Sri Guru Granth Sahib Ji — Ang 1251 (punjabi)
ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।
ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥
ਪਰਮਾਤਮਾ ਅਟੱਲ ਹੈ, ਬੇ-ਮੁਥਾਜ, ਉਸ ਨਾਲ ਕੋਈ ਚਲਾਕੀ ਨਹੀਂ ਚੱਲ ਸਕਦੀ, ਨਾਹ ਹੀ (ਉਸ ਦੇ ਹੁਕਮ ਅੱਗੇ) ਕੋਈ ਦਲੀਲ ਪੇਸ਼ ਕੀਤੀ ਜਾ ਸਕਦੀ ਹੈ;
ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥
ਗੁਰਮੁਖ ਮਨੁੱਖ ਆਪਾ-ਭਾਵ ਛੱਡ ਕੇ ਉਸ ਦੀ ਸਰਨੀਂ ਪੈਂਦਾ ਹੈ, ਉਸ ਦੇ ਭਾਣੇ ਅੱਗੇ ਸਿਰ ਨਿਵਾਂਦਾ ਹੈ
ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥
(ਤਾਹੀਏਂ) ਗੁਰਮੁਖ ਨੂੰ ਜਮਰਾਜ ਕੋਈ ਤਾੜਨਾ ਨਹੀਂ ਕਰ ਸਕਦਾ, ਉਸ ਦੇ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ ।
ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥
ਹੇ ਨਾਨਕ! ਪ੍ਰਭੂ ਦਾ ਸੇਵਕ ਉਸ ਨੂੰ ਕਿਹਾ ਜਾ ਸਕਦਾ ਹੈ ਜੋ (ਆਪਾ-ਭਾਵ ਛੱਡ ਕੇ) ਸੱਚੇ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ ।੧।
ਮਃ ੩ ॥
ਤੀਜੀ ਪਾਤਿਸ਼ਾਹੀ।
ਦਾਤਿ ਜੋਤਿ ਸਭ ਸੂਰਤਿ ਤੇਰੀ ॥
(ਹੇ ਪ੍ਰਭੂ!) ਇਹ ਜਿੰਦ ਤੇ ਇਹ ਸਰੀਰ ਸਭ ਤੇਰੀ ਬਖ਼ਸ਼ੀ ਹੋਈ ਦਾਤਿ ਹੈ,
ਬਹੁਤੁ ਸਿਆਣਪ ਹਉਮੈ ਮੇਰੀ ॥
(ਤੇਰਾ ਸ਼ੁਕਰ ਕਰਨ ਦੇ ਥਾਂ) ਬੜੀਆਂ ਚਲਾਕੀਆਂ (ਕਰਨੀਆਂ) ਹਉਮੈ ਤੇ ਮਮਤਾ ਦੇ ਕਾਰਨ ਹੀ ਹੈ ।
ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥
ਜੇ ਮਨੁੱਖ (ਤੇਰੀ ਯਾਦ ਭੁਲਾ ਕੇ) ਲੋਭ ਤੇ ਮੋਹ ਵਿਚ ਫਸੇ ਹੋਏ ਹੋਰ ਕੰਮ ਕਰਦੇ ਹਨ, ਹਉਮੈ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ;
ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥
(ਪਰ) ਹੇ ਨਾਨਕ! (ਕਿਸੇ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ), ਕਰਤਾਰ ਸਭ ਕੁਝ ਆਪ ਕਰਾ ਰਿਹਾ ਹੈ, ਜੋ ਉਸ ਨੂੰ ਚੰਗਾ ਲੱਗਦਾ ਹੈ ਉਸਨੂੰ ਚੰਗੀ ਗੱਲ ਸਮਝਣਾ (—ਇਹੀ ਹੈ ਜੀਵਨ ਦਾ ਸਹੀ ਰਸਤਾ) ।੨।
ਪਉੜੀ ਮਃ ੫ ॥
ਪਉੜੀ। ਪੰਜਵੀਂ ਪਾਤਿਸ਼ਾਹੀ।
ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥
ਉਸ ਦੀ (ਜਿੰਦ ਦੀ) ਖ਼ੁਰਾਕ ਤੇ ਪੁਸ਼ਾਕ ਪ੍ਰਭੂ ਦਾ ਨਾਮ ਹੋ ਜਾਂਦਾ ਹੈ, ਨਾਮ ਹੀ ਉਸ ਦਾ ਆਸਰਾ ਹੋ ਜਾਂਦਾ ਹੈ (ਜਿਵੇਂ ਖ਼ੁਰਾਕ ਤੇ ਪੁਸ਼ਾਕ ਸਰੀਰ ਵਾਸਤੇ ਜ਼ਰੂਰੀ ਹਨ) ।
ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥
ਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ) ਸਭ ਦਾਤਾਂ ਦੇਣ ਵਾਲਾ ਪ੍ਰਭੂ ਮਿਲਾ ਦਿੱਤਾ ਹ
ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥
ਉਹਨਾਂ ਬੰਦਿਆਂ ਦੀ ਕਿਸਮਤਿ ਪੂਰੀ ਖੁਲ੍ਹ ਜਾਂਦੀ ਹੈ ਜੋ ਨਿਰੰਕਾਰ ਨੂੰ ਸਿਮਰਦੇ ਹਨ ।
ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥
ਸਤਸੰਗ ਦਾ ਆਸਰਾ ਲੈ ਕੇ ਉਹ ਮਨੁਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ
ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੩੫॥
ਹੇ ਨਾਨਕ! ਸਤਸੰਗ ਦਾ ਆਸਰਾ ਲੈ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਰਮਾਤਮਾ ਦੀ ਵਡਿਆਈ ਕਰ ।੩੫।
ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਹੇ ਪ੍ਰਭੂ! ਆਪਣੀ ਮਿਹਰ ਕਰ ਅਤੇ ਸਾਰੇ ਜੀਵਾਂ ਦੀ ਸਾਰ ਲੈ;
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥
ਅੰਨ ਪਾਣੀ ਬਹੁਤਾ ਪੈਦਾ ਕਰ, ਜੀਵਾਂ ਦੇ ਦੁੱਖ-ਦਲਿੱਦਰ ਦੂਰ ਕਰ ਕੇ ਬਚਾ ਲੈ
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥
(ਸ੍ਰਿਸ਼ਟੀ ਦੀ ਇਹ) ਅਰਦਾਸ ਦਾਤਾਰ ਨੇ ਸੁਣੀ ਤੇ ਸ੍ਰਿਸ਼ਟੀ ਸ਼ਾਂਤ ਹੋ ਗਈ ।
ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥
(ਇਸੇ ਤਰ੍ਹਾਂ) ਹੇ ਪ੍ਰਭੂ! ਜੀਵਾਂ ਨੂੰ ਆਪਣੇ ਨੇੜੇ ਰੱਖ ਅਤੇ (ਇਹਨਾਂ ਦੀ) ਸਾਰੀ ਬਿਪਤਾ ਦੂਰ ਕਰ ਦੇਹ ।
ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥
ਹੇ ਨਾਨਕ! (ਆਖ—ਹੇ ਭਾਈ!) ਪ੍ਰਭੂ ਦਾ ਨਾਮ ਸਿਮਰ, ਉਸ ਦਾ ਘਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ।੧।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥
ਜਦੋਂ ਕਰਤਾਰ ਨੇ ਹੁਕਮ ਦਿੱਤਾ, ਸੋਹਣੇ ਬੱਦਲ ਆ ਕੇ ਵਰ੍ਹ ਪਏ,
ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥
ਤੇ ਉਸ ਪ੍ਰਭੂ ਨੇ ਬੇਅੰਤ ਰਿਜ਼ਕ (ਜੀਵਾਂ ਲਈ) ਪੈਦਾ ਕੀਤਾ, ਸਾਰੇ ਜਗਤ ਵਿਚ ਠੰਢ ਪੈ ਗਈ,
ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥
(ਇਸੇ ਤਰ੍ਹਾਂ ਕਰਤਾਰ ਦੀ ਮਿਹਰ ਨਾਲ ਗੁਰੂ-ਬੱਦਲ ਦੇ ਉਪਦੇਸ਼ ਦੀ ਵਰਖਾ ਨਾਲ ਬੇਅੰਤ ਨਾਮ-ਧਨ ਪੈਦਾ ਹੋਇਆ ਤੇ ਗੁਰੂ ਦੇ ਸਰਨ ਆਉਣ ਵਾਲੇ ਵਡ-ਭਾਗੀਆਂ ਦੇ ਅੰਦਰ ਠੰਢ ਪਈ) ਅਪਹੁੰਚ ਤੇ ਬੇਅੰਤ ਪ੍ਰਭੂ ਦਾ ਸਿਮਰਨ ਕਰਨ ਨਾਲ ਉਹਨਾਂ ਦਾ ਤਨ ਮਨ ਖਿੜ ਪਿਆ ।
ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥
ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ ਪ੍ਰਭੂ! ਆਪਣੀ ਮਿਹਰ ਕਰ (ਮੈਨੂੰ ਭੀ ਇਹੀ ਨਾਮ-ਧਨ ਦੇਹ)
ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥
ਹੇ ਨਾਨਕ! (ਅਰਜ਼ੋਈ ਕਰ—) ਜੋ ਤੂੰ ਕਰਨਾ ਚਾਹੁੰਦਾ ਹੈਂ ਉਹੀ ਤੂੰ ਕਰਦਾ ਹੈਂ, ਮੈਂ ਤੈਥੋਂ ਸਦਕੇ ਹਾਂ ।੨।
ਪਉੜੀ ॥
pauVI[
ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥
ਪ੍ਰਭੂ (ਇਤਨਾ) ਵੱਡਾ ਹੈ (ਕਿ) ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੀ ਵਡਿਆਈ ਭੀ ਵੱਡੀ ਹੈ (ਭਾਵ, ਉਸ ਵੱਡੇ ਨੇ ਜੋ ਰਚਨਾ ਰਚੀ ਹੈ ਉਹ ਭੀ ਬੇਅੰਤ ਹੈ);
ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦੀ ਵਡਿਆਈ) ਵੇਖੀ ਹੈ ਉਸ ਦੇ ਅੰਦਰ ਖਿੜਾਉ ਪੈਦਾ ਹੋ ਗਿਆ ਹੈ, ਸ਼ਾਂਤੀ ਆ ਵੱਸੀ ਹੈ ।
ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥
ਹੇ ਭਾਈ! (ਆਪਣੀ ਰਚੀ ਹੋਈ ਰਚਨਾ ਵਿਚ) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ;
ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥
ਪ੍ਰਭੂ ਆਪ ਖਸਮ ਹੈ, ਸਾਰੀ ਸ੍ਰਿਸ਼ਟੀ ਨੂੰ ਉਸ ਨੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ, ਆਪਣੇ ਹੁਕਮ ਵਿਚ ਚਲਾ ਰਿਹਾ ਹੈ ।
ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ ॥
ਹੇ ਨਾਨਕ! ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਸਾਰੀ ਸ੍ਰਿਸ਼ਟੀ ਉਸੇ ਦੀ ਰਜ਼ਾ ਵਿਚ ਤੁਰ ਰਹੀ ਹੈ ।੩੬।੧।ਸੁਧੁ।
ਰਾਗੁ ਸਾਰੰਗ ਬਾਣੀ ਭਗਤਾਂ ਕੀ ॥
ਰਾਗੁ ਸਾਰੰਗ ਭਗਤਾਂ ਦੇ ਸ਼ਬਦ। ਪੂਜਯ ਕਬੀਰ ਜੀ।
ਕਬੀਰ ਜੀ ॥
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਕਹਾ ਨਰ ਗਰਬਸਿ ਥੋਰੀ ਬਾਤ ॥
ਹੇ ਬੰਦੇ! ਥੋੜ੍ਹੀ ਜਿਹੀ ਗੱਲ ਪਿੱਛੇ (ਭਾਵ, ਇਸ ਚੰਦ-ਰੋਜ਼ਾ ਜ਼ਿੰਦਗੀ ਪਿੱਛੇ) ਕਿਉਂ ਮਾਣ ਕਰ ਰਿਹਾ ਹੈਂ?
ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥
ਦਸ ਮਣ ਦਾਣੇ ਜਾਂ ਚਾਰ ਟਕੇ ਜੇ ਪੱਲੇ ਹੋ ਗਏ (ਤਾਂ ਕੀਹ ਹੋਇਆ? ਕਿਉਂ) ਇਤਨਾ ਆਕੜ ਕੇ ਤੁਰਦਾ ਹੈਂ? ।੧।ਰਹਾਉ।
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥
ਜੇ ਇਸ ਤੋਂ ਭੀ ਵਧੀਕ ਪ੍ਰਤਾਪ ਹੋਇਆ ਤਾਂ ਸੌ ਪਿੰਡਾਂ ਦੀ ਮਾਲਕੀ ਹੋ ਗਈ ਜਾਂ (ਲੱਖ) ਦੋ ਲੱਖ ਟਕੇ ਦੀ ਜਾਗੀਰ ਮਿਲ ਗਈ,
ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥
ਹੇ ਬੰਦੇ! ਤਾਂ ਭੀ ਚਾਰ ਦਿਨ ਦੀ ਸਰਦਾਰੀ ਕਰ ਲਵੋਗੇ (ਤੇ ਆਖ਼ਰ ਛੱਡ ਜਾਉਗੇ) ਜਿਵੇਂ ਜੰਗਲ ਦੇ ਹਰੇ ਪੱਤੇ (ਚਾਰ ਦਿਨ ਹੀ ਹਰੇ ਰਹਿੰਦੇ ਹਨ, ਤੇ ਫਿਰ ਸੁੱਕ-ਸੜ ਜਾਂਦੇ ਹਨ) ।੧।
ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥
(ਦੁਨੀਆ ਦਾ) ਇਹ ਮਾਲ-ਧਨ ਨਾਹ ਕੋਈ ਬੰਦਾ (ਜੰਮਣ ਵੇਲੇ) ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾਹ ਕੋਈ (ਮਰਨ ਵੇਲੇ) ਇਹ ਧਨ ਨਾਲ ਲੈ ਜਾਂਦਾ ਹੈ
ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥
ਰਾਵਣ ਤੋਂ ਭੀ ਵੱਡੇ ਵੱਡੇ ਰਾਜੇ ਇਕ ਪਲਕ ਵਿਚ ਇੱਥੋਂ ਚੱਲ ਵਸੇ ।੨।