Sri Guru Granth Sahib Ji — Ang 1328 (punjabi)
ਦੂਖਾ ਤੇ ਸੁਖ ਊਪਜਹਿ ਸੂਖੀ ਹੋਵਹਿ ਦੂਖ ॥
(ਦੁਨੀਆ ਵਾਲੇ ਦੁੱਖ-ਕਲੇਸ਼ ਭੀ ਪ੍ਰਭੂ ਦੀ ਬਖ਼ਸ਼ਸ਼ ਦਾ ਵਸੀਲਾ ਹਨ ਕਿਉਂਕਿ ਇਹਨਾਂ) ਦੁੱਖਾਂ ਤੋਂ (ਇਹਨਾਂ ਦੁੱਖਾਂ ਦੇ ਕਾਰਨ ਵਿਸ਼ੇ ਵਿਕਾਰਾਂ ਵਲੋਂ ਪਰਤਿਆਂ) ਆਤਮਕ ਸੁਖ ਪੈਦਾ ਹੋ ਜਾਂਦੇ ਹਨ, (ਤੇ ਦੁਨੀਆਵੀ ਭੋਗਾਂ ਦੇ) ਸੁਖਾਂ ਤੋਂ (ਆਤਮਕ ਤੇ ਸਰੀਰਕ) ਰੋਗ ਉਪਜਦੇ ਹਨ ।
ਜਿਤੁ ਮੁਖਿ ਤੂ ਸਾਲਾਹੀਅਹਿ ਤਿਤੁ ਮੁਖਿ ਕੈਸੀ ਭੂਖ ॥੩॥
ਹੇ ਪ੍ਰਭੂ! ਜਿਸ ਮੂੰਹ ਨਾਲ ਤੇਰੀ ਸਿਫ਼ਤਿ-ਸਾਲਾਹ ਕੀਤੀ ਜਾਂਦੀ ਹੈ, ਉਸ ਮੂੰਹ ਵਿਚ ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ (ਤੇ ਮਾਇਆ ਦੀ ਭੁੱਖ ਦੂਰ ਹੋਇਆਂ ਸਾਰੇ ਦੁੱਖ-ਰੋਗ ਨਾਸ ਹੋ ਜਾਂਦੇ ਹਨ) ।੩।
ਨਾਨਕ ਮੂਰਖੁ ਏਕੁ ਤੂ ਅਵਰੁ ਭਲਾ ਸੈਸਾਰੁ ॥
ਹੇ ਨਾਨਕ! (ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ ਤਾਂ) ਸਿਰਫ਼ ਤੂੰ ਹੀ ਮੂਰਖ ਹੈਂ, ਤੇਰੇ ਨਾਲੋਂ ਹੋਰ ਸੰਸਾਰ ਚੰਗਾ ਹੈ ।
ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ ॥੪॥੨॥
ਜਿਸ ਜਿਸ ਸਰੀਰ ਵਿਚ ਪ੍ਰਭੂ ਦਾ ਨਾਮ ਨਹੀਂ, ਉਹ ਸਰੀਰ (ਵਿਕਾਰਾਂ ਵਿਚ ਪੈ ਕੇ) ਖ਼ੁਆਰ ਹੁੰਦੇ ਹਨ ।੪।੨।
ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ ॥
ਜਿਸ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਬ੍ਰਹਮਾ ਨੇ ਵੇਦ ਉਚਾਰੇ, ਤੇ ਸ਼ਿਵ ਜੀ ਨੇ ਦੁਨੀਆ ਦੀ ਮਾਇਆ ਤਿਆਗੀ,
ਜੈ ਕਾਰਣਿ ਸਿਧ ਭਏ ਉਦਾਸੀ ਦੇਵੀ ਮਰਮੁ ਨ ਪਾਇਆ ॥੧॥
ਜਿਸ ਪ੍ਰਭੂ ਨੂੰ ਪ੍ਰਾਪਤ ਕਰਨ ਵਾਸਤੇ ਜੋਗ-ਸਾਧਨਾ ਵਿਚ ਪੁੱਗੇ ਹੋਏ ਜੋਗੀ (ਦੁਨੀਆ ਵਲੋਂ) ਵਿਰਕਤ ਹੋ ਗਏ (ਉਹ ਬੜਾ ਬੇਅੰਤ ਹੈ), ਦੇਵਤਿਆਂ ਨੇ (ਭੀ) ਉਸ (ਦੇ ਗੁਣਾਂ) ਦਾ ਭੇਤ ਨਹੀਂ ਪਾਇਆ ।੧।
ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ ਤਰੀਐ ਸਾਚਾ ਹੋਈ ॥
ਹੇ ਭਾਈ! ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਵਸਾਣਾ ਚਾਹੀਦਾ ਹੈ, ਮੂੰਹ ਨਾਲ ਸਦਾ-ਥਿਰ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ, (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ, ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ।
ਦੁਸਮਨੁ ਦੂਖੁ ਨ ਆਵੈ ਨੇੜੈ ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥
ਜੇਹੜਾ ਕੋਈ ਮਨੁੱਖ ਪਰਮਾਤਮਾ ਦਾ ਸਿਮਰਨ ਕਰਨ ਦੀ ਅਕਲ ਸਿੱਖ ਲੈਂਦਾ ਹੈ, ਕੋਈ ਵੈਰੀ ਉਸ ਉਤੇ ਜ਼ੋਰ ਨਹੀਂ ਪਾ ਸਕਦਾ, ਕੋਈ ਦੁੱਖ-ਕਲੇਸ਼ ਉਸ ਨੂੰ ਦਬਾ ਨਹੀਂ ਸਕਦਾ ।੧।ਰਹਾਉ।
ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥
ਇਹ ਸਾਰਾ ਜਗਤ ਤਮੋ ਗੁਣ, ਸਤੋ ਗੁਣ ਤੇ ਰਜੋ ਗੁਣ ਦੀ ਰਚਨਾ ਹੈ (ਸਾਰੇ ਜੀਅ ਜੰਤ ਇਹਨਾਂ ਗੁਣਾਂ ਦੇ ਅਧੀਨ ਹਨ), ਪਰ ਇਹ ਤਿੰਨੇ ਗੁਣ ਪ੍ਰਭੂ ਦੇ ਨਾਮ ਦੇ ਦਾਸ ਹਨ (ਜੇਹੜੇ ਬੰਦੇ ਨਾਮ ਜਪਦੇ ਹਨ, ਉਹਨਾਂ ਉਤੇ ਇਹ ਤਿੰਨ ਗੁਣ ਆਪਣਾ ਜ਼ੋਰ ਨਹੀਂ ਪਾ ਸਕਦੇ) ।
ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ ॥੨॥
(ਪਰ ਹਾਂ) ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ (ਇਹਨਾਂ ਤਿੰਨਾਂ ਗੁਣਾਂ ਦੇ) ਚੋਰ ਹਨ (ਇਹਨਾਂ ਤੋਂ ਕੁੱਟ ਖਾਂਦੇ ਹਨ, ਕਿਉਂਕਿ) ਉਹ ਸਦਾ (ਕਾਮਾਦਿਕ) ਸ਼ੇਰਾਂ ਦੇ ਘੁਰਨਿਆਂ ਵਿਚ ਵੱਸਦੇ ਹਨ ।੨।
ਜੇ ਕੋ ਏਕ ਕਰੈ ਚੰਗਿਆਈ ਮਨਿ ਚਿਤਿ ਬਹੁਤੁ ਬਫਾਵੈ ॥
(ਹੇ ਭਾਈ! ਵੇਖੋ, ਉਸ ਪਰਮਾਤਮਾ ਦੀ ਖੁਲ੍-ਦਿਲੀ!) ਜੇ ਕੋਈ ਬੰਦਾ (ਕਿਸੇ ਨਾਲ) ਕੋਈ ਇੱਕ ਭਲਾਈ ਕਰਦਾ ਹੈ; ਤਾਂ ਉਹ ਆਪਣੇ ਮਨ ਵਿਚ ਚਿੱਤ ਵਿਚ ਬੜੀਆਂ ਫੜਾਂ ਮਰਦਾ ਹੈ (ਬੜਾ ਮਾਣ ਕਰਦਾ ਹੈ, ਪਰ) ਪਰਮਾਤਮਾ ਵਿਚ ਇਤਨੇ ਬੇਅੰਤ ਗੁਣ ਹਨ, ਉਹ ਇਤਨੀਆਂ ਭਲਾਈਆਂ ਕਰਦਾ ਹੈ,
