Sri Guru Granth Sahib Ji — Ang 1269 (punjabi)
ਮਨਿ ਤਨਿ ਰਵਿ ਰਹਿਆ ਜਗਦੀਸੁਰ ਪੇਖਤ ਸਦਾ ਹਜੂਰੇ ॥
ਹੇ ਨਾਨਕ! (ਆਖ—ਹੇ ਭਾਈ!) ਜਗਤ ਦਾ ਮਾਲਕ ਪ੍ਰਭੂ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਹਿਰਦੇ ਵਿਚ ਸਦਾ ਵੱਸਿਆ ਰਹਿੰਦਾ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ ।
ਨਾਨਕ ਰਵਿ ਰਹਿਓ ਸਭ ਅੰਤਰਿ ਸਰਬ ਰਹਿਆ ਭਰਪੂਰੇ ॥੨॥੮॥੧੨॥
ਉਹਨਾਂ ਨੂੰ ਇਉਂ ਜਾਪਦਾ ਹੈ ਕਿ) ਪਰਮਾਤਮਾ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਥਾਈਂ ਭਰਪੂਰ ਵੱਸਦਾ ਹੈ ।੨।੮।੧੨।
ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।
ਹਰਿ ਕੈ ਭਜਨਿ ਕਉਨ ਕਉਨ ਨ ਤਾਰੇ ॥
ਹੇ ਭਾਈ! (ਜਿਨ੍ਹਾਂ ਜਿਨ੍ਹਾਂ ਨੇ ਭੀ ਹਰੀ ਦਾ ਭਜਨ ਕੀਤਾ) ਉਹਨਾਂ ਸਭਨਾਂ ਨੂੰ (ਗੁਰੂ ਨੇ) ਪਰਮਾਤਮਾ ਦੇ ਭਜਨ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ।
ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ ॥੧॥ ਰਹਾਉ ॥
ਪੰਛੀਆਂ ਦਾ ਸਰੀਰ ਧਾਰਨ ਵਾਲੇ, ਮੱਛੀਆਂ ਦਾ ਸਰੀਰ ਧਾਰਨ ਵਾਲੇ, ਪਸ਼ੂਆਂ ਦਾ ਸਰੀਰ ਧਾਰਨ ਵਾਲੇ ਸੂਰਾਂ ਦਾ ਸਰੀਰ ਧਾਰਨ ਵਾਲੇ—ਇਹ ਸਭ ਗੁਰੂ ਦੀ ਸੰਗਤਿ ਵਿਚ ਪਾਰ ਲੰਘਾ ਦਿੱਤੇ ਗਏ ।੧।ਰਹਾਉ।
ਦੇਵ ਕੁਲ ਦੈਤ ਕੁਲ ਜਖੵ ਕਿੰਨਰ ਨਰ ਸਾਗਰ ਉਤਰੇ ਪਾਰੇ ॥
ਹੇ ਭਾਈ! (ਸਾਧ ਸੰਗਤਿ ਵਿਚ ਸਿਮਰਨ ਦੀ ਬਰਕਤਿ ਨਾਲ) ਦੇਵਤਿਆਂ ਦੀਆਂ ਕੁਲਾਂ, ਦੈਂਤਾਂ ਦੀਆਂ ਕੁਲਾਂ, ਜੱਖ, ਕਿੰਨਰ ਮਨੁੱਖ—ਇਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ।
ਜੋ ਜੋ ਭਜਨੁ ਕਰੈ ਸਾਧੂ ਸੰਗਿ ਤਾ ਕੇ ਦੂਖ ਬਿਦਾਰੇ ॥੧॥
ਗੁਰੂ ਦੀ ਸੰਗਤਿ ਵਿਚ ਰਹਿ ਕੇ ਜਿਹੜਾ ਜਿਹੜਾ ਪ੍ਰਾਣੀ ਪਰਮਾਤਮਾ ਦਾ ਭਜਨ ਕਰਦਾ ਹੈ, ਉਹਨਾਂ ਸਭਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ।੧।
ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ ॥
ਉਹ ਮਨੁੱਖ ਕਾਮ, ਕੋ®ਧ, ਮਾਇਆ ਦੇ ਚਸਕੇ—ਇਹਨਾਂ ਸਭਨਾਂ ਤੋਂ ਨਿਰਲੇਪ ਰਹਿੰਦੇ ਹਨ
ਦੀਨ ਦਇਆਲ ਜਪਹਿ ਕਰੁਣਾ ਮੈ ਨਾਨਕ ਸਦ ਬਲਿਹਾਰੇ ॥੨॥੯॥੧੩॥
ਹੇ ਨਾਨਕ! (ਆਖ—ਹੇ ਭਾਈ!) ਦੀਨਾਂ ਉਤੇ ਦਇਆ ਕਰਨ ਵਾਲੇ ਤਰਸ-ਸਰੂਪ ਪਰਮਾਤਮਾ ਦਾ ਨਾਮ ਜਿਹੜੇ ਜਿਹੜੇ ਮਨੁੱਖ ਜਪਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ।
ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।
ਆਜੁ ਮੈ ਬੈਸਿਓ ਹਰਿ ਹਾਟ ॥
ਹੇ ਭਾਈ! ਹੁਣ ਮੈਂ ਉਸ ਹੱਟ (ਸਾਧ ਸੰਗਤਿ) ਵਿਚ ਆ ਬੈਠਾ ਹਾਂ ਜਿੱਥੇ ਹਰਿ-ਨਾਮ ਮਿਲਦਾ ਹੈ ।
ਨਾਮੁ ਰਾਸਿ ਸਾਝੀ ਕਰਿ ਜਨ ਸਿਉ ਜਾਂਉ ਨ ਜਮ ਕੈ ਘਾਟ ॥੧॥ ਰਹਾਉ ॥
ਉਥੇ ਮੈਂ ਸੰਤ ਜਨਾਂ ਨਾਲ ਸਾਂਝ ਪਾ ਕੇ ਹਰਿ-ਨਾਮ ਸਰਮਾਇਆ (ਇਕੱਠਾ ਕੀਤਾ ਹੈ, ਜਿਸ ਦੀ ਬਰਕਤਿ ਨਾਲ) ਮੈਂ ਜਮਦੂਤਾਂ ਦੇ ਪੱਤਣ ਤੇ ਨਹੀਂ ਜਾਂਦਾ (ਭਾਵ, ਮੈਂ ਉਹ ਕਰਮ ਨਹੀਂ ਕਰਦਾ, ਜਿਨ੍ਹਾਂ ਕਰ ਕੇ ਜਮਾਂ ਦੇ ਵੱਸ ਪਈਦਾ ਹੈ) ।੧।ਰਹਾਉ।
ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ ਭ੍ਰਮ ਕੇ ਖੁਲੇੑ ਕਪਾਟ ॥
ਹੇ ਭਾਈ! ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ (ਸਾਧ ਸੰਗਤਿ ਦੀ ਬਰਕਤਿ ਨਾਲ ਉਹਨਾਂ ਦੇ) ਭਰਮ-ਭਟਕਣਾ ਦੇ ਭੱਤ ਖੁਲ੍ਹ ਗਏ ।
ਬੇਸੁਮਾਰ ਸਾਹੁ ਪ੍ਰਭੁ ਪਾਇਆ ਲਾਹਾ ਚਰਨ ਨਿਧਿ ਖਾਟ ॥੧॥
ਉਹਨਾਂ ਨੇ ਬੇਅੰਤ ਨਾਮ-ਸਰਮਾਏ ਦਾ ਮਾਲਕ ਪ੍ਰਭੂ ਲੱਭ ਲਿਆ । ਉਹਨਾਂ ਨੇ ਪਰਮਾਤਮਾ ਦੇ ਚਰਨਾਂ (ਵਿਚ ਟਿਕੇ ਰਹਿਣ) ਦੀ ਖੱਟੀ ਖੱਟ ਲਈ, ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ।੧।
