Sri Guru Granth Sahib Ji — Ang 129 (punjabi)
ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ ॥੫॥
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਦਿਨ ਰਾਤ ਸਦਾ-ਥਿਰ ਪਰਮਾਤਮਾ ਵਿਚ ਪ੍ਰੀਤਿ ਪਾਂਦਾ ਹੈ, ਤੇ ਇਸ ਤਰ੍ਹਾਂ ਪਰਮਾਤਮਾ ਸਰੋਵਰ ਵਿਚ ਨਿਵਾਸ ਹਾਸਲ ਕਰੀ ਰੱਖਦਾ ਹੈ ।੫।
ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥
ਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ, ਮਾਨੋ, ਬਗਲਾ ਹੈ, ਉਹ ਸਦਾ ਮੈਲਾ ਹੈ, ਉਸ ਦੇ ਅੰਦਰ ਹਉਮੈ ਦੀ ਮੈਲ ਲੱਗੀ ਰਹਿੰਦੀ ਹੈ ।
ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥
(ਉਹ ਤੀਰਥਾਂ ਉੱਤੇ) ਇਸ਼ਨਾਨ (ਭੀ) ਕਰਦਾ ਹੈ ਪਰ (ਇਸ ਤਰ੍ਹਾਂ ਉਸ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ ।
ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥੬॥
ਜੇਹੜਾ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਆਪਾ-ਭਾਵ ਵੱਲੋਂ ਮਰਿਆ ਰਹਿੰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਟਿਕਾਈ ਰੱਖਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ ।੬।
ਰਤਨੁ ਪਦਾਰਥੁ ਘਰ ਤੇ ਪਾਇਆ ॥
ਉਸ ਨੇ (ਪ੍ਰਭੂ ਦਾ ਨਾਮ) ਕੀਮਤੀ ਰਤਨ ਆਪਣੇ ਹਿਰਦੇ ਵਿਚੋਂ ਹੀ ਲੱਭ ਲਿਆ,
ਪੂਰੈ ਸਤਿਗੁਰਿ ਸਬਦੁ ਸੁਣਾਇਆ ॥
ਜਿਸ ਮਨੁੱਖ ਨੂੰ ਅਭੁੱਲ ਗੁਰੂ ਨੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਸੁਣਾ ਦਿੱਤਾ
ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ ॥੭॥
ਗੁਰੂ ਦੀ ਕਿਰਪਾ ਨਾਲ ਉਸ ਦੇ ਅੰਦਰੋਂ (ਅਗਿਆਨਤਾ ਦਾ, ਮਾਇਆ ਦੇ ਮੋਹ ਦਾ) ਹਨੇਰਾ ਮਿਟ ਗਿਆ, ਉਸਦੇ ਹਿਰਦੇ ਵਿਚ (ਆਤਮਕ ਜੀਵਨ ਵਾਲਾ) ਚਾਨਣ ਹੋ ਗਿਆ, ਉਸ ਨੇ ਆਤਮਕ ਜੀਵਨ ਨੂੰ ਪਛਾਣ ਲਿਆ ।੭।
ਆਪਿ ਉਪਾਏ ਤੈ ਆਪੇ ਵੇਖੈ ॥
(ਹੇ ਭਾਈ !) ਪਰਮਾਤਮਾ ਆਪ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ ਅਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ।
ਸਤਿਗੁਰੁ ਸੇਵੈ ਸੋ ਜਨੁ ਲੇਖੈ ॥
ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ, ਉਹ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ ।
ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ ॥੮॥੩੧॥੩੨॥
ਹੇ ਨਾਨਕ ! ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਗੁਰੂ ਦੀ ਕਿਰਪਾ ਨਾਲ ਉਹ (ਪਰਮਾਤਮਾ ਦਾ) ਮਿਲਾਪ ਹਾਸਲ ਕਰ ਲੈਂਦਾ ਹੈ ।੮।੩੧।੩੨।
ਮਾਝ ਮਹਲਾ ੩ ॥
ਮਾਝ ਤੀਜੀ ਪਾਤਸ਼ਾਹੀ।
ਮਾਇਆ ਮੋਹੁ ਜਗਤੁ ਸਬਾਇਆ ॥
ਮਾਇਆ ਦਾ ਮੋਹ ਸਾਰੇ ਜਗਤ ਨੂੰ ਵਿਆਪ ਰਿਹਾ ਹੈ,
ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥
ਸਾਰੇ ਹੀ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਹੇਠ ਹਨ, ਮਾਇਆ ਦੇ ਮੋਹੇ ਹੋਏ ਹਨ ।
ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥੧॥
ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ । ਉਹ ਇਹਨਾਂ ਤਿੰਨਾਂ ਗੁਣਾਂ ਦੀ ਮਾਰ ਤੋਂ ਉਤਲੀ ਆਤਮਕ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ।੧।
ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ ॥
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦੇ ਹਨ ।
ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥੧॥ ਰਹਾਉ ॥
ਜੇਹੜਾ ਮਨੁੱਖ ਮਾਇਆ ਦਾ ਮੋਹ ਸਾੜ ਲੈਂਦਾ ਹੈ, ਉਹ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿਤ ਜੋੜ ਲੈਂਦਾ ਹੈ, ਉਹ ਪਰਮਾਤਮਾ ਦੇ ਦਰ ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ।੧।ਰਹਾਉ।
ਦੇਵੀ ਦੇਵਾ ਮੂਲੁ ਹੈ ਮਾਇਆ ॥
ਇਹ ਮਾਇਆ ਹੀ (ਭਾਵ, ਸੁਖਾਂ ਦੀ ਕਾਮਨਾ ਤੇ ਦੁਖਾਂ ਤੋਂ ਡਰ) ਦੇਵੀਆਂ ਦੇਵਤੇ ਰਚੇ ਜਾਣ ਦਾ ਕਾਰਨ ਹੈ,
ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥
ਇਸ ਮਾਇਆ ਨੇ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ ਪੈਦਾ ਕਰ ਦਿੱਤੇ (ਭਾਵ, ਸੁਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਵਿਰਤੀ ਦੀ ਖ਼ਾਤਰ ਹੀ ਸਿਮ੍ਰਿਤੀਆਂ ਸ਼ਾਸਤ੍ਰਾਂ ਦੀ ਰਾਹੀਂ ਕਰਮ ਕਾਂਡ ਰਚੇ ਗਏ) ।
ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥੨॥
ਸਾਰੇ ਸੰਸਾਰ ਵਿਚ ਸੁਖਾਂ ਦੀ ਲਾਲਸਾ ਤੇ ਦੁਖਾਂ ਤੋਂ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਪਾ ਰਹੇ ਹਨ ।੨।
ਤਿਸੁ ਵਿਚਿ ਗਿਆਨ ਰਤਨੁ ਇਕੁ ਪਾਇਆ ॥
