Sri Guru Granth Sahib Ji — Ang 118 (punjabi)
ਹਰਿ ਚੇਤਹੁ ਅੰਤਿ ਹੋਇ ਸਖਾਈ ॥
(ਕਿ) ਪਰਮਾਤਮਾ ਦਾ ਚਿੰਤਨ ਕਰਦਾ ਰਹੁ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ ਤਦੋਂ) ਅੰਤ ਵੇਲੇ (ਪ੍ਰਭੂ ਦਾ ਨਾਮ ਹੀ) ਸਾਥੀ ਬਣਦਾ ਹੈ ।
ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥੧॥
ਉਹ ਪਰਮਾਤਮਾ (ਉਂਞ ਤਾਂ) ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ । ਉਸ ਪ੍ਰਭੂ ਦੇ ਸਿਰ ਤੇ ਹੋਰ ਕੋਈ ਮਾਲਕ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਗੁਰੂ ਦੇ ਅਨੁਸਾਰ ਹੋ ਕੇ ਤੁਰਿਆਂ ਉਸ ਨੂੰ ਮਿਲ ਸਕੀਦਾ ਹੈ ।੧।
ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥
ਮੈਂ ਸਦਕੇ ਕੁਰਬਾਨ ਹਾਂ ਉਹਨਾਂ ਤੋਂ, ਜੇਹੜੇ ਆਪਾ-ਭਾਵ ਦੂਰ ਕਰਦੇ ਹਨ ।
ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥
ਜਦੋਂ ਮਨੁੱਖ ਆਪਾ-ਭਾਵ ਦੂਰ ਕਰਦਾ ਹੈ, ਤਾਂ ਪਰਮਾਤਮਾ ਨੂੰ ਮਿਲ ਪੈਂਦਾ ਹੈ, ਪਰਮਾਤਮਾ ਨਾਲ (ਮਿਲ ਕੇ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ।੧।ਰਹਾਉ।
ਪੂਰਬਿ ਲਿਖਿਆ ਸੁ ਕਰਮੁ ਕਮਾਇਆ ॥
(ਪਰ ਇਹ ਆਪਾ-ਭਾਵ ਦੂਰ ਕਰਨ ਦਾ) ਸ੍ਰੇਸ਼ਟ ਕੰਮ ਉਹ ਮਨੁੱਖ (ਹੀ) ਕਰਦਾ ਹੈ, ਜਿਸ ਦੇ ਅੰਦਰ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਪਾ-ਭਾਵ ਦੂਰ ਕਰਨ ਦੇ ਸੰਸਕਾਰਾਂ ਦਾ ਲੇਖ ਮੌਜੂਦ ਹੋਵੇ ।
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥
ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਦਾ ਹੈ ।
ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ ॥੨॥
ਗੁਰੂ ਭੀ ਪੂਰੀ ਕਿਸਮਤ ਤੋਂ ਬਿਨਾ ਨਹੀਂ ਮਿਲਦਾ । (ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ।੨।
ਗੁਰਮੁਖਿ ਅਲਿਪਤੁ ਰਹੈ ਸੰਸਾਰੇ ॥
ਗੁਰੂ ਦੀ ਮਤਿ ਗ੍ਰਹਿਣ ਕਰਨ ਵਾਲਾ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਜਗਤ ਵਿਚ ਨਿਰਮੋਹ ਰਹਿੰਦਾ ਹੈ
ਗੁਰ ਕੈ ਤਕੀਐ ਨਾਮਿ ਅਧਾਰੇ ॥
ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦਾ ਸਹਾਰਾ ਲੈ ਕੇ ਗੁਰੂ ਦਾ ਆਸਰਾ ਲੈਂਦਾ ਹੈ ।
ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥੩॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਉੱਤੇ ਕੋਈ ਹੋਰ ਮਨੁੱਖ ਦਬਾਉ ਨਹੀਂ ਪਾ ਸਕਦਾ, ਉਹ ਸਗੋਂ ਆਪ ਹੀ ਖ਼ੁਆਰ ਹੋ ਕੇ ਦੁੱਖ ਸਹਾਰਦਾ ਹੈ ।੩।
ਮਨਮੁਖਿ ਅੰਧੇ ਸੁਧਿ ਨ ਕਾਈ ॥
ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ ।
ਆਤਮ ਘਾਤੀ ਹੈ ਜਗਤ ਕਸਾਈ ॥
(ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ) ।
ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥
ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ ।੪।
ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥
(ਪਰ ਹੇ ਭਾਈ ! ਜੀਵਾਂ ਦੇ ਕੀਹ ਵੱਸ ?) ਇਹ ਜਗਤ ਫੁੱਲਾਂ ਦੀ ਬਗ਼ੀਚੀ ਦੇ (ਸਮਾਨ) ਹੈ, ਪ੍ਰਭੂ ਆਪ (ਇਸ ਬਗ਼ੀਚੀ ਦਾ) ਮਾਲੀ ਹੈ ।
ਸਦਾ ਸਮਾਲੇ ਕੋ ਨਾਹੀ ਖਾਲੀ ॥
ਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਿਰਵਾ ਨਹੀਂ ਰਹਿੰਦਾ ।
ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥੫॥
(ਪਰ) ਜਿਹੋ ਜਿਹੀ ਸੁਗੰਧੀ (ਜੀਵ ਫੁੱਲ ਦੇ ਅੰਦਰ) ਮਾਲੀ ਪ੍ਰਭੂ ਪਾਂਦਾ ਹੈ ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ । (ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ) ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ ।੫।
ਮਨਮੁਖੁ ਰੋਗੀ ਹੈ ਸੰਸਾਰਾ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ (ਵਿਕਾਰਾਂ ਵਿਚ ਪੈ ਕੇ) ਰੋਗੀ ਹੋ ਰਿਹਾ ਹੈ
ਸੁਖਦਾਤਾ ਵਿਸਰਿਆ ਅਗਮ ਅਪਾਰਾ ॥
(ਕਿਉਂਕਿ) ਇਸ ਨੂੰ ਸੁਖਾਂ ਦਾ ਦੇਣ ਵਾਲਾ ਅਪੁਹੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ ।
ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥੬॥
ਮਨਮੁਖ ਜੀਵ ਦੁਖੀ ਹੋ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ ।੬।
ਜਿਨਿ ਕੀਤੇ ਸੋਈ ਬਿਧਿ ਜਾਣੈ ॥
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਹਨਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ ।
ਆਪਿ ਕਰੇ ਤਾ ਹੁਕਮਿ ਪਛਾਣੈ ॥
ਜਦੋਂ ਕਿਸੇ ਨੂੰ ਨਰੋਆ ਕਰ ਦੇਂਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ ।
ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥੭॥
ਜਿਹੋ ਜਿਹਾ ਆਤਮਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਂਦਾ ਹੈ, ਉਸੇ ਤਰ੍ਹਾਂ ਉਹ ਜੀਵ ਵਰਤੋਂ-ਵਿਹਾਰ ਕਰਦਾ ਹੈ । ਪ੍ਰਭੂ ਆਪ ਹੀ ਜੀਵਾਂ ਨੂੰ ਦਿੱਸਦੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ ।੭।
ਤਿਸੁ ਬਾਝਹੁ ਸਚੇ ਮੈ ਹੋਰੁ ਨ ਕੋਈ ॥
(ਹੇ ਭਾਈ !) ਮੈਨੂੰ ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ (ਜੋ ਜੀਵ ਨੂੰ ਬਾਹਰ ਭਟਕਣ ਤੋਂ ਬਚਾ ਸਕੇ)।
ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥
ਜਿਸ ਮਨੁੱਖ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ।
ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥
ਹੇ ਨਾਨਕ ! (ਉਸ ਦੀ ਮੇਹਰ ਨਾਲ ਹੀ) ਉਸਦਾ ਨਾਮ ਜੀਵ ਦੇ ਹਿਰਦੇ ਵਿਚ ਵੱਸਦਾ ਹੈ । ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਬਖ਼ਸ਼ਦਾ ਹੈ ਉਹ ਹਾਸਲ ਕਰ ਲੈਂਦਾ ਹੈ ।੮।੧੪।੧੫।
ਮਾਝ ਮਹਲਾ ੩ ॥
ਮਾਝ, ਤੀਜੀ ਪਾਤਸ਼ਾਹੀ।
ਅੰਮ੍ਰਿਤ ਨਾਮੁ ਮੰਨਿ ਵਸਾਏ ॥
ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ,
ਹਉਮੈ ਮੇਰਾ ਸਭੁ ਦੁਖੁ ਗਵਾਏ ॥
ਉਹ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦਾ ਦੁੱਖ ਦੂਰ ਕਰ ਲੈਂਦਾ ਹੈ,
ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥
ਉਹ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਲਾਹ ਦੀ ਬਾਣੀ ਰਾਹੀਂ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਹਰ ਵੇਲੇ ਨਾਮ-ਅੰਮ੍ਰਿਤ (ਦੇ ਘੁੱਟ) ਹੀ ਪੀਂਦਾ ਹੈ ।੧।
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥
ਮੈਂ ਉਸ ਮਨੁੱਖ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੋ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ (ਪਰਮਾਤਮਾ ਨੂੰ) ਆਪਣੇ ਮਨ ਵਿਚ ਵਸਾਂਦਾ ਹੈ,
ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥
ਜੋ ਅੰਮ੍ਰਿਤ ਬਾਣੀ ਮਨ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ-ਨਾਮ ਸਦਾ ਸਿਮਰਦਾ ਹੈ ।੧।ਰਹਾਉ।
ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥ ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥
ਜੇਹੜਾ ਮਨੁੱਖ ਆਪਣੇ ਮੂੰਹ ਨਾਲ ਬਚਨਾਂ ਦੀ ਰਾਹੀਂ ਆਤਮਕ ਜੀਵਨ-ਦਾਤਾ ਪ੍ਰਭ-ਨਾਮ ਸਦਾ ਉਚਾਰਦਾ ਹੈ, ਉਹ ਅੱਖਾਂ ਨਾਲ (ਭੀ) ਸਦਾ ਜੀਵਨ-ਦਾਤੇ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਪਛਾਣਦਾ ਹੈ ।
ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥
ਉਹ ਜੀਵਨ-ਦਾਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਦਿਨ ਰਾਤ ਕਰਦਾ ਹੈ ਤੇ ਹੋਰਨਾਂ ਨੂੰ (ਭੀ) ਆਖ ਕੇ ਸੁਣਾਂਦਾ ਹੈ ।੨।
ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥
ਜੇਹੜਾ ਮਨੁੱਖ ਜੀਵਨ-ਦਾਤੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਦਾ ਹੈ,
ਅੰਮ੍ਰਿਤੁ ਗੁਰ ਪਰਸਾਦੀ ਪਾਏ ॥
ਉਹ ਗੁਰੂ ਦੀ ਕਿਰਪਾ ਨਾਲ ਉਸ ਜੀਵਨ-ਦਾਤੇ ਨੂੰ ਮਿਲ ਪੈਂਦਾ ਹੈ,
ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥
ਉਹ ਆਪਣੀ ਜੀਭ ਨਾਲ ਦਿਨ ਰਾਤ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਉਚਾਰਦਾ ਹੈ, ਉਹ ਆਪਣੇ ਮਨ ਦੀ ਰਾਹੀਂ ਤੇ ਆਪਣੇ ਗਿਆਨ-ਇੰਦ੍ਰਿਆਂ ਦੀ ਰਾਹੀਂ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ ।੩।
ਸੋ ਕਿਛੁ ਕਰੈ ਜੁ ਚਿਤਿ ਨ ਹੋਈ ॥
(ਹੇ ਭਾਈ !) ਪਰਮਾਤਮਾ ਉਹ ਕੁਝ ਕਰ ਦਿੰਦਾ ਹੈ ਜੋ (ਜੀਵਾਂ ਦੇ) ਚਿੱਤ-ਚੇਤੇ ਭੀ ਨਹੀਂ ਹੁੰਦਾ।
ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥
ਕੋਈ ਭੀ ਜੀਵ ਉਸ ਕਰਤਾਰ ਦਾ ਹੁਕਮ (ਭੀ) ਮੋੜ ਨਹੀਂ ਸਕਦਾ ।
ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥
ਉਸ ਦੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਮਨੁੱਖ ਦੇ ਹਿਰਦੇ ਵਿਚ) ਉਸ ਦੀ ਆਤਮਕ ਜੀਵਨ-ਦਾਤੀ ਸਿਫ਼ਤਿ-ਸਾਲਾਹ ਦੀ ਬਾਣੀ ਵੱਸ ਪੈਂਦੀ ਹੈ, ਉਹ ਆਪਣੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਨੂੰ) ਆਪਣਾ ਨਾਮ-ਅੰਮ੍ਰਿਤ ਪਿਲਾਂਦਾ ਹੈ ।੪।
ਅਜਬ ਕੰਮ ਕਰਤੇ ਹਰਿ ਕੇਰੇ ॥
(ਹੇ ਭਾਈ !) ਉਸ ਹਰੀ ਕਰਤਾਰ ਦੇ ਕੌਤਕ ਅਚਰਜ ਹਨ,
ਇਹੁ ਮਨੁ ਭੂਲਾ ਜਾਂਦਾ ਫੇਰੇ ॥
(ਜੀਵਾਂ ਦੇ) ਕੁਰਾਹੇ ਪੈ ਕੇ ਭਟਕਦੇ ਇਸ ਮਨ ਨੂੰ (ਭੀ) ਉਹ ਕਰਤਾਰ ਮੋੜ ਲਿਆਉਂਦਾ ਹੈ ।
ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ ॥੫॥
ਉਸ ਮਨ ਨੂੰ ਪ੍ਰਭੂ ਆਪਣੀ ਆਤਮਕ ਜੀਵਨ-ਦਾਤੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਜੋੜ ਦੇਂਦਾ ਹੈ, ਤੇ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਆਪਣਾ ਨਾਮ (ਉਸ ਦੇ ਅੰਦਰ) ਪਰਗਟ ਕਰ ਦੇਂਦਾ ਹੈ ।੫।