Sri Guru Granth Sahib Ji — Ang 1155 (punjabi)
ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥੧੧॥
(ਪਰਮਾਤਮਾ ਦਾ) ਭਗਤ ਪ੍ਰਹਲਾਦ (ਨਰਸਿੰਘ ਦੀ) ਚਰਨੀਂ ਆ ਲੱਗਾ ।੧੧।
ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥
ਹੇ ਭਾਈ! ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਖ਼ਜ਼ਾਨਾ ਪੱਕਾ ਕਰ ਦਿੱਤਾ
ਰਾਜੁ ਮਾਲੁ ਝੂਠੀ ਸਭ ਮਾਇਆ ॥
(ਉਸ ਨੂੰ ਦਿੱਸ ਪੈਂਦਾ ਹੈ ਕਿ) ਦੁਨੀਆ ਦਾ ਰਾਜ ਮਾਲ ਤੇ ਸਾਰੀ ਮਾਇਆ—ਇਹ ਸਭ ਕੁਝ ਨਾਸਵੰਤ ਹੈ ।
ਲੋਭੀ ਨਰ ਰਹੇ ਲਪਟਾਇ ॥
ਪਰ ਲਾਲਚੀ ਬੰਦੇ ਸਦਾ ਇਸ ਨਾਲ ਹੀ ਚੰਬੜੇ ਰਹਿੰਦੇ ਹਨ ।
ਹਰਿ ਕੇ ਨਾਮ ਬਿਨੁ ਦਰਗਹ ਮਿਲੈ ਸਜਾਇ ॥੧੨॥
ਪਰਮਾਤਮਾ ਦੇ ਨਾਮ ਤੋਂ ਬਿਨਾ (ਉਹਨਾਂ ਨੂੰ) ਪਰਮਾਤਮਾ ਦੀ ਹਜ਼ੂਰੀ ਵਿਚ ਸਜ਼ਾ ਮਿਲਦੀ ਹੈ ।੧੨।
ਕਹੈ ਨਾਨਕੁ ਸਭੁ ਕੋ ਕਰੇ ਕਰਾਇਆ ॥
ਹੇ ਭਾਈ! ਨਾਨਕ ਆਖਦਾ ਹੈ—(ਜੀਵਾਂ ਦੇ ਭੀ ਕੀਹ ਵੱਸ?) ਹਰੇਕ ਜੀਵ ਪਰਮਾਤਮਾ ਦਾ ਪ੍ਰੇਰਿਆ ਹੋਇਆ ਹੀ ਕਰਦਾ ਹੈ ।
ਸੇ ਪਰਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥
ਜਿਨ੍ਹਾਂ ਨੇ (ਇਥੇ) ਪਰਮਾਤਮਾ (ਦੇ ਨਾਮ) ਨਾਲ ਚਿੱਤ ਜੋੜਿਆ, ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਗਏ ।
ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥
ਹੇ ਭਾਈ! ਧੁਰ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਪੱਖ ਕਰਦਾ ਆ ਰਿਹਾ ਹੈ
ਕਰਤੈ ਅਪਣਾ ਰੂਪੁ ਦਿਖਾਇਆ ॥੧੩॥੧॥੨॥
ਕਰਤਾਰ ਨੇ (ਸਦਾ ਹੀ ਆਪਣੇ ਭਗਤਾਂ ਨੂੰ) ਆਪਣਾ ਦਰਸਨ ਦਿੱਤਾ ਹੈ (ਤੇ ਉਹਨਾਂ ਦੀ ਸਹਾਇਤਾ ਕੀਤੀ ਹੈ) ।੧੩।੧।੨।
ਭੈਰਉ ਮਹਲਾ ੩ ॥
ਭੈਰਉ ਤੀਜੀ ਪਾਤਿਸ਼ਾਹੀ।
ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ ॥
ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਫਲ ਪ੍ਰਾਪਤ ਕਰ ਲਿਆ, ਉਸ ਨੇ (ਆਪਣੇ ਅੰਦਰੋਂ) ਹਉਮੈ ਅਤੇ ਤਿ®ਸ਼ਨਾ (ਦੀ ਅੱਗ) ਬੁਝਾ ਲਈ ।
ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥੧॥
ਪਰਮਾਤਮਾ ਦਾ ਨਾਮ ਉਸ ਦੇ ਹਿਰਦੇ ਵਿਚ ਉਸ ਦੇ ਮਨ ਵਿਚ ਵੱਸ ਪਿਆ, ਉਸ ਦੇ ਮਨ ਦਾ (ਮਾਇਕ) ਫੁਰਨਾ ਮਨ ਵਿਚ ਹੀ ਲੀਨ ਹੋ ਗਿਆ ।੧।
ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ ॥
ਹੇ ਮੇਰੇ ਪਿਆਰੇ ਪ੍ਰਭੂ ਜੀ! (ਮੈਂ ਗਰੀਬ ਉਤੇ) ਮਿਹਰ ਕਰ ।
ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥
(ਤੇਰੇ ਦਰ ਦਾ) ਗਰੀਬ ਸੇਵਕ (ਤੈਥੋਂ) ਹਰ ਵੇਲੇ ਤੇਰੇ ਗੁਣ (ਗਾਣ ਦੀ ਦਾਤਿ) ਮੰਗਦਾ ਹੈ । ਹੇ ਪ੍ਰਭੂ! ਮੈਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਤੋਂ) ਬਚਾਈ ਰੱਖ ।੧।ਰਹਾਉ।
ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੂਖ ਨ ਲਾਈ ॥
ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਵਲ ਜਮਰਾਜ (ਭੀ) ਤੱਕ ਨਹੀਂ ਸਕਦਾ, (ਦੁਨੀਆ ਦੇ) ਦੁੱਖਾਂ ਦਾ ਰਤਾ ਭਰ ਭੀ ਸੇਕ (ਉਹਨਾਂ ਨੂੰ) ਲਾ ਨਹੀਂ ਸਕਦਾ ।
ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥
ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ ।੨।
ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ॥
ਹੇ ਪ੍ਰਭੂ! ਆਪਣੇ ਭਗਤਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਤੂੰ ਆਪ ਹੀ ਰੱਖਦਾ ਹੈਂ, ਇਹ ਤੇਰੀ ਬਜ਼ੁਰਗੀ ਹੈ ।
ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ ਦੁਬਿਧਾ ਰਤੀ ਨ ਰਾਈ ॥੩॥
ਤੂੰ ਉਹਨਾਂ ਦੇ (ਪਿਛਲੇ) ਅਨੇਕਾਂ ਹੀ ਜਨਮਾਂ ਦੇ ਪਾਪ ਤੇ ਦੁੱਖ ਕੱਟ ਦੇਂਦਾ ਹੈਂ, ਉਹਨਾਂ ਦੇ ਅੰਦਰ ਰਤਾ ਭਰ ਰਾਈ ਭਰ ਭੀ ਮੇਰ-ਤੇਰ ਨਹੀਂ ਰਹਿ ਜਾਂਦੀ ।੩।
ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ ਤੂ ਆਪੇ ਦੇਹਿ ਬੁਝਾਈ ॥
ਹੇ ਭਾਈ! ਅਸੀ (ਜੀਵ) ਮੂਰਖ ਹਾਂ ਅੰਞਾਣ ਹਾਂ, ਅਸੀ (ਆਤਮਕ ਜੀਵਨ ਦਾ ਸਹੀ ਰਸਤਾ) (ਰਤਾ ਭੀ) ਨਹੀਂ ਸਮਝਦੇ, ਤੂੰ ਆਪ ਹੀ (ਸਾਨੂੰ ਇਹ) ਸਮਝ ਦੇਂਦਾ ਹੈਂ ।
ਜੋ ਤੁਧੁ ਭਾਵੈ ਸੋਈ ਕਰਸੀ ਅਵਰੁ ਨ ਕਰਣਾ ਜਾਈ ॥੪॥
ਹੇ ਪ੍ਰਭੂ! ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੈ, ਉਹੀ (ਹਰੇਕ ਜੀਵ) ਕਰਦਾ ਹੈ, (ਉਸ ਤੋਂ ਉਲਟ) ਹੋਰ ਕੋਈ ਕੰਮ ਨਹੀਂ ਕੀਤਾ ਜਾ ਸਕਦਾ ।੪।
ਜਗਤੁ ਉਪਾਇ ਤੁਧੁ ਧੰਧੈ ਲਾਇਆ ਭੂੰਡੀ ਕਾਰ ਕਮਾਈ ॥
ਹੇ ਪ੍ਰਭੂ! (ਤੂੰ ਆਪ ਹੀ) ਜਗਤ ਨੂੰ ਪੈਦਾ ਕਰ ਕੇ (ਤੂੰ ਆਪ ਹੀ ਇਸ ਨੂੰ ਮਾਇਆ ਦੇ) ਧੰਧੇ ਵਿਚ ਲਾ ਰੱਖਿਆ ਹੈ, (ਤੇਰੀ ਪ੍ਰੇਰਨਾ ਨਾਲ ਹੀ ਜਗਤ ਮਾਇਆ ਦੇ ਮੋਹ ਦੀ) ਭੈੜੀ ਕਾਰ ਕਰ ਰਿਹਾ ਹੈ ।
ਜਨਮੁ ਪਦਾਰਥੁ ਜੂਐ ਹਾਰਿਆ ਸਬਦੈ ਸੁਰਤਿ ਨ ਪਾਈ ॥੫॥
(ਮਾਇਆ ਦੇ ਮੋਹ ਵਿਚ ਫਸ ਕੇ ਜਗਤ ਨੇ) ਕੀਮਤੀ ਮਨੁੱਖਾ ਜਨਮ ਨੂੰ (ਜੁਆਰੀਏ ਵਾਂਗ) ਜੂਏ ਵਿਚ ਹਾਰ ਦਿੱਤਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਜਗਤ ਨੇ) ਆਮਤਕ ਜੀਵਨ ਦੀ ਸੂਝ ਹਾਸਲ ਨਹੀਂ ਕੀਤੀ ।੫।
ਮਨਮੁਖਿ ਮਰਹਿ ਤਿਨ ਕਿਛੂ ਨ ਸੂਝੈ ਦੁਰਮਤਿ ਅਗਿਆਨ ਅੰਧਾਰਾ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੀ ਰਤਾ ਭੀ ਸਮਝ ਨਹੀਂ ਪੈਂਦੀ । ਭੈੜੀ ਮਤਿ ਦਾ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ (ਉਹਨਾਂ ਦੇ ਅੰਦਰ) ਹਨੇਰਾ ਪਿਆ ਰਹਿੰਦਾ ਹੈ ।
ਭਵਜਲੁ ਪਾਰਿ ਨ ਪਾਵਹਿ ਕਬ ਹੀ ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥੬॥
