Sri Guru Granth Sahib Ji — Ang 1276 (punjabi)
ਮਲਾਰ ਮਹਲਾ ੩ ਅਸਟਪਦੀਆ ਘਰੁ ੧ ॥
ਮਲਾਰ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਕਰਮੁ ਹੋਵੈ ਤਾ ਸਤਿਗੁਰੁ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥
ਹੇ ਭਾਈ! ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਦੋਂ ਗੁਰੂ ਮਿਲਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਗੁਰੂ ਨਹੀਂ ਮਿਲ ਸਕਦਾ ।
ਸਤਿਗੁਰੁ ਮਿਲਿਐ ਕੰਚਨੁ ਹੋਈਐ ਜਾਂ ਹਰਿ ਕੀ ਹੋਇ ਰਜਾਇ ॥੧॥
ਜੇ ਗੁਰੂ ਮਿਲ ਪਏ ਤਾਂ ਮਨੁੱਖ (ਸ਼ੁੱਧ) ਸੋਨਾ ਬਣ ਜਾਂਦਾ ਹੈ । (ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਪਰਮਾਤਮਾ ਦੀ ਰਜ਼ਾ ਹੋਵੇ ।੧।
ਮਨ ਮੇਰੇ ਹਰਿ ਹਰਿ ਨਾਮਿ ਚਿਤੁ ਲਾਇ ॥
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖ ।
ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਗੁਰੂ ਦੀ ਰਾਹੀਂ ਮਿਲਦਾ ਹੈ, (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ) ਪਰਮਾਤਮਾ ਵਿਚ ਲੀਨ ਰਹਿੰਦਾ ਹੈ ।੧।ਰਹਾਉ।
ਸਤਿਗੁਰ ਤੇ ਗਿਆਨੁ ਊਪਜੈ ਤਾਂ ਇਹ ਸੰਸਾ ਜਾਇ ॥
ਹੇ ਭਾਈ! ਜਦੋਂ ਗੁਰੂ ਦੀ ਰਾਹੀਂ (ਮਨੁੱਖ ਦੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤਦੋਂ ਮਨੁੱਖ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ।
ਸਤਿਗੁਰ ਤੇ ਹਰਿ ਬੁਝੀਐ ਗਰਭ ਜੋਨੀ ਨਹ ਪਾਇ ॥੨॥
ਹੇ ਭਾਈ! ਗੁਰੂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਬਣਦੀ ਹੈ, ਤੇ, ਮਨੁੱਖ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ।੨।
ਗੁਰ ਪਰਸਾਦੀ ਜੀਵਤ ਮਰੈ ਮਰਿ ਜੀਵੈ ਸਬਦੁ ਕਮਾਇ ॥
ਹੇ ਭਾਈ! ਗੁਰੂ ਦੀ ਕਿਰਪਾ ਨਾਲ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ । ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਬਣਾ ਕੇ ਮਨੁੱਖ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ
ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ ॥੩॥
। ਹੇ ਭਾਈ! ਉਹੀ ਮਨੁੱਖ ਵਿਕਾਰਾਂ ਵਲੋਂ ਖ਼ਲਾਸੀ ਦਾ ਰਸਤਾ ਲੱਭ ਸਕਦਾ ਹੈ, ਜਿਹੜਾ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ ।੩।
ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ ॥
ਹੇ ਭਾਈ! ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਮਾਇਆ ਦਾ ਪ੍ਰਭਾਵ ਦੂਰ ਕਰ ਕੇ ਪਰਮਾਤਮਾ ਦੇ ਘਰ ਵਿਚ ਜੰਮ ਪੈਂਦਾ ਹੈ (ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿ ਕੇ ਨਵਾਂ ਆਤਮਕ ਜੀਵਨ ਬਣਾ ਲੈਂਦਾ ਹੈ) ।
ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥੪॥
ਗੁਰੂ ਦੀ ਰਾਹੀਂ) ਮਨੁੱਖ ਇਸ ਅਮੋੜ ਮਨ ਨੂੰ ਵੱਸ ਵਿਚ ਲੈ ਆਉਂਦਾ ਹੈ, ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਹਾਸਲ ਕਰ ਲੈਂਦਾ ਹੈ, ਤੇ, ਇਸ ਤਰ੍ਹਾਂ ਗੁਰੂ-ਪੁਰਖ ਦੀ ਰਾਹੀਂ ਮਨੁੱਖ ਅਕਾਲ ਪੁਰਖ ਨੂੰ ਮਿਲ ਪੈਂਦਾ ਹੈ ।੪।
ਧਾਤੁਰ ਬਾਜੀ ਸੰਸਾਰੁ ਅਚੇਤੁ ਹੈ ਚਲੈ ਮੂਲੁ ਗਵਾਇ ॥
ਹੇ ਭਾਈ! ਇਹ ਜਗਤ ਨਾਸਵੰਤ ਖੇਡ (ਹੀ) ਹੈ । (ਉਹ ਮਨੁੱਖ) ਮੂਰਖ ਹੈ (ਜਿਹੜਾ ਇਸ ਨਾਸਵੰਤ ਖੇਡ ਦੀ ਖ਼ਾਤਰ ਆਪਣੇ ਆਤਮਕ ਜੀਵਨ ਦਾ ਸਾਰਾ) ਸਰਮਾਇਆ ਗਵਾ ਕੇ (ਇਥੋਂ) ਤੁਰਦਾ ਹੈ ।
ਲਾਹਾ ਹਰਿ ਸਤਸੰਗਤਿ ਪਾਈਐ ਕਰਮੀ ਪਲੈ ਪਾਇ ॥੫॥
ਹੇ ਭਾਈ! ਨਫ਼ਾ ਪਰਮਾਤਮਾ (ਦਾ ਨਾਮ ਹੈ, ਇਹ ਨਫ਼ਾ) ਸਾਧ ਸੰਗਤਿ ਵਿਚ ਮਿਲਦਾ ਹੈ, (ਪਰ ਪਰਮਾਤਮਾ ਦੀ) ਮਿਹਰ ਨਾਲ ਹੀ (ਮਨੁੱਖ ਇਹ ਨਫ਼ਾ) ਹਾਸਲ ਕਰਦਾ ਹੈ ।੫।
ਸਤਿਗੁਰ ਵਿਣੁ ਕਿਨੈ ਨ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ ॥
ਹੇ ਭਾਈ! ਆਪਣੇ ਮਨ ਵਿਚ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਕਿਸੇ ਭੀ ਮਨੁੱਖ ਨੇ (ਇਹ ਹਰਿ-ਨਾਮ-ਲਾਭ) ਗੁਰੂ (ਦੀ ਸਰਨ) ਤੋਂ ਬਿਨਾ ਹਾਸਲ ਨਹੀਂ ਕੀਤਾ ।
ਵਡਭਾਗੀ ਗੁਰੁ ਪਾਇਆ ਭਵਜਲੁ ਉਤਰੇ ਪਾਰਿ ॥੬॥
(ਜਿਨ੍ਹਾਂ ਮਨੁੱਖਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ।੬।
ਹਰਿ ਨਾਮਾਂ ਹਰਿ ਟੇਕ ਹੈ ਹਰਿ ਹਰਿ ਨਾਮੁ ਅਧਾਰੁ ॥
ਹੇ ਭਾਈ! (ਮੇਰੇ ਵਾਸਤੇ ਤਾਂ) ਹਰੀ ਪਰਮਾਤਮਾ ਦਾ ਨਾਮ (ਹੀ) ਸਹਾਰਾ ਹੈ, ਹਰੀ ਦਾ ਨਾਮ ਹੀ ਆਸਰਾ ਹੈ
ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ ਪਾਵਉ ਮੋਖ ਦੁਆਰੁ ॥੭॥
ਹੇ ਪ੍ਰਭੂ ਜੀ! ਮਿਹਰ ਕਰੋ, (ਮੈਨੂੰ) ਗੁਰੂ ਮਿਲਾE, ਮੈਂ (ਗੁਰੂ ਦੀ ਰਾਹੀਂ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ) ਰਸਤਾ ਲੱਭ ਸਕਾਂ ।੭।
ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਮੇਟਣਾ ਨ ਜਾਇ ॥
ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ) ਮੱਥੇ ਉੱਤੇ ਧੁਰ ਦਰਗਾਹ ਤੋਂ ਮਾਲਕ-ਪ੍ਰਭੂ ਨੇ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, (ਉਹ ਲੇਖ ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ ।
ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਭਾਣਾ ਭਾਇ ॥੮॥੧॥
ਹੇ ਨਾਨਕ! (ਆਖ—ਹੇ ਭਾਈ! ਗੁਰੂ-ਸਰਨ ਦੀ ਬਰਕਤਿ ਨਾਲ) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪਈ, ਉਹ ਮਨੁੱਖ ਮੁਕੰਮਲ (ਆਤਮਕ ਜੀਵਨ ਵਾਲੇ) ਬਣ ਗਏ ।੮।੧।
ਮਲਾਰ ਮਹਲਾ ੩ ॥
ਮਲਾਰ ਤੀਜੀ ਪਾਤਿਸ਼ਾਹੀ।
ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ ॥
ਹੇ ਭਾਈ! ਜਗਤ (ਕਰਮ ਕਾਂਡ ਵਿਚ ਹੀ ਰੱਖਣ ਵਾਲੀ ਸ਼ਾਸਤ®ਾਂ) ਵੇਦਾਂ ਦੀ ਬਾਣੀ ਵਿਚ ਪਰਚਿਆ ਰਹਿੰਦਾ ਹੈ, ਮਾਇਆ ਦੇ ਤਿੰਨਾਂ ਗੁਣਾਂ ਦੀ (ਹੀ) ਵਿਚਾਰ ਕਰਦਾ ਰਹਿੰਦਾ ਹੈ (ਪ੍ਰਭੂ ਦਾ ਨਾਮ ਨਹੀਂ ਸਿਮਰਦਾ) ।
ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ ਵਾਰ ॥
ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ) ਜਮਦੂਤਾਂ ਦੀ ਸਜ਼ਾ ਸਹਾਰਦਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।
ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ ॥੧॥
(ਜਿਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ, ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਜਾਂਦੀ ਹੈ ਉਹ ਮਨੁੱਖ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ।੧।
ਮਨ ਰੇ ਸਤਿਗੁਰੁ ਸੇਵਿ ਸਮਾਇ ॥
ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਇਆ ਰਹੁ ।
ਵਡੈ ਭਾਗਿ ਗੁਰ ਪੂਰਾ ਪਾਇਆ ਹਰਿ ਹਰਿ ਨਾਮੁ ਧਿਆਇ ॥੧॥ ਰਹਾਉ ॥
(ਜਿਸ ਮਨੁੱਖ ਨੇ) ਵੱਡੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ, ਉਹ ਸਦਾ ਹਰੀ ਦਾ ਨਾਮ ਧਿਆਉਂਦਾ ਰਹਿੰਦਾ ਹੈ ।੧।ਰਹਾਉ।
ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ ਹਰਿ ਆਪੇ ਦੇਇ ਅਧਾਰੁ ॥
