Sri Guru Granth Sahib Ji — Ang 1132 (punjabi)
ਜਿਨ ਮਨਿ ਵਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ ॥੩॥
ਹੇ ਭਾਈ! ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਿਰਦੇ ਵਿਚ ਨਾਮ ਨੂੰ ਵਸਾ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ।੩।
ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ ਰੰਗ ਸਿਉ ਰਲੀਆ ਮਾਣੈ ॥
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਲ ਵਿਖਾ ਦੇਂਦਾ ਹੈ, ਉਹ ਮਨੁੱਖ ਪੇ੍ਰਮ ਨਾਲ ਪ੍ਰਭੂ-ਚਰਨਾਂ ਦਾ ਮਿਲਾਪ ਮਾਣਦਾ ਹੈ ।
ਜੋ ਕਿਛੁ ਕਹੈ ਸੁ ਭਲਾ ਕਰਿ ਮਾਨੈ ਨਾਨਕ ਨਾਮੁ ਵਖਾਣੈ ॥੪॥੬॥੧੬॥
ਹੇ ਨਾਨਕ! ਗੁਰੂ ਉਸ ਮਨੁੱਖ ਨੂੰ ਜਿਹੜਾ ਉਪਦੇਸ਼ ਦੇਂਦਾ ਹੈ, ਉਹ ਮਨੁੱਖ ਉਸ ਨੂੰ ਭਲਾ ਜਾਣ ਕੇ ਮੰਨ ਲੈਂਦਾ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ।੪।੬।੧੬।
ਭੈਰਉ ਮਹਲਾ ੩ ॥
ਭੈਰਉ ਤੀਜੀ ਪਾਤਿਸ਼ਾਹੀ।
ਮਨਸਾ ਮਨਹਿ ਸਮਾਇ ਲੈ ਗੁਰ ਸਬਦੀ ਵੀਚਾਰ ॥
ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮਨ ਵਿਚ ਵਸਾ ਕੇ ਮਨ ਦੇ (ਮਾਇਕ) ਫੁਰਨਿਆਂ ਨੂੰ (ਅੰਦਰ) ਮਨ ਵਿਚ ਹੀ ਲੀਨ ਕਰ ਦੇਹ ।
ਗੁਰ ਪੂਰੇ ਤੇ ਸੋਝੀ ਪਵੈ ਫਿਰਿ ਮਰੈ ਨ ਵਾਰੋ ਵਾਰ ॥੧॥
ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਹੋ ਜਾਂਦੀ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ।੧।
ਮਨ ਮੇਰੇ ਰਾਮ ਨਾਮੁ ਆਧਾਰੁ ॥
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਨੂੰ (ਆਪਣਾ) ਆਸਰਾ ਬਣਾ । (ਜਿਹੜਾ ਮਨੁੱਖ ਹਰਿ-ਨਾਮ ਨੂੰ ਆਪਣਾ ਆਸਰਾ ਬਣਾਂਦਾ ਹੈ)
ਗੁਰ ਪਰਸਾਦਿ ਪਰਮ ਪਦੁ ਪਾਇਆ ਸਭ ਇਛ ਪੁਜਾਵਣਹਾਰੁ ॥੧॥ ਰਹਾਉ ॥
ਉਹ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ । ਹੇ ਮਨ! ਪਰਮਾਤਮਾ ਹਰੇਕ ਇੱਛਾ ਪੂਰੀ ਕਰਨ ਵਾਲਾ ਹੈ ।੧।ਰਹਾਉ।
ਸਭ ਮਹਿ ਏਕੋ ਰਵਿ ਰਹਿਆ ਗੁਰ ਬਿਨੁ ਬੂਝ ਨ ਪਾਇ ॥
