Sri Guru Granth Sahib Ji — Ang 1320 (punjabi)
ਮੇਰੇ ਮਨ ਜਪੁ ਜਪਿ ਜਗੰਨਾਥੇ ॥
ਹੇ ਮੇਰੇ ਮਨ! ਜਗਤ ਦੇ ਨਾਥ (ਦੇ ਨਾਮ) ਦਾ ਜਾਪ ਜਪਿਆ ਕਰ ।
ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥੧॥ ਰਹਾਉ ॥
(ਜਿਸ ਮਨੁੱਖ ਨੇ) ਗੁਰੂ ਦੇ ਉਪਦੇਸ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਿਆ, ਉਸ ਦੇ ਸਾਰੇ ਪਾਪ ਸਾਰੇ ਦੁੱਖ ਦੂਰ ਹੋ ਗਏ ।੧।ਰਹਾਉ।
ਰਸਨਾ ਏਕ ਜਸੁ ਗਾਇ ਨ ਸਾਕੈ ਬਹੁ ਕੀਜੈ ਬਹੁ ਰਸੁਨਥੇ ॥
ਹੇ ਪ੍ਰਭੂ! (ਮਨੁੱਖ ਦੀ) ਇੱਕ ਜੀਭ (ਤੇਰਾ) ਜਸ (ਪੂਰੇ ਤੌਰ ਤੇ) ਗਾ ਨਹੀਂ ਸਕਦੀ, (ਇਸ ਨੂੰ) ਬਹੁਤ ਜੀਭਾਂ ਵਾਲਾ ਬਣਾ ਦੇਹ ।
ਬਾਰ ਬਾਰ ਖਿਨੁ ਪਲ ਸਭਿ ਗਾਵਹਿ ਗੁਨ ਕਹਿ ਨ ਸਕਹਿ ਪ੍ਰਭ ਤੁਮਨਥੇ ॥੧॥
ਹੇ ਪ੍ਰਭੂ! ਸਾਰੇ ਜੀਵ ਮੁੜ ਮੁੜ ਹਰੇਕ ਪਲ ਤੇਰੇ ਗੁਣ ਗਾਂਦੇ ਹਨ, ਪਰ ਤੇਰੇ (ਸਾਰੇ) ਗੁਣ ਬਿਆਨ ਨਹੀਂ ਕਰ ਸਕਦੇ ।੧।
ਹਮ ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ ਹਮ ਲੋਚਹ ਪ੍ਰਭੁ ਦਿਖਨਥੇ ॥
ਹੇ ਮੇਰੇ ਮਾਲਕ ਪ੍ਰਭੂ! ਮੇਰੇ ਅੰਦਰ ਤੇਰੀ ਬਹੁਤ ਪ੍ਰੀਤ ਪੈਦਾ ਹੋ ਚੁਕੀ ਹੈ; ਮੈਂ ਤੈਨੂੰ ਦੇਖਣ ਲਈ ਤਾਂਘ ਕਰ ਰਿਹਾ ਹਾਂ ।
ਤੁਮ ਬਡ ਦਾਤੇ ਜੀਅ ਜੀਅਨ ਕੇ ਤੁਮ ਜਾਨਹੁ ਹਮ ਬਿਰਥੇ ॥੨॥
ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਅਸਾਂ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈਂ ।੨।
ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ ਕਹੁ ਤਿਨ ਕਉ ਕਿਆ ਦਿਨਥੇ ॥
ਹੇ ਭਾਈ! ਜੇ ਕੋਈ (ਸੰਤ ਜਨ ਮੈਨੂੰ) ਪ੍ਰਭੂ (ਦੇ ਮਿਲਾਪ) ਦਾ ਰਸਤਾ ਦੱਸ ਦੇਵੇ, ਤਾਂ ਅਜਿਹੇ (ਸੰਤ) ਜਨਾਂ ਨੂੰ ਕੀਹ ਦੇਣਾ ਚਾਹੀਦਾ ਹੈ?
ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪ੍ਰਭ ਮਿਲਥੇ ॥੩॥
ਜੇ ਪ੍ਰਭੂ ਨੂੰ ਮਿਲਿਆ ਹੋਇਆ ਕੋਈ ਪਿਆਰਾ ਮੈਨੂੰ ਪ੍ਰਭੂ ਨਾਲ ਮਿਲਾ ਦੇਵੇ ਤਾਂ ਮੈਂ ਤਾਂ ਆਪਣਾ ਸਾਰਾ ਤਨ ਸਾਰਾ ਮਨ ਸਦਾ ਲਈ ਭੇਟ ਕਰ ਦਿਆਂ ।੩।
ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ ਹਮ ਤੁਛ ਕਰਿ ਕਰਿ ਬਰਨਥੇ ॥
ਹੇ ਭਾਈ! ਪਰਮਾਤਮਾ ਦੇ ਗੁਣ ਬਹੁਤ ਹੀ ਬੇਅੰਤ ਹਨ, ਬਹੁਤ ਬੇਅੰਤ ਹਨ, ਅਸੀ ਜੀਵ ਬਹੁਤੇ ਹੀ ਥੋੜੇ ਬਿਆਨ ਕਰਦੇ ਹਾਂ (ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ) ।
ਹਮਰੀ ਮਤਿ ਵਸਗਤਿ ਪ੍ਰਭ ਤੁਮਰੈ ਜਨ ਨਾਨਕ ਕੇ ਪ੍ਰਭ ਸਮਰਥੇ ॥੪॥੩॥
ਹੇ ਦਾਸ ਨਾਨਕ ਦੇ ਸਮਰੱਥ ਪ੍ਰਭੂ! ਅਸਾਂ ਜੀਵਾਂ ਦੀ ਮਤਿ ਤੇਰੇ ਹੀ ਵੱਸ ਵਿਚ ਹੈ (ਜਿਤਨੀ ਮਤਿ ਤੂੰ ਦੇਂਦਾ ਹੈਂ ਉਤਨੀ ਹੀ ਤੇਰੀ ਸੋਭਾ ਅਸੀ ਬਿਆਨ ਕਰ ਸਕਦੇ ਹਾਂ) ।੪।੩।
ਕਲਿਆਨ ਮਹਲਾ ੪ ॥
ਕਲਿਆਨ ਚੌਥੀ ਪਾਤਿਸ਼ਾਹੀ।
ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥
ਹੇ ਮੇਰੇ ਮਨ! ਉਸ ਪਰਮਾਤਮਾ ਦੇ ਗੁਣ ਯਾਦ ਕਰਿਆ ਕਰ ਜੋ ਅਕੱਥ ਸੁਣਿਆ ਜਾ ਰਿਹਾ ਹੈ ।
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥੧॥ ਰਹਾਉ ॥
ਧਰਮ ਅਰਥ ਕਾਮ ਮੋਖ—(ਇਹੀ ਹੈ) ਸਾਰਾ (ਮਨੁੱਖ ਦਾ ਨਿਸ਼ਾਨਾ, ਪਰ ਇਹਨਾਂ ਵਿਚੋਂ ਹਰੇਕ ਹੀ ਪਰਮਾਤਮਾ ਦੇ) ਭਗਤ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ ।੧।ਰਹਾਉ।
ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ ਜਿਸੁ ਬਡਭਾਗ ਮਥਈ ॥
