Sri Guru Granth Sahib Ji — Ang 1218 (punjabi)
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਮੇਰੈ ਗੁਰਿ ਮੋਰੋ ਸਹਸਾ ਉਤਾਰਿਆ ॥
ਹੇ ਭਾਈ! ਮੇਰੇ ਗੁਰੂ ਨੇ (ਮੇਰੇ ਅੰਦਰੋਂ ਹਰ ਵੇਲੇ ਦਾ) ਸਹਿਮ ਦੂਰ ਕਰ ਦਿੱਤਾ ਹੈ ।
ਤਿਸੁ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ॥੧॥ ਰਹਾਉ ॥
ਹੇ ਭਾਈ! ਉਸ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ । ਹੇ ਭਾਈ! ਮੈਂ (ਉਸ ਗੁਰੂ ਤੋਂ) ਸਦਾ ਹੀ ਸਦਾ ਹੀ ਕੁਰਬਾਨ ਜਾਂਦਾ ਹਾਂ ।੧।ਰਹਾਉ।
ਗੁਰ ਕਾ ਨਾਮੁ ਜਪਿਓ ਦਿਨੁ ਰਾਤੀ ਗੁਰ ਕੇ ਚਰਨ ਮਨਿ ਧਾਰਿਆ ॥
ਹੇ ਭਾਈ! ਮੈਂ ਦਿਨ ਰਾਤ (ਆਪਣੇ) ਗੁਰੂ ਦਾ ਨਾਮ ਚੇਤੇ ਰੱਖਦਾ ਹਾਂ, ਮੈਂ ਆਪਣੇ ਮਨ ਵਿਚ ਗੁਰੂ ਦੇ ਚਰਨ ਟਿਕਾਈ ਰੱਖਦਾ ਹਾਂ (ਭਾਵ, ਅਦਬ-ਸਤਕਾਰ ਨਾਲ ਗੁਰੂ ਦੀ ਯਾਦ ਹਿਰਦੇ ਵਿਚ ਵਸਾਈ ਰੱਖਦਾ ਹਾਂ) ।
ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ ॥੧॥
ਮੈਂ ਸਦਾ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹਾਂ, (ਇਸ ਇਸ਼ਨਾਨ ਨੇ ਮੇਰੇ ਮਨ ਤੋਂ) ਪਾਪਾਂ ਦੀ ਮੈਲ ਲਾਹ ਦਿੱਤੀ ਹੈ ।੧।
ਗੁਰ ਪੂਰੇ ਕੀ ਕਰਉ ਨਿਤ ਸੇਵਾ ਗੁਰੁ ਅਪਨਾ ਨਮਸਕਾਰਿਆ ॥
ਹੇ ਭਾਈ! ਮੈਂ ਸਦਾ ਪੂਰੇ ਗੁਰੂ ਦੀ (ਦੱਸੀ) ਸੇਵਾ ਕਰਦਾ ਹਾਂ, ਗੁਰੂ ਅੱਗੇ ਸਿਰ ਨਿਵਾਈ ਰੱਖਦਾ ਹਾਂ ।
ਸਰਬ ਫਲਾ ਦੀਨੑੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ ॥੨॥੪੭॥੭੦॥
ਹੇ ਨਾਨਕ! (ਆਖ—ਹੇ ਭਾਈ!) ਪੂਰੇ ਗੁਰੂ ਨੇ ਮੈਨੂੰ (ਦੁਨੀਆ ਦੇ) ਸਾਰੇ (ਮੂੰਹ-ਮੰਗੇ) ਫਲ ਦਿੱਤੇ ਹਨ, ਗੁਰੂ ਨੇ (ਮੈਨੂੰ ਜਗਤ ਦੇ ਵਿਕਾਰਾਂ ਤੋਂ) ਪਾਰ ਲੰਘਾ ਲਿਆ ਹੈ ।੨।੪੭।੭੦।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਸਿਮਰਤ ਨਾਮੁ ਪ੍ਰਾਨ ਗਤਿ ਪਾਵੈ ॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੀਵਨ ਦੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ।
ਮਿਟਹਿ ਕਲੇਸ ਤ੍ਰਾਸ ਸਭ ਨਾਸੈ ਸਾਧਸੰਗਿ ਹਿਤੁ ਲਾਵੈ ॥੧॥ ਰਹਾਉ ॥
