।੧।
ਹਰਿ ਜੀਉ ਸਦਾ ਤੇਰੀ ਸਰਣਾਈ ॥
ਹੇ ਪ੍ਰਭੂ ਜੀ! (ਮਿਹਰ ਕਰ, ਮੈਂ) ਸਦਾ ਤੇਰੀ ਸਰਨ ਪਿਆ ਰਹਾਂ ।
ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ ॥੧॥ ਰਹਾਉ ॥
ਹੇ ਮੇਰੇ ਸੁਆਮੀ! ਜਿਵੇਂ ਤੈਨੂੰ ਭਾਵੇ (ਮੇਰੀ) ਰੱਖਿਆ ਕਰ (ਅਸਾਂ ਜੀਵਾਂ ਦੀ ਰੱਖਿਆ ਕਰ ਸਕਣਾ) ਇਹ ਤੇਰੀ ਹੀ ਸਮਰਥਾ ਹੈ ।੧।ਰਹਾਉ।
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ ॥
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ (ਆਪ) ਉਹਨਾਂ ਦੀ ਪਾਲਣਾ ਕਰਦਾ ਹੈਂ ।