Sri Guru Granth Sahib Ji — Ang 1212 (punjabi)
ਕਹੁ ਨਾਨਕ ਦਰਸੁ ਪੇਖਿ ਸੁਖੁ ਪਾਇਆ ਸਭ ਪੂਰਨ ਹੋਈ ਆਸਾ ॥੨॥੧੫॥੩੮॥
ਹੇ ਨਾਨਕ! ਆਖ—(ਹੇ ਭਾਈ! ਉਸ ਪਰਮਾਤਮਾ ਦਾ) ਦਰਸਨ ਕਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ।੨।੧੫।੩੮।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਚਰਨਹ ਗੋਬਿੰਦ ਮਾਰਗੁ ਸੁਹਾਵਾ ॥
ਹੇ ਭਾਈ! ਪੈਰਾਂ ਨਾਲ (ਨਿਰਾ) ਪਰਮਾਤਮਾ ਦਾ ਰਸਤਾ (ਹੀ ਤੁਰਨਾ) ਸੋਹਣਾ ਲੱਗਦਾ ਹੈ ।
ਆਨ ਮਾਰਗ ਜੇਤਾ ਕਿਛੁ ਧਾਈਐ ਤੇਤੋ ਹੀ ਦੁਖੁ ਹਾਵਾ ॥੧॥ ਰਹਾਉ ॥
ਹੋਰ ਅਨੇਕਾਂ ਰਸਤਿਆਂ ਉੱਤੇ ਜਿਤਨੀ ਭੀ ਦੌੜ-ਭੱਜ ਕਰੀਦੀ ਹੈ, ਉਤਨਾ ਹੀ ਦੁੱਖ ਲੱਗਦਾ ਹੈ, ਉਤਨਾ ਹੀ ਹਾਹੁਕਾ ਲੱਗਦਾ ਹੈ ।੧।ਰਹਾਉ।
ਨੇਤ੍ਰ ਪੁਨੀਤ ਭਏ ਦਰਸੁ ਪੇਖੇ ਹਸਤ ਪੁਨੀਤ ਟਹਲਾਵਾ ॥
ਹੇ ਭਾਈ! ਪਰਮਾਤਮਾ ਦਾ ਦਰਸਨ ਕੀਤਿਆਂ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ, (ਪਰਮਾਤਮਾ ਦੇ ਸੰਤ ਜਨਾਂ ਦੀ) ਟਹਲ ਕੀਤਿਆਂ ਹੱਥ ਪਵਿੱਤਰ ਹੋ ਜਾਂਦੇ ਹਨ
ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ ॥੧॥
ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਹ ਮੱਥਾ ਪਵਿੱਤਰ ਹੋ ਜਾਂਦਾ ਹੈ ਜਿਸ ਉਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਹੈ ।੧।
ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਸਾਰੇ (ਹੀ) ਖ਼ਜ਼ਾਨੇ ਹਨ, ਜਿਸ ਮਨੁੱਖ ਦੇ ਮੱਥੇ ਉਤੇ (ਪਰਮਾਤਮਾ ਨੇ ਆਪਣੀ) ਮਿਹਰ ਨਾਲ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖ ਦਿੱਤਾ, ਉਸ ਮਨੁੱਖ ਨੇ (ਨਾਮ) ਪ੍ਰਾਪਤ ਕਰ ਲਿਆ ।
ਜਨ ਨਾਨਕ ਕਉ ਗੁਰੁ ਪੂਰਾ ਭੇਟਿਓ ਸੁਖਿ ਸਹਜੇ ਅਨਦ ਬਿਹਾਵਾ ॥੨॥੧੬॥੩੯॥