ਜਿਹੜਾ ਮਨੁੱਖ ਸਾਧ ਸੰਗਤਿ ਵਿਚ ਪਿਆਰ ਪਾਂਦਾ ਹੈ, ਉਸ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ।੧।ਰਹਾਉ।
ਹਰਿ ਹਰਿ ਹਰਿ ਹਰਿ ਮਨਿ ਆਰਾਧੇ ਰਸਨਾ ਹਰਿ ਜਸੁ ਗਾਵੈ ॥
ਹੇ ਭਾਈ! (ਜਿਹੜਾ ਮਨੁੱਖ) ਸਦਾ (ਆਪਣੇ) ਮਨ ਵਿਚ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਜਿਹੜਾ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਂਦਾ ਰਹਿੰਦਾ ਹੈ,
ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ ਬਾਸੁਦੇਵ ਰੰਗੁ ਲਾਵੈ ॥੧॥
ਉਹ ਮਨੁੱਖ (ਆਪਣੇ ਅੰਦਰੋਂ) ਕਾਮ ਕ®ੋਧ ਅਹੰਕਾਰ ਨਿੰਦਾ (ਆਦਿਕ ਵਿਕਾਰ) ਦੂਰ ਕਰ ਕੇ (ਆਪਣੇ ਅੰਦਰ) ਪਰਮਾਤਮਾ ਦਾ ਪੇ੍ਰਮ ਪੈਦਾ ਕਰ ਲੈਂਦਾ ਹੈ ।੧।
ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ਸੋੁਹਾਵੈ ॥
ਹੇ ਭਾਈ! ਦਇਆ ਦੇ ਸੋਮੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ । ਗੋਬਿੰਦ (ਦਾ ਨਾਮ) ਸਿਮਰਦਿਆਂ ਹੀ ਜੀਵਨ ਸੋਹਣਾ ਬਣਦਾ ਹੈ ।
ਕਹੁ ਨਾਨਕ ਸਭ ਕੀ ਹੋਇ ਰੇਨਾ ਹਰਿ ਹਰਿ ਦਰਸਿ ਸਮਾਵੈ ॥੨॥੪੮॥੭੧॥
ਹੇ ਨਾਨਕ! ਆਖ—ਸਭਨਾਂ ਦੀ ਚਰਨ-ਧੂੜ ਹੋ ਕੇ ਮਨੁੱਖ ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆ ਰਹਿੰਦਾ ਹੈ ।੨।੪੮।੭੧।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਿਾਹੀ।
ਅਪੁਨੇ ਗੁਰ ਪੂਰੇ ਬਲਿਹਾਰੈ ॥
ਹੇ ਭਾਈ! ਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ।
ਪ੍ਰਗਟ ਪ੍ਰਤਾਪੁ ਕੀਓ ਨਾਮ ਕੋ ਰਾਖੇ ਰਾਖਨਹਾਰੈ ॥੧॥ ਰਹਾਉ ॥
(ਗੁਰੂ ਪਰਮਾਤਮਾ ਦੇ) ਨਾਮ ਦਾ ਪਰਤਾਪ (ਜਗਤ ਵਿਚ) ਪ੍ਰਸਿੱਧ ਕਰਦਾ ਹੈ । ਰੱਖਿਆ ਕਰਨ ਦੀ ਸਮਰਥਾ ਵਾਲਾ ਪ੍ਰਭੂ (ਨਾਮ ਜਪਣ ਵਾਲਿਆਂ ਨੂੰ ਅਨੇਕਾਂ ਦੁੱਖਾਂ ਤੋਂ) ਬਚਾਂਦਾ ਹੈ ।੧।ਰਹਾਉ।
ਨਿਰਭਉ ਕੀਏ ਸੇਵਕ ਦਾਸ ਅਪਨੇ ਸਗਲੇ ਦੂਖ ਬਿਦਾਰੈ ॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ ਹੀ) ਪ੍ਰਭੂ ਆਪਣੇ ਸੇਵਕਾਂ ਦਾਸਾਂ ਨੂੰ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਦਲੇਰ ਕਰ ਦੇਂਦਾ ਹੈ, (ਸੇਵਕਾਂ ਦੇ) ਸਾਰੇ ਦੁੱਖ ਨਾਸ ਕਰਦਾ ਹੈ ।
