Sri Guru Granth Sahib Ji — Ang 1235 (punjabi)
ਮਨਮੁਖ ਦੂਜੈ ਭਰਮਿ ਭੁਲਾਏ ਨਾ ਬੂਝਹਿ ਵੀਚਾਰਾ ॥੭॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹਨਾਂ ਨੂੰ (ਆਤਮਕ ਜੀਵਨ ਵਾਲੀ ਸਹੀ) ਵਿਚਾਰ ਨਹੀਂ ਸੁੱਝਦੀ ।੭।
ਆਪੇ ਗੁਰਮੁਖਿ ਆਪੇ ਦੇਵੈ ਆਪੇ ਕਰਿ ਕਰਿ ਵੇਖੈ ॥
ਹੇ ਭਾਈ! ਪ੍ਰਭੂ ਆਪ ਹੀ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਆਪ ਹੀ (ਇਹ ਸਾਰਾ ਤਮਾਸ਼ਾ) ਕਰ ਕਰ ਕੇ ਵੇਖਦਾ ਹੈ ।
ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤਿ ਪਾਵੈ ਲੇਖੈ ॥੮॥੩॥
ਹੇ ਨਾਨਕ! ਉਹ ਬੰਦੇ ਕਬੂਲ ਪੈਂਦੇ ਹਨ, ਜਿਨ੍ਹਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ ।੮।੩।
ਸਾਰਗ ਮਹਲਾ ੫ ਅਸਟਪਦੀਆ ਘਰੁ ੧
ਸਾਰੰਗ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਗੁਸਾੲਂੀ ਪਰਤਾਪੁ ਤੁਹਾਰੋ ਡੀਠਾ ॥
ਹੇ ਜਗਤ ਦੇ ਖਸਮ! (ਮੈਂ) ਤੇਰੀ (ਅਜਬ) ਤਾਕਤ-ਸਮਰੱਥਾ ਵੇਖੀ ਹੈ ।
ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ ॥੧॥ ਰਹਾਉ ॥
ਤੂੰ ਸਭ ਕੁਝ ਕਰਨ-ਜੋਗਾ ਹੈਂ, (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈਂ, ਤੂੰ (ਜਗਤ) ਪੈਦਾ ਕਰ ਕੇ ਫਿਰ ਇਸ ਨੂੰ ਆਪਣੇ ਆਪ ਵਿਚ ਲੀਨ ਕਰ ਲੈਣ ਵਾਲਾ ਹੈਂ । ਤੂੰ ਸਭ ਜੀਵਾਂ ਉਤੇ ਪਾਤਿਸ਼ਾਹ (ਬਣ ਕੇ) ਬੈਠਾ ਹੋਇਆ ਹੈਂ ।੧।ਰਹਾਉ।
ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥
ਹੇ ਭਾਈ! (ਪ੍ਰਭੂ ਦੀ ਰਜ਼ਾ ਅਨੁਸਾਰ) ਰਾਜੇ ਪਾਤਿਸ਼ਾਹ ਕੰਗਾਲ ਹੋ ਜਾਂਦੇ ਹਨ । ਉਹਨਾਂ ਰਾਜਿਆਂ ਨੇ ਤਾਂ ਆਪਣੇ ਆਪ ਨੂੰ ਝੂਠ ਹੀ ਰਾਜੇ ਅਖਵਾਇਆ ।
ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥੧॥
ਹੇ ਭਾਈ! ਸਾਡਾ ਪ੍ਰਭੂ-ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ । ਸਾਰੇ ਹੀ ਜੀਵਾਂ ਨੇ ਉਸ ਦਾ (ਸਦਾ) ਜਸ ਗਾਇਆ ਹੈ ।੧।
ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ ॥
ਹੇ ਸੰਤ ਜਨੋ! ਉਸ ਪ੍ਰਭੂ-ਪਾਤਿਸ਼ਾਹ ਦੀ ਵਡਿਆਈ ਸੁਣੋ । ਜਿਤਨੇ ਭੀ ਜੀਵ ਉਸ ਦੀ ਵਡਿਆਈ ਆਖਦੇ ਹਨ ਉਹ ਉਸ ਦੇ ਚਰਨਾਂ ਵਿਚ ਪਹੁੰਚਦੇ ਹਨ ।
ਬੇਸੁਮਾਰ ਵਡ ਸਾਹ ਦਾਤਾਰਾ ਊਚੇ ਹੀ ਤੇ ਊਚਾ ॥੨॥
ਉਸ ਦੀ ਤਾਕਤ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੱਡਾ ਸ਼ਾਹ ਹੈ, ਉਹ ਉੱਚਿਆਂ ਤੋਂ ਉੱਚਾ ਹੈ ।੨।
ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ ॥
ਹੇ ਭਾਈ! ਸਾਰੇ ਸਰੀਰਾਂ ਨੂੰ ਸੁਆਸਾਂ ਦੀ ਹਵਾ ਨਾਲ ਪ੍ਰੋ ਕੇ ਰੱਖਿਆ ਹੋਇਆ ਹੈ, ਉਸ ਨੇ ਅੱਗ ਨੂੰ ਲੱਕੜ ਨਾਲ ਬੰਨ੍ਹ ਰੱਖਿਆ ਹੈ ।
ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸ ਹੀ ਸੰਗੇ ॥੩॥
ਉਸ ਨੇ ਪਾਣੀ ਤੇ ਧਰਤੀ ਇਕੱਠੇ ਰੱਖੇ ਹੋਏ ਹਨ । (ਇਹਨਾਂ ਵਿਚੋਂ) ਕੋਈ ਕਿਸੇ ਨਾਲ (ਵੈਰ ਨਹੀਂ ਕਰ ਸਕਦਾ । ਪਾਣੀ ਧਰਤੀ ਨੂੰ ਡੋਬਦਾ ਨਹੀਂ, ਅੱਗ ਕਾਠ ਨੂੰ ਸਾੜਦੀ ਨਹੀਂ) ।੩।
ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥
ਹੇ ਭਾਈ! ਉਸ ਪ੍ਰਭੂ-ਪਾਤਿਸ਼ਾਹ ਦੀ ਸਿਫ਼ਤਿ-ਸਾਲਾਹ ਦੀ ਕਹਾਣੀ ਹਰੇਕ ਸਰੀਰ ਵਿਚ ਹੋ ਰਹੀ ਹੈ । ਹੇ ਪ੍ਰਭੂ! ਹਰੇਕ ਹਿਰਦੇ ਵਿਚ ਤੇਰੇ ਮਿਲਾਪ ਲਈ ਹੀ ਉਤਸ਼ਾਹ ਹੈ ।
ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ ॥੪॥
ਤੂੰ ਸਾਰੇ ਜੀਵਾਂ ਨੂੰ ਪਿੱਛੋਂ ਪੈਦਾ ਕਰਦਾ ਹੈਂ, ਪਹਿਲਾਂ ਉਹਨਾਂ ਲਈ ਰਿਜ਼ਕ ਅਪੜਾਂਦਾ ਹੈਂ ।੪।
ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨੑੀ ॥
ਹੇ ਭਾਈ! ਮੈਂ ਇਹ ਅਟੱਲ ਸਬਕ ਸਿੱਖ ਲਿਆ ਹੈ (ਕਿ ਪਰਮਾਤਮਾ ਦਾ ਪਰਤਾਪ ਬੇਅੰਤ ਹੈ) ਜੋ ਕੁਝ ਉਹ ਕਰਦਾ ਹੈ ਉਹ ਆਪ ਹੀ ਕਰਦਾ ਹੈ, ਕਿਸੇ ਨੇ ਉਸ ਨੂੰ ਕਦੇ ਕੋਈ ਸਲਾਹ ਨਹੀਂ ਦਿੱਤੀ ।
ਅਨਿਕ ਜਤਨ ਕਰਿ ਕਰਹ ਦਿਖਾਏ ਸਾਚੀ ਸਾਖੀ ਚੀਨੑੀ ॥੫॥
ਅਸੀ ਜੀਵ ਭਾਵੇਂ (ਆਪਣੀ ਅਕਲ ਪਰਗਟ ਕਰਨ ਲਈ) ਵਿਖਾਵੇ ਦੇ ਅਨੇਕਾਂ ਜਤਨ ਕਰਦੇ ਹਾਂ ।੫।
ਹਰਿ ਭਗਤਾ ਕਰਿ ਰਾਖੇ ਅਪਨੇ ਦੀਨੀ ਨਾਮੁ ਵਡਾਈ ॥
ਹੇ ਭਾਈ! (ਇਹ ਪਰਮਾਤਮਾ ਦਾ ਪਰਤਾਪ ਹੈ ਕਿ) ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਬਣਾ ਕੇ ਰੱਖਿਆ ਕਰਦਾ ਹੈ, ਭਗਤਾਂ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਵਡਿਆਈ ਦੇਂਦਾ ਹੈ ।
ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੁੜੑਾਈ ॥੬॥
ਹੇ ਪ੍ਰਭੂ! ਜਿਸ ਜਿਸ ਨੇ ਕਦੇ ਤੇਰੇ ਭਗਤਾਂ ਦੀ ਨਿਰਾਦਰੀ ਕੀਤੀ, ਤੂੰ ਉਹਨਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚ) ਰੋੜ੍ਹ ਦਿੱਤਾ ।੬।
ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭਿ ਪਰਹਰਿਆ ॥
ਹੇ ਭਾਈ! ਸਾਧ ਸੰਗਤਿ ਕਰ ਕੇ (ਵਿਕਾਰੀ ਭੀ) ਵਿਕਾਰਾਂ ਤੋਂ ਬਚ ਨਿਕਲੇ, ਪ੍ਰਭੂ ਨੇ ਉਹਨਾਂ ਦੇ ਸਾਰੇ ਔਗੁਣ ਨਾਸ ਕਰ ਦਿੱਤੇ ।
ਤਿਨ ਕਉ ਦੇਖਿ ਭਏ ਕਿਰਪਾਲਾ ਤਿਨ ਭਵ ਸਾਗਰੁ ਤਰਿਆ ॥੭॥
ਗੁਰੂ ਦੀ ਸੰਗਤਿ ਵਿਚ ਆਉਣ ਵਾਲਿਆਂ ਨੂੰ ਵੇਖ ਕੇ ਪ੍ਰਭੂ ਜੀ ਸਦਾ ਮਿਹਰਵਾਨ ਹੁੰਦੇ ਹਨ, ਤੇ, ਉਹ ਬੰਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ।੭।
ਹਮ ਨਾਨੑੇ ਨੀਚ ਤੁਮੇੑ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥
ਹੇ ਮਾਲਕ-ਪ੍ਰਭੂ! ਤੂੰ ਬਹੁਤ ਵੱਡਾ ਹੈਂ, ਅਸੀ ਜੀਵ (ਤੇਰੇ ਸਾਹਮਣੇ) ਬਹੁਤ ਹੀ ਨਿੱਕੇ ਤੇ ਨੀਵੇਂ (ਕੀੜੇ ਜਿਹੇ) ਹਾਂ । ਮੇਰੀ ਕੀਹ ਤਾਕਤ ਹੈ ਕਿ ਤੇਰੇ ਪਰਤਾਪ ਦਾ ਅੰਦਾਜ਼ਾ ਲਾ ਸਕਾਂ?
ਮਨੁ ਤਨੁ ਸੀਤਲੁ ਗੁਰ ਦਰਸ ਦੇਖੇ ਨਾਨਕ ਨਾਮੁ ਅਧਾਰਾ ॥੮॥੧॥
ਹੇ ਨਾਨਕ! ਆਖ—ਗੁਰੂ ਦਾ ਦਰਸਨ ਕਰ ਕੇ ਮਨੁੱਖ ਦਾ ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤੇ, ਮਨੁੱਖ ਨੂੰ ਪ੍ਰਭੂ ਦਾ ਨਾਮ-ਆਸਰਾ ਮਿਲ ਜਾਂਦਾ ਹੈ ।੮।੧।
ਸਾਰਗ ਮਹਲਾ ੫ ਅਸਟਪਦੀ ਘਰੁ ੬
ਸਾਰੰਗ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ ਘਰੁ ੬।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਅਗਮ ਅਗਾਧਿ ਸੁਨਹੁ ਜਨ ਕਥਾ ॥
ਹੇ ਸੰਤ ਜਨੋ! ਅਪਹੁੰਚ ਅਤੇ ਅਥਾਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰੋ ।
ਪਾਰਬ੍ਰਹਮ ਕੀ ਅਚਰਜ ਸਭਾ ॥੧॥ ਰਹਾਉ ॥
ਉਸ ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ ।੧।ਰਹਾਉ।
ਸਦਾ ਸਦਾ ਸਤਿਗੁਰ ਨਮਸਕਾਰ ॥
ਹੇ ਸੰਤ ਜਨੋ! ਸਦਾ ਹੀ ਗੁਰੂ ਦੇ ਦਰ ਤੇ ਸਿਰ ਨਿਵਾਇਆ ਕਰੋ ।
ਗੁਰ ਕਿਰਪਾ ਤੇ ਗੁਨ ਗਾਇ ਅਪਾਰ ॥
ਗੁਰੂ ਦੀ ਮਿਹਰ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਕੇ
ਮਨ ਭੀਤਰਿ ਹੋਵੈ ਪਰਗਾਸੁ ॥
ਮਨ ਵਿਚ ਆਤਮਕ ਜੀਵਨ ਦਾ ਚਾਨਣ ਪੈਦਾ ਹੋ ਜਾਂਦਾ ਹੈ,
ਗਿਆਨ ਅੰਜਨੁ ਅਗਿਆਨ ਬਿਨਾਸੁ ॥੧॥
(ਗੁਰੂ ਪਾਸੋਂ ਮਿਲਿਆ ਹੋਇਆ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਨਾਸ ਕਰ ਦੇਂਦਾ ਹੈ ।੧।
ਮਿਤਿ ਨਾਹੀ ਜਾ ਕਾ ਬਿਸਥਾਰੁ ॥
ਹੇ ਸੰਤ ਜਨੋ! ਜਿਸ ਪਰਮਾਤਮਾ ਦਾ (ਇਹ ਸਾਰਾ) ਜਗਤ-ਖਿਲਾਰਾ (ਬਣਾਇਆ ਹੋਇਆ) ਹੈ ਉਸ (ਦੀ ਸਮਰਥਾ) ਦਾ ਹੱਦ-ਬੰਨਾ ਨਹੀਂ ਲੱਭ ਸਕਦਾ
ਸੋਭਾ ਤਾ ਕੀ ਅਪਰ ਅਪਾਰ ॥
ਉਸ ਪ੍ਰਭੂ ਦੀ ਵਡਿਆਈ ਬੇਅੰਤ ਹੈ ਬੇਅੰਤ ਹੈ ।
ਅਨਿਕ ਰੰਗ ਜਾ ਕੇ ਗਨੇ ਨ ਜਾਹਿ ॥
ਹੇ ਸੰਤ ਜਨੋ! ਜਿਸ ਪਰਮਾਤਮਾ ਦੇ ਅਨੇਕਾਂ ਹੀ ਚੋਜ-ਤਮਾਸ਼ੇ ਹਨ ਗਿਣੇ ਨਹੀਂ ਜਾ ਸਕਦੇ,
ਸੋਗ ਹਰਖ ਦੁਹਹੂ ਮਹਿ ਨਾਹਿ ॥੨॥
ਉਹ ਪਰਮਾਤਮਾ ਖ਼ੁਸ਼ੀ ਗ਼ਮੀ ਦੋਹਾਂ ਤੋਂ ਪਰੇ ਰਹਿੰਦਾ ਹੈ ।੨।
ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥
ਹੇ ਸੰਤ ਜਨੋ! (ਉਸ ਪ੍ਰਭੂ ਦਾ ਦਰਬਾਰ ਹੈਰਾਨ ਕਰ ਦੇਣ ਵਾਲਾ ਹੈ) ਜਿਸ ਦੇ ਪੈਦਾ ਕੀਤੇ ਹੋਏ ਅਨੇਕਾਂ ਹੀ ਬ੍ਰਹਮੇ (ਉਸ ਦੇ ਦਰ ਤੇ) ਵੇਦਾਂ ਦਾ ਉਚਾਰਨ ਕਰ ਰਹੇ ਹਨ,
ਅਨਿਕ ਮਹੇਸ ਬੈਸਿ ਧਿਆਨੁ ਧਰਹਿ ॥
ਅਨੇਕਾਂ ਹੀ ਸ਼ਿਵ ਬੈਠ ਕੇ ਉਸ ਦਾ ਧਿਆਨ ਧਰ ਰਹੇ ਹਨ