Sri Guru Granth Sahib Ji — Ang 1208 (punjabi)
ਸਗਲ ਪਦਾਰਥ ਸਿਮਰਨਿ ਜਾ ਕੈ ਆਠ ਪਹਰ ਮੇਰੇ ਮਨ ਜਾਪਿ ॥੧॥ ਰਹਾਉ ॥
ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਪਦਾਰਥ ਮਿਲਦੇ ਹਨ (ਗੁਰੂ ਦੀ ਸਰਨ ਪੈ ਕੇ) ਅੱਠੇ ਪਹਰ ਉਸ ਦਾ ਨਾਮ ਜਪਿਆ ਕਰ ।੧।ਰਹਾਉ।
ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥
ਹੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਜਿਹੜਾ ਮਨੁੱਖ (ਇਹ ਨਾਮ ਜਲ) ਪੀਂਦਾ ਹੈ, ਉਸ ਨੂੰ ਸ਼ਾਂਤੀ ਮਿਲਦੀ ਹੈ,
ਜਨਮ ਜਨਮ ਕੇ ਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ ॥੧॥
ਉਸ ਦੇ ਅਨੇਕਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ, ਅਗਾਂਹ (ਤੇਰੀ) ਹਜ਼ੂਰੀ ਵਿਚ ਉਸ ਨੂੰ ਸੁਰਖ਼ਰੋਈ ਹਾਸਲ ਹੁੰਦੀ ਹੈ ।੧।
ਸਰਨਿ ਤੁਮਾਰੀ ਆਇਓ ਕਰਤੇ ਪਾਰਬ੍ਰਹਮ ਪੂਰਨ ਅਬਿਨਾਸ ॥
ਹੇ ਕਰਤਾਰ! ਹੇ ਪਾਰਬ੍ਰਹਮ! ਹੇ ਸਰਬ-ਵਿਆਪਕ! ਹੇ ਨਾਸ-ਰਹਿਤ! ਮੈਂ ਤੇਰੀ ਸਰਨ ਆਇਆ ਹਾਂ ।
ਕਰਿ ਕਿਰਪਾ ਤੇਰੇ ਚਰਨ ਧਿਆਵਉ ਨਾਨਕ ਮਨਿ ਤਨਿ ਦਰਸ ਪਿਆਸ ॥੨॥੫॥੧੯॥
ਮਿਹਰ ਕਰ, ਮੈਂ (ਸਦਾ) ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੈਂ ਨਾਨਕ ਦੇ ਮਨ ਵਿਚ ਹਿਰਦੇ ਵਿਚ (ਤੇਰੇ) ਦਰਸਨ ਦੀ ਤਾਂਘ ਹੈ ।੨।੫।੧੯।
ਸਾਰਗ ਮਹਲਾ ੫ ਘਰੁ ੩
ਸਾਰੰਗ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ!
