Sri Guru Granth Sahib Ji — Ang 1182 (punjabi)
ਤੂ ਕਰਿ ਗਤਿ ਮੇਰੀ ਪ੍ਰਭ ਦਇਆਰ ॥੧॥ ਰਹਾਉ ॥
(ਮਿਹਰ ਕਰ) ਮੈਨੂੰ ਉੱਚੀ ਆਤਮਕ ਅਵਸਥਾ ਦੇਹ ।੧।ਰਹਾਉ।
ਜਾਪ ਨ ਤਾਪ ਨ ਕਰਮ ਕੀਤਿ ॥
ਹੇ ਪ੍ਰਭੂ! ਮੈਂ ਕੋਈ ਜਪ ਨਹੀਂ ਕੀਤੇ, ਮੈਂ ਕੋਈ ਤਪ ਨਹੀਂ ਕੀਤੇ,
ਆਵੈ ਨਾਹੀ ਕਛੂ ਰੀਤਿ ॥
ਮੈਂ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਕੋਈ ਧਾਰਮਿਕ) ਕਰਮ ਨਹੀਂ ਕੀਤੇ;
ਮਨ ਮਹਿ ਰਾਖਉ ਆਸ ਏਕ ॥
ਕੋਈ ਧਾਰਮਿਕ ਰੀਤ-ਰਸਮ ਕਰਨੀ ਭੀ ਮੈਨੂੰ ਨਹੀਂ ਆਉਂਦੀ । ਪਰ, ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਸਿਰਫ਼ ਇਹ ਆਸ ਰੱਖੀ ਬੈਠਾ ਹਾਂ,
ਨਾਮ ਤੇਰੇ ਕੀ ਤਰਉ ਟੇਕ ॥੨॥
ਕਿ ਤੇਰੇ ਨਾਮ ਦੇ ਆਸਰੇ ਮੈਂ (ਸੰਸਾਰ-ਸਮੰੁਦਰ ਤੋਂ) ਪਾਰ ਲੰਘ ਜਾਵਾਂਗਾ ।੨।
ਸਰਬ ਕਲਾ ਪ੍ਰਭ ਤੁਮੑ ਪ੍ਰਬੀਨ ॥
ਹੇ ਪ੍ਰਭੂ! ਤੂੰ ਸਾਰੀਆਂ ਹੀ ਤਾਕਤਾਂ ਵਿਚ ਪੂਰਨ ਹੈਂ
ਅੰਤੁ ਨ ਪਾਵਹਿ ਜਲਹਿ ਮੀਨ ॥
(ਅਸੀ ਜੀਵ ਤੇਰਾ ਅੰਤ ਨਹੀਂ ਪਾ ਸਕਦੇ, ਜਿਵੇਂ ਸਮੁੰਦਰ ਦੇ) ਪਾਣੀ ਦੀਆਂ ਮੱਛੀਆਂ (ਸਮੁੰਦਰ ਦਾ) ਅੰਤ ਨਹੀਂ ਪਾ ਸਕਦੀਆਂ ।
ਅਗਮ ਅਗਮ ਊਚਹ ਤੇ ਊਚ ॥
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਉੱਚਿਆਂ ਤੋਂ ਉੱਚਾ ਹੈਂ ।
ਹਮ ਥੋਰੇ ਤੁਮ ਬਹੁਤ ਮੂਚ ॥੩॥
ਅਸੀ ਜੀਵ ਥੋੜ-ਵਿਤੇ ਹਾਂ, ਤੂੰ ਵੱਡੇ ਜਿਗਰੇ ਵਾਲਾ ਹੈਂ ।੩।
ਜਿਨ ਤੂ ਧਿਆਇਆ ਸੇ ਗਨੀ ॥
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਸਿਮਰਿਆ ਹੈ,
ਜਿਨ ਤੂ ਪਾਇਆ ਸੇ ਧਨੀ ॥
ਉਹ (ਅਸਲ) ਦੌਲਤਮੰਦ ਹਨ, ਜਿਨ੍ਹਾਂ ਨੇ ਤੈਨੂੰ ਲੱਭ ਲਿਆ ਉਹ ਅਸਲ ਧਨਾਢ ਹਨ ।
ਜਿਨਿ ਤੂ ਸੇਵਿਆ ਸੁਖੀ ਸੇ ॥
ਹੇ ਨਾਨਕ! (ਆਖ—ਹੇ ਪ੍ਰਭੂ!) ਜਿਸ ਜਿਸ ਮਨੁੱਖ ਨੇ ਤੇਰੀ ਭਗਤੀ ਕੀਤੀ, ਉਹ ਸਭ ਸੁਖੀ ਹਨ,
