Sri Guru Granth Sahib Ji — Ang 1174 (punjabi)
ਪਰਪੰਚ ਵੇਖਿ ਰਹਿਆ ਵਿਸਮਾਦੁ ॥
ਹੇ ਭਾਈ! ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਦੇ ਨਾਮ ਦੀ ਦਾਤਿ ਮਿਲਦੀ ਹੈ (ਜਿਸ ਨੂੰ ਇਹ ਦਾਤਿ ਮਿਲਦੀ ਹੈ
ਗੁਰਮੁਖਿ ਪਾਈਐ ਨਾਮ ਪ੍ਰਸਾਦੁ ॥੩॥
ਉਹ ਮਨੁੱਖ ਪਰਮਾਤਮਾ ਦੀ ਰਚੀ ਇਸ) ਜਗਤ-ਖੇਡ ਨੂੰ ਵੇਖ ਕੇ ‘ਵਾਹ ਵਾਹ’ ਕਰ ਉੱਠਦਾ ਹੈ ।੩।
ਆਪੇ ਕਰਤਾ ਸਭਿ ਰਸ ਭੋਗ ॥
ਹੇ ਭਾਈ! (ਪਰਮਾਤਮਾ ਸਭ ਥਾਈਂ ਵਿਆਪਕ ਹੋ ਕੇ) ਆਪ ਹੀ ਸਾਰੇ ਰਸ ਭੋਗ ਰਿਹਾ ਹੈ ।
ਜੋ ਕਿਛੁ ਕਰੇ ਸੋਈ ਪਰੁ ਹੋਗ ॥
ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਜ਼ਰੂਰ ਉਹੀ ਹੁੰਦਾ ਹੈ ।
ਵਡਾ ਦਾਤਾ ਤਿਲੁ ਨ ਤਮਾਇ ॥
ਉਹ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਉਸ ਨੂੰ ਆਪ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ ।
ਨਾਨਕ ਮਿਲੀਐ ਸਬਦੁ ਕਮਾਇ ॥੪॥੬॥
ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿਚ ਢਾਲ ਕੇ (ਹੀ ਉਸ ਨੂੰ) ਮਿਲਿਆ ਜਾ ਸਕਦਾ ਹੈ ।੪।੬।
ਬਸੰਤੁ ਮਹਲਾ ੩ ॥
ਬਸੰਤ ਤੀਜੀ ਪਾਤਿਸ਼ਾਹੀ।
ਪੂਰੈ ਭਾਗਿ ਸਚੁ ਕਾਰ ਕਮਾਵੈ ॥
ਹੇ ਭਾਈ! ਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ,
ਏਕੋ ਚੇਤੈ ਫਿਰਿ ਜੋਨਿ ਨ ਆਵੈ ॥
ਜਿਹੜਾ ਮਨੁੱਖ ਸਿਰਫ਼ ਇਕ ਪਰਮਾਤਮਾ ਨੂੰ ਹੀ ਚਿੱਤ ਵਿਚ ਟਿਕਾਂਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ ।
ਸਫਲ ਜਨਮੁ ਇਸੁ ਜਗ ਮਹਿ ਆਇਆ ॥
ਇਸ ਜਗਤ ਵਿਚ ਆਇਆ ਹੋਇਆ ਉਹ ਮਨੁੱਖ ਕਾਮਯਾਬ ਜ਼ਿੰਦਗੀ ਵਾਲਾ ਹੈ,
ਸਾਚਿ ਨਾਮਿ ਸਹਜਿ ਸਮਾਇਆ ॥੧॥
ਜੋ ਸਦਾ-ਥਿਰ ਹਰਿ-ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।੧।
ਗੁਰਮੁਖਿ ਕਾਰ ਕਰਹੁ ਲਿਵ ਲਾਇ ॥
ਹੇ ਭਾਈ! ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ ।
ਹਰਿ ਨਾਮੁ ਸੇਵਹੁ ਵਿਚਹੁ ਆਪੁ ਗਵਾਇ ॥੧॥ ਰਹਾਉ ॥
ਗੁਰੂ ਦੀ ਸਰਨ ਪੈ ਕੇ ਸੁਰਤਿ ਜੋੜ ਕੇ ਕਾਰ ਕਰਦੇ ਰਿਹਾ ਕਰੋ ।੧।ਰਹਾਉ।
ਤਿਸੁ ਜਨ ਕੀ ਹੈ ਸਾਚੀ ਬਾਣੀ ॥
ਹੇ ਭਾਈ! ਜਿਹੜਾ ਮਨੁੱਖ ਸਦਾ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ,
ਗੁਰ ਕੈ ਸਬਦਿ ਜਗ ਮਾਹਿ ਸਮਾਣੀ ॥