ਇਸ ਜਗਤ ਵਿਚ (ਹੀ) ਇਕ ਰਤਨ (ਭੀ ਹੈ, ਉਹ ਹੈ) ਪਰਮਾਤਮਾ ਨਾਲ ਡੂੰਘੀ ਸਾਂਝ ਦਾ ਰਤਨ ।
ਗੁਰ ਪਰਸਾਦੀ ਮੰਨਿ ਵਸਾਇਆ ॥
(ਜਿਸ ਮਨੁੱਖ ਨੇ ਉਹ ਰਤਨ) ਲੱਭ ਲਿਆ ਹੈ, ਜਿਸ ਨੇ ਇਹ ਰਤਨ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਵਸਾ ਲਿਆ ਹੈ (ਪ੍ਰੋ ਲਿਆ ਹੈ),
ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥੩॥
ਉਹ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਮਨੁੱਖ, ਮਾਨੋ, ਸਦਾ ਟਿਕੇ ਰਹਿਣ ਵਾਲਾ ਜਤ ਕਮਾ ਰਿਹਾ ਹੈ ਸਤ ਕਮਾ ਰਿਹਾ ਹੈ ਤੇ ਸੰਜਮ ਕਮਾ ਰਿਹਾ ਹੈ ।੩।
ਪੇਈਅੜੈ ਧਨ ਭਰਮਿ ਭੁਲਾਣੀ ॥
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ
ਦੂਜੈ ਲਾਗੀ ਫਿਰਿ ਪਛੋਤਾਣੀ ॥
ਉਹ (ਸਦਾ) ਮਾਇਆ ਦੇ ਮੋਹ ਵਿਚ ਮਗਨ ਰਹਿੰਦੀ ਹੈ ਤੇ ਆਖ਼ਿਰ ਪਛੁਤਾਂਦੀ ਹੈ ।
ਹਲਤੁ ਪਲਤੁ ਦੋਵੈ ਗਵਾਏ ਸੁਪਨੈ ਸੁਖੁ ਨ ਪਾਵਣਿਆ ॥੪॥
ਉਹ ਜੀਵ-ਇਸਤ੍ਰੀ ਇਹ ਲੋਕ ਤੇ ਪਰਲੋਕ ਦੋਵੇਂ ਗਵਾ ਲੈਂਦੀ ਹੈ, ਉਸ ਨੂੰ ਸੁਪਨੇ ਵਿਚ ਭੀ ਆਤਮਕ ਆਨੰਦ ਨਸੀਬ ਨਹੀਂ ਹੁੰਦਾ ।੪।
ਪੇਈਅੜੈ ਧਨ ਕੰਤੁ ਸਮਾਲੇ ॥
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਖਸਮ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਦੀ ਹੈ,
ਗੁਰ ਪਰਸਾਦੀ ਵੇਖੈ ਨਾਲੇ ॥
ਗੁਰੂ ਦੀ ਕਿਰਪਾ ਨਾਲ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ,
ਪਿਰ ਕੈ ਸਹਜਿ ਰਹੈ ਰੰਗਿ ਰਾਤੀ ਸਬਦਿ ਸਿੰਗਾਰੁ ਬਣਾਵਣਿਆ ॥੫॥
ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਪਤੀ ਦੇ ਪ੍ਰੇਮ ਨੂੰ ਆਪਣੇ ਆਤਮਕ ਜੀਵਨ ਦਾ) ਸਿੰਗਾਰ ਬਣਾਂਦੀ ਹੈ ।੫।
ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ ॥
ਜਿਨ੍ਹਾਂ (ਵਡ-ਭਾਗੀ ਮਨੁੱਖਾਂ) ਨੂੰ ਸਤਿਗੁਰੂ ਮਿਲ ਪਿਆ, ਉਹਨਾਂ ਦਾ ਮਨੁੱਖਾ-ਜਨਮ ਕਾਮਯਾਬ ਹੋ ਜਾਂਦਾ ਹੈ,
ਦੂਜਾ ਭਾਉ ਗੁਰ ਸਬਦਿ ਜਲਾਇਆ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਆਪਣੇ ਅੰਦਰੋਂ) ਮਾਇਆ ਦਾ ਪਿਆਰ ਸਾੜ ਲੈਂਦੇ ਹਨ ।
ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥੬॥
ਉਹਨਾਂ ਦੇ ਹਿਰਦੇ ਵਿਚ ਇਕ ਪਰਮਾਤਮਾ (ਦੀ ਯਾਦ) ਹੀ ਹਰ ਵੇਲੇ ਮੌਜੂਦ ਰਹਿੰਦੀ ਹੈ, ਸਾਧ ਸੰਗਤਿ ਵਿਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦੇ ਹਨ ।੬।
ਸਤਿਗੁਰੁ ਨ ਸੇਵੇ ਸੋ ਕਾਹੇ ਆਇਆ ॥