ਮਨ ਕਹਾ ਲੁਭਾਈਐ ਆਨ ਕਉ ॥
ਹੇ ਮਨ! ਹੋਰ ਹੋਰ ਪਦਾਰਥਾਂ ਦੀ ਖ਼ਾਤਰ ਲੋਭ ਵਿਚ ਨਹੀਂ ਫਸਣਾ ਚਾਹੀਦਾ ।
ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥
ਇਸ ਲੋਕ ਵਿਚ ਅਤੇ ਪਰਲੋਕ ਵਿਚ ਪਰਮਾਤਮਾ (ਹੀ) ਸਦਾ ਸਹਾਇਤਾ ਕਰਨ ਵਾਲਾ ਹੈ, ਤੇ, ਜਿੰਦ ਦੇ ਨਾਲ ਰਹਿਣ ਵਾਲਾ ਹੈ । ਹੇ ਮਨ! ਉਹ ਪ੍ਰਭੂ ਹੀ ਤੇਰੇ ਕੰਮ ਆਉਣ ਵਾਲਾ ਹੈ ।੧।ਰਹਾਉ।
ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥
ਹੇ ਭਾਈ! ਮਨ ਨੂੰ ਮੋਹਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤਿ, ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ—ਇਹ ਹੀ ਪੀਣਾ ਤਿ®ਪਤੀ ਦੇਣ ਵਾਸਤੇ ਹੈ
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥
ਹੇ ਭਾਈ! ਅਕਾਲ-ਮੂਰਤਿ ਪ੍ਰਭੂ ਦਾ ਧਿਆਨ ਧਰਨ ਵਾਸਤੇ ਸਾਧ ਸੰਗਤਿ ਹੀ ਸੋਹਣੀ ਥਾਂ ਹੈ ।੧।
ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥
ਹੇ ਭਾਈ! ਮਹਾਂ ਪੁਰਖਾਂ ਦੀ ਬਾਣੀ, ਮਹਾਂ ਪੁਰਖਾਂ ਦਾ ਉਪਦੇਸ਼ ਹੀ ਮਨ ਦਾ ਮਾਣ ਦੂਰ ਕਰਨ ਲਈ ਸਮਰਥ ਹੈ
ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥
ਹੇ ਨਾਨਕ! (ਆਖ—ਹੇ ਭਾਈ!) ਆਤਮਕ ਸ਼ਾਂਤੀ ਵਾਸਤੇ ਪਰਮਾਤਮਾ ਦਾ ਨਾਮ ਹੀ ਸੁਖਾਂ ਦਾ ਥਾਂ ਹੈ (ਇਹ ਥਾਂ ਸਾਧ ਸੰਗਤਿ ਵਿਚ) ਖੋਜ ਕੀਤਿਆਂ ਲੱਭਦੀ ਹੈ ।੨।੧।੨੦।
ਸਾਰਗ ਮਹਲਾ ੫ ॥
ਸਾਰੰਗੀ ਪੰਜਵੀਂ ਪਾਤਿਸ਼ਾਹੀ।
ਮਨ ਸਦਾ ਮੰਗਲ ਗੋਬਿੰਦ ਗਾਇ ॥
ਹੇ (ਮੇਰੇ) ਮਨ! ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ ।
ਰੋਗ ਸੋਗ ਤੇਰੇ ਮਿਟਹਿ ਸਗਲ ਅਘ ਨਿਮਖ ਹੀਐ ਹਰਿ ਨਾਮੁ ਧਿਆਇ ॥੧॥ ਰਹਾਉ ॥
ਹੇ ਭਾਈ! ਜੇ ਤੂੰ ਅੱਖ ਝਮਕਣ ਜਿਤਨੇ ਸਮੇ ਲਈ ਹਿਰਦੇ ਵਿਚ ਹਰੀ ਦਾ ਨਾਮ ਸਿਮਰੇਂ, ਤਾਂ ਤੇਰੇ ਸਾਰੇ ਰੋਗ ਸਾਰੇ ਚਿੰਤਾ-ਫ਼ਿਕਰ ਸਾਰੇ ਪਾਪ ਦੂਰ ਹੋ ਜਾਣ ।੧।ਰਹਾਉ।
ਛੋਡਿ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ ॥
ਹੇ ਭਾਈ! ਆਪਣੀ ਬਹੁਤ ਸਿਆਪਣ ਚਤੁਰਾਈ ਛੱਡ ਕੇ (ਇਹ ਖ਼ਿਆਲ ਦੂਰ ਕਰ ਕੇ ਕਿ ਤੂੰ ਬੜਾ ਸਿਆਣਾ ਤੇ ਅਕਲ ਵਾਲਾ ਹੈਂ) ਗੁਰੂ ਦੀ ਸਰਨ ਜਾ ਪਉ
ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਇ ॥੧॥
ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪ੍ਰਭੂ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਮਨੁੱਖ ਵਾਸਤੇ) ਜਮਰਾਜ ਤੋਂ ਧਰਮਰਾਜ ਬਣ ਜਾਂਦਾ ਹੈ (ਪਰਲੋਕ ਵਿਚ ਮਨੁੱਖ ਨੂੰ ਜਮਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ) ।੧।
ਏਕਸ ਬਿਨੁ ਨਾਹੀ ਕੋ ਦੂਜਾ ਆਨ ਨ ਬੀਓ ਲਵੈ ਲਾਇ ॥
ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ (ਅਸਾਂ ਜੀਵਾਂ ਦਾ ਰਾਖਾ) ਨਹੀਂ ਹੈ, ਕੋਈ ਹੋਰ ਦੂਜਾ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ
ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥੨॥੨॥੨੧॥
ਨਾਨਕ ਦਾ ਤਾਂ ਉਹ ਪਰਮਾਤਮਾ ਹੀ ਮਾਂ ਪਿਉ ਭਰਾ ਤੇ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਹੈ ।੨।੨।੨੧।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਹਰਿ ਜਨ ਸਗਲ ਉਧਾਰੇ ਸੰਗ ਕੇ ॥
ਹੇ ਭਾਈ! ਪਰਮਾਤਮਾ ਦੇ ਸੰਤ ਜਨ (ਆਪਣੇ) ਨਾਲ ਬੈਠਣ ਵਾਲੇ ਸਾਰਿਆਂ ਨੂੰ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੇ ਹਨ ।
ਭਏ ਪੁਨੀਤ ਪਵਿਤ੍ਰ ਮਨ ਜਨਮ ਜਨਮ ਕੇ ਦੁਖ ਹਰੇ ॥੧॥ ਰਹਾਉ ॥
(ਸੰਤ ਜਨਾਂ ਦੇ ਨਾਲ ਸੰਗਤਿ ਕਰਨ ਵਾਲੇ ਮਨੁੱਖ) ਪਵਿਤੱਰ ਮਨ ਵਾਲੇ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੇ ਅਨੇਕਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ।੧।ਰਹਾਉ।
ਮਾਰਗਿ ਚਲੇ ਤਿਨੑੀ ਸੁਖੁ ਪਾਇਆ ਜਿਨੑ ਸਿਉ ਗੋਸਟਿ ਸੇ ਤਰੇ ॥
ਹੇ ਭਾਈ! ਜਿਹੜੇ ਮਨੁੱਖ (ਸਾਧ ਸੰਗਤਿ ਦੇ) ਰਸਤੇ ਉਤੇ ਤੁਰਦੇ ਹਨ, ਉਹ ਸੁਖ-ਆਨੰਦ ਮਾਣਦੇ ਹਨ, ਜਿਨ੍ਹਾਂ ਨਾਲ ਸੰਤ ਜਨਾਂ ਦਾ ਬਹਿਣ-ਖਲੋਣ ਹੋ ਜਾਂਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।
ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗਿ ਪਾਰਿ ਪਰੇ ॥੧॥
ਜਿਹੜੇ ਮਨੁੱਖ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚ ਡੁੱਬੇ ਰਹਿੰਦੇ ਹਨ, ਉਹ ਭੀ ਸਾਧ ਸੰਗਤਿ ਦੀ ਬਰਕਤਿ ਨਾਲ ਪਾਰ ਲੰਘ ਜਾਂਦੇ ਹਨ ।੧।