ਆਨ ਉਪਾਵ ਤਿਆਗਿ ਜਨ ਸਗਲੇ ਚਰਨ ਕਮਲ ਰਿਦ ਧਾਰੈ ॥੧॥
(ਪ੍ਰਭੂ ਦਾ) ਸੇਵਕ (ਭੀ) ਹੋਰ ਸਾਰੇ ਹੀਲੇ ਛੱਡ ਕੇ ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ ।੧।
ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ॥
ਹੇ ਭਾਈ! (ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ ਨਾਮ ਜਪਦੇ ਹਨ, ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਸਿਰਫ਼ ਪਰਮਾਤਮਾ ਹੀ ਸਿਰਫ਼ ਪ੍ਰਭੂ ਹੀ ਪ੍ਰਾਣਾਂ ਦਾ ਆਸਰਾ ਹੈ ਤੇ ਸੱਜਣ ਮਿੱਤਰ ਹੈ ।
ਸਭ ਤੇ ਊਚ ਠਾਕੁਰੁ ਨਾਨਕ ਕਾ ਬਾਰ ਬਾਰ ਨਮਸਕਾਰੈ ॥੨॥੪੯॥੭੨॥
ਹੇ ਭਾਈ! (ਦਾਸ) ਨਾਨਕ ਦਾ (ਤਾਂ ਪਰਮਾਤਮਾ ਹੀ) ਸਭ ਤੋਂ ਉੱਚਾ ਮਾਲਕ ਹੈ । (ਨਾਨਕ) ਸਦਾ ਮੁੜ ਮੁੜ (ਪਰਮਾਤਮਾ ਨੂੰ ਹੀ) ਸਿਰ ਨਿਵਾਂਦਾ ਹੈ ।੨।੪੯।੭੨।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਬਿਨੁ ਹਰਿ ਹੈ ਕੋ ਕਹਾ ਬਤਾਵਹੁ ॥
ਹੇ ਭਾਈ! ਦੱਸੋ, ਪਰਮਾਤਮਾ ਤੋਂ ਬਿਨਾ ਹੋਰ ਕੌਣ (ਸਹਾਈ) ਹੈ ਤੇ ਕਿੱਥੇ ਹੈ?
ਸੁਖ ਸਮੂਹ ਕਰੁਣਾ ਮੈ ਕਰਤਾ ਤਿਸੁ ਪ੍ਰਭ ਸਦਾ ਧਿਆਵਹੁ ॥੧॥ ਰਹਾਉ ॥
ਉਹ ਸਿਰਜਣਹਾਰ ਸਾਰੇ ਸੁਖਾਂ ਦਾ ਸੋਮਾ ਹੈ, ਉਹ ਪ੍ਰਭੂ ਤਰਸ-ਸਰੂਪ ਹੈ । ਹੇ ਭਾਈ! ਸਦਾ ਉਸ ਦਾ ਸਿਮਰਨ ਕਰਦੇ ਰਹੋ ।੧।ਰਹਾਉ।
ਜਾ ਕੈ ਸੂਤਿ ਪਰੋਏ ਜੰਤਾ ਤਿਸੁ ਪ੍ਰਭ ਕਾ ਜਸੁ ਗਾਵਹੁ ॥
ਹੇ ਭਾਈ! ਜਿਸ ਪਰਮਾਤਮਾ ਦੇ (ਹੁਕਮ-ਰੂਪ) ਧਾਗੇ ਵਿਚ ਸਾਰੇ ਜੀਵ ਪੋ੍ਰਤੇ ਹੋਏ ਹਨ, ਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ ।
ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ ॥੧॥
ਜਿਸ (ਮਾਲਕ-ਪ੍ਰਭੂ) ਨੇ ਹਰੇਕ ਚੀਜ਼ ਦਿੱਤੀ ਹੋਈ ਹੈ ਉਸ ਦਾ ਸਿਮਰਨ ਕਰਿਆ ਕਰੋ । (ਉਸ ਦਾ ਆਸਰਾ ਛੱਡ ਕੇ) ਹੋਰ ਕਿੱਥੇ ਕਿਸੇ ਪਾਸ ਜਾਂਦੇ ਹੋ? ।੧।
ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਤ ਫਲ ਪਾਵਹੁ ॥