ਸਰਨਿ ਗਹੀ ਅਚੁਤ ਅਬਿਨਾਸੀ ਕਿਲਬਿਖ ਕਾਢੇ ਹੈ ਛਾਂਟਿ ॥
ਹੇ ਨਾਨਕ! (ਆਖ—ਹੇ ਭਾਈ! ਜਿਨ੍ਹਾਂ ਸੇਵਕਾਂ ਨੇ) ਅਟੱਲ ਅਬਿਨਾਸੀ ਪਰਮਾਤਮਾ ਦਾ ਆਸਰਾ ਲੈ ਲਿਆ,
ਕਲਿ ਕਲੇਸ ਮਿਟੇ ਦਾਸ ਨਾਨਕ ਬਹੁਰਿ ਨ ਜੋਨੀ ਮਾਟ ॥੨॥੧੦॥੧੪॥
ਉਹਨਾਂ ਨੇ (ਆਪਣੇ ਅੰਦਰੋਂ ਸਾਰੇ) ਪਾਪ ਚੁਣ ਚੁਣ ਕੇ ਕੱਢ ਦਿੱਤੇ, ਉਹਨਾਂ ਦਾਸਾਂ ਦੇ ਅੰਦਰੋਂ ਸਾਰੇ ਝਗੜੇ ਕਲੇਸ਼ ਮੁੱਕ ਗਏ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦੇ ।੨।੧੦।੧੪।
ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।
ਬਹੁ ਬਿਧਿ ਮਾਇਆ ਮੋਹ ਹਿਰਾਨੋ ॥
ਹੇ ਭਾਈ! (ਜੀਵ) ਕਈ ਤਰੀਕਿਆਂ ਨਾਲ ਮਾਇਆ ਦੇ ਮੋਹ ਵਿਚ ਠੱਗੇ ਜਾਂਦੇ ਹਨ ।
ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ ॥੧॥ ਰਹਾਉ ॥
ਕੋ®ੜਾਂ ਵਿਚੋਂ ਕੋਈ ਵਿਰਲਾ ਹੀ (ਅਜਿਹਾ) ਸੇਵਕ ਹੁੰਦਾ ਹੈ ਜੋ ਮੁੱਢ ਕਦੀਮਾਂ ਤੋਂ ਹੀ ਪੂਰਾ ਭਗਤ ਹੁੰਦਾ ਹੈ (ਤੇ ਮਾਇਆ ਦੇ ਹੱਥੋਂ ਠੱਗਿਆ ਨਹੀਂ ਜਾਂਦਾ) ।੧।ਰਹਾਉ।
ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ ਤਨੁ ਧਨੁ ਹੋਤ ਬਿਰਾਨੋ ॥
ਹੇ ਭਾਈ! (ਮਾਇਆ ਦਾ ਠੱਗਿਆ ਮਨੁੱਖ) ਹਰ ਪਾਸੇ ਭਟਕ ਭਟਕ ਕੇ ਥੱਕਦਾ ਰਹਿੰਦਾ ਹੈ (ਜਿਸ ਸਰੀਰ ਅਤੇ ਧਨ ਦੀ ਖ਼ਾਤਰ ਭਟਕਦਾ ਹੈ, ਉਹ) ਸਰੀਰ ਤੇ ਧਨ (ਆਖ਼ਿਰ) ਬਿਗਾਨਾ ਹੋ ਜਾਂਦਾ ਹੈ ।
ਲੋਗ ਦੁਰਾਇ ਕਰਤ ਠਗਿਆਈ ਹੋਤੌ ਸੰਗਿ ਨ ਜਾਨੋ ॥੧॥
(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਲੋਕਾਂ ਤੋਂ ਲੁਕਾ ਲੁਕਾ ਕੇ ਠੱਗੀ ਕਰਦਾ ਰਹਿੰਦਾ ਹੈ (ਜਿਹੜਾ ਪਰਮਾਤਮਾ ਸਦਾ) ਨਾਲ ਰਹਿੰਦਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ ।੧।
ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿ ਆਨੋ ॥