ਏਤੇ ਗੁਣ ਏਤੀਆ ਚੰਗਿਆਈਆ ਦੇਇ ਨ ਪਛੋਤਾਵੈ ॥੩॥
ਉਹ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ, ਪਰ ਦਾਤਾਂ ਦੇ ਦੇ ਕੇ ਕਦੇ ਅਫ਼ਸੋਸ ਨਹੀਂ ਕਰਦਾ (ਕਿ ਜੀਵ ਦਾਤਾਂ ਲੈ ਕੇ ਕਦਰ ਨਹੀਂ ਕਰਦੇ) ।੩।
ਤੁਧੁ ਸਾਲਾਹਨਿ ਤਿਨ ਧਨੁ ਪਲੈ ਨਾਨਕ ਕਾ ਧਨੁ ਸੋਈ ॥
ਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹਨਾਂ ਦੇ ਹਿਰਦੇ ਵਿਚ ਤੇਰਾ ਨਾਮ-ਧਨ ਹੈ (ਉਹ ਅਸਲ ਧਨੀ ਹਨ), ਮੈਂ ਨਾਨਕ ਦਾ ਧਨ ਭੀ ਤੇਰਾ ਨਾਮ ਹੀ ਹੈ ।
ਜੇ ਕੋ ਜੀਉ ਕਹੈ ਓਨਾ ਕਉ ਜਮ ਕੀ ਤਲਬ ਨ ਹੋਈ ॥੪॥੩॥
(ਜਿਨ੍ਹਾਂ ਦੇ ਪੱਲੇ ਨਾਮ-ਧਨ ਹੈ) ਜੇ ਕੋਈ ਉਹਨਾਂ ਨਾਲ ਆਦਰ-ਸਤਕਾਰ ਦਾ ਬੋਲ ਬੋਲਦਾ ਹੈ, ਤਾਂ ਜਮਰਾਜ (ਭੀ) ਉਹਨਾਂ ਤੋਂ ਕਰਮਾਂ ਦਾ ਲੇਖਾ ਨਹੀਂ ਪੁੱਛਦਾ (ਭਾਵ, ਉਹ ਮੰਦੇ ਪਾਸੇ ਵਲੋਂ ਹਟ ਜਾਂਦੇ ਹਨ) ।੪।੩।
ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
ਜਾ ਕੈ ਰੂਪੁ ਨਾਹੀ ਜਾਤਿ ਨਾਹੀ ਨਾਹੀ ਮੁਖੁ ਮਾਸਾ ॥
(ਹੇ ਜੋਗੀ!) ਜਿਨ੍ਹਾਂ ਪਾਸ ਰੂਪ ਨਹੀਂ, ਜਿਨ੍ਹਾਂ ਦੀ ਉੱਚੀ ਜਾਤਿ ਨਹੀਂ, ਜਿਨ੍ਹਾਂ ਦੇ ਸੋਹਣੇ ਨਕਸ਼ ਨਹੀਂ, ਜਿਨ੍ਹਾਂ ਪਾਸ ਸਰੀਰਕ ਬਲ ਨਹੀਂ,
ਸਤਿਗੁਰਿ ਮਿਲੇ ਨਿਰੰਜਨੁ ਪਾਇਆ ਤੇਰੈ ਨਾਮਿ ਹੈ ਨਿਵਾਸਾ ॥੧॥
ਜਦੋਂ ਉਹ ਗੁਰੂ-ਚਰਨਾਂ ਵਿਚ ਜੁੜੇ, ਤਾਂ ਉਹਨਾਂ ਨੂੰ ਮਾਇਆ-ਰਹਿਤ ਪ੍ਰਭੂ ਮਿਲ ਪਿਆ । (ਹੇ ਪ੍ਰਭੂ! ਗੁਰੂ ਦੀ ਸਰਨ ਪੈਣ ਨਾਲ) ਉਹਨਾਂ ਦਾ ਨਿਵਾਸ ਤੇਰੇ ਨਾਮ ਵਿਚ ਹੋ ਗਿਆ ।੧।
ਅਉਧੂ ਸਹਜੇ ਤਤੁ ਬੀਚਾਰਿ ॥
ਹੇ ਜੋਗੀ! (ਤੂੰ ਘਰ ਬਾਰ ਛੱਡ ਕੇ ਪਿੰਡੇ ਤੇ ਸੁਆਹ ਮਲ ਕੇ ਹੀ ਇਹ ਸਮਝੀ ਬੈਠਾ ਹੈਂ ਕਿ ਤੂੰ ਜਨਮ ਮਰਨ ਦੇ ਚੱਕਰ ਵਿਚੋਂ ਨਿਕਲ ਗਿਆ ਹੈਂ, ਤੈਨੂੰ ਭੁਲੇਖਾ ਹੈ) ।
