Sri Guru Granth Sahib Ji — Ang 1139 (punjabi)
ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ ॥੩॥
ਹਉਮੈ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਹੋਈ ਰਹਿੰਦੀ ਹੈ ਮੈਲੀ ਹੋਈ ਰਹਿੰਦੀ ਹੈ, ਗੁਰੂ ਦੀ ਸਰਨ ਤੋਂ ਬਿਨਾ ਸੰਸਾਰ-ਸਮੁੰਦਰ ਵਿਚ ਉਹਨਾਂ ਦਾ ਗੇੜ ਬਣਿਆ ਰਹਿੰਦਾ ਹੈ ।੩।
ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ ॥
ਹੇ ਨਾਨਕ! ਹੋਮ, ਜੱਗ, ਜਪ-ਤਪ ਸਾਧਨਾਂ ਨਾਲ, ਇੰਦਿ®ਆਂ ਨੂੰ ਵੱਸ ਵਿਚ ਕਰਨ ਵਾਲੇ ਸਾਰੇ ਸਾਧਨਾਂ ਨਾਲ, ਕਿਸੇ ਪਵਿੱਤਰ ਨਦੀ ਦੇ ਕੰਢੇ ਉਤੇ ਕਿਸੇ ਤੀਰਥ ਉਤੇ (ਇਸ਼ਨਾਨ ਕੀਤਿਆਂ) ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ ।
ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ ॥੪॥੧॥੧੪॥
ਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਉਹਨਾਂ ਦੇ ਅੰਦਰੋਂ ਆਪਾ-ਭਾਵ ਮਿਟ ਜਾਂਦਾ ਹੈ । ਹੇ ਨਾਨਕ! (ਪਰਮਾਤਮਾ) ਗੁਰੂ ਦੀ ਸਰਨ ਪਾ ਕੇ ਜਗਤ (ਜਗਤ ਦੇ ਜੀਵਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।੪।੧।੧੪
ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।
ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ ॥
ਹੇ ਭਾਈ! (ਤਦੋਂ ਮੈਂ) ਜੰਗਲ ਵਿਚ, ਬਨਸਪਤੀ ਵਿਚ (ਪ੍ਰਭੂ ਨੂੰ ਹੀ ਵੱਸਦਾ) ਵੇਖ ਲਿਆ, ਘਰ ਵਿਚ ਭੀ ਉਸੇ ਨੂੰ ਵੇਖ ਲਿਆ, ਤੇ, ਤਿਆਗੀ ਵਿਚ ਭੀ ਉਸੇ ਨੂੰ ਵੇਖ ਲਿਆ ।
ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ ॥੧॥
ਤਦੋਂ ਮੈਂ ਉਸ ਨੂੰ ਦੰਡ-ਧਾਰੀਆਂ ਵਿਚ, ਜਟਾ-ਧਾਰੀਆਂ ਵਿਚ ਵੱਸਦਾ ਵੇਖ ਲਿਆ, ਵਰਤ-ਨੇਮ ਅਤੇ ਤੀਰਥ-ਜਾਤ®ਾ ਕਰਨ ਵਾਲਿਆਂ ਵਿਚ ਭੀ ਵੇਖ ਲਿਆ ।੧।
ਸੰਤਸੰਗਿ ਪੇਖਿਓ ਮਨ ਮਾਏਂ ॥
ਹੇ ਭਾਈ! ਜਦੋਂ ਸੰਤ ਜਨਾਂ ਦੀ ਸੰਗਤਿ ਵਿਚ ਪਰਮਾਤਮਾ ਦੇ ਆਨੰਦ ਦੇਣ ਵਾਲੇ ਗੁਣ ਸੁਆਦ ਨਾਲ ਗਾ ਕੇ ਮੈਂ ਉਸ ਨੂੰ ਆਪਣੇ ਮਨ ਵਿਚ ਹੀ ਵੱਸਦਾ ਵੇਖ ਲਿਆ,
ਊਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਗਾਏ ॥੧॥ ਰਹਾਉ ॥
ਤਾਂ ਆਕਾਸ਼ ਪਾਤਾਲ ਸਭਨਾਂ ਵਿਚ ਉਹ ਵਿਆਪਕ ਦਿੱਸ ਪਿਆ ।੧।ਰਹਾਉ।
ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥
ਹੇ ਭਾਈ! (ਜਦੋਂ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵੱਸਦਾ ਵੇਖਿਆ, ਤਦੋਂ ਮੈਂ ਉਸ ਪਰਮਾਤਮਾ ਨੂੰ) ਜੋਗੀਆਂ ਵਿਚ, ਸਾਰੇ ਭੇਖਾਂ ਵਿਚ, ਸੰਨਿਆਸੀਆਂ ਵਿਚ, ਜਤੀਆਂ ਵਿਚ, ਜੰਗਮਾਂ ਵਿਚ, ਕਾਪੜੀਏ ਸਾਧੂਆਂ ਵਿਚ, ਸਭਨਾਂ ਵਿਚ ਵੱਸਦਾ ਵੇਖ ਲਿਆ ।
ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ ॥੨॥
ਤਦੋਂ ਮੈਂ ਉਸ ਨੂੰ ਤਪੀਆਂ ਵਿਚ, ਵੱਡੇ ਵੱਡੇ ਤਪੀਆਂ ਵਿਚ, ਮੁਨੀਆਂ ਵਿਚ, ਨਾਟਕ ਕਰਨ ਵਾਲੇ ਨਟਾਂ ਵਿਚ, ਰਾਸਧਾਰੀਆਂ ਵਿਚ (ਸਭਨਾਂ ਵਿਚ ਵੱਸਦਾ) ਵੇਖ ਲਿਆ ।੨।
ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ ॥
ਹੇ ਭਾਈ! (ਜਦੋਂ ਸਾਧ ਸੰਗਤਿ ਦੀ ਕਿਰਪਾ ਨਾਲ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵੱਸਦਾ ਵੇਖਿਆ, ਤਦੋਂ ਮੈਂ ਉਸ ਨੂੰ) ਚਾਰ ਵੇਦਾਂ ਵਿਚ, ਛੇ ਸ਼ਾਸਤ®ਾਂ ਵਿਚ, ਅਠਾਰਾਂ ਪੁਰਾਣਾਂ ਵਿਚ, (ਸਾਰੀਆਂ) ਸਿੰਮ੍ਰਿਤੀਆਂ ਵਿਚ ਵੱਸਦਾ ਵੇਖ ਲਿਆ ।
ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ ॥੩॥
(ਜਦੋਂ ਮੈਂ ਇਹ ਵੇਖ ਲਿਆ ਕਿ) ਸਾਰੇ ਜੀਅ-ਜੰਤ ਮਿਲ ਕੇ ਸਿਰਫ਼ ਇਕ ਪਰਮਾਤਮਾ ਦੇ ਹੀ ਗੁਣ ਗਾ ਰਹੇ ਹਨ, ਤਾਂ ਹੁਣ ਮੈਂ ਉਸ ਨੂੰ ਕਿਸ ਪਾਸੋਂ ਦੂਰ ਬੈਠਾ ਆਖ ਸਕਦਾ ਹਾਂ? ।੩।
ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ ॥
ਹੇ ਭਾਈ! ਪਰਮਾਤਮਾ ਅਥਾਹ ਹੈ, ਅਥਾਹ ਹੈ, ਬੇਅੰਤ ਹੈ, ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਕਿਸੇ ਦੁਨੀਆਵੀ ਪਦਾਰਥ ਦੇ ਬਦਲੇ ਨਹੀਂ ਮਿਲ ਸਕਦਾ ।
ਜਨ ਨਾਨਕ ਤਿਨ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ ॥੪॥੨॥੧੫॥
