Sri Guru Granth Sahib Ji — Ang 1173 (punjabi)
ਨਦਰਿ ਕਰੇ ਚੂਕੈ ਅਭਿਮਾਨੁ ॥
ਹੇ ਭਾਈ! ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ,
ਸਾਚੀ ਦਰਗਹ ਪਾਵੈ ਮਾਨੁ ॥
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ ।
ਹਰਿ ਜੀਉ ਵੇਖੈ ਸਦ ਹਜੂਰਿ ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ,
ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥
ਪਰਮਾਤਮਾ ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ ।੩।
ਜੀਅ ਜੰਤ ਕੀ ਕਰੇ ਪ੍ਰਤਿਪਾਲ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਨੂੰ ਸਦਾ ਯਾਦ ਰੱਖਦਾ ਹੈ
ਗੁਰ ਪਰਸਾਦੀ ਸਦ ਸਮੑਾਲ ॥
ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ
ਦਰਿ ਸਾਚੈ ਪਤਿ ਸਿਉ ਘਰਿ ਜਾਇ ॥
ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ-ਥਿਰ ਪ੍ਰਭੂ ਦੇ ਘਰ ਵਿਚ ਇੱਜ਼ਤ ਨਾਲ ਜਾਂਦਾ ਹੈ ।
ਨਾਨਕ ਨਾਮਿ ਵਡਾਈ ਪਾਇ ॥੪॥੩॥
ਹੇ ਨਾਨਕ! ਨਾਮ ਦੀ ਬਰਕਤਿ ਨਾਲ ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ ।੪।੩।
ਬਸੰਤੁ ਮਹਲਾ ੩ ॥
ਬਸੰਤ ਤੀਜੀ ਪਾਤਿਸ਼ਾਹੀ।
ਅੰਤਰਿ ਪੂਜਾ ਮਨ ਤੇ ਹੋਇ ॥
ਹੇ ਭਾਈ! (ਜਿਹੜਾ ਭੀ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਦੇ) ਅੰਦਰ ਹੀ ਜੁੜੇ ਮਨ ਨਾਲ ਪਰਮਾਤਮਾ ਦੀ ਭਗਤੀ ਹੁੰਦੀ ਰਹਿੰਦੀ ਹੈ,
ਏਕੋ ਵੇਖੈ ਅਉਰੁ ਨ ਕੋਇ ॥
(ਉਹ ਮਨੁੱਖ ਹਰ ਥਾਂ) ਸਿਰਫ਼ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ, (ਕਿਤੇ ਭੀ ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨੂੰ ਨਹੀਂ ਵੇਖਦਾ ।
ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥
ਹੇ ਭਾਈ! ਦੁਨੀਆ ਨੇ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਬਹੁਤ ਦੁੱਖ ਪਾਇਆ ਹੈ,
ਸਤਿਗੁਰਿ ਮੈਨੋ ਏਕੁ ਦਿਖਾਇਆ ॥੧॥
ਪਰ ਗੁਰੂ ਨੇ (ਮਿਹਰ ਕਰ ਕੇ) ਮੈਨੂੰ ਸਿਰਫ਼ ਪਰਮਾਤਮਾ ਹੀ (ਹਰ ਥਾਂ ਵੱਸਦਾ) ਵਿਖਾ ਦਿੱਤਾ ਹੈ (ਤੇ, ਮੈਂ ਦੁੱਖ ਤੋਂ ਬਚ ਗਿਆ ਹਾਂ) ।੧।
ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥
ਹੇ ਭਾਈ! ਸਦਾ-ਆਨੰਦ-ਸਰੂਪ ਮੇਰਾ ਪਰਮਾਤਮਾ (ਹਰ ਥਾਂ) ਆਪਣਾ ਪਰਕਾਸ਼ ਕਰ ਰਿਹਾ ਹੈ ।
ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥੧॥ ਰਹਾਉ ॥