ਹੇ ਭਾਈ! ਮੇਰੇ ਮਾਲਕ-ਪ੍ਰਭੂ ਦੀ ਹੀ ਭਗਤੀ ਸਾਰੇ ਫਲ ਦੇਣ ਵਾਲੀ ਹੈ (ਉਸੇ ਦੇ ਦਰ ਤੋਂ ਹੀ) ਮਨ-ਮੰਗੇ ਫਲ ਪ੍ਰਾਪਤ ਕਰ ਸਕਦੇ ਹੋ ।
ਕਹੁ ਨਾਨਕ ਲਾਭੁ ਲਾਹਾ ਲੈ ਚਾਲਹੁ ਸੁਖ ਸੇਤੀ ਘਰਿ ਜਾਵਹੁ ॥੨॥੫੦॥੭੩॥
ਹੇ ਨਾਨਕ! ਆਖ—ਹੇ ਭਾਈ! (ਜਗਤ ਤੋਂ ਪਰਮਾਤਮਾ ਦੀ ਭਗਤੀ ਦਾ) ਲਾਭ ਖੱਟ ਕੇ ਤੁਰੋ, ਬੜੇ ਆਨੰਦ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੋਗੇ ।੨।੫੦।੭੩।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਠਾਕੁਰ ਤੁਮੑ ਸਰਣਾਈ ਆਇਆ ॥
ਹੇ (ਮੇਰੇ) ਮਾਲਕ-ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ ।
ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥
ਜਦੋਂ ਤੋਂ ਮੈਂ ਤੇਰਾ ਦਰਸਨ ਕੀਤਾ ਹੈ (ਤਦੋਂ ਤੋਂ ਹੀ) ਮੇਰੇ ਮਨ ਤੋਂ (ਹਰੇਕ) ਸਹਿਮ ਲਹਿ ਗਿਆ ਹੈ ।੧।ਰਹਾਉ।
ਅਨਬੋਲਤ ਮੇਰੀ ਬਿਰਥਾ ਜਾਨੀ ਅਪਨਾ ਨਾਮੁ ਜਪਾਇਆ ॥
ਹੇ (ਮੇਰੇ) ਮਾਲਕ-ਪ੍ਰਭੂ! ਤੂੰ (ਸਦਾ ਹੀ ਮੇਰੇ) ਬਿਨਾ ਬੋਲਣ ਦੇ ਮੇਰਾ ਦੁੱਖ ਸਮਝ ਲਿਆ ਹੈ, ਤੂੰ ਆਪ ਹੀ ਮੈਥੋਂ ਆਪਣਾ ਨਾਮ ਜਪਾਇਆ ਹੈ ।
ਦੁਖ ਨਾਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ ॥੧॥
ਜਦੋਂ ਤੋਂ ਬੜੇ ਆਨੰਦ ਨਾਲ ਮੈਂ ਤੇਰੇ ਗੁਣ ਗਾਂਦਾ ਹਾਂ, ਮੇਰੇ (ਸਾਰੇ) ਦੁੱਖ ਦੂਰ ਹੋ ਗਏ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਮੈਂ ਮਗਨ ਰਹਿੰਦਾ ਹਾਂ ।੧।
ਬਾਹ ਪਕਰਿ ਕਢਿ ਲੀਨੇ ਅਪੁਨੇ ਗ੍ਰਿਹ ਅੰਧ ਕੂਪ ਤੇ ਮਾਇਆ ॥
ਹੇ ਭਾਈ! (ਪਰਮਾਤਮਾ) ਆਪਣੇ (ਸੇਵਕਾਂ) ਦੀ ਬਾਂਹ ਫੜ ਕੇ ਉਹਨਾਂ ਨੂੰ ਮਾਇਆ ਦੇ (ਮੋਹ ਦੇ) ਅੰਨ੍ਹੇ ਖੂਹ ਵਿਚੋਂ ਅੰਨ੍ਹੇ ਘਰ ਵਿਚੋਂ ਕੱਢ ਲੈਂਦਾ ਹੈ ।
ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥
। ਹੇ ਨਾਨਕ! ਆਖ—ਗੁਰੂ ਨੇ (ਜਿਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ) ਫਾਹੀਆਂ ਕੱਟ ਦਿੱਤੀਆਂ, (ਪ੍ਰਭੂ-ਚਰਨਾਂ ਤੋਂ) ਵਿਛੁੜਦੇ ਉਸ ਨੂੰ ਲਿਆ ਕੇ (ਪ੍ਰਭੂ ਦੇ ਚਰਨਾਂ ਵਿਚ) ਮੇਲ ਦਿੱਤਾ ।੨।੫੧।੭੪।