ਜੇਹੜਾ ਮਨੁੱਖ ਗੁਰੂ ਦਾ ਆਸਰਾ ਪਰਨਾ ਨਹੀਂ ਲੈਂਦਾ, ਉਹ ਦੁਨੀਆ ਵਿਚ ਜਿਹਾ ਆਇਆ ਜਿਹਾ ਨਾਹ ਆਇਆ,
ਧ੍ਰਿਗੁ ਜੀਵਣੁ ਬਿਰਥਾ ਜਨਮੁ ਗਵਾਇਆ ॥
ਉਸ ਦਾ ਸਾਰਾ ਜੀਵਨ ਫਿਟਕਾਰ ਜੋਗ ਹੋ ਜਾਂਦਾ ਹੈ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ।
ਮਨਮੁਖਿ ਨਾਮੁ ਚਿਤਿ ਨ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ ॥੭॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਚਿਤ ਵਿਚ (ਕਦੇ) ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਨਾਮ ਤੋਂ ਖੁੰਝ ਕੇ ਉਹ ਬਹੁਤ ਦੁੱਖ ਸਹਿੰਦਾ ਹੈ ।੭।
ਜਿਨਿ ਸਿਸਟਿ ਸਾਜੀ ਸੋਈ ਜਾਣੈ ॥
(ਪਰ ਜੀਵਾਂ ਦੇ ਕੀਹ ਵੱਸ ?) ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹੀ (ਮਾਇਆ ਦੇ ਪ੍ਰਭਾਵ ਦੀ ਇਸ ਖੇਡ ਨੂੰ) ਜਾਣਦਾ ਹੈ,
ਆਪੇ ਮੇਲੈ ਸਬਦਿ ਪਛਾਣੈ ॥
ਉਹ ਆਪ ਹੀ (ਜੀਵਾਂ ਦੀਆਂ ਲੋੜਾਂ) ਪਛਾਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ।
ਨਾਨਕ ਨਾਮੁ ਮਿਲਿਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ ॥੮॥੧॥੩੨॥੩੩॥
ਹੇ ਨਾਨਕ ! ਉਹਨਾਂ ਬੰਦਿਆਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉੱਤੋਂ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ (ਨਾਮ ਦੀ ਪ੍ਰਾਪਤੀ ਦਾ) ਲੇਖ ਲਿਖਿਆ ਜਾਂਦਾ ਹੈ ।੮।੧।੩੨।੩੩।
ਮਾਝ ਮਹਲਾ ੪ ॥
ਮਾਝ, ਚਉਥੀ ਪਾਤਸ਼ਾਹੀ।
ਆਦਿ ਪੁਰਖੁ ਅਪਰੰਪਰੁ ਆਪੇ ॥
ਜੇਹੜਾ ਪਰਮਾਤਮਾ (ਸਭ ਦਾ) ਮੁੱਢ ਹੈ ਜੋ ਸਰਬ-ਵਿਆਪਕ ਹੈ, ਜਿਸ (ਦੀ ਹਸਤੀ) ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ,
ਆਪੇ ਥਾਪੇ ਥਾਪਿ ਉਥਾਪੇ ॥
ਜੋ (ਆਪਣੇ ਵਰਗਾ) ਆਪ ਹੀ ਹੈ, ਉਹ ਆਪ ਹੀ (ਜਗਤ ਨੂੰ) ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ ।
ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥੧॥
ਉਹ ਪਰਮਾਤਮਾ ਸਭ ਜੀਵਾਂ ਵਿਚ ਆਪ ਹੀ ਆਪ ਮੌਜੂਦ ਹੈ (ਫਿਰ ਭੀ ਉਹੀ ਮਨੁੱਖ ਉਸ ਦੇ ਦਰ ਤੇ) ਸੋਭਾ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ।੧।
ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥
ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਨਿਰਾਕਾਰ ਪਰਮਾਤਮਾ ਦਾ ਨਾਮ ਸਿਮਰਦੇ ਹਨ ।