ਉਸ ਮਨੁੱਖ ਦੀ ਟੇਕ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਉਹ ਬਾਣੀ ਬਣ ਜਾਂਦੀ ਹੈ ਜਿਹੜੀ ਸਾਰੇ ਜਗਤ ਵਿਚ (ਜੀਵਨ-ਰੌ ਹੋ ਕੇ) ਸਮਾਈ ਹੋਈ ਹੈ ।
ਚਹੁ ਜੁਗ ਪਸਰੀ ਸਾਚੀ ਸੋਇ ॥
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗਿਆ ਹੋਇਆ ਮਨੁੱਖ (ਜਗਤ ਵਿਚ) ਪ੍ਰਸਿੱਧ ਹੋ ਜਾਂਦਾ ਹੈ,
ਨਾਮਿ ਰਤਾ ਜਨੁ ਪਰਗਟੁ ਹੋਇ ॥੨॥
ਉਸ ਦੀ ਅਟੱਲ ਸੋਭਾ ਚੌਹਾਂ ਜੁਗਾਂ ਵਿਚ ਖਿਲਰੀ ਰਹਿੰਦੀ ਹੈ ।੨।
ਇਕਿ ਸਾਚੈ ਸਬਦਿ ਰਹੇ ਲਿਵ ਲਾਇ ॥
ਹੇ ਭਾਈ! ਕਈ ਅਜਿਹੇ ਮਨੁੱਖ ਹਨ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਸੁਰਤਿ ਜੋੜੀ ਰੱਖਦੇ ਹਨ ।
ਸੇ ਜਨ ਸਾਚੇ ਸਾਚੈ ਭਾਇ ॥
ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ ।
ਸਾਚੁ ਧਿਆਇਨਿ ਦੇਖਿ ਹਜੂਰਿ ॥
ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਕੇ ਉਸ ਦਾ ਨਾਮ ਸਿਮਰਦੇ ਰਹਿੰਦੇ ਹਨ,
ਸੰਤ ਜਨਾ ਕੀ ਪਗ ਪੰਕਜ ਧੂਰਿ ॥੩॥
ਅਤੇ ਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ (ਆਪਣੇ ਮੱਥੇ ਤੇ ਲਾਂਦੇ ਹਨ) ।੩।
ਏਕੋ ਕਰਤਾ ਅਵਰੁ ਨ ਕੋਇ ॥
ਉਸ ਨੂੰ (ਹਰ ਥਾਂ) ਇਕ ਕਰਤਾਰ ਹੀ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਜ਼ਰੀਂ ਨਹੀਂ ਆਉਂਦਾ ।
ਗੁਰ ਸਬਦੀ ਮੇਲਾਵਾ ਹੋਇ ॥
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਉਸ ਦਾ ਮਿਲਾਪ ਹੋ ਜਾਂਦਾ ਹੈ ।
ਜਿਨਿ ਸਚੁ ਸੇਵਿਆ ਤਿਨਿ ਰਸੁ ਪਾਇਆ ॥
ਉਸ ਨੇ ਆਤਮਕ ਆਨੰਦ ਮਾਣਿਆ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ।
ਨਾਨਕ ਸਹਜੇ ਨਾਮਿ ਸਮਾਇਆ ॥੪॥੭॥
ਹੇ ਨਾਨਕ! ਜਿਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ ਹੈ ।੪।੭।
ਬਸੰਤੁ ਮਹਲਾ ੩ ॥
ਬਸੰਤ ਤੀਜੀ ਪਾਤਸ਼ਾਹੀ।
ਭਗਤਿ ਕਰਹਿ ਜਨ ਦੇਖਿ ਹਜੂਰਿ ॥
ਹੇ ਭਾਈ! ਭਗਤ-ਜਨ ਪਰਮਾਤਮਾ ਨੂੰ ਅੰਗ-ਸੰਗ ਵੱਸਦਾ ਵੇਖ ਕੇ ਉਸ ਦੀ ਭਗਤੀ ਕਰਦੇ ਹਨ,
ਸੰਤ ਜਨਾ ਕੀ ਪਗ ਪੰਕਜ ਧੂਰਿ ॥
ਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ (ਆਪਣੇ ਮੱਥੇ ਤੇ ਲਾਂਦੇ ਹਨ)
ਹਰਿ ਸੇਤੀ ਸਦ ਰਹਹਿ ਲਿਵ ਲਾਇ ॥
ਉਹ ਸਦਾ ਪਰਮਾਤਮਾ ਨਾਲ ਆਪਣੀ ਸੁਰਤਿ ਜੋੜੀ ਰੱਖਦੇ ਹਨ ।
ਪੂਰੈ ਸਤਿਗੁਰਿ ਦੀਆ ਬੁਝਾਇ ॥੧॥
ਪੂਰੇ ਗੁਰੂ ਨੇ ਉਹਨਾਂ ਨੂੰ ਇਹ ਸਮਝ ਬਖ਼ਸ਼ੀ ਹੁੰਦੀ ਹੈ ।੧।