ਉਸ ਪਰਮਾਤਮਾ ਦੇ ਗੁਣ ਗਾ ਗਾ ਕੇ (ਮੇਰਾ) ਇਹ ਮਨ ਸਦਾ ਖਿੜਿਆ ਰਹਿੰਦਾ ਹੈ ।੧।ਰਹਾਉ।
ਗੁਰ ਪੂਛਹੁ ਤੁਮੑ ਕਰਹੁ ਬੀਚਾਰੁ ॥
ਹੇ ਭਾਈ! (ਤੁਸਾਂ ਭੀ ਜੇ ਦੁੱਖਾਂ ਤੋਂ ਬਚਣਾ ਹੈ, ਤਾਂ) ਗੁਰੂ ਦੀ ਸਿੱਖਿਆ ਲਵੋ, ਤੇ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਈ ਰੱਖੋ,
ਤਾਂ ਪ੍ਰਭ ਸਾਚੇ ਲਗੈ ਪਿਆਰੁ ॥
(ਜਦੋਂ ਪ੍ਰਭੂ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਉਗੇ) ਤਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਤੁਹਾਡਾ) ਪਿਆਰ ਬਣ ਜਾਇਗਾ ।
ਆਪੁ ਛੋਡਿ ਹੋਹਿ ਦਾਸਤ ਭਾਇ ॥
ਹੇ ਭਾਈ! ਜੇ ਤੂੰ ਆਪਾ-ਭਾਵ (ਹਉਮੈ) ਛੱਡ ਕੇ ਸੇਵਕ-ਸੁਭਾਵ ਵਿਚ ਟਿਕਿਆ ਰਹੇਂ,
ਤਉ ਜਗਜੀਵਨੁ ਵਸੈ ਮਨਿ ਆਇ ॥੨॥
ਤਾਂ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਤੇਰੇ) ਮਨ ਵਿਚ ਆ ਵੱਸੇਗਾ ।੨।
ਭਗਤਿ ਕਰੇ ਸਦ ਵੇਖੈ ਹਜੂਰਿ ॥
ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ,
ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥
ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੇਖਦਾ ਹੈ, ਪਿਆਰਾ ਪ੍ਰਭੂ ਉਸ ਨੂੰ ਹਰ ਥਾਂ ਵਿਆਪਕ ਦਿੱਸਦਾ ਹੈ ।
ਇਸੁ ਭਗਤੀ ਕਾ ਕੋਈ ਜਾਣੈ ਭੇਉ ॥
ਹੇ ਭਾਈ! ਜਿਹੜਾ ਭੀ ਮਨੁੱਖ ਪਰਮਾਤਮਾ ਦੀ ਇਸ ਭਗਤੀ (ਦੇ ਕੌਤਕ) ਦਾ ਭੇਤ ਸਮਝ ਲੈਂਦਾ ਹੈ,
ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥
ਉਸ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸ ਪੈਂਦਾ ਹੈ ।੩।
ਆਪੇ ਸਤਿਗੁਰੁ ਮੇਲਿ ਮਿਲਾਏ ॥
ਪਰ, ਹੇ ਭਾਈ! (ਭਗਤੀ ਦੀ ਦਾਤਿ ਉਸ ਦੀ ਆਪਣੀ ਮਿਹਰ ਨਾਲ ਹੀ ਮਿਲਦੀ ਹੈ) ਜਗਤ ਦਾ ਜੀਵਨ ਪ੍ਰਭੂ ਆਪ ਹੀ (ਮਨੁੱਖ ਨੂੰ) ਗੁਰੂ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ,
ਜਗਜੀਵਨ ਸਿਉ ਆਪਿ ਚਿਤੁ ਲਾਏ ॥
ਉਹ ਆਪ ਹੀ ਮਨੁੱਖ ਦਾ ਚਿੱਤ ਆਪਣੇ ਨਾਲ ਜੋੜਦਾ ਹੈ ।
ਮਨੁ ਤਨੁ ਹਰਿਆ ਸਹਜਿ ਸੁਭਾਏ ॥
ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ,
ਨਾਨਕ ਨਾਮਿ ਰਹੇ ਲਿਵ ਲਾਏ ॥੪॥੪॥
ਉਹ ਪ੍ਰਭੂ-ਪਿਆਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ ।੪।੪।
ਬਸੰਤੁ ਮਹਲਾ ੩ ॥
ਬਸੰਤ ਤੀਜੀ ਪਾਤਿਸ਼ਾਹੀ।
ਭਗਤਿ ਵਛਲੁ ਹਰਿ ਵਸੈ ਮਨਿ ਆਇ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਪ੍ਰਭੂ ਦੇ ਪਿਆਰ ਵਿਚ ਲੀਨ ਰਹਿੰਦਾ ਹੈ,
ਗੁਰ ਕਿਰਪਾ ਤੇ ਸਹਜ ਸੁਭਾਇ ॥
ਭਗਤੀ ਨਾਲ ਪਿਆਰ ਕਰਨ ਵਾਲਾ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ ।
