Sri Guru Granth Sahib Ji — Ang 1321 (punjabi)
ਕਲਿਆਨ ਮਹਲਾ ੪ ॥
ਕਲਿਆਨ ਚੌਥੀ ਪਾਤਿਸ਼ਾਹੀ।
ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮਿਹਰ ਕਰ, ਅਸੀ (ਜੀਵ) ਤੇਰੇ ਗੁਣ ਗਾਂਦੇ ਰਹੀਏ ।
ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥
ਹੇ ਪ੍ਰਭੂ! ਮੈਂ ਸਦਾ ਤੇਰੀ (ਮਿਹਰ ਦੀ ਹੀ) ਆਸ ਕਰਦਾ ਰਹਿੰਦਾ ਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ (ਆਪਣੇ) ਗਲ ਨਾਲ ਲਾਣਗੇ ।੧।ਰਹਾਉ।
ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥
ਹੇ ਭਾਈ! ਅਸੀ ਜੀਵ ਮੂਰਖ ਅੰਞਾਣ ਬੱਚੇ ਹਾਂ, ਪ੍ਰਭੂ-ਪਿਤਾ ਜੀ (ਸਾਨੂੰ ਸਦਾ) ਸਮਝਾਂਦੇ ਰਹਿੰਦੇ ਹਨ ।
ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥
ਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ (ਜੀਵ ਬੱਚੇ ਫਿਰ ਭੀ) ਪਿਆਰੇ (ਹੀ) ਲੱਗਦੇ ਹਨ ।੧।
ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥
ਹੇ ਹਰੀ! ਹੇ ਸੁਆਮੀ! ਜੋ ਕੁਝ ਤੂੰ (ਆਪ) ਦੇਂਦਾ ਹੈਂ, ਉਹੀ ਕੁਝ ਅਸੀ ਲੈ ਸਕਦੇ ਹਾਂ ।
ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥
(ਤੈਥੋਂ ਬਿਨਾ) ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ, ਜਿਸ ਕੋਲ ਅਸੀ ਜੀਵ ਜਾ ਸਕੀਏ ।੨।
ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥
ਹੇ ਭਾਈ! ਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ ।
ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥
(ਉਹ ਭਗਤ) ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋਏ ਰਹਿੰਦੇ ਹਨ ।੩।
ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥
ਹੇ ਭਾਈ! ਪ੍ਰਭੂ ਜੀ ਆਪ ਹੀ ਦਇਆਲ ਹੋ ਕੇ (ਜੀਵਾਂ ਦੇ ਅੰਦਰ) ਆਪ (ਹੀ ਆਪਣਾ) ਪਿਆਰ ਪੈਦਾ ਕਰਦੇ ਹਨ ।
ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥
ਦਾਸ ਨਾਨਕ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ ਤੇ (ਡਿੱਗਾ) ਰਹਿੰਦਾ ਹੈ । (ਪ੍ਰਭੂ ਜੀ ਦਰ ਪਏ ਦੀ) ਆਪ ਹੀ ਇੱਜ਼ਤ ਰੱਖਦੇ ਹਨ ।੪।੬।ਛਕਾ।੧।
ਛਕਾ ੧ ॥
ਕਲਿਆਨੁ ਭੋਪਾਲੀ ਮਹਲਾ ੪
ਭੋਪਾਲੀ ਰਾਗ ਕੀ ਸੰਗਿਆ ਹੈ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਪਾਰਬ੍ਰਹਮੁ ਪਰਮੇਸੁਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ ॥
ਹੇ ਨਾਰਾਇਣ! ਹੇ ਸੁਆਮੀ! ਤੂੰ (ਸਭ ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਪਾਰਬ੍ਰਹਮ ਪਰਮੇਸਰ ਹੈਂ ।
ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿ ਚਿੰਤਾਮਣੇ ॥੧॥ ਰਹਾਉ ॥
ਹੇ ਹਰੀ! ਹੇ ਸਭ ਦੀ ਮਨੋ-ਕਾਮਨਾ ਪੂਰੀ ਕਰਨ ਵਾਲੇ! ਹੇ ਸੁਖਾਂ ਦੇ ਸਮੁੰਦਰ! ਹੇ ਸੰਸਾਰ-ਸਮੁੰਦਰ ਦੇ ਜਹਾਜ਼! ਸਾਰੇ ਹੀ ਭਗਤ (ਤੇਰੇ ਦਰ ਤੋਂ ਦਾਤਾਂ) ਮੰਗਦੇ ਰਹਿੰਦੇ ਹਨ ।੧।ਰਹਾਉ।
ਦੀਨ ਦਇਆਲ ਜਗਦੀਸ ਦਮੋਦਰ ਹਰਿ ਅੰਤਰਜਾਮੀ ਗੋਬਿੰਦੇ ॥
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਜਗਤ ਦੇ ਈਸ਼੍ਵਰ! ਹੇ ਦਮੋਦਰ! ਹੇ ਅੰਤਰਜਾਮੀ ਹਰੀ! ਹੇ ਗੋਬਿੰਦ!
ਤੇ ਨਿਰਭਉ ਜਿਨ ਸ੍ਰੀਰਾਮੁ ਧਿਆਇਆ ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥
ਹੇ ਮੁਰਾਰੀ! ਹੇ ਮੁਕਤੀ ਦਾਤੇ ਹਰੀ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ (ਤੈਨੂੰ) ਸ੍ਰੀ ਰਾਮ ਨੂੰ ਸਿਮਰਿਆ, ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ ।੧।
ਜਗਦੀਸੁਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਧਿ ਪਾਰਿ ਪਰੇ ॥
ਹੇ ਦਾਸ ਨਾਨਕ! (ਆਖ—ਹੇ ਭਾਈ!) ਜਿਹੜੇ ਮਨੁੱਖ ਜਗਤ ਦੇ ਮਾਲਕ ਦੇ ਚਰਨਾਂ ਦੀ ਸਰਨ ਵਿਚ ਆਉਂਦੇ ਹਨ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ।
ਭਗਤ ਜਨਾ ਕੀ ਪੈਜ ਹਰਿ ਰਾਖੈ ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥
ਪ੍ਰਭੂ ਆਪ ਮਿਹਰ ਕਰ ਕੇ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ ।੨।੧।੭।
ਰਾਗੁ ਕਲਿਆਨੁ ਮਹਲਾ ੫ ਘਰੁ ੧
ਰਾਗੁ ਕਲਿਆਨ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਹਮਾਰੈ ਏਹ ਕਿਰਪਾ ਕੀਜੈ ॥
ਹੇ ਪ੍ਰਭੂ! ਮੇਰੇ ਉੱਤੇ ਇਹ ਮਿਹਰ ਕਰ ਕਿ (ਜਿਵੇਂ) ਭੌਰਾ ਫੁੱਲ ਦੇ ਰਸ ਨਾਲ ਰੀਝਿਆ ਰਹਿੰਦਾ ਹੈ,
ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ ॥
(ਤਿਵੇਂ ਮੇਰਾ ਮਨ) (ਤੇਰੇ) ਸੋਹਣੇ ਚਰਨਾਂ ਨਾਲ ਮੁੜ ਮੁੜ ਲਪਟਿਆ ਰਹੇ ।੧।ਰਹਾਉ।
ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥
ਹੇ ਪ੍ਰਭੂ! (ਜਿਵੇਂ) ਪਪੀਹੇ ਨੂੰ (ਵਰਖਾ ਦੀ ਬੂੰਦ ਤੋਂ ਬਿਨਾ) ਹੋਰ ਪਾਣੀਆਂ ਨਾਲ ਕੋਈ ਗ਼ਰਜ਼ ਨਹੀਂ ਹੁੰਦੀ, ਤਿਵੇਂ ਮੈਨੂੰ ਪਪੀਹੇ ਨੂੰ (ਆਪਣੇ ਨਾਮ ਅੰਮ੍ਰਿਤ ਦੀ) ਬੂੰਦ ਦੇਹ ।੧।
ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥
ਹੇ ਪ੍ਰਭੂ! ਤੇਰੇ ਮਿਲਾਪ ਤੋਂ ਬਿਨਾ (ਮੇਰੇ ਅੰਦਰ) ਠੰਢ ਨਹੀਂ ਪੈਂਦੀ, (ਮਿਹਰ ਕਰ; ਤੇਰਾ ਦਾਸ) ਨਾਨਕ (ਤੇਰਾ) ਦਰਸਨ ਕਰ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ।੨।੧।
ਕਲਿਆਨ ਮਹਲਾ ੫ ॥
ਕਲਿਆਨ ਪੰਜਵੀਂ ਪਾਤਿਸ਼ਾਹੀ।
ਜਾਚਿਕੁ ਨਾਮੁ ਜਾਚੈ ਜਾਚੈ ॥
ਹੇ ਸਭ ਜੀਵਾਂ ਦੇ ਆਸਰੇ ਪ੍ਰਭੂ! ਹੇ ਸਭ ਜੀਵਾਂ ਦੇ ਮਾਲਕ! ਹੇ ਸਾਰੇ ਸੁਖਾਂ ਦੇ ਦੇਣ ਵਾਲੇ!
ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥
(ਤੇਰੇ ਦਰ ਦਾ) ਮੰਗਤਾ (ਤੇਰੇ ਦਰ ਤੋਂ) ਨਿੱਤ ਮੰਗਦਾ ਰਹਿੰਦਾ ਹੈ ।੧।ਰਹਾਉ।
ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥
ਹੇ ਭਾਈ! ਬੇਅੰਤ ਲੁਕਾਈ (ਪ੍ਰਭੂ ਦੇ ਦਰ ਤੋਂ) ਹਰੇਕ ਮੰਗ ਮੰਗਦੀ ਰਹਿੰਦੀ ਹੈ, ਜਿਹੜੀ ਭੀ ਮਨ ਦੀ ਮੁਰਾਦ ਹੁੰਦੀ ਹੈ ਉਹ ਹਾਸਲ ਕਰ ਲਈਦੀ ਹੈ ।੧।
ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥
ਹੇ ਭਾਈ! ਪ੍ਰਭੂ ਐਸਾ ਹੈ ਜਿਸ ਦਾ ਦਰਸਨ ਸਾਰੇ ਹੀ ਫਲ ਦੇਣ ਵਾਲਾ ਹੈ । ਆE ਉਸ ਦੇ ਚਰਨ ਸਦਾ ਛੁਹ ਛੁਹ ਕੇ ਉਸ ਦੇ ਗੁਣ ਗਾਂਦੇ ਰਹੀਏ ।
ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥
ਹੇ ਨਾਨਕ! (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤੱਤ ਨਾਲ ਮਿਲ ਜਾਂਦਾ ਹੈ (ਤਿਵੇਂ ਗੁਣ ਗਾਵਣ ਦੀ ਬਰਕਤਿ ਨਾਲ) ਮਨ-ਹੀਰਾ ਪ੍ਰਭੂ-ਹੀਰੇ ਨਾਲ ਵਿੰਨ੍ਹ ਲਈਦਾ ਹੈ ।੨।੨।