Sri Guru Granth Sahib Ji — Ang 132 (punjabi)
ਅੰਧ ਕੂਪ ਤੇ ਕੰਢੈ ਚਾੜੇ ॥
(ਹੇ ਭਾਈ !) ਪਰਮਾਤਮਾ ਆਪਣੇ ਸੇਵਕਾਂ ਉੱਤੇ ਮਿਹਰ ਕਰਦਾ ਹੈ, ਉਹਨਾਂ ਨੂੰ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚੋਂ ਬਾਹਰ ਕੰਢੇ ਉੱਤੇ ਚੜ੍ਹਾ ਦੇਂਦਾ ਹੈ ।
ਕਰਿ ਕਿਰਪਾ ਦਾਸ ਨਦਰਿ ਨਿਹਾਲੇ ॥
ਉਹ ਸੇਵਕ ਅਬਿਨਾਸ਼ੀ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ।
ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਨ ਆਵਣਿਆ ॥੪॥
(ਹੇ ਭਾਈ ! ਪ੍ਰਭੂ ਦੇ ਗੁਣ ਬੇਅੰਤ ਹਨ) ਆਖਣ ਨਾਲ ਸੁਣਨ ਨਾਲ (ਉਸ ਦੇ ਗੁਣਾਂ ਦਾ) ਖ਼ਾਤਮਾ ਨਹੀਂ ਹੋ ਸਕਦਾ ।੪।
ਐਥੈ ਓਥੈ ਤੂੰਹੈ ਰਖਵਾਲਾ ॥
ਹੇ ਪ੍ਰਭੂ ! ਇਸ ਲੋਕ ਵਿਚ ਪਰਲੋਕ ਵਿਚ ਤੂੰ ਹੀ (ਸਭ ਜੀਵਾਂ ਦਾ) ਰਾਖਾ ਹੈਂ ।
ਮਾਤ ਗਰਭ ਮਹਿ ਤੁਮ ਹੀ ਪਾਲਾ ॥
ਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਦਾ ਹੈਂ ।
ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥
ਉਹਨਾਂ ਬੰਦਿਆਂ ਨੂੰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਪੋਹ ਨਹੀਂ ਸਕਦੀ, ਜੇਹੜੇ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੇ ਗੁਣ ਗਾਂਦੇ ਰਹਿੰਦੇ ਹਨ ।੫।
ਕਿਆ ਗੁਣ ਤੇਰੇ ਆਖਿ ਸਮਾਲੀ ॥
ਹੇ ਪ੍ਰਭੂ ! ਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਚੇਤੇ ਕਰਾਂ ?
ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ ॥
ਮੈਂ ਆਪਣੇ ਮਨ ਵਿਚ ਤੇ ਤਨ ਵਿਚ ਤੈਨੂੰ ਹੀ ਵੱਸਦਾ ਵੇਖ ਰਿਹਾ ਹਾਂ ।
ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥੬॥
ਹੇ ਪ੍ਰਭੂ ! ਤੂੰ ਹੀ ਮੇਰਾ ਮਾਲਕ ਹੈਂ । ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ (ਤੇਰੇ ਵਰਗਾ ਮਿਤ੍ਰ) ਨਹੀਂ ਸਮਝਦਾ ।੬।
ਜਿਸ ਕਉ ਤੂੰ ਪ੍ਰਭ ਭਇਆ ਸਹਾਈ ॥
ਹੇ ਪ੍ਰਭੂ ! ਜਿਸ ਮਨੁੱਖ ਵਾਸਤੇ ਤੂੰ ਰਾਖਾ ਬਣ ਜਾਂਦਾ ਹੈਂ,
ਤਿਸੁ ਤਤੀ ਵਾਉ ਨ ਲਗੈ ਕਾਈ ॥
ਉਸ ਨੂੰ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦਾ ।
ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥
ਤੂੰ ਹੀ ਉਸ ਦਾ ਮਾਲਕ ਹੈ, ਤੂੰ ਹੀ ਉਸ ਦਾ ਰਾਖਾ ਹੈਂ ਤੂੰ ਹੀ ਉਸ ਨੂੰ ਸੁਖ ਦੇਣ ਵਾਲਾ ਹੈਂ । ਸਾਧ ਸੰਗਤਿ ਵਿਚ ਤੇਰਾ ਨਾਮ ਜਪ ਕੇ ਉਹ ਤੈਨੂੰ ਆਪਣੇ ਹਿਰਦੇ ਵਿਚ ਪਰਤੱਖ ਵੇਖਦਾ ਹੈ ।੭।
ਤੂੰ ਊਚ ਅਥਾਹੁ ਅਪਾਰੁ ਅਮੋਲਾ ॥
ਹੇ ਪ੍ਰਭੂ ! (ਆਤਮਕ ਜੀਵਨ ਵਿਚ) ਤੰੂ (ਸਭ ਜੀਵਾਂ ਤੋਂ) ਉੱਚਾ ਹੈਂ ਤੂੰ (ਮਾਨੋ, ਗੁਣਾਂ ਦਾ ਸਮੁੰਦਰ) ਹੈਂ ਜਿਸ ਦੀ ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੇਰਾ ਮੁੱਲ ਨਹੀਂ ਪੈ ਸਕਦਾ (ਕਿਸੇ ਭੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ) ।
ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥
ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ । ਮੈਂ ਤੇਰਾ ਦਾਸ ਹਾਂ, ਗ਼ੁਲਾਮ ਹਾਂ ।
ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥੮॥੩॥੩੭॥
ਹੇ ਨਾਨਕ ! (ਆਖ—ਹੇ ਪ੍ਰਭੂ ! ਤੂੰ (ਮੇਰਾ) ਮਾਲਕ ਹੈ, ਤੇਰੀ ਸਦਾ ਮਾਲਕੀ ਕਾਇਮ ਰਹਿਣ ਵਾਲੀ ਹੈ, ਮੈਂ ਤੈਥੋਂ ਸਦਾ ਸਦਕੇ ਹਾਂ ਕੁਰਬਾਨ ਹਾਂ ।੮।੩।੩੭।
ਮਾਝ ਮਹਲਾ ੫ ਘਰੁ ੨ ॥
ਮਾਝ, ਪੰਜਵੀਂ ਪਾਤਸ਼ਾਹੀ।
ਨਿਤ ਨਿਤ ਦਯੁ ਸਮਾਲੀਐ ॥
(ਹੇ ਭਾਈ !) ਸਦਾ ਹੀ ਉਸ ਪਰਮਾਤਮਾ ਨੂੰ ਹਿਰਦੇ ਵਿਚ ਵਸਾਣਾ ਚਾਹੀਦਾ ਹੈ ਜੋ ਸਭ ਜੀਵਾਂ ਉੱਤੇ ਤਰਸ ਕਰਦਾ ਹੈ
ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥
ਉਸ ਨੂੰ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ।ਰਹਾਉ।
ਸੰਤਾ ਸੰਗਤਿ ਪਾਈਐ ॥
(ਹੇ ਭਾਈ !) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਦਾ ਨਾਮ ਮਿਲਦਾ ਹੈ,
ਜਿਤੁ ਜਮ ਕੈ ਪੰਥਿ ਨ ਜਾਈਐ ॥
ਸਾਧ ਸੰਗਤਿ ਦੀ ਬਰਕਤਿ ਨਾਲ ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ ਨਹੀਂ ਪਈਦਾ ।
ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥੧॥
(ਹੇ ਭਾਈ ! ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦਾ ਨਾਮ ਖ਼ਰਚ (ਆਪਣੇ ਪੱਲੇ ਬੰਨ੍ਹ) ਲੈ, (ਇਸ ਤਰ੍ਹਾਂ) ਤੇਰੀ ਕੁਲ ਨੂੰ (ਭੀ) ਕੋਈ ਬਦਨਾਮੀ ਨਹੀਂ ਆਵੇਗੀ ।੧।
ਜੋ ਸਿਮਰੰਦੇ ਸਾਂਈਐ ॥
ਜੇਹੜੇ ਮਨੁੱਖ ਖਸਮ-ਪਰਮਾਤਮਾ ਦਾ ਸਿਮਰਨ ਕਰਦੇ ਹਨ
ਨਰਕਿ ਨ ਸੇਈ ਪਾਈਐ ॥
ਉਹਨਾਂ ਨੂੰ ਨਰਕ ਵਿਚ ਨਹੀਂ ਪਾਇਆ ਜਾਂਦਾ ।
ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ ॥੨॥
(ਹੇ ਭਾਈ !) ਜਿੰਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹਨਾਂ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ।੨।
ਸੇਈ ਸੁੰਦਰ ਸੋਹਣੇ ॥
ਉਹੀ ਮਨੁੱਖ ਸੋਹਣੇ ਸੁੰਦਰ (ਜੀਵਨ ਵਾਲੇ) ਹਨ,
ਸਾਧਸੰਗਿ ਜਿਨ ਬੈਹਣੇ ॥
ਜਿੰਨ੍ਹਾਂ ਦਾ ਬਹਿਣ ਖਲੋਣ ਸਾਧ ਸੰਗਤਿ ਵਿਚ ਹੈ ।
ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥੩॥
ਜਿੰਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ ਲਿਆ, ਉਹ ਬੇਅੰਤ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ ।੩।
ਹਰਿ ਅਮਿਉ ਰਸਾਇਣੁ ਪੀਵੀਐ ॥
(ਹੇ ਭਾਈ !) ਪਰਮਾਤਮਾ ਦਾ ਨਾਮ ਅੰਮ੍ਰਿਤ ਪੀਣਾ ਚਾਹੀਦਾ ਹੈ, (ਇਹ ਨਾਮ-ਅੰਮ੍ਰਿਤ) ਸਾਰੇ ਰਸਾਂ ਦਾ ਸੋਮਾ ਹੈ ।
ਮੁਹਿ ਡਿਠੈ ਜਨ ਕੈ ਜੀਵੀਐ ॥
(ਹੇ ਭਾਈ !) ਪਰਮਾਤਮਾ ਦੇ ਸੇਵਕ ਦਾ ਦਰਸ਼ਨ ਕੀਤਿਆਂ ਆਤਮਕ ਜੀਵਨ ਮਿਲਦਾ ਹੈ,
ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥੪॥
(ਇਸ ਵਾਸਤੇ ਤੂੰ ਭੀ) ਸਦਾ ਗੁਰੂ ਦੇ ਪੈਰ ਪੂਜ (ਗੁਰੂ ਦੀ ਸ਼ਰਨ ਪਿਆ ਰਹੁ, ਤੇ ਇਸ ਤਰ੍ਹਾਂ) ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈ ।੪।
ਜੋ ਹਰਿ ਕੀਤਾ ਆਪਣਾ ॥ ਤਿਨਹਿ ਗੁਸਾਈ ਜਾਪਣਾ ॥
ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਸੇਵਕ) ਬਣਾ ਲਿਆ ਹੈ, ਉਸ ਨੇ ਹੀ ਖਸਮ-ਪ੍ਰਭੂ ਦਾ ਸਿਮਰਨ ਕਰਦੇ ਰਹਿਣਾ ਹੈ ।
ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥੫॥
ਜਿਸ ਮਨੁੱਖ ਦੇ ਮੱਥੇ ਉੱਤੇ (ਪ੍ਰਭੂ ਦੀ ਇਸ ਦਾਤਿ ਦਾ) ਭਾਗ ਜਾਗ ਪਏ, ਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਦੇ ਸਮਰੱਥ) ਸੂਰਮਾ ਬਣ ਜਾਂਦਾ ਹੈ ਉਹ (ਮਨੁੱਖਾਂ ਵਿਚ) ਸ੍ਰੇਸ਼ਟ ਮਨੁੱਖ ਮੰਨਿਆ ਜਾਂਦਾ ਹੈ ।੫।
ਮਨ ਮੰਧੇ ਪ੍ਰਭੁ ਅਵਗਾਹੀਆ ॥
ਹੇ ਭਾਈ ! ਆਪਣੇ ਮਨ ਵਿਚ ਹੀ ਚੁੱਭੀ ਲਾਉ ਤੇ ਪ੍ਰਭੂ ਦਾ ਦਰਸ਼ਨ ਕਰੋ—
ਏਹਿ ਰਸ ਭੋਗਣ ਪਾਤਿਸਾਹੀਆ ॥
ਇਹੀ ਹੈ ਦੁਨੀਆ ਦੇ ਸਾਰੇ ਰਸਾਂ ਦੇ ਭੋਗ ਇਹੀ ਹੈ ਦੁਨੀਆ ਦੀਆਂ ਬਾਦਸ਼ਾਹੀਆਂ ।
ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥੬॥
(ਜਿੰਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਵੇਖ ਲਿਆਾ, ਉਹਨਾਂ ਦੇ ਮਨ ਵਿਚ) ਕਦੇ ਕੋਈ ਵਿਕਾਰ ਪੈਦਾ ਨਹੀਂ ਹੁੰਦਾ, ਉਹ ਸਿਮਰਨ ਦੀ ਸੱਚੀ ਕਾਰ ਵਿਚ ਲੱਗ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।੬।
ਕਰਤਾ ਮੰਨਿ ਵਸਾਇਆ ॥
ਜਿਸ ਮਨੁੱਖ ਨੇ ਕਰਤਾਰ ਨੂੰ ਆਪਣੇ ਮਨ ਵਿਚ ਵਸਾ ਲਿਆ,
ਜਨਮੈ ਕਾ ਫਲੁ ਪਾਇਆ ॥
ਉਸ ਨੇ ਮਨੁੱਖਾ ਜਨਮ ਦਾ ਫਲ ਪ੍ਰਾਪਤ ਕਰ ਲਿਆ ।
ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥੭॥
(ਹੇ ਜੀਵ-ਇਸਤ੍ਰੀ !) ਜੇ ਤੈਨੂੰ ਕੰਤ-ਹਰੀ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਏ ਤਾਂ ਤੇਰਾ ਇਹ ਸੁਹਾਗ ਸਦਾ ਲਈ (ਤੇਰੇ ਸਿਰ ਉੱਤੇ) ਕਾਇਮ ਰਹੇਗਾ ।੭।
ਅਟਲ ਪਦਾਰਥੁ ਪਾਇਆ ॥
(ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਧਨ ਹੈ, ਜਿਨ੍ਹਾਂ ਨੇ) ਇਹ ਸਦਾ ਕਾਇਮ ਰਹਿਣ ਵਾਲਾ ਧਨ ਲੱਭ ਲਿਆ,
ਭੈ ਭੰਜਨ ਕੀ ਸਰਣਾਇਆ ॥
ਜੇਹੜੇ ਬੰਦੇ ਸਾਰੇ ਡਰ ਨਾਸ ਕਰਨ ਵਾਲੇ ਪਰਮਾਤਮਾ ਦੀ ਸ਼ਰਨ ਆ ਗਏ,
ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥੮॥੪॥੩੮॥
ਉਹਨਾਂ ਨੂੰ, ਹੇ ਨਾਨਕ ! ਪਰਮਾਤਮਾ ਨੇ ਆਪਣੇ ਲੜ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ । ਉਹਨਾਂ ਨੇ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ ।੮।੪।੩੮।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
ਮਾਝ ਮਹਲਾ ੫ ਘਰੁ ੩ ॥
ਮਾਝ, ਪੰਜਵੀਂ ਪਾਤਸ਼ਾਹੀ।
ਹਰਿ ਜਪਿ ਜਪੇ ਮਨੁ ਧੀਰੇ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਜਪ ਜਪ ਕੇ (ਮਨੁੱਖ ਦਾ) ਮਨ ਧੀਰਜਵਾਨ ਹੋ ਜਾਂਦਾ ਹੈ (ਦੁਨੀਆ ਦੇ ਸੁੱਖਾਂ ਦੁੱਖਾਂ ਵਿਚ ਡੋਲਦਾ ਨਹੀਂ) ।ਰਹਾਉ।
ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥
ਸਭ ਤੋਂ ਵੱਡੇ ਅਕਾਲਪੁਰਖ ਨੂੰ ਸਿਮਰ ਸਿਮਰ ਕੇ ਸਾਰੇ ਡਰ ਸਹਮ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ।੧।
ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ ॥੨॥
ਜਦੋਂ ਮਨੁੱਖ ਪਰਮਾਤਮਾ ਦਾ ਆਸਰਾ ਲੈ ਲੈਂਦਾ ਹੈ, ਉਸ ਨੂੰ ਕੋਈ ਚਿੰਤਾ ਝੋਰਾ ਨਹੀਂ ਪੋਹ ਸਕਦਾ ।੨।