ਹੇ ਭਾਈ! ਜਿਸ ਮਨੁੱਖ ਦੇ ਮੱਥੇ ਉੱਤੇ ਵੱਡਾ ਭਾਗ (ਜਾਗ ਪੈਂਦਾ) ਹੈ, ਉਹ ਭਗਤ-ਜਨ ਪਰਮਾਤਮਾ ਦਾ ਨਾਮ ਸਦਾ ਸਿਮਰਦਾ ਹੈ ।
ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ ਧਿਆਇਥਈ ॥੧॥
ਜਿੱਥੇ (ਆਪਣੀ) ਦਰਗਾਹ ਵਿਚ ਪਰਮਾਤਮਾ (ਮਨੁੱਖ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ, ਪਰਮਾਤਮਾ ਦਾ ਨਾਮ ਸਿਮਰ ਕੇ ਹੀ ਉੱਥੇ ਮਨੁੱਖ ਸੁਰਖ਼ਰੂ ਹੁੰਦਾ ਹੈ ।੧।
ਹਮਰੇ ਦੋਖ ਬਹੁ ਜਨਮ ਜਨਮ ਕੇ ਦੁਖੁ ਹਉਮੈ ਮੈਲੁ ਲਗਥਈ ॥
ਹੇ ਭਾਈ! ਅਸਾਂ ਜੀਵਾਂ ਦੇ (ਅੰਦਰ) ਅਨੇਕਾਂ ਜਨਮਾਂ ਦੇ ਐਬ ਇਕੱਠੇ ਹੋਏ ਪਏ ਹਨ, (ਸਾਡੇ ਅੰਦਰ) ਦੁੱਖ (ਟਿਕਿਆ ਰਹਿੰਦਾ ਹੈ), ਹਉਮੈ ਦੀ ਮੈਲ ਲੱਗੀ ਰਹਿੰਦੀ ਹੈ ।
ਗੁਰਿ ਧਾਰਿ ਕ੍ਰਿਪਾ ਹਰਿ ਜਲਿ ਨਾਵਾਏ ਸਭ ਕਿਲਬਿਖ ਪਾਪ ਗਥਈ ॥੨॥
(ਜਿਨ੍ਹਾਂ ਵਡਭਾਗੀਆਂ ਨੂੰ) ਗੁਰੂ ਨੇ ਮਿਹਰ ਕਰ ਕੇ ਹਰਿ-ਨਾਮ-ਜਲ ਵਿਚ ਇਸ਼ਨਾਨ ਕਰਾ ਦਿੱਤਾ, (ਉਹਨਾਂ ਦੇ ਅੰਦਰੋਂ) ਪਾਪਾਂ ਵਿਕਾਰਾਂ ਦੀ ਸਾਰੀ (ਮੈਲ) ਦੂਰ ਹੋ ਗਈ ।੨।
ਜਨ ਕੈ ਰਿਦ ਅੰਤਰਿ ਪ੍ਰਭੁ ਸੁਆਮੀ ਜਨ ਹਰਿ ਹਰਿ ਨਾਮੁ ਭਜਥਈ ॥
ਹੇ ਭਾਈ! ਭਗਤ ਜਨਾਂ ਦੇ ਹਿਰਦੇ ਵਿਚ ਮਾਲਕ-ਪ੍ਰਭੂ ਵੱਸਿਆ ਰਹਿੰਦਾ ਹੈ, ਭਗਤ ਜਨਾਂ ਨੇ ਸਦਾ ਪਰਮਾਤਮਾ ਦਾ ਨਾਮ ਜਪਿਆ ਹੈ ।
ਜਹ ਅੰਤੀ ਅਉਸਰੁ ਆਇ ਬਨਤੁ ਹੈ ਤਹ ਰਾਖੈ ਨਾਮੁ ਸਾਥਈ ॥੩॥
ਜਿੱਥੇ ਅਖ਼ੀਰਲਾ ਵਕਤ ਆ ਬਣਦਾ ਹੈ, ਉਥੇ ਪਰਮਾਤਮਾ ਦਾ ਨਾਮ ਸਾਥੀ (ਬਣ ਕੇ) ਰਖਿਆ ਕਰਦਾ ਹੈ ।੩।
ਜਨ ਤੇਰਾ ਜਸੁ ਗਾਵਹਿ ਹਰਿ ਹਰਿ ਪ੍ਰਭ ਹਰਿ ਜਪਿਓ ਜਗੰਨਥਈ ॥