ਹੇ ਭਾਈ! ਪਰਮਾਤਮਾ ਨੇ ਆਪਣੀ ਰਜ਼ਾ ਵਿਚ ਇਹ ਜਗਤ ਪੈਦਾ ਕੀਤਾ ਹੈ, ਪਰਮਾਤਮਾ ਆਪ ਹੀ (ਜੀਵਾਂ ਨੂੰ) ਆਸਰਾ ਦੇਂਦਾ ਹੈ ।
ਹਰਿ ਆਪਣੈ ਭਾਣੈ ਮਨੁ ਨਿਰਮਲੁ ਕੀਆ ਹਰਿ ਸਿਉ ਲਾਗਾ ਪਿਆਰੁ ॥
(ਜਿਸ ਮਨੁੱਖ ਦਾ) ਮਨ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਗੁਰੂ ਦੀ ਰਾਹੀਂ) ਪਵਿੱਤਰ ਕਰ ਦਿੱਤਾ ਹੈ, ਉਸ ਮਨੁੱਖ ਦਾ ਪਿਆਰ ਪ੍ਰਭੂ ਚਰਨਾਂ ਨਾਲ ਬਣ ਗਿਆ ।
ਹਰਿ ਕੈ ਭਾਣੈ ਸਤਿਗੁਰੁ ਭੇਟਿਆ ਸਭੁ ਜਨਮੁ ਸਵਾਰਣਹਾਰੁ ॥੨॥
ਸਾਰੇ ਮਨੁੱਖਾ ਜੀਵਨ ਨੂੰ ਚੰਗਾ ਬਣਾ ਸਕਣ ਵਾਲਾ ਗੁਰੂ (ਉਸ ਮਨੁੱਖ ਨੂੰ) ਪਰਮਾਤਮਾ ਦੀ ਰਜ਼ਾ ਅਨੁਸਾਰ ਮਿਲ ਪਿਆ ।੨।
ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਹੀ) ਕੋਈ ਵਿਰਲਾ ਮਨੁੱਖ (ਇਹ) ਸਮਝਦਾ ਹੈ (ਕਿ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹੀ ਸਦਾ ਕਾਇਮ ਰਹਿਣ ਵਾਲੀ ਹੈ ।
ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥
ਹੇ ਭਾਈ! (ਪ੍ਰਭੂ) ‘ਅਸਚਰਜ ਹੈ ਅਸਚਰਜ ਹੈ’—ਇਹ ਆਖ ਆਖ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।
ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ ॥੩॥
ਹੇ ਭਾਈ! ਪ੍ਰਭੂ ਆਪ ਹੀ ਜਿਸ ਮਨੁੱਖ ਉਤੇ) ਬਖ਼ਸ਼ਸ਼ ਕਰਦਾ ਹੈ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ । (ਉਸ ਦੀ) ਮਿਹਰ ਨਾਲ (ਹੀ ਉਸ ਦਾ) ਮਿਲਾਪ ਹੁੰਦਾ ਹੈ ।੩।
ਸਾਚਾ ਸਾਹਿਬੁ ਮਾਹਰੋ ਸਤਿਗੁਰਿ ਦੀਆ ਦਿਖਾਇ ॥
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਸਾਰੇ ਜਗਤ ਦਾ) ਪ੍ਰਧਾਨ ਹੈ ਮਾਲਕ ਹੈ ।
ਅੰਮ੍ਰਿਤੁ ਵਰਸੈ ਮਨੁ ਸੰਤੋਖੀਐ ਸਚਿ ਰਹੈ ਲਿਵ ਲਾਇ ॥
ਜਿਸ (ਮਨੁੱਖ ਨੂੰ) ਗੁਰੂ ਨੇ ਉਸ ਦਾ ਦਰਸਨ ਕਰਾ ਦਿੱਤਾ; (ਉਸ ਦੇ ਅੰਦਰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੋਣ ਲੱਗ ਪੈਂਦੀ ਹੈ, (ਉਸ ਦਾ) ਮਨ ਸੰਤੋਖੀ ਹੋ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਹਰਿ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ ।
ਹਰਿ ਕੈ ਨਾਇ ਸਦਾ ਹਰੀਆਵਲੀ ਫਿਰਿ ਸੁਕੈ ਨਾ ਕੁਮਲਾਇ ॥੪॥
ਹਰਿ ਕੇ ਨਾਮ ਸੇ ਗੁਣਾਂ ਰੂਪੀ ਹਰੀਆਵਲੀ ਸਦਾ ਰਹਿਤੀ ਹੈ ਬਹੁੜੋ ਕੁਮਲਾਇ ਕਰ ਸੂਕਤੀ ਨਹੀਂ, ਭਾਵ ਗੁਣ ਹਰੇ ਰਹਿਤੇ ਹੈਂ ਮੁਰਝਾਵਤੇ ਨਹੀਂ ਅਰ ਨਾ ਅਭਾਵ ਹੀ ਹੋਤਾ ਹੈ॥੪॥