Sri Guru Granth Sahib Ji — Ang 131 (punjabi)
ਤੂੰ ਵਡਾ ਤੂੰ ਊਚੋ ਊਚਾ ॥
(ਹੇ ਪ੍ਰਭੂ ! ਤਾਕਤ ਤੇ ਸਮਰੱਥਾ ਵਿਚ) ਤੂੰ (ਸਭ ਤੋਂ) ਵੱਡਾ ਹੈਂ (ਆਤਮਕ ਉੱਚਤਾ ਵਿਚ) ਤੂੰ ਸਭ ਤੋਂ ਉੱਚਾ ਹੈਂ,
ਤੂੰ ਬੇਅੰਤੁ ਅਤਿ ਮੂਚੋ ਮੂਚਾ ॥
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੂੰ ਬੇਅੰਤ ਵੱਡੀ ਹਸਤੀ ਵਾਲਾ ਹੈਂ ।
ਹਉ ਕੁਰਬਾਣੀ ਤੇਰੈ ਵੰਞਾ ਨਾਨਕ ਦਾਸ ਦਸਾਵਣਿਆ ॥੮॥੧॥੩੫॥
ਹੇ ਨਾਨਕ ! (ਆਖ—ਹੇ ਪ੍ਰਭੂ !) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਦਾਸਾਂ ਦਾ ਦਾਸ ਹਾਂ ।੮।੧।੩੫।
ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।
ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥
ਉਹ ਕੇਹੜਾ ਮਨੁੱਖ ਹੈ ਜੋ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ?
ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥
ਉਹ ਕੇਹੜਾ ਮਨੁੱਖ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਤੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ ?
ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥੧॥
(ਸੁਚੱਜਾ) ਗ੍ਰਿਹਸਤੀ ਕੌਣ ਹੋ ਸਕਦਾ ਹੈ ? ਮਾਇਆ ਤੋਂ ਨਿਰਲੇਪ ਕੌਣ ਹੈ ? ਉਹ ਕੇਹੜਾ ਮਨੁੱਖ ਹੈ ਜੋ (ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ ? ।੧।
ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥
ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਕਿਵੇਂ ਬੱਝ ਜਾਂਦਾ ਹੈ ਤੇ ਕਿਵੇਂ (ਉਹਨਾਂ ਬੰਧਨਾਂ ਤੋਂ) ਸੁਤੰਤਰ ਹੁੰਦਾ ਹੈ ?
ਕਿਨਿ ਬਿਧਿ ਆਵਣੁ ਜਾਵਣੁ ਤੂਟਾ ॥
ਕਿਸ ਤਰੀਕੇ ਨਾਲ ਜਨਮ ਮਰਨ ਦਾ ਗੇੜ ਮੁੱਕਦਾ ਹੈ ?
ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥੨॥
ਸੁਚੱਜੇ ਕੰਮ ਕੇਹੜੇ ਹਨ ? ਉਹ ਕੇਹੜਾ ਮਨੁੱਖ ਹੈ ਜੋ ਦੁਨੀਆ ਵਿਚ ਵਿਚਰਦਾ ਹੋਇਆ ਭੀ ਵਾਸਨਾ-ਰਹਿਤ ਹੈ ? ਉਹ ਕੇਹੜਾ ਮਨੁੱਖ ਹੈ ਜੋ ਆਪ ਸਿਫ਼ਤਿ-ਸਾਲਾਹ ਕਰਦਾ ਹੈ ਤੇ (ਹੋਰਨਾਂ ਪਾਸੋਂ) ਕਰਾਂਦਾ ਹੈ ? ।੨।
ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ ॥
ਸੁਖੀ ਜੀਵਨ ਵਾਲਾ ਕੌਣ ਹੈ ? ਕੌਣ ਦੁੱਖਾਂ ਵਿਚ ਘਿਰਿਆ ਹੋਇਆ ਹੈ ?
ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ ॥
ਸਨਮੁਖ ਕਿਸ ਨੂੰ ਕਿਹਾ ਜਾਂਦਾ ਹੈ ? ਬੇਮੁਖ ਕਿਸ ਨੂੰ ਆਖੀਦਾ ਹੈ ?
ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ ॥੩॥
ਪ੍ਰਭੂ-ਚਰਨਾਂ ਵਿਚ ਕਿਸ ਤਰ੍ਹਾਂ ਮਿਲ ਸਕੀਦਾ ਹੈ ? ਮਨੁੱਖ ਪ੍ਰਭੂ ਤੋਂ ਕਿਵੇਂ ਵਿੱਛੁੜ ਜਾਂਦਾ ਹੈ ? ਇਹ ਜਾਚ ਕੌਣ ਸਿਖਾਂਦਾ ਹੈ ? ।੩।
ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥
ਉਹ ਕੇਹੜਾ ਸ਼ਬਦ ਹੈ ਜਿਸ ਦੀ ਰਾਹੀਂ ਵਿਕਾਰਾਂ ਵਲ ਦੌੜਦਾ ਮਨ ਟਿਕ ਜਾਂਦਾ ਹੈ ?
ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥
ਉਹ ਕੇਹੜਾ ਉਪਦੇਸ਼ ਹੈ ਜਿਸ ਉੱਤੇ ਤੁਰ ਕੇ ਮਨੁੱਖ ਦੁੱਖ ਸੁਖ ਇਕੋ ਜਿਹੇ ਸਹਾਰ ਸਕਦਾ ਹੈ ?
ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥੪॥
ਉਹ ਕੇਹੜਾ ਜੀਵਨ-ਢੰਗ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ ? ਕਿਸ ਤਰ੍ਹਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੇ ? ।੪।
ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ ।
ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥
ਗੁਰੂ ਦੀ ਸ਼ਰਨ ਵਿਚ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ।
ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥੫॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਭਾਗਾਂ ਵਾਲਾ ਗ੍ਰਿਹਸਤ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ । ਉਹੀ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ ।੫।
ਹਉਮੈ ਬਾਧਾ ਗੁਰਮੁਖਿ ਛੂਟਾ ॥
(ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਆਪਣੀ ਹੀ) ਹਉਮੈ ਦੇ ਕਾਰਨ (ਮਾਇਆ ਦੇ ਬੰਧਨਾਂ ਵਿਚ) ਬੱਝ ਜਾਂਦਾ ਹੈ, ਗੁਰੂ ਦੀ ਸ਼ਰਨ ਪੈ ਕੇ (ਇਹਨਾਂ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ ।
ਗੁਰਮੁਖਿ ਆਵਣੁ ਜਾਵਣੁ ਤੂਟਾ ॥
ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।
ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥੬॥
ਗੁਰੂ ਦੇ ਸਨਮੁਖ ਰਹਿ ਕੇ ਹੀ ਸੁਚੱਜੇ ਕੰਮ ਹੋ ਸਕਦੇ ਹਨ । ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਾਸਨਾ ਰਹਿਤ ਰਹਿੰਦਾ ਹੈ । ਅਜੇਹਾ ਮਨੁੱਖ ਜੋ ਕੁਝ ਭੀ ਕਰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਕਰਦਾ ਹੈ ।੬।
ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖੀ ਜੀਵਨ ਵਾਲਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿੱਤ ਦੁਖੀ ਰਹਿੰਦਾ ਹੈ ।
ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਵਲ ਮੂੰਹ ਰੱਖਣ ਵਾਲਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਰੱਬ ਵਲੋਂ ਮੂੰਹ ਮੋੜੀ ਰੱਖਦਾ ਹੈ ।
ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥੭॥
ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਨੂੰ ਮਿਲ ਸਕੀਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਵਿੱਛੁੜ ਜਾਂਦਾ ਹੈ । ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ (ਸਹੀ ਜੀਵਨ ਦੀ) ਜਾਚ ਸਿਖਾਂਦਾ ਹੈ ।੭।
ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥
ਗੁਰੂ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਉਹ ਬੋਲ ਹੈ ਜਿਸ ਦੀ ਬਰਕਤਿ ਨਾਲ ਵਿਕਾਰਾਂ ਵਲ ਦੌੜਦਾ ਮਨ ਖਲੋ ਜਾਂਦਾ ਹੈ,
ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥
ਗੁਰੂ ਤੋਂ ਮਿਲਿਆ ਉਪਦੇਸ਼ ਹੀ (ਇਹ ਸਮਰੱਥਾ ਰੱਖਦਾ ਹੈ ਕਿ ਮਨੁੱਖ ਉਸ ਦੇ ਆਸਰੇ) ਦੁਖ ਸੁਖ ਨੂੰ ਇਕੋ ਜਿਹਾ ਕਰ ਕੇ ਸਹਾਰਦਾ ਹੈ ।
ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥੮॥
ਗੁਰੂ ਦੇ ਰਾਹ ਤੇ ਤੁਰਨਾ ਹੀ ਅਜੇਹੀ ਜੀਵਨ ਚਾਲ ਹੈ ਕਿ ਇਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਧਿਆਨ ਧਰ ਸਕਦਾ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ।੮।
ਸਗਲੀ ਬਣਤ ਬਣਾਈ ਆਪੇ ॥
(ਪਰ ਗੁਰਮੁਖ ਤੇ ਮਨਮੁਖ—ਇਹ) ਸਾਰੀ ਬਣਤਰ ਪਰਮਾਤਮਾ ਨੇ ਆਪ ਹੀ ਬਣਾਈ ਹੈ,
ਆਪੇ ਕਰੇ ਕਰਾਏ ਥਾਪੇ ॥
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਉਹ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਉਹ ਆਪ ਹੀ ਜਗਤ ਦੀ ਸਾਰੀ ਖੇਡ ਚਲਾ ਰਿਹਾ ਹੈ ।
ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥
ਹੇ ਨਾਨਕ ! ਉਹ ਆਪ ਹੀ ਆਪਣੇ ਇੱਕ ਸਰੂਪ ਤੋਂ ਬੇਅੰਤ ਰੂਪਾਂ ਰੰਗਾਂ ਵਾਲਾ ਬਣਿਆ ਹੋਇਆ ਹੈ । (ਇਹ ਸਾਰਾ ਬਹੁ ਰੰਗੀ ਜਗਤ) ਉਸ ਇੱਕ ਵਿਚ ਹੀ ਲੀਨ ਹੋ ਜਾਂਦਾ ਹੈ ।੮।੨।੩੬।
ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।
ਪ੍ਰਭੁ ਅਬਿਨਾਸੀ ਤਾ ਕਿਆ ਕਾੜਾ ॥
(ਜਿਸ ਮਨੁੱਖ ਨੂੰ ਇਹ ਯਕੀਨ ਹੋਵੇ ਕਿ ਮੇਰੇ ਸਿਰ ਉੱਤੇ) ਅਬਿਨਾਸੀ ਪ੍ਰਭੂ (ਰਾਖਾ ਹੈ ਉਸ ਨੂੰ) ਕੋਈ ਚਿੰਤਾ-ਫ਼ਿਕਰ ਨਹੀਂ ਹੁੰਦਾ ।
ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ ॥
(ਜਦੋਂ ਮਨੁੱਖ ਨੂੰ ਇਹ ਨਿਸਚਾ ਹੋਵੇ ਕਿ) ਸਭ ਸੁਖਾਂ ਦਾ ਮਾਲਕ ਹਰੀ (ਮੇਰਾ ਰਾਖਾ ਹੈ) ਤਾਂ ਉਹ ਬਹੁਤ ਸੌਖਾ ਜੀਵਨ ਬਿਤੀਤ ਕਰਦਾ ਹੈ ।
ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ ॥੧॥
ਹੇ ਪ੍ਰਭੂ ! ਜਿਸ ਨੂੰ ਇਹ ਨਿਸਚਾ ਹੈ ਕਿ ਤੂੰ ਜਿੰਦ ਦਾ ਪ੍ਰਾਣਾਂ ਦਾ ਮਨ ਦਾ ਸੁਖ ਦਾਤਾ ਹੈਂ, ਤੇ ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ।੧।
ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ ॥
(ਹੇ ਪ੍ਰਭੂ !) ਮੈਂ ਤੈਥੋਂ ਸਦਕੇ ਹਾਂ ਕੁਰਬਾਨ ਹਾਂ, ਗੁਰੂ ਦੀ ਸਰਨ ਪਿਆਂ ਤੂੰ ਮਨ ਵਿਚ ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈਂ ।
ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥੧॥ ਰਹਾਉ ॥
ਹੇ ਪ੍ਰਭੂ ! ਤੂੰ ਮੇਰੇ ਲਈ ਪਰਬਤ (ਸਮਾਨ ਸਹਾਰਾ) ਹੈਂ, ਤੂੰ ਮੇਰਾ ਆਸਰਾ ਹੈਂ । ਮੈਂ ਤੇਰੇ ਨਾਲ ਕਿਸੇ ਹੋਰ ਨੂੰ ਬਰਾਬਰੀ ਨਹੀਂ ਦੇ ਸਕਦਾ ।੧।ਰਹਾਉ।
ਤੇਰਾ ਕੀਤਾ ਜਿਸੁ ਲਾਗੈ ਮੀਠਾ ॥
ਜਿਸ ਮਨੁੱਖ ਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਪੈਂਦਾ ਹੈ,
ਘਟਿ ਘਟਿ ਪਾਰਬ੍ਰਹਮੁ ਤਿਨਿ ਜਨਿ ਡੀਠਾ ॥
ਉਸ ਮਨੁੱਖ ਨੇ ਤੈਨੂੰ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ ।
ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥੨॥
ਹੇ ਪ੍ਰਭੂ ! ਤੂੰ ਪਾਰਬ੍ਰਹਮ (ਹਰੇਕ ਹਿਰਦੇ ਵਿਚ ਵੱਸ ਰਿਹਾ) ਹੈਂ ।ਹਰੇਕ ਥਾਂ ਵਿਚ ਤੂੰ ਹੀ ਤੂੰ ਹੀ, ਸਿਰਫ਼ ਇਕ ਤੂੰ ਹੀ ਵੱਸ ਰਿਹਾ ਹੈਂ ।੨।
ਸਗਲ ਮਨੋਰਥ ਤੂੰ ਦੇਵਣਹਾਰਾ ॥
ਹੇ ਪ੍ਰਭੂ ! ਸਭ ਜੀਵਾਂ ਦੀਆਂ ਮਨ-ਮੰਗੀਆਂ ਲੋੜਾਂ ਤੂੰ ਹੀ ਪੂਰੀਆਂ ਕਰਨ ਵਾਲਾ ਹੈਂ ।
ਭਗਤੀ ਭਾਇ ਭਰੇ ਭੰਡਾਰਾ ॥
ਤੇਰੇ ਘਰ ਵਿਚ ਭਗਤੀ-ਧਨ ਨਾਲ ਪ੍ਰੇਮ-ਧਨ ਨਾਲ ਖ਼ਜ਼ਾਨੇ ਭਰੇ ਪਏ ਹਨ ।
ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ ॥੩॥
ਜੇਹੜੇ ਬੰਦੇ ਤੇਰੀ ਪੂਰੀ ਮਿਹਰ ਨਾਲ ਤੇਰੇ ਚਰਨਾਂ ਵਿਚ ਲੀਨ ਰਹਿੰਦੇ ਹਨ, ਦਇਆ ਕਰ ਕੇ ਉਹਨਾਂ ਨੂੰ ਤੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਲੈਂਦਾ ਹੈ ।੩।