ਸੰਤ ਸਰਣਿ ਨਾਨਕ ਪਰੇ ॥੪॥੭॥
ਉਹ ਤੇਰੇ ਸੰਤ ਜਨਾਂ ਦੀ ਸਰਨ ਪਏ ਰਹਿੰਦੇ ਹਨ ।੪।੭।
ਬਸੰਤੁ ਮਹਲਾ ੫ ॥
ਬਸੰਤ ਪੰਜਵੀਂ ਪਾਤਸ਼ਾਹੀ।
ਤਿਸੁ ਤੂ ਸੇਵਿ ਜਿਨਿ ਤੂ ਕੀਆ ॥
ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਸ ਦੀ ਸੇਵਾ-ਭਗਤੀ ਕਰਿਆ ਕਰ ।
ਤਿਸੁ ਅਰਾਧਿ ਜਿਨਿ ਜੀਉ ਦੀਆ ॥
ਜਿਸ ਨੇ ਤੈਨੂੰ ਜਿੰਦ ਦਿੱਤੀ ਹੈ ਉਸ ਦਾ ਨਾਮ ਸਿਮਰਿਆ ਕਰ ।
ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥
ਜੇ ਤੂੰ ਉਸ (ਪਰਮਾਤਮਾ) ਦਾ ਦਾਸ ਬਣਿਆ ਰਹੇਂ, ਤਾਂ ਤੈਨੂੰ (ਜਮ ਆਦਿਕ ਕਿਸੇ ਵਲੋਂ ਭੀ) ਡੰਨ ਨਹੀਂ ਲੱਗ ਸਕਦਾ ।
ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ ॥੧॥
(ਬੇਅੰਤ ਭੰਡਾਰਿਆਂ ਦੇ ਮਾਲਕ) ਉਸ ਪਰਮਾਤਮਾ ਦਾ ਸਿਰਫ਼ ਭੰਡਾਰੀ ਬਣਿਆ ਰਹੁ (ਫਿਰ ਉਸ ਦੇ ਦਿੱਤੇ ਕਿਸੇ ਪਦਾਰਥ ਦੇ ਖੁੱਸ ਜਾਣ ਤੇ) ਤੈਨੂੰ ਕੋਈ ਦੁੱਖ ਨਹੀਂ ਵਿਆਪੇਗਾ ।੧।
ਏਵਡ ਭਾਗ ਹੋਹਿ ਜਿਸੁ ਪ੍ਰਾਣੀ ॥
ਹੇ ਭਾਈ! ਜਿਸ ਮਨੁੱਖ ਦੇ ਬੜੇ ਵੱਡੇ ਭਾਗ ਹੋਣ,
ਸੋ ਪਾਏ ਇਹੁ ਪਦੁ ਨਿਰਬਾਣੀ ॥੧॥ ਰਹਾਉ ॥
ਉਸ ਮਨੁੱਖ ਨੂੰ ਉਹ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ।੧।
ਦੂਜੀ ਸੇਵਾ ਜੀਵਨੁ ਬਿਰਥਾ ॥
ਹੇ ਭਾਈ! (ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੀ ਖ਼ਿਦਮਤ ਵਿਚ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ,
ਕਛੂ ਨ ਹੋਈ ਹੈ ਪੂਰਨ ਅਰਥਾ ॥
ਤੇ, ਲੋੜ ਭੀ ਕੋਈ ਪੂਰੀ ਨਹੀਂ ਹੁੰਦੀ ।
ਮਾਣਸ ਸੇਵਾ ਖਰੀ ਦੁਹੇਲੀ ॥
ਹੇ ਭਾਈ! ਮਨੁੱਖ ਦੀ ਖ਼ਿਦਮਤ ਬਹੁਤ ਦੁਖਦਾਈ ਹੋਇਆ ਕਰਦੀ ਹੈ ।
ਸਾਧ ਕੀ ਸੇਵਾ ਸਦਾ ਸੁਹੇਲੀ ॥੨॥