ਜਾ ਤੇ ਫਿਰਿ ਨ ਆਵਹੁ ਸੈਸਾਰਿ ॥੧॥ ਰਹਾਉ ॥
ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਸੁਰਤਿ ਜੋੜ । (ਇਹੀ ਤਰੀਕਾ ਹੈ) ਜਿਸ ਨਾਲ ਤੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਵੇਂਗਾ ।੧।ਰਹਾਉ।
ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ ॥
(ਹੇ ਜੋਗੀ!) ਜੋ ਬੰਦੇ ਸ਼ਾਸਤ®ਾਂ ਦਾ ਦੱਸਿਆ ਹੋਇਆ ਕੋਈ ਕਰਮ ਧਰਮ ਨਹੀਂ ਕਰਦੇ, ਜਿਨ੍ਹਾਂ ਚੌਕੇ ਆਦਿਕ ਦੀ ਕੋਈ ਸੁੱਚ ਨਹੀਂ ਰੱਖੀ, ਜਿਨ੍ਹਾਂ ਦੇ ਗਲ ਵਿਚ (ਤੁਲਸੀ ਆਦਿਕ ਦੀ) ਮਾਲਾ ਨਹੀਂ,
ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ ॥੨॥
ਜਦੋਂ ਉਹਨਾਂ ਦਾ ਰਾਖਾ ਗੁਰੂ ਬਣ ਗਿਆ, ਉਹਨਾਂ ਨੂੰ ਕੱਲਿਆਣ-ਰੂਪ ਨਿਰੰਕਾਰੀ ਜੋਤਿ ਪਾਸੋਂ (ਉਸ ਦੀ ਸਿਫ਼ਤਿ-ਸਾਲਾਹ ਵਿਚ ਜੁੜਨ ਦੀ) ਅਕਲ ਮਿਲ ਗਈ ।੨।
ਜਾ ਕੈ ਬਰਤੁ ਨਾਹੀ ਨੇਮੁ ਨਾਹੀ ਨਾਹੀ ਬਕਬਾਈ ॥
(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਕਦੇ ਕੋਈ ਵਰਤ ਨਹੀਂ ਰੱਖਿਆ, ਕੋਈ (ਇਹੋ ਜਿਹਾ ਹੋਰ) ਨੇਮ ਨਹੀਂ ਧਾਰਿਆ, ਜੇਹੜੇ ਸ਼ਾਸਤ®-ਚਰਚਾ ਦੇ ਕੋਈ ਚਤੁਰਾਈ ਵਾਲੇ ਬੋਲ ਬੋਲਣੇ ਨਹੀਂ ਜਾਣਦੇ,
ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥੩॥
ਜਦੋਂ ਗੁਰੂ ਦਾ ਉਪਦੇਸ਼ ਉਹਨਾਂ ਨੂੰ ਮਿਲਿਆ, ਤਾਂ ਮੁਕਤੀ ਜਾਂ ਨਰਕ ਦਾ ਉਹਨਾਂ ਨੂੰ ਕੋਈ ਫ਼ਿਕਰ ਸਹਿਮ ਨਾਹ ਰਹਿ ਗਿਆ ।੩।
ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ ਸੁਰਤਿ ਸਮਝਾਈ ॥
ਹੇ ਨਾਨਕ! ਜਿਸ ਜੀਵ ਪਾਸ ਧਨ-ਪਦਾਰਥ ਨਹੀਂ ਕਿ ਉਹ ਦੁਨੀਆ ਦੀਆਂ ਆਸਾਂ ਚਿੱਤ ਵਿਚ ਬਣਾਈ ਰੱਖੇ, ਜਿਸ ਜੀਵ ਦੇ ਚਿੱਤ ਵਿਚ ਮਾਇਆ ਵਲੋਂ ਉਪਰਾਮ ਹੋ ਕੇ ਗ੍ਰਿਹਸਤ-ਤਿਆਗ ਦੇ ਖ਼ਿਆਲ ਭੀ ਨਹੀਂ ਉਠਦੇ,
ਤੰਤ ਕਉ ਪਰਮ ਤੰਤੁ ਮਿਲਿਆ ਨਾਨਕਾ ਬੁਧਿ ਪਾਈ ॥੪॥੪॥
ਜਿਸ ਨੂੰ ਕੋਈ ਅਜੇਹੀ ਸੁਰਤਿ ਨਹੀਂ ਸਮਝ ਨਹੀਂ, ਜਦੋਂ ਉਸ ਨੂੰ (ਸਤਿਗੁਰੂ ਪਾਸੋਂ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜਨ ਦੀ) ਅਕਲ ਮਿਲਦੀ ਹੈ, ਤਾਂ ਉਸ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ ।੪।੪।
ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
ਤਾ ਕਾ ਕਹਿਆ ਦਰਿ ਪਰਵਾਣੁ ॥
ਜੋ ਮਨੁੱਖ ਜ਼ਹਰ ਤੇ ਅੰਮ੍ਰਿਤ (ਦੁੱਖ ਤੇ ਸੁਖ) ਦੋਹਾਂ ਨੂੰ ਇਕੋ ਜਿਹਾ ਸਮਝਣ-ਜੋਗਾ ਹੋ ਜਾਂਦਾ ਹੈ (ਪਰਮਾਤਮਾ ਦੀ ਰਜ਼ਾ ਬਾਰੇ) ਉਸ ਮਨੁੱਖ ਦਾ ਬੋਲਿਆ ਹੋਇਆ ਬਚਨ ਪਰਮਾਤਮਾ ਦੇ ਦਰ ਤੇ ਠੀਕ ਮੰਨਿਆ ਜਾਂਦਾ ਹੈ
ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ ॥੧॥
(ਕਿਉਂਕਿ ਉਹ ਮਨੁੱਖ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਸਭਨਾਂ ਵਿਚ ਪਰਮਾਤਮਾ ਆਪ ਮੌਜੂਦ ਹੈ) ।੧।
ਕਿਆ ਕਹੀਐ ਸਰਬੇ ਰਹਿਆ ਸਮਾਇ ॥
ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਵਾਪਰ ਰਿਹਾ ਹੈ ਸਭ ਤੇਰੇ ਹੁਕਮ ਅਨੁਸਾਰ ਵਾਪਰ ਰਿਹਾ ਹੈ ।
ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਰਹਾਉ ॥
(ਕਿਸੇ ਨੂੰ ਸੁਖ ਹੈ ਕਿਸੇ ਨੂੰ ਦੁੱਖ ਮਿਲ ਰਿਹਾ ਹੈ, ਪਰ ਇਸ ਦੇ ਉਲਟ) ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਤੂੰ ਸਭ ਜੀਵਾਂ ਵਿਚ ਮੌਜੂਦ ਹੈਂ (ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਵਿਚ ਭੀ ਤੂੰ ਆਪ ਹੀ ਵਿਆਪਕ ਹੈਂ, ਤੇ ਆਪ ਹੀ ਉਸ ਸੁਖ ਜਾਂ ਦੁੱਖ ਨੂੰ ਭੋਗ ਰਿਹਾ ਹੈਂ) ।੧।ਰਹਾਉ।
ਪ੍ਰਗਟੀ ਜੋਤਿ ਚੂਕਾ ਅਭਿਮਾਨੁ ॥
ਜਿਸ ਮਨੁੱਖ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਦਿੱਤਾ ਹੈ,
ਸਤਿਗੁਰਿ ਦੀਆ ਅੰਮ੍ਰਿਤ ਨਾਮੁ ॥੨॥
ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ (ਉਸ ਚਾਨਣ ਦੀ ਬਰਕਤਿ ਨਾਲ ਉਸ ਨੂੰ ਆਪਣੇ ਵਿਤ ਦੀ ਸਮਝ ਆ ਜਾਂਦੀ ਹੈ, ਇਸ ਵਾਸਤੇ ਉਸ ਦੇ ਅੰਦਰੋਂ) ਅਹੰਕਾਰ ਦੂਰ ਹੋ ਜਾਂਦਾ ਹੈ ।੨।
ਕਲਿ ਮਹਿ ਆਇਆ ਸੋ ਜਨੁ ਜਾਣੁ ॥
(ਹੇ ਭਾਈ!) ਉਸੇ ਮਨੁੱਖ ਨੂੰ ਜਗਤ ਵਿਚ ਜਨਮਿਆ ਸਮਝੋ (ਭਾਵ, ਉਸੇ ਮਨੁੱਖ ਦਾ ਜਗਤ ਵਿਚ ਆਉਣਾ ਸਫਲ ਹੈ, ਜੋ ਸਰਬ-ਵਿਆਪਕ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ,
ਸਾਚੀ ਦਰਗਹ ਪਾਵੈ ਮਾਣੁ ॥੩॥
ਤੇ ਇਸ ਵਾਸਤੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ ।੩।
ਕਹਣਾ ਸੁਨਣਾ ਅਕਥ ਘਰਿ ਜਾਇ ॥
ਹੇ ਨਾਨਕ! ਉਹੀ ਬਚਨ ਬੋਲਣੇ ਤੇ ਸੁਣਨੇ ਸਫਲ ਹਨ ਜਿਨ੍ਹਾਂ ਦੀ ਰਾਹੀਂ ਮਨੁੱਖ ਬੇਅੰਤ ਗੁਣਾਂ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੁੜ ਸਕਦਾ ਹੈ ।
ਕਥਨੀ ਬਦਨੀ ਨਾਨਕ ਜਲਿ ਜਾਇ ॥੪॥੫॥
(ਪਰਮਾਤਮਾ ਦੀ ਰਜ਼ਾ ਤੋਂ ਪਰੇ ਲੈ ਜਾਣ ਵਾਲੀ, ਪਰਮਾਤਮਾ ਦੇ ਚਰਨਾਂ ਤੋਂ ਦੂਰ ਰੱਖਣ ਵਾਲੀ) ਹੋਰ ਹੋਰ ਕਹਣੀ ਕਥਨੀ ਵਿਅਰਥ ਜਾਂਦੀ ਹੈ ।੪।੫।
ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥
(ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ ।
ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੋੁ ਖੋਜਿ ਲਹੈ ॥੧॥
ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ । ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ ।੧।
ਗੁਰ ਸਮਾਨਿ ਤੀਰਥੁ ਨਹੀ ਕੋਇ ॥
ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ ।
ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ ॥
ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ।੧।ਰਹਾਉ।