ਹੇ ਦਾਸ ਨਾਨਕ! (ਆਖ—ਹੇ ਭਾਈ! ਉਹ ਪ੍ਰਭੂ ਵੱਸਦਾ ਤਾਂ ਸਭਨਾਂ ਵਿਚ ਹੀ ਹੈ, ਪਰ) ਜਿਸ ਜਿਸ (ਵਡ-ਭਾਗੀ) ਦੇ ਹਿਰਦੇ ਵਿਚ ਉਹ ਪਰਤੱਖ ਹੋ ਗਿਆ ਹੈ, ਉਹਨਾਂ ਤੋਂ ਸਦਕੇ ਕੁਰਬਾਨ ਜਾਣਾ ਚਾਹੀਦਾ ਹੈ ।੪।੨।੧੫।
ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਸ਼ਾਹੀ।
ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥
ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ) ਨੇੜੇ (ਵੱਸਦਾ) ਸਮਝਦਾ ਹੈ ਉਹ (ਕਿਸੇ ਨਾਲ ਕੋਈ) ਬੁਰਾਈ ਨਹੀਂ ਕਰ ਸਕਦਾ ।
ਬਿਖੁ ਸੰਚੈ ਨਿਤ ਡਰਤਾ ਫਿਰੈ ॥
ਪਰ ਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਹਰ ਵੇਲੇ ਜੋੜਦਾ ਰਹਿੰਦਾ ਹੈ, ਉਹ ਮਨੁੱਖ (ਹਰੇਕ ਪਾਸੋਂ) ਸਦਾ ਡਰਦਾ ਫਿਰਦਾ ਹੈ ।
ਹੈ ਨਿਕਟੇ ਅਰੁ ਭੇਦੁ ਨ ਪਾਇਆ ॥
ਹੇ ਭਾਈ! ਪਰਮਾਤਮਾ ਹਰੇਕ ਦੇ ਨੇੜੇ ਤਾਂ ਜ਼ਰੂਰ ਵੱਸਦਾ ਹੈ, ਪਰ (ਨਿੱਤ ਮਾਇਆ ਜੋੜਨ ਵਾਲਾ ਮਨੁੱਖ) ਇਹ ਭੇਤ ਸਮਝਦਾ ਨਹੀਂ ।
ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੁਕਾਈ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ।੧।
ਨੇੜੈ ਨੇੜੈ ਸਭੁ ਕੋ ਕਹੈ ॥
ਹੇ ਭਾਈ! (ਆਖਣ ਨੂੰ ਤਾਂ) ਹਰੇਕ ਪ੍ਰਾਣੀ (ਇਹ) ਆਖ ਦੇਂਦਾ ਹੈ (ਕਿ ਪਰਮਾਤਮਾ ਸਭ ਦੇ) ਨੇੜੇ ਹੈ (ਸਭ ਦੇ) ਨੇੜੇ ਹੈ ।
ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ ॥
ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਡੰੂਘੀ ਗੱਲ ਨੂੰ ਸਮਝਦਾ ਹੈ ।੧।ਰਹਾਉ।
ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥
ਹੇ ਭਾਈ! (ਉਹੀ ਮਨੁੱਖ) ਪਰਾਏ ਘਰ ਵਿਚ (ਚੋਰੀ ਦੀ ਨੀਅਤ ਨਾਲ) ਜਾਂਦਾ ਹੈ, ਜਿਹੜਾ ਪਰਮਾਤਮਾ ਨੂੰ ਆਪਣੇ ਨੇੜੇ-ਵੱਸਦਾ ਨਹੀਂ ਵੇਖਦਾ ।
ਦਰਬੁ ਹਿਰੈ ਮਿਥਿਆ ਕਰਿ ਖਾਇ ॥
ਉਹ ਮਨੁੱਖ ਪਰਾਇਆ ਧਨ ਚੁਰਾਂਦਾ ਹੈ, ਤੇ, ਧਨ ਨੂੰ ਨਾਸਵੰਤ ਆਖ ਆਖ ਕੇ ਭੀ ਪਰਾਇਆ ਮਾਲ ਖਾਈ ਜਾਂਦਾ ਹੈ ।
ਪਈ ਠਗਉਰੀ ਹਰਿ ਸੰਗਿ ਨ ਜਾਨਿਆ ॥
