Sri Guru Granth Sahib Ji — Ang 1226 (punjabi)
ਜਨਮੁ ਪਦਾਰਥੁ ਗੁਰਮੁਖਿ ਜੀਤਿਆ ਬਹੁਰਿ ਨ ਜੂਐ ਹਾਰਿ ॥੧॥
ਗੁਰਮੁਖ ਇਸ ਕੀਮਤੀ ਮਨੁੱਖਾ ਜਨਮ ਨੂੰ (ਵਿਕਾਰਾਂ ਦੇ ਟਾਕਰੇ ਤੇ) ਕਾਮਯਾਬ ਬਣਾ ਲੈਂਦਾ ਹੈ, ਫਿਰ ਕਦੇ ਇਸ ਨੂੰ ਜੂਏ ਵਿਚ ਹਾਰ ਕੇ ਨਹੀਂ ਜਾਂਦਾ ।੧।
ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ ॥
ਹੇ ਭਾਈ! ਆE, ਰਲ ਕੇ ਸਰਬ-ਵਿਆਪਕ ਪ੍ਰਭੂ ਦੇ ਗੁਣਾਂ ਨੂੰ ਗੁਰ-ਸ਼ਬਦ ਦੀ ਰਾਹੀਂ ਮਨ ਵਿਚ ਵਸਾ ਕੇ ਅੱਠੇ ਪਹਰ ਉਸ ਦੇ ਗੁਣ ਗਾਂਦੇ ਰਹੀਏ ।
ਨਾਨਕ ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ ॥੨॥੮੯॥੧੧੨॥
ਹੇ ਨਾਨਕ! (ਆਖ—) ਹੇ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਹਾਂ, (ਤੇਰੇ ਦਰ ਤੇ ਹੀ) ਮੁੜ ਮੁੜ ਨਮਸਕਾਰ ਕਰਦਾ ਹਾਂ ।੨।੮੯।੧੧੨।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਪੋਥੀ ਪਰਮੇਸਰ ਕਾ ਥਾਨੁ ॥
ਹੇ ਭਾਈ! ਗੁਰਬਾਣੀ (ਹੀ) ਪਰਮਾਤਮਾ ਦੇ ਮਿਲਾਪ ਦੀ ਥਾਂ ਹੈ ।
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥
ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ।੧।ਰਹਾਉ।
ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥
ਹੇ ਭਾਈ! ਜੋਗ-ਸਾਧਨ ਕਰਨ ਵਾਲੇ ਮਨੁੱਖ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਰੇ ਰਿਸ਼ੀ-ਮੁਨੀ (ਪਰਮਾਤਮਾ ਨਾਲ ਮਿਲਾਪ ਦੀ) ਤਾਂਘ ਕਰਦੇ ਆ ਰਹੇ ਹਨ, ਪਰ ਕਿਸੇ ਵਿਰਲੇ ਦੀ ਸੁਰਤਿ (ਉਸ ਵਿਚ) ਜੁੜਦੀ ਹੈ ।
ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥੧॥
ਜਿਸ ਮਨੁੱਖ ਉਤੇ ਮੇਰਾ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ, ਉਸ ਦਾ (ਇਹ) ਕੰਮ ਸਿਰੇ ਚੜ੍ਹ ਜਾਂਦਾ ਹੈ ।੧।
ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥
ਹੇ ਭਾਈ! ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਆ ਵੱਸਦਾ ਹੈ, ਉਸ ਨੂੰ ਸਾਰਾ ਜਗਤ ਜਾਣ ਲੈਂਦਾ ਹੈ (ਸਾਰੇ ਜਗਤ ਵਿਚ ਉਸ ਦੀ ਸੋਭਾ ਖਿਲਰ ਜਾਂਦੀ ਹੈ) ।
ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥
(ਉਸ ਪਰਮਾਤਮਾ ਦੇ ਦਰ ਤੋਂ) ਨਾਨਕ ਇਹ ਦਾਨ ਮੰਗਦਾ ਹੈ (ਕਿ) ਹੇ ਮੇਰੇ ਕਰਤਾਰ! (ਮੇਰੇ ਮਨ ਤੋਂ ਕਦੇ) ਇਕ ਖਿਨ ਵਾਸਤੇ ਇਕ ਪਲ ਵਾਸਤੇ ਭੀ ਨਾਹ ਵਿਸਰ ।੨।੯੦।੧੧੩।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਵੂਠਾ ਸਰਬ ਥਾਈ ਮੇਹੁ ॥
ਹੇ ਭਾਈ! (ਜਿਵੇਂ,) ਮੀਂਹ (ਟੋਏ ਟਿੱਬੇ) ਸਭਨੀਂ ਹੀ ਥਾਈਂ ਵਰ੍ਹਦਾ ਹੈ
ਅਨਦ ਮੰਗਲ ਗਾਉ ਹਰਿ ਜਸੁ ਪੂਰਨ ਪ੍ਰਗਟਿਓ ਨੇਹੁ ॥੧॥ ਰਹਾਉ ॥
ਪਰਮਾਤਮਾ ਦਾ ਜਸ ਗਾਇਆ ਕਰੋ, (ਤਿਵੇਂ ਜਸ ਗਾਣ ਵਾਲਿਆਂ ਦੇ ਹਿਰਦਿਆਂ ਵਿਚ) ਆਨੰਦ ਤੇ ਖ਼ੁਸ਼ੀਆਂ ਦੀ ਵਰਖਾ ਹੁੰਦੀ ਹੈ, ਸਰਬ-ਵਿਆਪਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ ।੧।ਰਹਾਉ।
ਚਾਰਿ ਕੁੰਟ ਦਹ ਦਿਸਿ ਜਲ ਨਿਧਿ ਊਨ ਥਾਉ ਨ ਕੇਹੁ ॥
ਹੇ ਭਾਈ! (ਜੀਵਨ-) ਜਲ ਦਾ ਖ਼ਜ਼ਾਨਾ ਪ੍ਰਭੂ ਚੌਹਾਂ ਕੂਟਾਂ ਵਿਚ ਦਸੀਂ ਪਾਸੀਂ (ਹਰ ਥਾਂ ਮੌਜੂਦ ਹੈ) ਕੋਈ ਭੀ ਥਾਂ (ਉਸ ਦੀ ਹੋਂਦ ਤੋਂ) ਖ਼ਾਲੀ ਨਹੀਂ ਹੈ ।
ਕ੍ਰਿਪਾ ਨਿਧਿ ਗੋਬਿੰਦ ਪੂਰਨ ਜੀਅ ਦਾਨੁ ਸਭ ਦੇਹੁ ॥੧॥
(ਉਸ ਦਾ ਇਉਂ ਜਸ ਗਾਇਆ ਕਰੋ—) ਹੇ ਦਇਆ ਦੇ ਖ਼ਜ਼ਾਨੇ! ਹੇ ਗੋਬਿੰਦ! ਹੇ ਸਰਬ-ਵਿਆਪਕ! ਤੂੰ ਸਭ ਜੀਵਾਂ ਨੂੰ ਹੀ ਜੀਵਨ-ਦਾਤਿ ਦੇਂਦਾ ਹੈਂ ।੧।
ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧਸੰਗੇਹੁ ॥
ਪਰਮਾਤਮਾ ਸਦਾ ਹੀ ਅਟੱਲ ਰਹਿਣ ਵਾਲਾ ਹੈ (ਜਿੱਥੇ ਉਹ ਮਿਲਦਾ ਹੈ, ਉਹ) ਸਾਧ ਸੰਗਤਿ ਭੀ ਧੁਰ ਤੋਂ ਚਲੀ ਆ ਰਹੀ ਹੈ
ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ ॥੨॥੯੧॥੧੧੪॥
ਹੇ ਨਾਨਕ! (ਆਖ—ਹੇ ਭਾਈ!ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਪੈਦਾ ਹੋ ਜਾਂਦੀ ਹੈ, ਉਹ ਭੀ ਅਟੱਲ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਉਹਨਾਂ ਨੂੰ ਕੋਈ ਭਟਕਣਾ ਨਹੀਂ ਰਹਿ ਜਾਂਦੀ ।੨।੯੧।੧੧੪।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਗੋਬਿਦ ਜੀਉ ਤੂ ਮੇਰੇ ਪ੍ਰਾਨ ਅਧਾਰ ॥
ਹੇ ਪ੍ਰਭੂ ਜੀ! ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈਂ ।
ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ ॥੧॥ ਰਹਾਉ ॥
ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੀ ਮਦਦ ਕਰਨ ਵਾਲਾ ਹੈਂ, ਤੂੰ ਹੀ ਮੇਰਾ ਪਰਵਾਰ ਹੈਂ ।੧।ਰਹਾਉ।
ਕਰੁ ਮਸਤਕਿ ਧਾਰਿਓ ਮੇਰੈ ਮਾਥੈ ਸਾਧਸੰਗਿ ਗੁਣ ਗਾਏ ॥
ਹੇ ਪ੍ਰ੍ਰਭੂ! ਜਦੋਂ ਤੂੰ ਮੇਰੇ ਮੱਥੇ ਉੱਤੇ ਮੇਰੇ ਮਸਤਕ ਉੱਤੇ (ਆਪਣੀ ਮਿਹਰ ਦਾ) ਹੱਥ ਰੱਖਿਆ, ਤਦੋਂ ਮੈਂ ਸਾਧ ਸੰਗਤਿ ਵਿਚ (ਟਿਕ ਕੇ ਤੇਰੀ) ਸਿਫ਼ਤਿ-ਸਾਲਾਹ ਦੇ ਗੀਤ ਗਾਏ ਹਨ ।
ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ ॥੧॥
ਹੇ ਪ੍ਰਭੂ! ਤੇਰੀ ਮਿਹਰ ਨਾਲ ਮੈਂ ਸਾਰੇ ਫਲ ਹਾਸਲ ਕੀਤੇ ਹਨ, ਅਤੇ ਪਿਆਰ ਨਾਲ ਤੇਰਾ ਨਾਮ ਸਿਮਰਿਆ ਹੈ ।੧।
ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ ॥
ਹੇ ਭਾਈ! ਸਤਿਗੁਰੂ ਨੇ (ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਹਰਿ-ਨਾਮ ਸਿਮਰਨ ਦੀ) ਅਟੱਲ ਨੀਂਹ ਰੱਖ ਦਿੱਤੀ, ਉਹ ਕਦੇ (ਮਾਇਆ ਵਿਚ) ਡੋਲਦੇ ਨਹੀਂ ਹਨ
ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ ॥੨॥੯੨॥੧੧੫॥
ਹੇ ਨਾਨਕ! (ਆਖ—) ਜਦੋਂ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਸਾਰੇ ਸੁਖਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦੇ ਹਨ ।੨।੯੨।੧੧੫।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਨਿਬਹੀ ਨਾਮ ਕੀ ਸਚੁ ਖੇਪ ॥
ਹੇ ਭਾਈ! ਪਰਮਾਤਮਾ ਦੇ ਨਾਮ ਦਾ ਸਦਾ ਕਾਇਮ ਰਹਿਣ ਵਾਲਾ ਵਪਾਰ ਦਾ ਲੱਦਿਆ ਮਾਲ ਜਿਸ ਜੀਵ-ਵਣਜਾਰੇ ਦੇ ਨਾਲ ਸਦਾ ਦਾ ਸਾਥ ਬਣਾ ਲੈਂਦਾ ਹੈ,
ਲਾਭੁ ਹਰਿ ਗੁਣ ਗਾਇ ਨਿਧਿ ਧਨੁ ਬਿਖੈ ਮਾਹਿ ਅਲੇਪ ॥੧॥ ਰਹਾਉ ॥
ਉਹ ਜੀਵ-ਵਣਜਾਰਾ (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਇਹੀ ਅਸਲ ਖੱਟੀ ਹੈ, ਇਹੀ ਅਸਲ ਖ਼ਜ਼ਾਨਾ ਹੈ ਇਹੀ ਅਸਲ ਧਨ ਹੈ, (ਇਸ ਦੀ ਬਰਕਤਿ ਨਾਲ) ਉਹ ਜੀਵ-ਵਣਜਾਰਾ (ਮਾਇਕ) ਪਦਾਰਥਾਂ ਵਿਚ ਨਿਰਲੇਪ ਰਹਿੰਦਾ ਹੈ ।੧।ਰਹਾਉ।
ਜੀਅ ਜੰਤ ਸਗਲ ਸੰਤੋਖੇ ਆਪਨਾ ਪ੍ਰਭੁ ਧਿਆਇ ॥
ਹੇ ਭਾਈ! ਆਪਣੇ ਪ੍ਰਭੂ ਦਾ ਧਿਆਨ ਧਰ ਕੇ ਸਾਰੇ ਜੀਵ ਸੰਤੋਖ ਵਾਲਾ ਜੀਵਨ ਹਾਸਲ ਕਰ ਲੈਂਦੇ ਹਨ ।
ਰਤਨ ਜਨਮੁ ਅਪਾਰ ਜੀਤਿਓ ਬਹੁੜਿ ਜੋਨਿ ਨ ਪਾਇ ॥੧॥