ਭਗਤਿ ਕਰੇ ਵਿਚਹੁ ਆਪੁ ਖੋਇ ॥
ਹੇ ਭਾਈ! ਜਦੋਂ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ,
ਤਦ ਹੀ ਸਾਚਿ ਮਿਲਾਵਾ ਹੋਇ ॥੧॥
ਤਦੋਂ ਹੀ ਸਦਾ-ਥਿਰ ਪਰਮਾਤਮਾ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ ।੧।
ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥
ਹੇ ਭਾਈ! ਪਰਮਾਤਮਾ ਦੀ ਬੰਦਗੀ ਕਰਨ ਵਾਲੇ ਮਨੁੱਖ ਸਦਾ ਪਰਮਾਤਮਾ ਦੇ ਦਰ ਤੇ ਸੋਭਦੇ ਹਨ,
ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥
ਉਹ ਸਦਾ ਗੁਰੂ ਦੇ ਪ੍ਰੇਮ ਵਿਚ ਸਦਾ-ਥਿਰ ਪ੍ਰਭੂ ਦੇ ਪੇ੍ਰਮ ਵਿਚ (ਜੁੜੇ ਰਹਿੰਦੇ ਹਨ) ।੧।ਰਹਾਉ।
ਭਗਤਿ ਕਰੇ ਸੋ ਜਨੁ ਨਿਰਮਲੁ ਹੋਇ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ,
ਗੁਰ ਸਬਦੀ ਵਿਚਹੁ ਹਉਮੈ ਖੋਇ ॥
ਉਹ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ।
ਹਰਿ ਜੀਉ ਆਪਿ ਵਸੈ ਮਨਿ ਆਇ ॥
ਪ੍ਰਭੂ ਆਪ ਉਸ ਦੇ ਮਨ ਵਿਚ ਆ ਵੱਸਦਾ ਹੈ, ਉਸ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ,
ਸਦਾ ਸਾਂਤਿ ਸੁਖਿ ਸਹਜਿ ਸਮਾਇ ॥੨॥
ਉਹ ਸਦਾ ਆਨੰਦ ਵਿਚ ਆਤਮਕ ਅਡਲੋਤਾ ਵਿਚ ਲੀਨ ਰਹਿੰਦਾ ਹੈ ।੨।
ਸਾਚਿ ਰਤੇ ਤਿਨ ਸਦ ਬਸੰਤ ॥
ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ ।
ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ ॥
ਗੋਬਿੰਦ ਦੇ ਗੁਣ ਯਾਦ ਕਰ ਕਰ ਕੇ ਉਹਨਾਂ ਦਾ ਮਨ ਉਹਨਾਂ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ।
ਬਿਨੁ ਨਾਵੈ ਸੂਕਾ ਸੰਸਾਰੁ ॥
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਨਿੱਕੇ ਜਿਹੇ ਵਿਤ ਵਾਲਾ ਹੋਇਆ ਰਹਿੰਦਾ ਹੈ,
ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥੩॥
ਮੁੜ ਮੁੜ (ਮਾਇਆ ਦੀ) ਤਿ®ਸ਼ਨਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ ।੩।
ਸੋਈ ਕਰੇ ਜਿ ਹਰਿ ਜੀਉ ਭਾਵੈ ॥
ਹੇ ਭਾਈ! ਜਿਹੜਾ ਮਨੁੱਖ ਉਹੀ ਕੁਝ ਕਰਦਾ ਹੈ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ (ਜਿਹੜਾ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ),
ਸਦਾ ਸੁਖੁ ਸਰੀਰਿ ਭਾਣੈ ਚਿਤੁ ਲਾਵੈ ॥
ਜਿਹੜਾ ਮਨੁੱਖ ਪਰਮਾਤਮਾ ਦੇ ਭਾਣੇ ਵਿਚ ਆਪਣਾ ਚਿੱਤ ਜੋੜਦਾ ਹੈ,
ਅਪਣਾ ਪ੍ਰਭੁ ਸੇਵੇ ਸਹਜਿ ਸੁਭਾਇ ॥
ਉਸ ਦੇ ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ ।