ਦਾਸਾ ਕਾ ਦਾਸੁ ਵਿਰਲਾ ਕੋਈ ਹੋਇ ॥
ਹੇ ਭਾਈ! ਕੋਈ ਵਿਰਲਾ ਮਨੁੱਖ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਦਾ ਹੈ,
ਊਤਮ ਪਦਵੀ ਪਾਵੈ ਸੋਇ ॥੧॥ ਰਹਾਉ ॥
(ਜਿਹੜਾ ਮਨੁੱਖ ਬਣਦਾ ਹੈ) ਉਹ ਸ੍ਰੇਸ਼ਟ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ।੧।ਰਹਾਉ।
ਏਕੋ ਸੇਵਹੁ ਅਵਰੁ ਨ ਕੋਇ ॥
ਹੇ ਭਾਈ! ਉਸ ਇਕ ਪਰਮਾਤਮਾ ਦੀ ਭਗਤੀ ਕਰਿਆ ਕਰੋ, ਜਿਸ ਵਰਗਾ ਹੋਰ ਕੋਈ ਨਹੀਂ ਹੈ,
ਜਿਤੁ ਸੇਵਿਐ ਸਦਾ ਸੁਖੁ ਹੋਇ ॥
ਤੇ ਜਿਸ ਦੀ ਭਗਤੀ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ।
ਨਾ ਓਹੁ ਮਰੈ ਨ ਆਵੈ ਜਾਇ ॥
ਹੇ (ਮੇਰੀ) ਮਾਂ! ਉਹ ਪਰਮਾਤਮਾ ਨਾਹ ਕਦੇ ਮਰਦਾ ਹੈ, ਨਾਹ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ ।
ਤਿਸੁ ਬਿਨੁ ਅਵਰੁ ਸੇਵੀ ਕਿਉ ਮਾਇ ॥੨॥
ਮੈਂ ਉਸ ਤੋਂ ਬਿਨਾ ਕਿਸੇ ਹੋਰ ਦੀ ਭਗਤੀ ਕਿਉਂ ਕਰਾਂ? ।੨।
ਸੇ ਜਨ ਸਾਚੇ ਜਿਨੀ ਸਾਚੁ ਪਛਾਣਿਆ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ, ਉਹ ਅਟੱਲ ਜੀਵਨ ਵਾਲੇ ਹੋ ਗਏ ।
ਆਪੁ ਮਾਰਿ ਸਹਜੇ ਨਾਮਿ ਸਮਾਣਿਆ ॥
ਉਹ ਮਨੁੱਖ ਆਪਾ-ਭਾਵ ਗਵਾ ਕੇ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ।
ਗੁਰਮੁਖਿ ਨਾਮੁ ਪਰਾਪਤਿ ਹੋਇ ॥
ਹੇ ਭਾਈ! ਪਰਮਾਤਮਾ ਦਾ ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ,
ਮਨੁ ਨਿਰਮਲੁ ਨਿਰਮਲ ਸਚੁ ਸੋਇ ॥੩॥
(ਜਿਸ ਨੂੰ ਮਿਲਦਾ ਹੈ ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਨੂੰ) ਸਦਾ-ਥਿਰ ਤੇ ਪਵਿੱਤਰ ਪਰਮਾਤਮਾ (ਹੀ ਹਰ ਥਾਂ ਦਿੱਸਦਾ ਹੈ) ।੩।
ਜਿਨਿ ਗਿਆਨੁ ਕੀਆ ਤਿਸੁ ਹਰਿ ਤੂ ਜਾਣੁ ॥
ਹੇ ਭਾਈ! ਜਿਸ (ਪਰਮਾਤਮਾ) ਨੇ (ਤੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਕੀਤੀ ਹੈ, ਉਸ ਨਾਲ ਸਦਾ ਡੂੰਘੀ ਸਾਂਝ ਪਾਈ ਰੱਖ ।
ਸਾਚ ਸਬਦਿ ਪ੍ਰਭੁ ਏਕੁ ਸਿਞਾਣੁ ॥
ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾਈ ਰੱਖ ।
ਹਰਿ ਰਸੁ ਚਾਖੈ ਤਾਂ ਸੁਧਿ ਹੋਇ ॥
ਹੇ ਨਾਨਕ! ਜਦੋਂ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ ਤਦੋਂ (ਉਸ ਨੂੰ ਉੱਚੇ ਆਤਮਕ ਜੀਵਨ ਦੀ) ਸਮਝ ਪ੍ਰਾਪਤ ਹੋ ਜਾਂਦੀ ਹੈ ।
ਨਾਨਕ ਨਾਮਿ ਰਤੇ ਸਚੁ ਸੋਇ ॥੪॥੮॥