ਜਿਸ ਭੀ ਮਨੁੱਖ ਨੇ ਇਹ ਬੇਅੰਤ ਕੀਮਤੀ ਮਨੁੱਖਾ ਜਨਮ ਵਿਕਾਰਾਂ ਦੇ ਹੱਲਿਆਂ ਤੋਂ ਬਚਾ ਲਿਆ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ ।੧।
ਭਏ ਕ੍ਰਿਪਾਲ ਦਇਆਲ ਗੋਬਿਦ ਭਇਆ ਸਾਧੂ ਸੰਗੁ ॥
ਜਿਸ ਮਨੁੱਖ ਉੱਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਨੂੰ ਗੁਰੂ ਦਾ ਮਿਲਾਪ ਹਾਸਲ ਹੁੰਦਾ ਹੈ
ਹਰਿ ਚਰਨ ਰਾਸਿ ਨਾਨਕ ਪਾਈ ਲਗਾ ਪ੍ਰਭ ਸਿਉ ਰੰਗੁ ॥੨॥੯੩॥੧੧੬॥
ਹੇ ਨਾਨਕ! (ਆਖ—ਹੇ ਭਾਈ!) ਉਹ ਮਨੁੱਖ ਪ੍ਰਭੂ ਦੇ ਚਰਨਾਂ ਦੀ ਪ੍ਰੀਤ ਦਾ ਸਰਮਾਇਆ ਪ੍ਰਾਪਤ ਕਰ ਲੈਂਦਾ ਹੈ, ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ।੨।੯੩।੧੧੬।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਮਾਈ ਰੀ ਪੇਖਿ ਰਹੀ ਬਿਸਮਾਦ ॥
ਹੇ (ਮੇਰੀ) ਮਾਂ! (ਪ੍ਰਭੂ ਦੇ ਕੌਤਕ) ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ ।
ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ॥੧॥ ਰਹਾਉ ॥
ਜਿਸ ਪ੍ਰਭੂ ਦੀ ਜੀਵਨ-ਰੌ ਇਕ-ਰਸ (ਸਾਰੇ ਜਗਤ ਵਿਚ) ਰੁਮਕ ਰਹੀ ਹੈ ਉਸ ਨੇ ਮੇਰਾ ਮਨ ਮੋਹ ਲਿਆ ਹੈ, ਉਸ ਦੇ (ਮਿਲਾਪ ਦੇ) ਆਨੰਦ ਭੀ ਹੈਰਾਨ ਕਰਨ ਵਾਲੇ ਹਨ ।੧।ਰਹਾਉ।
ਮਾਤ ਪਿਤਾ ਬੰਧਪ ਹੈ ਸੋਈ ਮਨਿ ਹਰਿ ਕੋ ਅਹਿਲਾਦ ॥
ਹੇ ਮਾਂ! (ਸਭ ਜੀਵਾਂ ਦਾ) ਮਾਂ ਪਿਉ ਸਨਬੰਧੀ ਉਹ ਪ੍ਰਭੂ ਹੀ ਹੈ । (ਮੇਰੇ) ਮਨ ਵਿਚ ਉਸ ਪ੍ਰਭੂ (ਦੇ ਮਿਲਾਪ) ਦਾ ਹੁਲਾਰਾ ਆ ਰਿਹਾ ਹੈ ।
ਸਾਧਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ ਪਰਮਾਦ ॥੧॥
ਹੇ ਮਾਂ! ਜਿਸ ਮਨੁੱਖ ਨੇ ਸਾਧ ਸੰਗਤਿ ਵਿਚ (ਟਿਕ ਕੇ) ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਏ ਹਨ, ਉਸ ਦਾ ਸਾਰਾ ਭਰਮ-ਭੁਲੇਖਾ ਦੂਰ ਹੋ ਗਿਆ ।੧।
ਡੋਰੀ ਲਪਟਿ ਰਹੀ ਚਰਨਹ ਸੰਗਿ ਭ੍ਰਮ ਭੈ ਸਗਲੇ ਖਾਦ ॥
ਜਿਸ ਮਨੁੱਖ ਦੇ ਚਿੱਤ ਦੀ ਡੋਰ ਪ੍ਰਭੂ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਸ ਦੇ ਸਾਰੇ ਭਰਮ ਸਾਰੇ ਡਰ ਮੁੱਕ ਜਾਂਦੇ ਹਨ ।
ਏਕੁ ਅਧਾਰੁ ਨਾਨਕ ਜਨ ਕੀਆ ਬਹੁਰਿ ਨ ਜੋਨਿ ਭ੍ਰਮਾਦ ॥੨॥੯੪॥੧੧੭॥
ਹੇ ਦਾਸ ਨਾਨਕ! ਜਿਸ ਨੇ ਸਿਰਫ਼ ਹਰਿ-ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ।੨।੯੪।੧੧੭।