ਹੇ ਹਰੀ! (ਤੇਰੇ) ਭਗਤ ਤੇਰਾ ਜਸ (ਸਦਾ) ਗਾਂਦੇ ਰਹਿੰਦੇ ਹਨ । ਹੇ ਜਗਤ ਦੇ ਨਾਥ ਪ੍ਰਭੂ! (ਤੇਰੇ ਭਗਤਾਂ ਨੇ) ਸਦਾ ਤੇਰਾ ਨਾਮ ਜਪਿਆ ਹੈ ।
ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖੁ ਬੁਡਥਈ ॥੪॥੪॥
ਹੇ ਦਾਸ ਨਾਨਕ ਦੇ ਰਖਵਾਲੇ ਮਾਲਕ ਪ੍ਰਭੂ! ਅਸਾਂ ਪੱਥਰ (ਵਾਂਗ) ਡੁੱਬਦੇ ਜੀਵਾਂ ਦੀ ਰੱਖਿਆ ਕਰ ।੪।੪।
ਕਲਿਆਨ ਮਹਲਾ ੪ ॥
ਕਲਿਆਨ ਚੌਥੀ ਪਾਤਿਸ਼ਾਹੀ।
ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ ॥
ਹੇ ਭਾਈ! ਅਸਾਂ ਜੀਵਾਂ ਦੀ (ਹਰੇਕ) ਭਾਵਨੀ ਨੂੰ ਪਰਮਾਤਮਾ (ਆਪ) ਜਾਣਦਾ ਹੈ ।
ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ ਪ੍ਰਭੁ ਤਾ ਕਾ ਕਹਿਆ ਇਕੁ ਤਿਲੁ ਨਹੀ ਮਾਨੈ ॥੧॥ ਰਹਾਉ ॥
ਜੇ ਕੋਈ ਹੋਰ (ਨਿੰਦਕ ਮਨੁੱਖ) ਪਰਮਾਤਮਾ ਦੇ ਭਗਤ ਦੀ ਨਿੰਦਾ ਕਰਦਾ ਹੋਵੇ, ਪਰਮਾਤਮਾ ਉਸ ਦਾ ਆਖਿਆ ਹੋਇਆ (ਨਿੰਦਾ ਦਾ ਬਚਨ) ਰਤਾ ਭਰ ਭੀ ਨਹੀਂ ਮੰਨਦਾ ।੧।ਰਹਾਉ।
ਅਉਰ ਸਭ ਤਿਆਗਿ ਸੇਵਾ ਕਰਿ ਅਚੁਤ ਜੋ ਸਭ ਤੇ ਊਚ ਠਾਕੁਰੁ ਭਗਵਾਨੈ ॥
ਹੇ ਭਾਈ! ਹੋਰ ਹਰੇਕ (ਆਸ) ਲਾਹ ਕੇ ਉਸ ਅਬਿਨਾਸੀ ਪਰਮਾਤਮਾ ਦੀ ਭਗਤੀ ਕਰਿਆ ਕਰ, ਜਿਹੜਾ ਸਭ ਤੋਂ ਉੱਚਾ ਮਾਲਕ ਭਗਵਾਨ ਹੈ ।
ਹਰਿ ਸੇਵਾ ਤੇ ਕਾਲੁ ਜੋਹਿ ਨ ਸਾਕੈ ਚਰਨੀ ਆਇ ਪਵੈ ਹਰਿ ਜਾਨੈ ॥੧॥
ਹੇ ਭਾਈ! ਪਰਮਾਤਮਾ ਦੀ ਸੇਵਾ-ਭਗਤੀ ਦੀ ਬਰਕਤਿ ਨਾਲ ਆਤਮਕ ਮੌਤ (ਭਗਤ ਵਲ) ਤੱਕ ਭੀ ਨਹੀਂ ਸਕਦੀ, ਉਹ ਤਾਂ ਭਗਤ ਦੇ ਚਰਨਾਂ ਵਿਚ ਆ ਡਿੱਗਦੀ ਹੈ (ਭਗਤ ਦੇ ਅਧੀਨ ਹੋ ਜਾਂਦੀ ਹੈ) ।੧।
ਜਾ ਕਉ ਰਾਖਿ ਲੇਇ ਮੇਰਾ ਸੁਆਮੀ ਤਾ ਕਉ ਸੁਮਤਿ ਦੇਇ ਪੈ ਕਾਨੈ ॥
ਹੇ ਭਾਈ! ਪਿਆਰਾ ਮਾਲਕ-ਪ੍ਰਭੂ ਜਿਸ ਮਨੁੱਖ ਦੀ ਰਖਿਆ ਕਰਦਾ ਹੈ, ਉਸ ਨੂੰ ਪਿਆਰ ਨਾਲ ਧਿਆਨ ਨਾਲ ਸ੍ਰੇਸ਼ਟ ਮਤਿ ਬਖ਼ਸ਼ਦਾ ਹੈ ।