ਨਾਨਕ ਨਾਮੁ ਵਸੈ ਮਨਿ ਆਇ ॥੪॥੫॥
ਹੇ ਨਾਨਕ! ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ ।੪।੫।
ਬਸੰਤੁ ਮਹਲਾ ੩ ॥
ਬਸੰਤ ਤੀਜੀ ਪਾਤਸ਼ਾਹੀ।
ਮਾਇਆ ਮੋਹੁ ਸਬਦਿ ਜਲਾਏ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ,
ਮਨੁ ਤਨੁ ਹਰਿਆ ਸਤਿਗੁਰ ਭਾਏ ॥
ਗੁਰੂ ਦੇ ਪਿਆਰ ਦੀ ਬਰਕਤਿ ਨਾਲ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ।
ਸਫਲਿਓੁ ਬਿਰਖੁ ਹਰਿ ਕੈ ਦੁਆਰਿ ॥
ਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ,
ਸਾਚੀ ਬਾਣੀ ਨਾਮ ਪਿਆਰਿ ॥੧॥
ਹਰਿ-ਨਾਮ ਦੇ ਪਿਆਰ ਵਿਚ (ਟਿਕ ਕੇ ਸਦਾ) ਪਰਮਾਤਮਾ ਦੇ ਦਰ ਤੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ਉਸ ਦਾ (ਸਰੀਰ-) ਰੁੱਖ ਸਫਲ ਹੋ ਜਾਂਦਾ ਹੈ ।੧।
ਏ ਮਨ ਹਰਿਆ ਸਹਜ ਸੁਭਾਇ ॥
ਹੇ (ਮੇਰੇ) ਮਨ! ਆਤਮਕ ਅਡੋਲਤਾ ਦੇਣ ਵਾਲੇ (ਗੁਰ-) ਪਿਆਰ ਵਿਚ (ਟਿਕਿਆ ਰਹੁ ।
ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥
ਇਸ ਤਰ੍ਹਾਂ ਤੂੰ) ਆਤਮਕ ਜੀਵਨ ਦੀ ਤਰਾਵਤ ਨਾਲ ਭਰਪੂਰ ਹੋ ਜਾਇਂਗਾ । ਹੇ ਮਨ! ਗੁਰੂ ਦੇ ਪਿਆਰ ਦੀ ਬਰਕਤਿ ਨਾਲ (ਸਰੀਰ-ਰੁੱਖ ਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ ।੧।ਰਹਾਉ।
ਆਪੇ ਨੇੜੈ ਆਪੇ ਦੂਰਿ ॥
ਹੇ ਭਾਈ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਜਿਹੜਾ ਮਨੁੱਖ ਪਰਮਾਤਮਾ ਨੂੰ) ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ (ਉਸ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ) ਆਪ ਹੀ (ਕਿਸੇ ਨੂੰ) ਨੇੜੇ (ਦਿੱਸ ਰਿਹਾ ਹੈ) ਆਪ ਹੀ (ਕਿਸੇ ਨੂੰ ਦੂਰ ਵੱਸਦਾ ਜਾਪਦਾ ਹੈ ।
ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ (ਸਦਾ) ਆਨੰਦ-ਭਰਪੂਰ ਰਹਿੰਦਾ ਹੈ
ਛਾਵ ਘਣੀ ਫੂਲੀ ਬਨਰਾਇ ॥
(ਉਸ ਨੂੰ ਪਰਤੱਖ ਦਿੱਸਦਾ ਹੈ ਕਿ ਪਰਮਾਤਮਾ ਦੀ ਜੋਤਿ-ਅਗਨੀ ਨਾਲ ਹੀ)
ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥
ਸਾਰੀ ਬਨਸਪਤੀ ਸੰਘਣੀ ਛਾਂ ਵਾਲੀ ਹੈ ਤੇ ਖਿੜੀ ਹੋਈ ਹੈ ।੨।
ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥
ਹੇ ਭਾਈ! ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ
ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥
ਗੁਰੂ ਨੇ ਉਹਨਾਂ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੀ ਮੈਲ ਦੂਰ ਕਰ ਦਿੱਤੀ ਹੈ ।