ਉਹ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ ਵਿਕਾਰਾਂ ਵਿਚ ਸਿਰ-ਪਰਨੇ ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਉਹ ਕਦੇ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦੇ ।੬।
ਸਾਚੈ ਸਬਦਿ ਰਤੇ ਜਨ ਸਾਚੇ ਹਰਿ ਪ੍ਰਭਿ ਆਪਿ ਮਿਲਾਏ ॥
ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ । ਪ੍ਰਭੂ ਨੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ ।
ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ ਲਾਏ ॥੭॥
ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੇ ਗੁਰੂ ਦੇ ਆਤਮ-ਤਰੰਗ ਨਾਲ ਸਾਂਝ ਪਾ ਲਈ ਹੁੰਦੀ ਹੈ । ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜੀ ਰੱਖਦੇ ਹਨ ।੭।
ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ ॥
ਹੇ ਪ੍ਰਭੂ! ਤੂੰ ਆਪ ਪਵਿੱਤਰ ਸਰੂਪ ਹੈਂ । ਤੇਰੇ ਸੇਵਕ ਗੁਰੂ ਦੇ ਸ਼ਬਦ ਦੀ ਰਾਹੀਂ (ਤੇਰੇ ਗੁਣਾਂ ਦਾ) ਵਿਚਾਰ ਕਰ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ।
ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ ॥੮॥੨॥੩॥
ਹੇ ਭਾਈ! ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਹੜੇ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ ।੮।੨।੩।
ਭੈਰਉ ਮਹਲਾ ੫ ਅਸਟਪਦੀਆ ਘਰੁ ੨
ਭੈਰਊ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਹੀ (ਸਭ ਰਾਜਿਆਂ ਤੋਂ) ਵੱਡਾ ਰਾਜਾ ਹੈ,
ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥
ਉਸ ਮਨੁੱਖ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ
ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥
ਉਸ ਨੇ (ਮਾਨੋ) ਕੋ®ੜਾਂ ਕਿਸਮਾਂ ਦੇ ਧਨ ਪ੍ਰਾਪਤ ਕਰ ਲਏ ।
ਨਾਮ ਬਿਨਾ ਜਨਮੁ ਬਿਰਥਾ ਜਾਏ ॥੧॥
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ ।੧।
ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥
ਹੇ ਭਾਈ! ਮੈਂ ਉਸ ਮਨੁੱਖ ਨੂੰ ਵਡਿਆਉਂਦਾ ਹਾਂ ਜਿਸ ਦੇ ਪਾਸ ਪਰਮਾਤਮਾ ਦਾ ਨਾਮ-ਧਨ ਸਰਮਾਇਆ ਹੈ ।
ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥
ਜਿਸ ਮਨੁੱਖ ਦੇ ਮੱਥੇ ਉੱਤੇ ਗੁਰੂ ਦਾ ਹੱਥ ਟਿਕਿਆ ਹੋਇਆ ਹੋਵੇ, ਉਹ ਵੱਡੇ ਭਾਗਾਂ ਵਾਲਾ ਹੈ ।੧।ਰਹਾਉ।
ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ,
ਜਿਸੁ ਨਾਮੁ ਰਿਦੈ ਤਿਸੁ ਸਹਜ ਸੁਖੈਨਾ ॥
ਉਹ (ਮਾਨੋ) ਕਈ ਕਿਲ੍ਹਿਆਂ ਤੇ ਫ਼ੌਜਾਂ (ਦਾ ਮਾਲਕ ਹੋ ਜਾਂਦਾ ਹੈ) ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਸੁਖ ਮਿਲ ਜਾਂਦੇ ਹਨ,