ਹੇ ਨਾਨਕ! (ਆਖ—ਹੇ ਭਾਈ!) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ (ਉਸ ਨੂੰ ਪ੍ਰਭੂ ਦਾ ਨਾਮ ਮਿਲ ਗਿਆ, ਤੇ ਉਸ ਦੀ ਜ਼ਿੰਦਗੀ) ਸੁਖ ਵਿਚ ਆਤਮਕ ਅਡੋਲਤਾ ਵਿਚ ਆਨੰਦ ਵਿਚ ਗੁਜ਼ਰਨ ਲੱਗ ਪਈ ।੨।੧੬।੩੯।
ਸਾਰਗ ਮਹਲਾ ੫ ॥
ਸਾਰੰਗ ਪਜੰਵੀ ਪਾਤਿਸ਼ਾਹੀ।
ਧਿਆਇਓ ਅੰਤਿ ਬਾਰ ਨਾਮੁ ਸਖਾ ॥
ਹੇ ਭਾਈ! (ਪਰਮਾਤਮਾ ਦਾ) ਨਾਮ ਹੀ (ਅਸਲ) ਸਾਥੀ ਹੈ । (ਜਿਸ ਮਨੁੱਖ ਨੇ) ਅੰਤ ਵੇਲੇ (ਇਸ ਨਾਮ ਨੂੰ) ਸਿਮਰਿਆ, (ਉਸ ਦਾ ਸਾਥੀ ਬਣਿਆ) ।
ਜਹ ਮਾਤ ਪਿਤਾ ਸੁਤ ਭਾਈ ਨ ਪਹੁਚੈ ਤਹਾ ਤਹਾ ਤੂ ਰਖਾ ॥੧॥ ਰਹਾਉ ॥
ਹੇ ਭਾਈ! ਜਿੱਥੇ ਮਾਂ, ਪਿਉ, ਪੁੱਤਰ, ਭਰਾ, ਕੋਈ ਭੀ ਪਹੁੰਚ ਨਹੀਂ ਸਕਦਾ, ਉੱਥੇ ਉੱਥੇ (ਇਹ ਹਰਿ-ਨਾਮ ਹੀ) ਤੈਨੂੰ ਰੱਖ ਸਕਦਾ ਹੈ (ਤੇਰੀ ਰਾਖੀ ਕਰਦਾ ਹੈ) ।੧।ਰਹਾਉ।
ਅੰਧ ਕੂਪ ਗ੍ਰਿਹ ਮਹਿ ਤਿਨਿ ਸਿਮਰਿਓ ਜਿਸੁ ਮਸਤਕਿ ਲੇਖੁ ਲਿਖਾ ॥
ਹੇ ਭਾਈ! (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਹਿਰਦੇ-ਘਰ ਵਿਚ (ਸਿਰਫ਼) ਉਸ (ਮਨੁੱਖ) ਨੇ (ਹੀ ਹਰਿ-ਨਾਮ) ਸਿਮਰਿਆ ਹੈ ਜਿਸ ਦੇ ਮੱਥੇ ਉੱਤੇ (ਨਾਮ ਸਿਮਰਨ ਦਾ) ਲੇਖ (ਧੁਰੋਂ) ਲਿਖਿਆ ਗਿਆ ।
ਖੂਲੑੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ ਦਿਖਾ ॥੧॥
(ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ ਫਾਹੀਆਂ ਖੁਲ੍ਹ ਗਈਆਂ, ਗੁਰੂ ਨੇ ਉਸ ਨੂੰ (ਮੋਹ ਤੋਂ) ਖ਼ਲਾਸੀ ਦਿਵਾ ਦਿੱਤੀ, ਉਸ ਨੂੰ ਇਉਂ ਦਿੱਸ ਪਿਆ (ਕਿ ਹੇ ਪ੍ਰਭੂ!) ਸਭ ਥਾਈਂ ਤੰੂ ਹੀ ਹੈਂ ਤੂੰ ਹੀ ਹੈਂ ।੧।
ਅੰਮ੍ਰਿਤ ਨਾਮੁ ਪੀਆ ਮਨੁ ਤ੍ਰਿਪਤਿਆ ਆਘਾਏ ਰਸਨ ਚਖਾ ॥
ਹੇ ਭਾਈ! ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ, ਉਸ ਦਾ ਮਨ ਸ਼ਾਂਤ ਹੋ ਗਿਆ, ਉਸ ਦੀ ਜੀਭ ਨਾਮ-ਜਲ ਚੱਖ ਕੇ ਰੱਜ ਗਈ