ਗੁਰੂ ਦੀ ਸੇਵਾ ਸਦਾ ਹੀ ਸੁਖ ਦੇਣ ਵਾਲੀ ਹੁੰਦੀ ਹੈ ।੨।
ਜੇ ਲੋੜਹਿ ਸਦਾ ਸੁਖੁ ਭਾਈ ॥
ਹੇ ਭਾਈ! ਜੇ ਤੂੰ ਚਾਹੁੰਦਾ ਹੈਂ ਕਿ ਸਦਾ ਆਤਮਕ ਆਨੰਦ ਮਿਲਿਆ ਰਹੇ,
ਸਾਧੂ ਸੰਗਤਿ ਗੁਰਹਿ ਬਤਾਈ ॥
ਤਾਂ, ਗੁਰੂ ਨੇ ਦੱਸਿਆ ਹੈ ਕਿ ਸਾਧ ਸੰਗਤਿ ਕਰਿਆ ਕਰ ।
ਊਹਾ ਜਪੀਐ ਕੇਵਲ ਨਾਮ ॥
ਸਾਧ ਸੰਗਤਿ ਵਿਚ ਸਿਰਫ਼ ਪਰਮਾਤਮਾ ਦਾ ਨਾਮ ਜਪੀਦਾ ਹੈ,
ਸਾਧੂ ਸੰਗਤਿ ਪਾਰਗਰਾਮ ॥੩॥
ਸਾਧ ਸੰਗਤਿ ਵਿਚ ਟਿਕ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਈਦਾ ਹੈ ।੩।
ਸਗਲ ਤਤ ਮਹਿ ਤਤੁ ਗਿਆਨੁ ॥
ਹੇ ਭਾਈ! ਪਰਮਾਤਮਾ ਨਾਲ ਜਾਣ-ਪਛਾਣ ਬਣਾਣੀ ਸਭ ਵਿਚਾਰਾਂ ਨਾਲੋਂ ਸੇ੍ਰਸ਼ਟ ਵਿਚਾਰ ਹੈ ।
ਸਰਬ ਧਿਆਨ ਮਹਿ ਏਕੁ ਧਿਆਨੁ ॥
ਪਰਮਾਤਮਾ ਵਿਚ ਸੁਰਤਿ ਟਿਕਾਈ ਰੱਖਣੀ ਹੋਰ ਸਾਰੀਆਂ ਸਮਾਧੀਆਂ ਨਾਲੋਂ ਵਧੀਆ ਸਮਾਧੀ ਹੈ ।
ਹਰਿ ਕੀਰਤਨ ਮਹਿ ਊਤਮ ਧੁਨਾ ॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਸੁਰਤਿ ਜੋੜਨੀ ਸਭ ਤੋਂ ਸੇ੍ਰਸ਼ਟ ਕੰਮ ਹੈ ।
ਨਾਨਕ ਗੁਰ ਮਿਲਿ ਗਾਇ ਗੁਨਾ ॥੪॥੮॥
ਹੇ ਨਾਨਕ! ਗੁਰੂ ਨੂੰ ਮਿਲ ਕੇ ਗੁਣ ਗਾਂਦਾ ਰਿਹਾ ਕਰ ।੪।੮।
ਬਸੰਤੁ ਮਹਲਾ ੫ ॥
ਬਸੰਤ ਪੰਜਵੀਂ ਪਾਤਿਸ਼ਾਹੀ।
ਜਿਸੁ ਬੋਲਤ ਮੁਖੁ ਪਵਿਤੁ ਹੋਇ ॥
ਹੇ ਭਾਈ! (ਉਹ ਹਰਿ-ਨਾਮ ਉਚਾਰਿਆ ਕਰ) ਜਿਸ ਨੂੰ ਉਚਾਰਦਿਆਂ ਮੂੰਹ ਪਵਿੱਤਰ ਹੋ ਜਾਂਦਾ ਹੈ,
ਜਿਸੁ ਸਿਮਰਤ ਨਿਰਮਲ ਹੈ ਸੋਇ ॥
ਜਿਸ ਨੂੰ ਸਿਮਰਦਿਆਂ (ਲੋਕ ਪਰਲੋਕ ਵਿਚ) ਬੇ-ਦਾਗ਼ ਸੋਭਾ ਮਿਲਦੀ ਹੈ,
ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥
ਜਿਸ ਨੂੰ ਅਰਾਧਦਿਆਂ ਜਮ-ਰਾਜ ਕੁਝ ਨਹੀਂ ਆਖਦਾ
ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥
(ਡਰਾ ਨਹੀਂ ਸਕਦਾ) ਜਿਸ ਦੀ ਸੇਵਾ-ਭਗਤੀ ਨਾਲ (ਮਨੁੱਖ) ਹਰੇਕ (ਲੋੜੀਂਦੀ) ਚੀਜ਼ ਹਾਸਲ ਕਰ ਲੈਂਦਾ ਹੈ ।੧।
ਰਾਮ ਰਾਮ ਬੋਲਿ ਰਾਮ ਰਾਮ ॥
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਉਚਾਰਿਆ ਕਰ, ਹਰਿ-ਨਾਮ ਉਚਾਰਿਆ ਕਰ ।
ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥
ਆਪਣੇ ਮਨ ਦੀਆਂ ਹੋਰ ਸਾਰੀਆਂ ਵਾਸ਼ਨਾਂ ਛੱਡ ਦੇਹ ।੧।ਰਹਾਉ।
ਜਿਸ ਕੇ ਧਾਰੇ ਧਰਣਿ ਅਕਾਸੁ ॥
ਹੇ ਭਾਈ! (ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ) ਧਰਤੀ ਤੇ ਆਕਾਸ਼ ਜਿਸ ਦੇ ਟਿਕਾਏ ਹੋਏ ਹਨ,
ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥
ਜਿਸ ਦਾ ਨੂਰ ਹਰੇਕ ਸਰੀਰ ਵਿਚ ਹੈ,
ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥
ਜਿਸ ਨੂੰ ਸਿਮਰਦਿਆਂ ਵਿਕਾਰੀ ਮਨੁੱਖ (ਭੀ) ਸੁੱਚੇ ਜੀਵਨ ਵਾਲਾ ਹੋ ਜਾਂਦਾ ਹੈ,
ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥
(ਤੇ, ਜਿਸ ਦੀ ਬਰਕਤਿ ਨਾਲ) ਅੰਤ ਸਮੇ (ਮਨੁੱਖ) ਮੁੜ ਮੁੜ ਦੁਖੀ ਨਹੀਂ ਹੁੰਦਾ ।੨।
ਸਗਲ ਧਰਮ ਮਹਿ ਊਤਮ ਧਰਮ ॥
ਹੇ ਭਾਈ! (ਪਰਮਾਤਮਾ ਦਾ ਨਾਮ ਸਿਮਰਿਆ ਕਰ) ਸਾਰੇ ਧਰਮਾਂ ਵਿਚੋਂ (ਨਾਮ-ਸਿਮਰਨ ਹੀ) ਸਭ ਤੋਂ ਸੇ੍ਰਸ਼ਟ ਧਰਮ ਹੈ,
ਕਰਮ ਕਰਤੂਤਿ ਕੈ ਊਪਰਿ ਕਰਮ ॥
ਇਹੀ ਕਰਮ ਹੋਰ ਸਾਰੇ ਧਾਰਮਿਕ ਕਰਮਾਂ ਨਾਲੋਂ ਉੱਤਮ ਹੈ ।
ਜਿਸ ਕਉ ਚਾਹਹਿ ਸੁਰਿ ਨਰ ਦੇਵ ॥
ਹੇ ਭਾਈ! (ਉਸ ਪਰਮਾਤਮਾ ਨੂੰ ਯਾਦ ਕਰਿਆ ਕਰ) ਜਿਸ ਨੂੰ (ਮਿਲਣ ਲਈ) ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭੀ ਲੋਚਦੇ ਹਨ ।
ਸੰਤ ਸਭਾ ਕੀ ਲਗਹੁ ਸੇਵ ॥੩॥
ਹੇ ਭਾਈ! ਸਾਧ ਸੰਗਤਿ ਦੀ ਸੇਵਾ ਕਰਿਆ ਕਰ (ਸਾਧ ਸੰਗਤਿ ਵਿਚੋਂ ਹੀ ਨਾਮ-ਸਿਮਰਨ ਦੀ ਦਾਤਿ ਮਿਲਦੀ ਹੈ) ।੩।