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਭਟਕਣਾ ਵਿਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ, ਮਾਇਆ-ਠਗਬੂਟੀ ਉਸ ਉਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ,
ਬਾਝੁ ਗੁਰੂ ਹੈ ਭਰਮਿ ਭੁਲਾਨਿਆ ॥੨॥
(ਇਸ ਵਾਸਤੇ ਉਹ ਪਰਮਾਤਮਾ ਨੂੰ ਆਪਣੇ) ਨਾਲ ਵੱਸਦਾ ਨਹੀਂ ਸਮਝਦਾ ।੨।
ਨਿਕਟਿ ਨ ਜਾਨੈ ਬੋਲੈ ਕੂੜੁ ॥
ਹੇ ਭਾਈ! (ਉਹੀ ਮਨੁੱਖ) ਝੂਠ ਬੋਲਦਾ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਨਹੀਂ ਸਮਝਦਾ,
ਮਾਇਆ ਮੋਹਿ ਮੂਠਾ ਹੈ ਮੂੜੁ ॥
ਉਹ ਮੂਰਖ ਮਾਇਆ ਦੇ ਮੋਹ ਵਿਚ ਫਸ ਕੇ (ਆਪਣੀ ਆਤਮਕ ਰਾਜ-ਪੂੰਜੀ) ਲੁਟਾਈ ਜਾਂਦਾ ਹੈ ।
ਅੰਤਰਿ ਵਸਤੁ ਦਿਸੰਤਰਿ ਜਾਇ ॥
ਪਰਮਾਤਮਾ ਦਾ ਨਾਮ-ਧਨ ਉਸ ਦੇ ਹਿਰਦੇ ਵਿਚ ਵੱਸਦਾ ਹੈ, ਪਰ ਉਹ (ਨਿਰੀ ਮਾਇਆ ਦੀ ਖ਼ਾਤਰ ਹੀ) ਬਾਹਰ ਭਟਕਦਾ ਫਿਰਦਾ ਹੈ ।
ਬਾਝੁ ਗੁਰੂ ਹੈ ਭਰਮਿ ਭੁਲਾਇ ॥੩॥
ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ (ਜਗਤ) ਭਟਕਣਾ ਦੇ ਕਾਰਨ ਕੁਰਾਹੇ ਪਿਆ ਰਹਿੰਦਾ ਹੈ ।੩।
ਜਿਸੁ ਮਸਤਕਿ ਕਰਮੁ ਲਿਖਿਆ ਲਿਲਾਟ ॥
ਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਲਿਲਾਟ ਉਤੇ (ਪਰਮਾਤਮਾ ਦੀ) ਬਖ਼ਸ਼ਸ਼ (ਦਾ ਲੇਖ) ਲਿਖਿਆ ਉੱਘੜ ਪੈਂਦਾ ਹੈ,
ਸਤਿਗੁਰੁ ਸੇਵੇ ਖੁਲੑੇ ਕਪਾਟ ॥
ਉਹ ਗੁਰੂ ਦੀ ਸਰਨ ਆ ਪੈਂਦਾ ਹੈ, ਉਸ ਦੇ ਮਨ ਵਿਚ ਕਿਵਾੜ ਖੁਲ੍ਹ ਜਾਂਦੇ ਹਨ ।
ਅੰਤਰਿ ਬਾਹਰਿ ਨਿਕਟੇ ਸੋਇ ॥
ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ,
ਜਨ ਨਾਨਕ ਆਵੈ ਨ ਜਾਵੈ ਕੋਇ ॥੪॥੩॥੧੬॥
(ਉਸ ਨੂੰ ਇਉਂ ਜਾਪਦਾ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ) ਕੋਈ ਨਾਹ ਜੰਮਦਾ ਹੈ ਨਾਹ ਮਰਦਾ ਹੈ ।੪।੩।੧੬।
ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।
ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥
ਹੇ ਪ੍ਰਭੂ! ਜਿਸ ਨੂੰ ਤੂੰ ਬਚਾਏਂ, ਉਸ ਨੂੰ ਕੋਈ ਮਾਰ ਨਹੀਂ ਸਕਦਾ,
ਸਭ ਤੁਝ ਹੀ ਅੰਤਰਿ ਸਗਲ ਸੰਸਾਰੈ ॥
(ਕਿਉਂਕਿ) ਸਾਰੇ ਸੰਸਾਰ ਵਿਚ ਸਾਰੀ (ਉਤਪੱਤੀ) ਤੇਰੇ ਹੀ ਅਧੀਨ ਹੈ ।
ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥
ਹੇ ਭਾਈ! ਜੀਵ (ਆਪਣੇ ਵਾਸਤੇ) ਕੋ®ੜਾਂ ਹੀਲੇ ਸੋਚਦਾ ਰਹਿੰਦਾ ਹੈ,
ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥
ਪਰ ਉਹੀ ਕੁਝ ਹੁੰਦਾ ਹੈ ਜੋ ਅਚਰਜ ਚੋਜ ਕਰਨ ਵਾਲਾ ਪਰਮਾਤਮਾ ਕਰਦਾ ਹੈ ।੧।
ਰਾਖਹੁ ਰਾਖਹੁ ਕਿਰਪਾ ਧਾਰਿ ॥
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਆਇਆ ਹਾਂ,
ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ ॥
ਮਿਹਰ ਕਰ ਕੇ ਮੇਰੀ ਰੱਖਿਆ ਕਰ, ਰੱਖਿਆ ਕਰ ।੧।ਰਹਾਉ।
ਜਿਨਿ ਸੇਵਿਆ ਨਿਰਭਉ ਸੁਖਦਾਤਾ ॥
ਹੇ ਭਾਈ! ਜਿਸ ਮਨੁੱਖ ਨੇ ਨਿਰਭਉ ਅਤੇ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਰਨ ਲਈ,
ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥
ਉਸ ਨੇ (ਆਪਣਾ ਹਰੇਕ) ਡਰ ਦੂਰ ਕਰ ਲਿਆ, ਉਸ ਨੇ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾ ਲਈ ।
ਜੋ ਤੂ ਕਰਹਿ ਸੋਈ ਫੁਨਿ ਹੋਇ ॥
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ ।
ਮਾਰੈ ਨ ਰਾਖੈ ਦੂਜਾ ਕੋਇ ॥੨॥
(ਤੈਥੋਂ ਬਿਨਾ) ਕੋਈ ਦੂਜਾ ਨਾਹ ਕਿਸੇ ਨੂੰ ਮਾਰ ਸਕਦਾ ਹੈ ਨਾਹ ਬਚਾ ਸਕਦਾ ਹੈ ।੨।
ਕਿਆ ਤੂ ਸੋਚਹਿ ਮਾਣਸ ਬਾਣਿ ॥
ਹੇ ਭਾਈ! (ਆਪਣੇ) ਮਨੁੱਖਾ ਸੁਭਾਉ ਅਨੁਸਾਰ ਤੂੰ ਕੀਹ ਸੋਚਾਂ ਸੋਚਦਾ ਰਹਿੰਦਾ ਹੈਂ?
ਅੰਤਰਜਾਮੀ ਪੁਰਖੁ ਸੁਜਾਣੁ ॥
ਸਰਬ-ਵਿਆਪਕ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਸਿਆਣਾ ਹੈ ।
ਏਕ ਟੇਕ ਏਕੋ ਆਧਾਰੁ ॥
(ਅਸਾਂ ਜੀਵਾਂ ਦੀ) ਉਹੀ ਟੇਕ ਹੈ ਉਹੀ ਆਸਰਾ ਹੈ ।
ਸਭ ਕਿਛੁ ਜਾਣੈ ਸਿਰਜਣਹਾਰੁ ॥੩॥
ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਭੂ ਸਭ ਕੁਝ ਜਾਣਦਾ ਹੈ ।੩।
ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥
ਹੇ ਭਾਈ! ਕਰਤਾਰ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ,