Sri Guru Granth Sahib Ji — Ang 1220 (punjabi)
ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ ॥
ਹੇ ਭਾਈ! (ਆਪਣੇ ਅੰਦਰੋਂ) ਨਿਰਵੈਰ ਹੋ ਕੇ (ਦੂਜਿਆਂ ਨਾਲ) ਠੱਗੀ ਕਰਨੀ ਛੱਡੋ, ਉਹ ਪਰਮਾਤਮਾ (ਤੁਹਾਡੇ) ਨਾਲ (ਵੱਸਦਾ ਹੋਇਆ, ਤੁਹਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ ।
ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ ॥੧॥
ਸਦਾ ਕਾਇਮ ਰਹਿਣ ਵਾਲੇ ਧਨ ਦਾ ਵਣਜ ਕਰੋ, ਸਦਾ ਕਾਇਮ ਰਹਿਣ ਵਾਲਾ ਧਨ ਇਕੱਠਾ ਕਰੋ । ਕਦੇ ਭੀ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਗੇ ।੧।
ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ ਭਰੇ ਭੰਡਾਰੇ ॥
ਹੇ ਭਾਈ! (ਪ੍ਰਭੂ ਦੇ ਦਰ ਤੇ ਨਾਮ-ਧਨ ਦੇ) ਅਣ-ਗਿਣਤ ਖ਼ਜ਼ਾਨੇ ਭਰੇ ਪਏ ਹਨ, ਇਸ ਨੂੰ ਆਪ ਵਰਤਦਿਆਂ ਹੋਰਨਾਂ ਨੂੰ ਵਰਤਾਂਦਿਆਂ ਕੋਈ ਘਾਟ ਨਹੀਂ ਪੈਂਦੀ ।
ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥
ਹੇ ਨਾਨਕ! ਆਖ—(ਹੇ ਭਾਈ!) (ਨਾਮ-ਧਨ ਖੱਟ ਕੇ) ਪਰਮਾਤਮਾ ਦੇ ਦਰ ਤੇ ਇੱਜ਼ਤ ਨਾਲ ਜਾਉਗੇ ।੫।੫੭।੮੦।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਪ੍ਰਭ ਜੀ ਮੋਹਿ ਕਵਨੁ ਅਨਾਥੁ ਬਿਚਾਰਾ ॥
ਹੇ ਪ੍ਰਭੂ ਜੀ! (ਤੇਰੀ ਮਿਹਰ ਤੋਂ ਬਿਨਾ) ਮੇਰੀ ਕੋਈ ਪਾਂਇਆਂ ਨਹੀਂ, ਮੈਂ ਤਾਂ ਵਿਚਾਰਾ ਅਨਾਥ ਹੀ ਹਾਂ ।
ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥
ਕਿਸ ਮੁੱਢ ਤੋਂ (ਇਕ ਬੂੰਦ ਤੋਂ) ਤੂੰ ਮੈਨੂੰ ਮਨੁੱਖ ਬਣਾ ਦਿੱਤਾ, ਇਹ ਤੇਰਾ ਹੀ ਪਰਤਾਪ ਹੈ ।੧।ਰਹਾਉ।
ਜੀਅ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਹਿ ਅਪਾਰਾ ॥
ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦਾਤੇ! ਹੇ ਸਭ ਪਦਾਰਥ ਦੇਣ ਵਾਲੇ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ।
ਸਭ ਕੇ ਪ੍ਰੀਤਮ ਸ੍ਰਬ ਪ੍ਰਤਿਪਾਲਕ ਸਰਬ ਘਟਾਂ ਆਧਾਰਾ ॥੧॥
ਹੇ ਸਭ ਜੀਵਾਂ ਦੇ ਪਿਆਰੇ! ਹੇ ਸਭਨਾਂ ਦੇ ਪਾਲਣਹਾਰ! ਤੂੰ ਸਭ ਸਰੀਰਾਂ ਨੂੰ ਆਸਰਾ ਦੇਂਦਾ ਹੈਂ ।੧।
ਕੋਇ ਨ ਜਾਣੈ ਤੁਮਰੀ ਗਤਿ ਮਿਤਿ ਆਪਹਿ ਏਕ ਪਸਾਰਾ ॥
ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ—ਕੋਈ ਜੀਵ ਇਹ ਨਹੀਂ ਜਾਣ ਸਕਦਾ । ਤੂੰ ਆਪ ਇਸ ਜਗਤ-ਖਿਲਾਰੇ ਦਾ ਖਿਲਾਰਨ ਵਾਲਾ ਹੈਂ ।
ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥
ਹੇ ਨਾਨਕ! (ਆਖ—ਹੇ ਪ੍ਰਭੂ!) ਮੈਨੂੰ ਸਾਧ ਸੰਗਤਿ ਦੀ ਬੇੜੀ ਵਿਚ ਬਿਠਾਲ ਅਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਹ ।੨।੫੮।੮੧।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਆਵੈ ਰਾਮ ਸਰਣਿ ਵਡਭਾਗੀ ॥
ਹੇ ਭਾਈ! ਕੋਈ ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦੀ ਸਰਨ ਆਉਂਦਾ ਹੈ ।
ਏਕਸ ਬਿਨੁ ਕਿਛੁ ਹੋਰੁ ਨ ਜਾਣੈ ਅਵਰਿ ਉਪਾਵ ਤਿਆਗੀ ॥੧॥ ਰਹਾਉ ॥
ਇਕ ਪਰਮਾਤਮਾ ਦੀ ਸ਼ਰਨ ਤੋਂ ਬਿਨਾ ਉਹ ਮਨੁੱਖ ਕੋਈ ਹੋਰ ਹੀਲਾ ਨਹੀਂ ਜਾਣਦਾ । ਉਹ ਹੋਰ ਸਾਰੇ ਹੀਲੇ ਛੱਡ ਦੇਂਦਾ ਹੈ ।੧।ਰਹਾਉ।
ਮਨ ਬਚ ਕ੍ਰਮ ਆਰਾਧੈ ਹਰਿ ਹਰਿ ਸਾਧਸੰਗਿ ਸੁਖੁ ਪਾਇਆ ॥
ਹੇ ਭਾਈ! (ਪ੍ਰਭੂ ਦੀ ਸਰਨ ਆਉਣ ਵਾਲਾ ਮਨੁੱਖ) ਆਪਣੇ ਮਨ ਦੀ ਰਾਹੀਂ ਬਚਨ ਦੀ ਰਾਹੀਂ ਕੰਮ ਦੀ ਰਾਹੀਂ ਪਰਮਾਤਮਾ ਦਾ ਹੀ ਆਰਾਧਨ ਕਰਦਾ ਹੈ । ਉਹ ਗੁਰੂ ਦੀ ਸੰਗਤਿ ਵਿਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ ।
ਅਨਦ ਬਿਨੋਦ ਅਕਥ ਕਥਾ ਰਸੁ ਸਾਚੈ ਸਹਜਿ ਸਮਾਇਆ ॥੧॥
(ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਤੇ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ । ਉਹ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸੁਆਦ (ਮਾਣਦਾ ਰਹਿੰਦਾ ਹੈ) । ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਅਤੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ।੧।
ਕਰਿ ਕਿਰਪਾ ਜੋ ਅਪੁਨਾ ਕੀਨੋ ਤਾ ਕੀ ਊਤਮ ਬਾਣੀ ॥
ਹੇ ਭਾਈ! (ਪ੍ਰਭੂ) ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ, ਉਸ ਦੀ ਉੱਚੀ ਸੋਭਾ ਹੁੰਦੀ ਹੈ ।
ਸਾਧਸੰਗਿ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ॥੨॥੫੯॥੮੨॥
ਹੇ ਨਾਨਕ! ਜਿਹੜੇ ਸਾਧ ਜਨ ਨਿਰਲੇਪ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹਨਾਂ ਦੀ ਸੰਗਤਿ ਵਿਚ (ਰਿਹਾਂ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ।੨।੫੯।੮੨।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਜਾ ਤੇ ਸਾਧੂ ਸਰਣਿ ਗਹੀ ॥
ਹੇ ਭਾਈ! ਜਦੋਂ ਤੋਂ (ਮੈਂ) ਗੁਰੂ ਦਾ ਪੱਲਾ ਫੜਿਆ ਹੈ,
ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ ਬਿਰਥਾ ਕਛੁ ਨ ਰਹੀ ॥੧॥ ਰਹਾਉ ॥
(ਮੇਰੇ) ਮਨ ਵਿਚ ਸ਼ਾਂਤੀ ਅਤੇ ਆਤਮਕ ਅਡੋਲਤਾ ਪੈਦਾ ਹੋ ਗਈ ਹੈ, (ਮੇਰੇ) ਮਨ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ ਹੈ, (ਮੇਰੇ ਮਨ ਵਿਚ) ਕੋਈ ਦੁੱਖ-ਦਰਦ ਨਹੀਂ ਰਹਿ ਗਿਆ ।੧।ਰਹਾਉ।
ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ ਬਿਨਤੀ ਏਹ ਕਹੀ ॥
ਹੇ ਭਾਈ! ਜਦੋਂ ਤੋਂ ਮੈਂ ਗੁਰੂ ਦਾ ਦਰ ਮੱਲਿਆ ਹੈ ਤਦੋਂ ਤੋਂ ਪ੍ਰਭੂ-ਦਰ ਤੇ) ਇਹੀ ਅਰਦਾਸ ਕਰਦਾ ਰਹਿੰਦਾ ਹਾਂ—‘ਹੇ ਪ੍ਰਭੂ! ਦਇਆਵਾਨ ਹੋ, ਮੈਨੂੰ ਆਪਣਾ ਨਾਮ ਬਖ਼ਸ਼’ ।
ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ ॥੧॥
ਹੇ ਭਾਈ! ਪ੍ਰਭੂ ਦਾ ਨਾਮ ਸਿਮਰਦਿਆਂ ਹੋਰ ਹੋਰ ਵਿਹਾਰਾਂ ਵਿਚ ਮੇਰਾ ਮਨ ਖਚਿਤ ਨਹੀਂ ਹੁੰਦਾ (ਹੋਰ ਹੋਰ ਵਿਹਾਰ ਮੈਨੂੰ ਭੁੱਲ ਗਏ ਹਨ) । ਮੈਂ ਅਸਲ ਖੱਟੀ ਖੱਟ ਲਈ ਹੈ ।੧।
ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੁ ਅਹੀ ॥
ਜਿਸ ਪ੍ਰਭੂ ਤੋਂ ਇਹ ਜਿੰਦੜੀ ਪੈਦਾ ਹੋਈ ਸੀ ਉਸੇ ਵਿਚ ਟਿਕੀ ਰਹਿੰਦੀ ਹੈ, ਮੈਨੂੰ ਹੁਣ ਇਹ (ਨਾਮ-) ਵਸਤੂ ਹੀ ਚੰਗੀ ਲੱਗਦੀ ਹੈ
ਕਹੁ ਨਾਨਕ ਭਰਮੁ ਗੁਰਿ ਖੋਇਓ ਜੋਤੀ ਜੋਤਿ ਸਮਹੀ ॥੨॥੬੦॥੮੩॥
ਹੇ ਨਾਨਕ! ਆਖ—ਹੇ ਭਾਈ! ਗੁਰੂ ਨੇ (ਮੇਰੇ ਮਨ ਦੀ) ਭਟਕਣਾ ਦੂਰ ਕਰ ਦਿੱਤੀ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ।੨।੬੦।੮੩।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਰਸਨਾ ਰਾਮ ਕੋ ਜਸੁ ਗਾਉ ॥
ਹੇ ਭਾਈ! (ਆਪਣੀ) ਜੀਭ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਗਾਇਆ ਕਰ ।
ਆਨ ਸੁਆਦ ਬਿਸਾਰਿ ਸਗਲੇ ਭਲੋ ਨਾਮ ਸੁਆਉ ॥੧॥ ਰਹਾਉ ॥
(ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਭੁਲਾ ਦੇ, (ਪਰਮਾਤਮਾ ਦੇ) ਨਾਮ ਦਾ ਸੁਆਦ (ਸਭ ਸੁਆਦਾਂ ਨਾਲੋਂ) ਚੰਗਾ ਹੈ ।੧।ਰਹਾਉ।
ਚਰਨ ਕਮਲ ਬਸਾਇ ਹਿਰਦੈ ਏਕ ਸਿਉ ਲਿਵ ਲਾਉ ॥
ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਟਿਕਾਈ ਰੱਖ, ਸਿਰਫ਼ ਪਰਮਾਤਮਾ ਨਾਲ ਸੁਰਤਿ ਜੋੜੀ ਰੱਖ ।
ਸਾਧਸੰਗਤਿ ਹੋਹਿ ਨਿਰਮਲੁ ਬਹੁੜਿ ਜੋਨਿ ਨ ਆਉ ॥੧॥
ਸਾਧ ਸੰਗਤਿ ਵਿਚ ਰਹਿ ਕੇ ਸੁੱਚੇ ਜੀਵਨ ਵਾਲਾ ਹੋ ਜਾਹਿਂਗਾ, ਮੁੜ ਮੁੜ ਜੂਨਾਂ ਵਿਚ ਨਹੀਂ ਆਵੇਂਗਾ ।੧।
ਜੀਉ ਪ੍ਰਾਨ ਅਧਾਰੁ ਤੇਰਾ ਤੂ ਨਿਥਾਵੇ ਥਾਉ ॥
ਹੇ ਹਰੀ! ਮੇਰੀ ਜਿੰਦ ਅਤੇ ਪ੍ਰਾਣਾਂ ਨੂੰ ਤੇਰਾ ਹੀ ਆਸਰਾ ਹੈ, ਜਿਸ ਦਾ ਹੋਰ ਕੋਈ ਸਹਾਰਾ ਨਾਹ ਹੋਵੇ, ਤੂੰ ਉਸ ਦਾ ਸਹਾਰਾ ਹੈਂ
ਸਾਸਿ ਸਾਸਿ ਸਮੑਾਲਿ ਹਰਿ ਹਰਿ ਨਾਨਕ ਸਦ ਬਲਿ ਜਾਉ ॥੨॥੬੧॥੮੪॥
ਹੇ ਨਾਨਕ! (ਆਖ—) ਹੇ ਹਰੀ! ਮੈਂ ਤਾਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ, ਅਤੇ ਤੈਥੋਂ ਸਦਕੇ ਜਾਂਦਾ ਹਾਂ ।੨।੬੧।੮੪।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥
ਹੇ ਭਾਈ! ਮੈਂ ਤਾਂ ਸਦਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦਾ ਹਾਂ—(ਇਹ ਮੇਰੇ ਲਈ) ਬੈਕੁੰਠ ਹੈ ।
ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥
ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣਾ—(ਮੇਰੇ ਵਾਸਤੇ ਚੌਹਾਂ ਪਦਾਰਥਾਂ ਵਿਚੋਂ ਸੇ੍ਰਸ਼ਟ) ਮੁਕਤੀ ਪਦਾਰਥ ਹੈ । ਪਰਮਾਤਮਾ ਦਾ ਨਾਮ ਹੀ (ਮੇਰੇ ਲਈ) ਆਤਮਕ ਜੀਵਨ ਦੇਣ ਵਾਲਾ ਜਲ ਹੈ ।੧।ਰਹਾਉ।
ਊਤਮ ਕਥਾ ਸੁਣੀਜੈ ਸ੍ਰਵਣੀ ਮਇਆ ਕਰਹੁ ਭਗਵਾਨ ॥
ਹੇ ਭਗਵਾਨ! (ਮੇਰੇ ਉੱਤੇ) ਮਿਹਰ ਕਰ, (ਤਾ ਕਿ) ਤੇਰੀ ਉੱਤਮ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣੀ ਜਾ ਸਕੇ ।
ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥੧॥
ਹੇ ਭਾਈ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਜੰਮਣਾ ਤੇ ਮਰਨਾ—ਇਹ ਦੋਵੇਂ ਪੱਖ ਮੁੱਕ ਜਾਂਦੇ ਹਨ । ਸੁਖਾਂ ਦੇ ਮੂਲ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ।੧।