ਆਦਿ ਪੁਰਖਿ ਜਿਸੁ ਕੀਆ ਦਾਨੁ ॥
ਹੇ ਭਾਈ! ਸਭ ਦੇ ਮੂਲ ਅਤੇ ਸਰਬ-ਵਿਆਪਕ ਪ੍ਰਭੂ ਨੇ ਜਿਸ ਮਨੁੱਖ ਨੂੰ ਦਾਤਿ ਬਖ਼ਸ਼ੀ,
ਤਿਸ ਕਉ ਮਿਲਿਆ ਹਰਿ ਨਿਧਾਨੁ ॥
ਉਸ ਨੂੰ ਹਰਿ-ਨਾਮ ਦਾ ਖ਼ਜ਼ਾਨਾ ਮਿਲ ਗਿਆ ।
ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥
ਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ,
ਨਾਨਕ ਜਨ ਹਰਿ ਹਰਿ ਧਿਆਇ ॥੪॥੯॥
ਉਸ ਦੀ ਬਾਬਤ ਇਹ ਨਹੀਂ ਦੱਸਿਆ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ ।੪।੯।
ਬਸੰਤੁ ਮਹਲਾ ੫ ॥
ਬਸੰਤ ਪੰਜਵੀਂ ਪਾਤਿਸ਼ਾਹੀ।
ਮਨ ਤਨ ਭੀਤਰਿ ਲਾਗੀ ਪਿਆਸ ॥
ਹੇ ਭਾਈ! ਦਇਆਵਾਨ ਗੁਰੂ ਨੇ ਮੇਰੀ (ਚਿਰਾਂ ਦੀ) ਆਸ ਪੂਰੀ ਕਰ ਦਿੱਤੀ ਹੈ ।
ਗੁਰਿ ਦਇਆਲਿ ਪੂਰੀ ਮੇਰੀ ਆਸ ॥
(ਹੁਣ) ਮੇਰੇ ਮਨ ਵਿਚ ਮੇਰੇ ਤਨ ਵਿਚ (ਹਰਿ-ਨਾਮ ਦੀ) ਲਗਨ ਬਣ ਗਈ ਹੈ ।
ਕਿਲਵਿਖ ਕਾਟੇ ਸਾਧਸੰਗਿ ॥
ਗੁਰੂ ਦੀ ਸੰਗਤਿ ਵਿਚ (ਮੇਰੇ ਸਾਰੇ) ਪਾਪ ਕੱਟੇ ਗਏ ਹਨ
ਨਾਮੁ ਜਪਿਓ ਹਰਿ ਨਾਮ ਰੰਗਿ ॥੧॥
(ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਪ੍ਰੇਮ-ਰੰਗ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ ।੧।
ਗੁਰ ਪਰਸਾਦਿ ਬਸੰਤੁ ਬਨਾ ॥
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ) ਬਸੰਤ (ਰੁੱਤ ਵਾਲਾ ਖਿੜਾਉ) ਬਣ ਗਿਆ ਹੈ ।
ਚਰਨ ਕਮਲ ਹਿਰਦੈ ਉਰਿ ਧਾਰੇ ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥
(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਦਿਲ ਵਿਚ ਵਸਾ ਲਏ ਹਨ । ਹੁਣ ਮੈਂ ਹਰ ਵੇਲੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ ਹਾਂ ।੧।ਰਹਾਉ।