ਤਾ ਕਉ ਕੋਈ ਅਪਰਿ ਨ ਸਾਕੈ ਜਾ ਕੀ ਭਗਤਿ ਮੇਰਾ ਪ੍ਰਭੁ ਮਾਨੈ ॥੨॥
ਹੇ ਭਾਈ! ਪਰਮਾਤਮਾ ਜਿਸ ਮਨੁੱਖ ਦੀ ਭਗਤੀ ਪਰਵਾਨ ਕਰ ਲੈਂਦਾ ਹੈ, ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ।੨।
ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥
ਹੇ ਸੱਜਣ! ਵੇਖ, ਉਸ ਪਰਮਾਤਮਾ ਦੇ ਕੌਤਕ ਬੜੇ ਹੈਰਾਨ ਕਰਨ ਵਾਲੇ ਹਨ ਜੋ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਖੋਟੇ ਖਰੇ ਮਨੁੱਖ ਨੂੰ ਪਛਾਣ ਲੈਂਦਾ ਹੈ ।
ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦ ਸੁਧ ਮਿਲੇ ਖੋਟੇ ਪਛੁਤਾਨੈ ॥੩॥
ਸੁੱਧ ਹਿਰਦੇ ਵਾਲੇ ਮਨੁੱਖ ਉਸ ਨੂੰ ਮਿਲ ਪੈਂਦੇ ਹਨ, ਖੋਟੇ ਮਨੁੱਖ ਪਛੁਤਾਂਦੇ ਹੀ ਰਹਿ ਜਾਂਦੇ ਹਨ । ਤਾਹੀਏਂ ਭਗਤ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਭਗਤ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ) ।੩।
ਤੁਮ ਹਰਿ ਦਾਤੇ ਸਮਰਥ ਸੁਆਮੀ ਇਕੁ ਮਾਗਉ ਤੁਝ ਪਾਸਹੁ ਹਰਿ ਦਾਨੈ ॥
ਹੇ ਹਰੀ! ਤੁਸੀ ਸਭ ਦਾਤਾਂ ਦੇਣ ਵਾਲੇ ਸਭ ਤਾਕਤਾਂ ਦੇ ਮਾਲਕ ਸੁਆਮੀ ਹੋ । ਹੇ ਹਰੀ! ਮੈਂ ਤੇਰੇ ਪਾਸੋਂ ਇਕ ਖ਼ੈਰ ਮੰਗਦਾ ਹਾਂ ।
ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਦੀਜੈ ਸਦ ਬਸਹਿ ਰਿਦੈ ਮੋਹਿ ਹਰਿ ਚਰਾਨੈ ॥੪॥੫॥
ਮਿਹਰ ਕਰ ਕੇ (ਆਪਣੇ) ਦਾਸ ਨਾਨਕ ਨੂੰ (ਇਹ ਦਾਨ) ਦੇਹ ਕਿ, ਹੇ ਹਰੀ! ਤੇੇਰੇ ਚਰਨ ਮੇੇਰੇ ਹਿਰਦੇ ਵਿਚ ਸਦਾ ਵੱਸਦੇ ਰਹਿਣ ।੪।੫।