ਜਿਨੑ ਕੇ ਭਾਗ ਬਡੇ ਹੈ ਭਾਈ ਤਿਨੑ ਸਾਧੂ ਸੰਗਿ ਮੁਖ ਜੁਰੇ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਵੱਡੇ ਭਾਗ (ਜਾਗਦੇ) ਹਨ, ਉਹਨਾਂ ਦੇ ਮੂੰਹ ਸਾਧ ਸੰਗਤਿ ਵਿਚ ਜੁੜਦੇ ਹਨ (ਉਹ ਮਨੁੱਖ ਸਾਧ ਸੰਗਤਿ ਵਿਚ ਸਤਸੰਗੀਆਂ ਨਾਲ ਮਿਲਦੇ ਹਨ)
ਤਿਨੑ ਕੀ ਧੂਰਿ ਬਾਂਛੈ ਨਿਤ ਨਾਨਕੁ ਪ੍ਰਭੁ ਮੇਰਾ ਕਿਰਪਾ ਕਰੇ ॥੨॥੩॥੨੨॥
ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ (ਪਰ ਇਹ ਤਦੋਂ ਹੀ ਮਿਲ ਸਕਦੀ ਹੈ, ਜੇ) ਮੇਰਾ ਪ੍ਰਭੂ ਮਿਹਰ ਕਰੇ ।੨।੩।੨੨।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਹਰਿ ਜਨ ਰਾਮ ਰਾਮ ਰਾਮ ਧਿਆਂਏ ॥
ਹੇ ਭਾਈ! ਪਰਮਾਤਮਾ ਦੇ ਭਗਤ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ ।
ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥੧॥ ਰਹਾਉ ॥
ਸਾਧ ਸੰਗਤਿ ਦੇ ਇਕ ਪਲ ਭਰ ਦੇ ਸੁਖ (ਨੂੰ ਉਹ ਇਉਂ ਸਮਝਦੇ ਹਨ ਕਿ) ਕ®ੋੜਾਂ ਬੈਕੁੰਠ ਹਾਸਲ ਕਰ ਲਏ ਹਨ ।੧।ਰਹਾਉ।
ਦੁਲਭ ਦੇਹ ਜਪਿ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੈ ॥
ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ, ਨਾਮ ਜਪ ਕੇ ਉਸ ਦਾ ਦੁਰਲੱਭ ਮਨੁੱਖਾ ਸਰੀਰ ਪਵਿੱਤਰ ਹੋ ਜਾਂਦਾ ਹੈ, (ਨਾਮ ਉਸ ਦੇ ਅੰਦਰੋਂ) ਜਮਾਂ ਦਾ ਡਰ ਦੂਰ ਕਰ ਦੇਂਦਾ ਹੈ ।
ਮਹਾ ਪਤਿਤ ਕੇ ਪਾਤਿਕ ਉਤਰਹਿ ਹਰਿ ਨਾਮਾ ਉਰਿ ਧਾਰੈ ॥੧॥
ਹੇ ਭਾਈ! ਨਾਮ ਦੀ ਬਰਕਤਿ ਨਾਲ ਵੱਡੇ ਵੱਡੇ ਵਿਕਾਰੀਆਂ ਦੇ ਪਾਪ ਲਹਿ ਜਾਂਦੇ ਹਨ ।੧।
ਜੋ ਜੋ ਸੁਨੈ ਰਾਮ ਜਸੁ ਨਿਰਮਲ ਤਾ ਕਾ ਜਨਮ ਮਰਣ ਦੁਖੁ ਨਾਸਾ ॥
ਹੇ ਭਾਈ! ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਪਵਿੱਤਰ ਸਿਫ਼ਤਿ-ਸਾਲਾਹ ਸੁਣਦਾ ਹੈ, ਉਸ ਦਾ ਸਾਰੀ ਉਮਰ ਦਾ ਦੁੱਖ ਨਾਸ ਹੋ ਜਾਂਦਾ ਹੈ ।
ਕਹੁ ਨਾਨਕ ਪਾਈਐ ਵਡਭਾਗਂੀ ਮਨ ਤਨ ਹੋਇ ਬਿਗਾਸਾ ॥੨॥੪॥੨੩॥
ਹੇ ਨਾਨਕ! ਆਖ—(ਇਹ ਸਿਫ਼ਤਿ-ਸਾਲਾਹ) ਵੱਡੇ ਭਾਗਾਂ ਨਾਲ ਮਿਲਦੀ ਹੈ (ਜਿਨ੍ਹਾਂ ਨੂੰ ਮਿਲਦੀ ਹੈ ਉਹਨਾਂ ਦੇ) ਮਨਾਂ ਵਿਚ ਤਨਾਂ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ ।੨।੪।੨੩।