ਹੇ ਭਾਈ! (ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ ਆਖ਼ਿਰ) ਪਸ਼ੂ ਪੰਛੀ ਮੱਛੀ—ਇਹਨਾਂ ਨੀਵੀਆਂ ਜੂਨਾਂ ਦੇ ਗੇੜ ਦੇ ਦੁੱਖਾਂ ਵਿਚ ਭਟਕਦਾ ਫਿਰਦਾ ਹੈ ।
ਕਹੁ ਨਾਨਕ ਪਾਹਨ ਪ੍ਰਭ ਤਾਰਹੁ ਸਾਧਸੰਗਤਿ ਸੁਖ ਮਾਨੋ ॥੨॥੧੧॥੧੫॥
ਹੇ ਨਾਨਕ! ਆਖ—ਹੇ ਪ੍ਰਭੂ! ਅਸਾਂ ਪੱਥਰਾਂ ਨੂੰ (ਪੱਥਰ-ਦਿਲ ਜੀਵਾਂ ਨੂੰ) ਪਾਰ ਲੰਘਾ ਲੈ, ਅਸੀ ਸਾਧ ਸੰਗਤਿ ਵਿਚ (ਤੇਰੀ ਭਗਤੀ ਦਾ) ਆਨੰਦ ਮਾਣਦੇ ਰਹੀਏ ।੨।੧੧।੧੫।
ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।
ਦੁਸਟ ਮੁਏ ਬਿਖੁ ਖਾਈ ਰੀ ਮਾਈ ॥
ਹੇ ਮਾਂ! (ਮੇਰੇ ਪ੍ਰਭੂ ਦੇ ਮਨ ਵਿਚ ਮੇਰੇ ਉਤੇ ਤਰਸ ਆਇਆ ਹੈ, ਹੁਣ ਕਾਮਾਇਕ) ਚੰਦਰੇ ਵੈਰੀ (ਇਉਂ) ਮੁੱਕ ਗਏ ਹਨ (ਜਿਵੇਂ) ਜ਼ਹਿਰ ਖਾ ਕੇ ।
ਜਿਸ ਕੇ ਜੀਅ ਤਿਨ ਹੀ ਰਖਿ ਲੀਨੇ ਮੇਰੇ ਪ੍ਰਭ ਕਉ ਕਿਰਪਾ ਆਈ ॥੧॥ ਰਹਾਉ ॥
ਹੇ ਮਾਂ! ਮੇਰੇ ਪ੍ਰਭੂ ਨੂੰ (ਜਦੋਂ) ਤਰਸ ਆਉਂਦਾ ਹੈ, ਉਸ ਦੇ ਆਪਣੇ ਹੀ ਹਨ ਇਹ ਸਾਰੇ ਜੀਵ, ਉਹ ਆਪ ਹੀ ਇਹਨਾਂ ਦੀ (ਕਾਮਾਦਿਕ ਵੈਰੀਆਂ ਤੋਂ) ਰੱਖਿਆ ਕਰਦਾ ਹੈ ।੧।ਰਹਾਉ।
ਅੰਤਰਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ॥
ਹੇ ਭਾਈ! ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ (ਜਦੋਂ ਇਹ ਨਿਸ਼ਚਾ ਹੋ ਜਾਏ) ਤਾਂ ਕੋਈ ਡਰ ਪੋਹ ਨਹੀਂ ਸਕਦਾ
ਸੰਗਿ ਸਹਾਈ ਛੋਡਿ ਨ ਜਾਈ ਪ੍ਰਭੁ ਦੀਸੈ ਸਭਨੀ ਠਾੲਂੀ ॥੧॥
ਹੇ ਭਾਈ! ਉਹ ਪ੍ਰਭੂ ਹਰੇਕ ਦੇ ਨਾਲ ਸਾਥੀ ਹੈ, ਉਹ ਛੱਡ ਕੇ ਨਹੀਂ ਜਾਂਦਾ, ਉਹ ਸਭ ਥਾਈਂ ਵੱਸਦਾ ਦਿੱਸਦਾ ਹੈ ।੧।
ਅਨਾਥਾ ਨਾਥੁ ਦੀਨ ਦੁਖ ਭੰਜਨ ਆਪਿ ਲੀਏ ਲੜਿ ਲਾਈ ॥
ਹੇ ਭਾਈ! ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ (ਜੀਵਾਂ ਨੂੰ) ਆਪ ਆਪਣੇ ਲੜ ਲਾਂਦਾ ਹੈ ।
ਹਰਿ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਣਾਈ ॥੨॥੧੨॥੧੬॥
ਹੇ ਨਾਨਕ! (ਆਖ—) ਹੇ ਹਰੀ! ਹੇ ਪ੍ਰਭੂ! ਤੇਰੇ ਦਾਸ ਤੇਰੇ ਆਸਰੇ ਜੀਊਂਦੇ ਹਨ, ਮੈਂ ਭੀ ਤੇਰੀ ਹੀ ਸਰਨ ਪਿਆ ਹਾਂ ।੨।੧੨।੧੬।
ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।
ਮਨ ਮੇਰੇ ਹਰਿ ਕੇ ਚਰਨ ਰਵੀਜੈ ॥
ਹੇ ਮੇਰੇ ਮਨ! ਪਰਮਾਤਮਾ ਦੇ ਚਰਨ ਸਿਮਰਨੇ ਚਾਹੀਦੇ ਹਨ (ਗ਼ਰੀਬੀ ਸੁਭਾਵ ਵਿਚ ਟਿੱਕ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ)
ਦਰਸ ਪਿਆਸ ਮੇਰੋ ਮਨੁ ਮੋਹਿਓ ਹਰਿ ਪੰਖ ਲਗਾਇ ਮਿਲੀਜੈ ॥੧॥ ਰਹਾਉ ॥
ਹੇ ਭਾਈ! ਮੇਰਾ ਮਨ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਮਗਨ ਰਹਿੰਦਾ ਹੈ (ਇਉਂ ਜੀ ਕਰਦਾ ਰਹਿੰਦਾ ਹੈ ਕਿ ਉਸ ਨੂੰ) ਉੱਡ ਕੇ ਭੀ ਜਾ ਮਿਲੀਏ ।੧।ਰਹਾਉ।
ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ ॥
ਹੇ ਭਾਈ! ਭਾਲ ਕਰਦਿਆਂ ਕਰਦਿਆਂ (ਗੁਰੂ ਪਾਸੋਂ ਮੈਂ ਪ੍ਰਭੂ ਦੇ ਮਿਲਾਪ ਦਾ) ਰਸਤਾ ਲੱਭ ਲਿਆ ਹੈ । ਹੇ ਭਾਈ! ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ।
ਧਾਰਿ ਅਨੁਗ੍ਰਹੁ ਸੁਆਮੀ ਮੇਰੇ ਨਾਮੁ ਮਹਾ ਰਸੁ ਪੀਜੈ ॥੧॥
ਹੇ ਮੇਰੇ ਮਾਲਕ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਤੇਰਾ ਬੜਾ ਹੀ ਸੁਆਦਲਾ ਨਾਮ-ਜਲ ਪੀਤਾ ਜਾ ਸਕੇ ।੧।
ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ ਜਲਤਉ ਕਿਰਪਾ ਕੀਜੈ ॥
ਹੇ ਪ੍ਰਭੂ! ਵਿਕਾਰਾਂ ਤੋਂ ‘ਬਚਾ ਲੈ’ ‘ਬਚਾ ਲੈ’—ਇਹ ਆਖ ਕੇ (ਜੀਵ) ਤੇਰੀ ਸਰਨ ਆਉਂਦੇ ਹਨ ।
ਕਰੁ ਗਹਿ ਲੇਹੁ ਦਾਸ ਅਪੁਨੇ ਕਉ ਨਾਨਕ ਅਪੁਨੋ ਕੀਜੈ ॥੨॥੧੩॥੧੭॥
ਹੇ ਪ੍ਰਭੂ! (ਵਿਕਾਰਾਂ ਦੀ ਅੱਗ ਵਿਚ) ਸੜਦੇ ਉਤੇ (ਤੂੰ ਆਪ) ਮਿਹਰ ਕਰ । ਹੇ ਨਾਨਕ! (ਆਖ—ਹੇ ਪ੍ਰਭੂ!) ਦਾਸ ਦਾ ਹੱਥ ਫੜ ਲੈ, ਮੈਨੂੰ ਦਾਸ ਨੂੰ ਆਪਣਾ ਬਣਾ ਲੈ ।੨।੧੩।੧੭।