ਨਾਮ ਵਿਚ ਰੰਗੀਜ ਕੇ ਉਹ ਸਦਾ-ਥਿਰ ਪ੍ਰਭੂ (ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ) ।੪।੮।
ਬਸੰਤੁ ਮਹਲਾ ੩ ॥
ਬਸੰਤ ਤੀਜੀ ਪਾਤਿਸ਼ਾਹੀ।
ਨਾਮਿ ਰਤੇ ਕੁਲਾਂ ਕਾ ਕਰਹਿ ਉਧਾਰੁ ॥
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ (ਆਪਣੀਆਂ ਸਾਰੀਆਂ) ਕੁਲਾਂ ਦਾ (ਭੀ) ਪਾਰ-ਉਤਾਰਾ ਕਰ ਲੈਂਦੇ ਹਨ ।
ਸਾਚੀ ਬਾਣੀ ਨਾਮ ਪਿਆਰੁ ॥
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਉਹਨਾਂ ਦੇ ਹਿਰਦੇ ਵਿਚ ਟਿਕੀ ਰਹਿੰਦੀ ਹੈ), ਹਰਿ-ਨਾਮ ਦਾ ਪਿਆਰ (ਉਹਨਾਂ ਦੇ ਮਨ ਵਿਚ ਵੱਸਿਆ ਰਹਿੰਦਾ ਹੈ) ।
ਮਨਮੁਖ ਭੂਲੇ ਕਾਹੇ ਆਏ ॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ,
ਨਾਮਹੁ ਭੂਲੇ ਜਨਮੁ ਗਵਾਏ ॥੧॥
ਨਾਮ ਤੋਂ ਖੁੰਝ ਕੇ ਜੀਵਨ ਅਜਾਈਂ ਗਵਾ ਕੇ ਉਹ ਜਗਤ ਵਿਚ ਜਿਹੇ ਆਏ ਜਿਹੇ ਨਾਹ ਆਏ ।੧।
ਜੀਵਤ ਮਰੈ ਮਰਿ ਮਰਣੁ ਸਵਾਰੈ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ,
ਗੁਰ ਕੈ ਸਬਦਿ ਸਾਚੁ ਉਰ ਧਾਰੈ ॥੧॥ ਰਹਾਉ ॥
ਉਹ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ । ਵਿਕਾਰਾਂ ਵਲੋਂ ਮਰ ਕੇ ਉਹ ਮਨੁੱਖ ਵਿਕਾਰਾਂ ਤੋਂ ਬਚੇ ਹੋਏ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ ।੧।ਰਹਾਉ।
ਗੁਰਮੁਖਿ ਸਚੁ ਭੋਜਨੁ ਪਵਿਤੁ ਸਰੀਰਾ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਖ਼ੁਰਾਕ ਬਣਾਂਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ,
ਮਨੁ ਨਿਰਮਲੁ ਸਦ ਗੁਣੀ ਗਹੀਰਾ ॥
ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ।
ਜੰਮੈ ਮਰੈ ਨ ਆਵੈ ਜਾਇ ॥
ਗੁਣਾਂ ਦਾ ਮਾਲਕ ਡੂੰਘੇ ਜਿਗਰੇ ਵਾਲਾ ਹਰੀ ਸਦਾ (ਉਸ ਦੇ ਅੰਦਰ ਵੱਸਦਾ ਹੈ) । ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,
ਗੁਰ ਪਰਸਾਦੀ ਸਾਚਿ ਸਮਾਇ ॥੨॥
ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ।੨।
ਸਾਚਾ ਸੇਵਹੁ ਸਾਚੁ ਪਛਾਣੈ ॥
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਭਗਤੀ ਕਰਿਆ ਕਰੋ ।
ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹੈ, ਪਰਮਾਤਮਾ ਦੇ ਦਰ ਤੇ ਉਸ ਨੂੰ ਆਦਰ ਮਿਲਦਾ ਹੈ ।