ਕਹੁ ਨਾਨਕ ਸੁਖ ਸਹਜੁ ਮੈ ਪਾਇਆ ਗੁਰਿ ਲਾਹੀ ਸਗਲ ਤਿਖਾ ॥੨॥੧੭॥੪੦॥
ਹੇ ਨਾਨਕ! ਆਖ—(ਹੇ ਭਾਈ! ਹਰਿ-ਨਾਮ ਦੀ ਦਾਤਿ ਦੇ ਕੇ) ਗੁਰੂ ਨੇ ਮੇਰੀ ਸਾਰੀ ਤਿ®ਸ਼ਨਾ ਦੂਰ ਕਰ ਦਿੱਤੀ ਹੈ, ਮੈਂ ਸਾਰੇ ਸੁਖ ਦੇਣ ਵਾਲੀ ਆਤਮਕ ਅਡੋਲਤਾ ਹਾਸਲ ਕਰ ਲਈ ਹੈ ।੨।੧੭।੪੦।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਗੁਰ ਮਿਲਿ ਐਸੇ ਪ੍ਰਭੂ ਧਿਆਇਆ ॥
ਹੇ ਭਾਈ! (ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਇਉਂ (ਹਰੇਕ ਸਾਹ ਦੇ ਨਾਲ) ਪਰਮਾਤਮਾ ਦਾ ਸਿਮਰਨ ਕੀਤਾ,
ਭਇਓ ਕ੍ਰਿਪਾਲੁ ਦਇਆਲੁ ਦੁਖ ਭੰਜਨੁ ਲਗੈ ਨ ਤਾਤੀ ਬਾਇਆ ॥੧॥ ਰਹਾਉ ॥
ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਉਸ ਉੱਤੇ ਦਇਆਵਾਨ ਹੋਇਆ, ਉਸ ਮਨੁੱਖ ਨੂੰ (ਸਾਰੀ ਉਮਰ) ਤੱਤੀ ’ਵਾ ਨਹੀਂ ਲੱਗਦੀ (ਕੋਈ ਦੁੱਖ-ਕਲੇਸ਼ ਨਹੀਂ ਪੋਂਹਦਾ) ।੧।ਰਹਾਉ।
ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ॥
ਹੇ ਭਾਈ! ਜਿਤਨੇ ਭੀ ਸਾਹ ਅਸੀ (ਜੀਵ) ਲੈਂਦੇ ਹਾਂ, ਜਿਹੜਾ ਮਨੁੱਖ ਉਹ ਸਾਰੇ ਹੀ ਸਾਹ (ਲੈਂਦਿਆਂ) ਪਰਮਾਤਮਾ ਦੇ ਗੁਣ ਗਾਂਦਾ ਹੈ,
ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ॥੧॥
(ਜਿਹੜਾ ਮਨੁੱਖ ਪਰਮਾਤਮਾ ਤੋਂ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿੱਛੁੜਦਾ, (ਜਿਸ ਨੂੰ ਉਸ ਦੀ ਯਾਦ) ਇਕ ਘੜੀ ਭੀ ਨਹੀਂ ਭੁੱਲਦੀ, ਉਹ ਜਿੱਥੇ ਭੀ ਜਾਂਦਾ ਹੈ, ਪਰਮਾਤਮਾ ਉਸ ਨੂੰ ਸਦਾ ਆਪਣੇ ਨਾਲ ਦਿੱਸਦਾ ਹੈ ।੧।
ਹਉ ਬਲਿ ਬਲਿ ਬਲਿ ਬਲਿ ਚਰਨ ਕਮਲ ਕਉ ਬਲਿ ਬਲਿ ਗੁਰ ਦਰਸਾਇਆ ॥
(ਹੇ ਭਾਈ!) ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ, ਗੁਰੂ ਦੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ ।
ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖ ਸਾਗਰੁ ਮੈ ਪਾਇਆ ॥੨॥੧੮॥੪੧॥
ਹੇ ਨਾਨਕ! ਆਖ—ਜਦੋਂ ਤੋਂ ਮੈਂ (ਗੁਰੂ ਦੀ ਕਿਰਪਾ ਨਾਲ) ਸਾਰੇ ਸੁਖਾਂ ਦਾ ਸਮੁੰਦਰ ਪ੍ਰਭੂ ਲੱਭਾ ਹੈ, ਮੈਨੂੰ ਕਿਸੇ ਦੀ ਮੁਥਾਜੀ ਨਹੀਂ ਰਹੀ ।੨।੧੮।੪੧।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਮੇਰੈ ਮਨਿ ਸਬਦੁ ਲਗੋ ਗੁਰ ਮੀਠਾ ॥
ਹੇ ਭਾਈ! ਮੇਰੇ ਮਨ ਵਿਚ ਗੁਰੂ ਦਾ ਸ਼ਬਦ ਮਿੱਠਾ ਲੱਗ ਰਿਹਾ ਹੈ
ਖੁਲਿੑਓ ਕਰਮੁ ਭਇਓ ਪਰਗਾਸਾ ਘਟਿ ਘਟਿ ਹਰਿ ਹਰਿ ਡੀਠਾ ॥੧॥ ਰਹਾਉ ॥
(ਸ਼ਬਦ ਦੀ ਬਰਕਤਿ ਨਾਲ ਮੇਰੇ ਵਾਸਤੇ) ਪਰਮਾਤਮਾ ਦੀ ਮਿਹਰ (ਦਾ ਦਰਵਾਜ਼ਾ) ਖੁਲ੍ਹ ਗਿਆ ਹੈ, (ਮੇਰੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੈਂ ਹਰੇਕ ਸਰੀਰ ਵਿਚ ਪਰਮਾਤਮਾ ਨੂੰ (ਵੱਸਦਾ) ਵੇਖ ਲਿਆ ਹੈ ।੧।ਰਹਾਉ।
ਪਾਰਬ੍ਰਹਮ ਆਜੋਨੀ ਸੰਭਉ ਸਰਬ ਥਾਨ ਘਟ ਬੀਠਾ ॥
ਹੇ ਭਾਈ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਇਉਂ ਦਿੱਸ ਪਿਆ ਹੈ ਕਿ) ਅਜੂਨੀ ਸੁਤੇ-ਪਰਕਾਸ਼ ਪਾਰਬ੍ਰਹਮ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਬੈਠਾ ਹੋਇਆ ਹੈ ।
ਭਇਓ ਪਰਾਪਤਿ ਅੰਮ੍ਰਿਤ ਨਾਮਾ ਬਲਿ ਬਲਿ ਪ੍ਰਭ ਚਰਣੀਠਾ ॥੧॥
(ਗੁਰ-ਸ਼ਬਦ ਦੀ ਰਾਹੀਂ ਮੈਨੂੰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮਿਲ ਗਿਆ ਹੈ, ਮੈਂ ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾ ਰਿਹਾ ਹਾਂ ।੧।
ਸਤਸੰਗਤਿ ਕੀ ਰੇਣੁ ਮੁਖਿ ਲਾਗੀ ਕੀਏ ਸਗਲ ਤੀਰਥ ਮਜਨੀਠਾ ॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸਾਧ ਸੰਗਤਿ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਉੱਤੇ ਲੱਗੀ ਹੈ (ਇਸ ਚਰਨ-ਧੂੜ ਦੀ ਬਰਕਤਿ ਨਾਲ ਮੈਂ ਤਾਂ, ਮਾਨੋ) ਸਾਰੇ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ।
ਕਹੁ ਨਾਨਕ ਰੰਗਿ ਚਲੂਲ ਭਏ ਹੈ ਹਰਿ ਰੰਗੁ ਨ ਲਹੈ ਮਜੀਠਾ ॥੨॥੧੯॥੪੨॥
ਹੇ ਨਾਨਕ! ਆਖ—(ਹੇ ਭਾਈ!) ਮੈਂ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਗੂੜ੍ਹਾ ਰੰਗਿਆ ਗਿਆ ਹਾਂ । ਮਜੀਠ ਦੇ ਪੱਕੇ ਰੰਗ ਵਾਂਗ ਇਹ ਹਰਿ-ਪੇ੍ਰਮ ਦਾ ਰੰਗ (ਮੇਰੇ ਮਨ ਤੋਂ) ਉਤਰਦਾ ਨਹੀਂ ਹੈ ।੨।੧੯।੪੨।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਹਰਿ ਹਰਿ ਨਾਮੁ ਦੀਓ ਗੁਰਿ ਸਾਥੇ ॥
ਹੇ ਭਾਈ! ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਨਾਲ ਸਾਥੀ ਦੇ ਦਿੱਤਾ ਹੈ ।
ਨਿਮਖ ਬਚਨੁ ਪ੍ਰਭ ਹੀਅਰੈ ਬਸਿਓ ਸਗਲ ਭੂਖ ਮੇਰੀ ਲਾਥੇ ॥੧॥ ਰਹਾਉ ॥
ਹੁਣ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਹਰ ਵੇਲੇ ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ (ਉਸ ਦੀ ਬਰਕਤਿ ਨਾਲ) ਮੇਰੀ ਮਾਇਆ ਦੀ ਸਾਰੀ ਭੁੱਖ ਲਹਿ ਗਈ ਹੈ ।੧।ਰਹਾਉ।
ਕ੍ਰਿਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ॥
ਹੇ ਕਿਰਪਾ ਦੇ ਖ਼ਜ਼ਾਨੇ! ਹੇ ਸਾਰੇ ਗੁਣਾਂ ਦੇ ਮਾਲਕ ਠਾਕੁਰ! ਹੇ ਸਾਰੇ ਸੁਖਾਂ ਦੇ ਨਾਥ!
ਏਕ ਆਸ ਮੋਹਿ ਤੇਰੀ ਸੁਆਮੀ ਅਉਰ ਦੁਤੀਆ ਆਸ ਬਿਰਾਥੇ ॥੧॥
ਹੇ ਸੁਆਮੀ! (ਹੁਣ ਹਰੇਕ ਸੁਖ ਦੁਖ ਵਿਚ) ਮੈਨੂੰ ਸਿਰਫ਼ ਤੇਰੀ ਹੀ (ਸਹਾਇਤਾ ਦੀ) ਆਸ ਰਹਿੰਦੀ ਹੈ । ਕੋਈ ਹੋਰ ਦੂਜੀ ਆਸ ਮੈਨੂੰ ਵਿਅਰਥ ਜਾਪਦੀ ਹੈ ।੧।
ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥
(ਹੇ ਭਾਈ!) ਜਦੋਂ ਤੋਂ ਗੁਰੂ ਨੇ ਮੇਰੇ ਮੱਥੇ ਉੱਤੇ ਆਪਣੇ ਹੱਥ ਰੱਖੇ ਹਨ, ਮੇਰੀਆਂ ਅੱਖਾਂ (ਪ੍ਰਭੂ ਦਾ) ਦਰਸਨ ਕਰ ਕੇ ਰੱਜ ਗਈਆਂ ਹਨ ।