Sri Guru Granth Sahib Ji — Ang 1323 (punjabi)
ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ॥੨॥੫॥੮॥
ਮੈਂ ਤੇਰੀ ਸਰਨ ਆਇਆ ਹਾਂ; ਮਿਹਰ ਕਰ, ਦਿਨ ਰਾਤ ਮੈਂ ਤੇਰੀ ਭਗਤੀ ਕਰਦਾ ਰਹਾਂ ।੨।੫।੮।
ਕਲਿਆਨੁ ਮਹਲਾ ੫ ॥
ਕਲਿਆਣ ਪੰਜਵੀਂ ਪਾਤਿਸ਼ਾਹੀ।
ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥
ਹੇ ਸਰਬ-ਗੁਣ-ਭਰਪੂਰ ਪਰਮੇਸਰ! ਤੂੰ ਮੇਰਾ ਪ੍ਰਭੂ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ ।
ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥
। ਮਿਹਰ ਕਰ, ਮੈਨੂੰ ਸਦਾ ਅਟੱਲ ਕਾਇਮ ਰਹਿਣ ਵਾਲਾ (ਆਪਣੀ ਸਿਫ਼ਤਿ-ਸਾਲਾਹ ਦਾ) ਸ਼ਬਦ (ਬਖ਼ਸ਼ । ਤੇਰੇ ਚਰਨਾਂ ਵਿਚ ਪਹੁੰਚਣ ਲਈ ਇਹ ਸ਼ਬਦ ਹੀ ਮੇਰੇ ਵਾਸਤੇ) ਪਰਵਾਨਾ ਹੈ ।੧।ਰਹਾਉ।
ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥
ਹੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਸੁਆਮੀ! ਖਾਣ ਅਤੇ ਪਹਿਨਣ ਨੂੰ ਜੋ ਕੁਝ ਤੂੰ ਸਾਨੂੰ ਦੇਂਦਾ ਹੈਂ, ਉਹੀ ਅਸੀ ਵਰਤਦੇ ਹਾਂ । ਤੈਥੋਂ ਬਿਨਾ, ਹੇ ਹਰੀ! ਕੋਈ ਹੋਰ (ਇਤਨੀ) ਸਮਰਥਾ ਵਾਲਾ ਨਹੀਂ ਹੈ ।
ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥੧॥
(ਮੈਨੂੰ ਸਦਾ) ਤੇਰੀ (ਸਹਾਇਤਾ ਦੀ ਹੀ) ਆਸ (ਰਹਿੰਦੀ ਹੈ, ਮੇਰੇ) ਮਨ ਵਿਚ ਤੇਰਾ ਹੀ ਸਹਾਰਾ ਰਹਿੰਦਾ ਹੈ ।੧।
ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥
ਹੇ ਨਾਨਕ! (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ, (ਨਾਮ ਜਪਣ ਦੀ ਬਰਕਤਿ ਨਾਲ ਹੀ ਉੱਚੀ) ਸੁਰਤਿ (ਉੱਚੀ) ਮਤਿ, (ਸੁਚੱਜੇ ਜੀਵਨ ਵਾਲੀ) ਸਿਆਣਪ (ਲੋਕ ਪਰਲੋਕ ਦੀ) ਵਡਿਆਈ,
ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥੨॥੬॥੯॥
(ਸੋਹਣਾ ਆਤਮਕ) ਰੂਪ ਰੰਗ, ਧਨ, ਇੱਜ਼ਤ, ਸਾਰੇ ਸੁਖ, ਆਨੰਦ (ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ) ।੨।੬।੯।
ਕਲਿਆਨੁ ਮਹਲਾ ੫ ॥
ਕਲਿਆਣ ਪੰਜਵੀਂ ਪਾਤਿਸ਼ਾਹੀ।
ਹਰਿ ਚਰਨ ਸਰਨ ਕਲਿਆਨ ਕਰਨ ॥
ਹੇ ਭਾਈ! ਪਰਮਾਤਮਾ ਦੇ ਚਰਨਾਂ ਦੀ ਸਰਨ (ਸਾਰੇ) ਸੁਖ ਪੈਦਾ ਕਰਨ ਵਾਲੀ ਹੈ ।
ਪ੍ਰਭ ਨਾਮੁ ਪਤਿਤ ਪਾਵਨੋ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ ।੧।ਰਹਾਉ।
ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਨ ਖਾਵਨੋ ॥੧॥
ਹੇ ਭਾਈ! (ਜਿਹੜਾ ਮਨੁੱਖ) ਸਾਧ ਸੰਗਤਿ ਵਿਚ ਸਰਧਾ ਨਾਲ ਨਾਮ ਜਪਦਾ ਹੈ, ਉਸ ਨੂੰ ਮੌਤ ਦਾ ਡਰ ਭੈ-ਭੀਤ ਨਹੀਂ ਕਰ ਸਕਦਾ (ਉਸ ਦੇ ਆਤਮਕ ਜੀਵਨ ਨੂੰ ਆਤਮਕ ਮੌਤ ਮੁਕਾ ਨਹੀਂ ਸਕਦੀ) ।੧।
ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਨ ਲਾਵਨੋ ॥
ਹੇ ਦਾਸ ਨਾਨਕ! (ਆਖ—) ਮੁਕਤੀ ਪ੍ਰਾਪਤ ਕਰਨ ਲਈ ਅਨੇਕਾਂ ਜੁਗਤੀਆਂ ਅਤੇ ਅਨੇਕਾਂ ਸੁਖ ਪਰਮਾਤਮਾ ਦੀ ਭਗਤੀ ਦੀ ਬਰਾਬਰੀ ਨਹੀਂ ਕਰ ਸਕਦੇ ।
ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਨ ਧਾਵਨੋ ॥੨॥੭॥੧੦॥
ਪਰਮਾਤਮਾ ਦੇ ਦੀਦਾਰ ਦਾ ਮਤਵਾਲਾ ਮਨੁੱਖ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ ।੨।੭।੧੦।
ਕਲਿਆਨ ਮਹਲਾ ੪ ਅਸਟਪਦੀਆ ॥
ਗਲਿਆਨ ਚੌਥੀ ਪਾਤਿਸ਼ਾਹੀ ਅਸ਼ਟਪਦੀਆਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥
ਹੇ ਭਾਈ! ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਸੁਣ ਕੇ (ਮਨੁੱਖ ਦਾ) ਮਨ (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ ।
ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥
ਇਹ ਹਰਿ-ਨਾਮ ਆਤਮਕ ਜੀਵਨ ਦੇਣ ਵਾਲਾ ਹੈ ਅਤੇ ਸੁਆਦਲਾ ਹੈ । ਇਹ ਹਰਿ-ਨਾਮ-ਜਲ ਗੁਰੂ ਦੀ ਮਤਿ ਦੀ ਰਾਹੀਂ ਆਤਮਕ ਅਡੋਲਤਾ ਵਿਚ (ਟਿਕ ਕੇ) ਪੀ ਸਕੀਦਾ ਹੈ ।੧।ਰਹਾਉ।
ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥
ਹੇ ਭਾਈ! ਜਿਵੇਂ (ਹਰੇਕ) ਲੱਕੜੀ ਵਿਚ ਅੱਗ (ਲੁਕੀ ਰਹਿੰਦੀ) ਹੈ, (ਪਰ ਜੁਗਤਿ ਨਾਲ ਉੱਦਮ ਕਰ ਕੇ ਪਰਗਟ ਕਰ ਸਕੀਦੀ ਹੈ,
ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥
ਤਿਵੇਂ ਪਰਮਾਤਮਾ ਦਾ ਨਾਮ (ਐਸਾ) ਹੈ (ਕਿ ਇਸ ਦੀ) ਜੋਤਿ ਸਾਰੀ ਸ੍ਰਿਸ਼ਟੀ ਵਿਚ (ਗੁਪਤ) ਹੈ, ਇਸ ਅਸਲੀਅਤ ਨੂੰ ਗੁਰੂ ਦੀ ਮਤਿ ਦੀ ਰਾਹੀਂ ਸਮਝ ਸਕੀਦਾ ਹੈ ।੧।
ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ ॥
ਹੇ ਭਾਈ! (ਮਨੁੱਖਾ ਸਰੀਰ ਦੇ) ਨੌ ਦਰਵਾਜ਼ੇ ਹਨ (ਜਿਨ੍ਹਾਂ ਦੀ ਰਾਹੀਂ ਮਨੁੱਖ ਦਾ ਸੰਬੰਧ ਬਾਹਰਲੀ ਦੁਨੀਆ ਨਾਲ ਬਣਿਆ ਰਹਿੰਦਾ ਹੈ, ਪਰ) ਇਹ ਨੌ ਹੀ ਦਰਵਾਜ਼ੇ (ਨਾਮ-ਰਸ ਵਲੋਂ) ਰੁੱਖੇ ਰਹਿੰਦੇ ਹਨ । ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਦਸਵੇਂ ਦਰਵਾਜ਼ੇ (ਦਿਮਾਗ਼) ਦੀ ਰਾਹੀਂ ਹੀ (ਮਨੁੱਖ ਦੇ ਅੰਦਰ ਪਰਗਟ ਹੁੰਦਾ ਹੈ, ਜਿਵੇਂ ਅਰਕ ਆਦਿਕ ਨਾਲ ਦੀ ਰਾਹੀਂ) ਚੋਂਦਾ ਹੈ ।
ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰ ਸਬਦੀ ਹਰਿ ਰਸੁ ਪੀਜੈ ॥੨॥
ਹੇ ਪਿਆਰੇ ਪ੍ਰਭੂ! (ਆਪਣੇ ਜੀਵਾਂ ਉੱਤੇ) ਸਦਾ ਹੀ ਮਿਹਰ ਕਰ, (ਜੇ ਤੂੰ ਮਿਹਰ ਕਰੇਂ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਇਹ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ ।੨।
ਕਾਇਆ ਨਗਰੁ ਨਗਰੁ ਹੈ ਨੀਕੋ ਵਿਚਿ ਸਉਦਾ ਹਰਿ ਰਸੁ ਕੀਜੈ ॥
ਹੇ ਭਾਈ! ਮਨੁੱਖਾ ਸਰੀਰ (ਮਾਨੋ, ਇਕ) ਸ਼ਹਿਰ ਹੈ, ਇਸ (ਸਰੀਰ-ਸ਼ਹਿਰ) ਵਿਚ ਹਰਿ-ਨਾਮ-ਰਸ (ਵਿਹਾਝਣ ਦਾ) ਵਣਜ ਕਰਦੇ ਰਹਿਣਾ ਚਾਹੀਦਾ ਹੈ ।
ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ॥੩॥
ਹੇ ਭਾਈ! (ਇਹ ਹਰਿ-ਨਾਮ-ਰਸ, ਮਾਨੋ) ਅਮੁੱਲੇ ਰਤਨ ਲਾਲ ਹਨ, (ਇਹ ਹਰਿ-ਨਾਮ-ਰਸ) ਗੁਰੂ ਦੀ ਸਰਨ ਪਿਆਂ ਹੀ ਹਾਸਲ ਕੀਤਾ ਜਾ ਸਕਦਾ ਹੈ ।੩।
ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ ॥
ਹੇ ਭਾਈ! ਗੁਰੂ ਅਪਹੁੰਚ ਪਰਮਾਤਮਾ (ਦਾ ਰੂਪ) ਹੈ । (ਅਮੋਲਕ ਰਤਨਾਂ ਲਾਲਾਂ ਨਾਲ) ਭਰੇ ਹੋਏ ਸਮੁੰਦਰ (ਪ੍ਰਭੂ) ਦੀ ਭਗਤੀ (ਗੁਰੂ ਦੀ ਸਰਨ ਪਿਆਂ ਹੀ) ਕੀਤੀ ਜਾ ਸਕਦੀ ਹੈ । ਹੇ ਪ੍ਰਭੂ! ਅਸੀ ਜੀਵ (ਤੇਰੇ ਦਰ ਦੇ) ਨਿਮਾਣੇ ਪਪੀਹੇ ਹਾਂ ।
ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇਕ ਬੂੰਦ ਨਾਮੁ ਮੁਖਿ ਦੀਜੈ ॥੪॥
ਮਿਹਰ ਕਰ, ਮਿਹਰ ਕਰ (ਜਿਵੇਂ ਪਪੀਹੇ ਨੂੰ ਵਰਖਾ ਦੀ) ਇਕ ਬੰੂਦ (ਦੀ ਪਿਆਸ ਰਹਿੰਦੀ ਹੈ, ਤਿਵੇਂ ਮੈਨੂੰ ਤੇਰੇ ਨਾਮ-ਜਲ ਦੀ ਪਿਆਸ ਹੈ, ਮੇਰੇ) ਮੂੰਹ ਵਿਚ (ਆਪਣਾ) ਨਾਮ (-ਜਲ) ਦੇਹ ।੪।
ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥
ਹੇ ਭਾਈ! ਸੋਹਣਾ ਹਰਿ (-ਨਾਮ) ਬੜਾ ਸੋਹਣਾ ਰੰਗ ਹੈ । ਹੇ ਗੁਰੂ! (ਮੈਨੂੰ ਆਪਣਾ) ਮਨ ਰੰਗਣ ਲਈ (ਇਹ ਹਰਿ-ਨਾਮ ਰੰਗ) ਦੇਹ । ਹੇ ਭਾਈ! (ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰੰਗ ਮਿਲ ਜਾਂਦਾ ਹੈ, ਉਹ) ਸਦਾ ਲਈ ਪਰਮਾਤਮਾ ਦੇ (ਨਾਮ-) ਰੰਗ ਵਿਚ ਰੰਗੇ ਰਹਿੰਦੇ ਹਨ,
ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥
(ਉਹ ਮਨੁੱਖ ਨਾਮ-) ਰਸ ਦੇ ਰਸੀਏ (ਬਣ ਜਾਂਦੇ ਹਨ) । ਹੇ ਭਾਈ! (ਇਹ ਨਾਮ-ਰਸ) ਗਟ ਗਟ ਕਰ ਕੇ ਸਦਾ ਪੀਂਦੇ ਰਹਿਣਾ ਚਾਹੀਦਾ ਹੈ ।੫।
ਬਸੁਧਾ ਸਪਤ ਦੀਪ ਹੈ ਸਾਗਰ ਕਢਿ ਕੰਚਨੁ ਕਾਢਿ ਧਰੀਜੈ ॥
ਹੇ ਭਾਈ! (ਜਿਤਨੀ ਭੀ) ਸੱਤ ਟਾਪੂਆਂ ਵਾਲੀ ਅਤੇ ਸੱਤ ਸਮੁੰਦਰਾਂ ਵਾਲੀ ਧਰਤੀ ਹੈ (ਜੇ ਇਸ ਨੂੰ) ਪੁੱਟ ਕੇ (ਇਸ ਵਿਚੋਂ ਸਾਰਾ) ਸੋਨਾ ਕੱਢ ਕੇ (ਬਾਹਰ) ਰੱਖ ਦਿੱਤਾ ਜਾਏ,
ਮੇਰੇ ਠਾਕੁਰ ਕੇ ਜਨ ਇਨਹੁ ਨ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ ॥੬॥
(ਤਾਂ ਭੀ) ਮੇਰੇ ਮਾਲਕ-ਪ੍ਰਭੂ ਦੇ ਭਗਤ-ਜਨ (ਸੋਨਾ ਆਦਿਕ) ਇਹਨਾਂ (ਕੀਮਤੀ ਪਦਾਰਥਾਂ) ਨੂੰ ਨਹੀਂ ਲੋੜਦੇ, ਉਹ ਸਦਾ ਪਰਮਾਤਮਾ (ਦਾ ਨਾਮ ਹੀ) ਮੰਗਦੇ ਰਹਿੰਦੇ ਹਨ । ਹੇ ਗੁਰੂ! (ਮੈਨੂੰ ਭੀ) ਪਰਮਾਤਮਾ ਦਾ ਨਾਮ ਰਸ ਹੀ ਬਖ਼ਸ਼ ।੬।
ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ॥
ਹੇ ਭਾਈ! ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਸਦਾ ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ (ਮਾਇਆ ਦੀ) ਭੁੱਖ (ਮਾਇਆ ਦੀ) ਭੁੱਖ ਦੀ ਪੁਕਾਰ ਜਾਰੀ ਰਹਿੰਦੀ ਹੈ ।
ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ ॥੭॥
ਮਾਇਆ ਦੀ ਖਿੱਚ ਦੇ ਕਾਰਨ ਉਹ ਸਦਾ ਹੀ ਭਟਕਦੇ ਫਿਰਦੇ ਹਨ । (ਮਾਇਆ ਇਕੱਠੀ ਕਰਨ ਦੀ ਖ਼ਾਤਰ ਆਪਣੇ ਮਨ ਅਤੇ ਪਰਮਾਤਮਾ ਦੇ ਵਿਚਕਾਰ) ਲੱਖਾਂ ਕੋਹਾਂ ਨੂੰ ਵਿੱਥ ਬਣਾ ਲਿਆ ਜਾਂਦਾ ਹੈ ।੭।
ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ ਉਪਮਾ ਤਿਨੑ ਦੀਜੈ ॥
ਹੇ ਭਾਈ! ਸਦਾ ਹਰੀ ਦਾ ਨਾਮ ਜਪਣ ਦੀ ਬਰਕਤਿ ਨਾਲ ਪਰਮਾਤਮਾ ਦੇ ਭਗਤ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਕੋਈ ਭੀ ਵਡਿਆਈ ਕੀਤੀ ਨਹੀਂ ਜਾ ਸਕਦੀ ।