ਹੇ ਭਾਈ! ਸਭ ਜੀਵਾਂ ਵਿਚ ਇਕ ਪਰਮਾਤਮਾ ਹੀ ਵਿਆਪਕ ਹੈ, ਪਰ ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ ।
ਗੁਰਮੁਖਿ ਪ੍ਰਗਟੁ ਹੋਆ ਮੇਰਾ ਹਰਿ ਪ੍ਰਭੁ ਅਨਦਿਨੁ ਹਰਿ ਗੁਣ ਗਾਇ ॥੨॥
ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਪਰਮਾਤਮਾ ਪਰਗਟ ਹੋ ਜਾਂਦਾ ਹੈ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।੨।
ਸੁਖਦਾਤਾ ਹਰਿ ਏਕੁ ਹੈ ਹੋਰ ਥੈ ਸੁਖੁ ਨ ਪਾਹਿ ॥
ਹੇ ਭਾਈ! ਸੁਖ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਹੈ (ਜਿਹੜੇ ਮਨੁੱਖ ਪਰਮਾਤਮਾ ਦਾ ਆਸਰਾ ਨਹੀਂ ਲੈਂਦੇ) ਉਹ ਹੋਰ ਹੋਰ ਥਾਂ ਤੋਂ ਸੁਖ ਪ੍ਰਾਪਤ ਨਹੀਂ ਕਰ ਸਕਦੇ ।
ਸਤਿਗੁਰੁ ਜਿਨੀ ਨ ਸੇਵਿਆ ਦਾਤਾ ਸੇ ਅੰਤਿ ਗਏ ਪਛੁਤਾਹਿ ॥੩॥
ਹੇ ਭਾਈ! ਗੁਰੂ (ਪਰਮਾਤਮਾ ਦੇ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਿਨ੍ਹਾਂ ਨੇ ਗੁਰੂ ਦੀ ਸਰਨ ਨਹੀਂ ਲਈ, ਉਹ ਆਖ਼ਰ ਇਥੋਂ ਜਾਣ ਵੇਲੇ ਹੱਥ ਮਲਦੇ ਹਨ ।੩।
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਫਿਰਿ ਦੁਖੁ ਨ ਲਾਗੈ ਧਾਇ ॥
ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ, ਉਸ ਨੇ ਸਦਾ ਆਨੰਦ ਮਾਣਿਆ । ਕੋਈ ਭੀ ਦੁੱਖ ਹੱਲਾ ਕਰ ਕੇ ਉਸ ਨੂੰ ਨਹੀਂ ਚੰਬੜ ਸਕਦਾ ।
ਨਾਨਕ ਹਰਿ ਭਗਤਿ ਪਰਾਪਤਿ ਹੋਈ ਜੋਤੀ ਜੋਤਿ ਸਮਾਇ ॥੪॥੭॥੧੭॥
ਹੇ ਨਾਨਕ! ਜਿਸ ਮਨੁੱਖ ਨੂੰ ਭਾਗਾਂ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਗਈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ।੪।੧।੧੭
ਭੈਰਉ ਮਹਲਾ ੩ ॥
ਭੈਰਉ ਤੀਜੀ ਪਾਤਿਸ਼ਾਹੀ।
ਬਾਝੁ ਗੁਰੂ ਜਗਤੁ ਬਉਰਾਨਾ ਭੂਲਾ ਚੋਟਾ ਖਾਈ ॥
ਹੇ ਮਨ! ਗੁਰੂ ਦੀ ਸਰਨ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਝੱਲਾ ਹੋਇਆ ਫਿਰਦਾ ਹੈ, ਕੁਰਾਹੇ ਪੈ ਕੇ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ,
ਮਰਿ ਮਰਿ ਜੰਮੈ ਸਦਾ ਦੁਖੁ ਪਾਏ ਦਰ ਕੀ ਖਬਰਿ ਨ ਪਾਈ ॥੧॥
ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ, ਸਦਾ ਦੁੱਖ ਸਹਿੰਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਸਮਝ ਨਹੀਂ ਪੈਂਦੀ ।੧।
ਮੇਰੇ ਮਨ ਸਦਾ ਰਹਹੁ ਸਤਿਗੁਰ ਕੀ ਸਰਣਾ ॥
ਹੇ ਮੇਰੇ ਮਨ! ਸਦਾ ਗੁਰੂ ਦੀ ਸਰਨ ਪਿਆ ਰਹੁ ।
ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ ਗੁਰ ਸਬਦੇ ਭਵਜਲੁ ਤਰਣਾ ॥੧॥ ਰਹਾਉ ॥
(ਜਿਹੜਾ ਮਨੁੱਖ ਗੁਰੂ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਪਿਆਰਾ ਲੱਗਦਾ ਹੈ । ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।੧।ਰਹਾਉ।
ਭੇਖ ਕਰੈ ਬਹੁਤੁ ਚਿਤੁ ਡੋਲੈ ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥
ਹੇ ਮਨ! (ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਖੁੰਝ ਕੇ) ਕਈ (ਧਾਰਮਿਕ) ਭੇਖ ਬਣਾਂਦਾ ਹੈ, ਉਸ ਦਾ ਮਨ (ਵਿਕਾਰਾਂ ਵਿਚ ਹੀ) ਡੋਲਦਾ ਰਹਿੰਦਾ ਹੈ, ਉਸ ਦੇ ਅੰਦਰ ਕਾਮ (ਦਾ ਜ਼ੋਰ) ਹੈ, ਕੋ®ਧ (ਦਾ ਜ਼ੋਰ) ਹੈ, ਅਹੰਕਾਰ (ਦਾ ਜ਼ੋਰ) ਹੈ,
ਅੰਤਰਿ ਤਿਸਾ ਭੂਖ ਅਤਿ ਬਹੁਤੀ ਭਉਕਤ ਫਿਰੈ ਦਰ ਬਾਰੁ ॥੨॥
ਉਸ ਦੇ ਅੰਦਰ ਮਾਇਆ ਦੀ ਬੜੀ ਤਿ®ਸ਼ਨਾ ਹੈ, ਮਾਇਆ ਦੀ ਬੜੀ ਭੁੱਖ ਹੈ, ਉਹ (ਕੁੱਤੇ ਵਾਂਗ ਰੋਟੀ ਦੀ ਖ਼ਾਤਰ) ਭੌਂਕਦਾ ਫਿਰਦਾ ਹੈ, (ਹਰੇਕ ਘਰ ਦੇ) ਦਰ ਦਾ ਬੂਹਾ (ਖੜਕਾਂਦਾ ਫਿਰਦਾ ਹੈ) ।੨।
ਗੁਰ ਕੈ ਸਬਦਿ ਮਰਹਿ ਫਿਰਿ ਜੀਵਹਿ ਤਿਨ ਕਉ ਮੁਕਤਿ ਦੁਆਰਿ ॥
ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦੇ ਹਨ, ਉਹ ਫਿਰ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਜਾਂਦੀ ਹੈ, ਪਰਮਾਤਮਾ ਦੇ ਦਰ ਤੇ (ਉਹਨਾਂ ਦੀ ਪਹੁੰਚ ਹੋ ਜਾਂਦੀ ਹੈ) ।
ਅੰਤਰਿ ਸਾਂਤਿ ਸਦਾ ਸੁਖੁ ਹੋਵੈ ਹਰਿ ਰਾਖਿਆ ਉਰ ਧਾਰਿ ॥੩॥
ਉਹਨਾਂ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, (ਕਿਉਂਕਿ ਉਹਨਾਂ ਨੇ) ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ ।੩।
ਜਿਉ ਤਿਸੁ ਭਾਵੈ ਤਿਵੈ ਚਲਾਵੈ ਕਰਣਾ ਕਿਛੂ ਨ ਜਾਈ ॥
ਪਰ, ਹੇ ਭਾਈ! (ਜੀਵਾਂ ਦੇ ਕੁਝ ਵੱਸ ਨਹੀਂ) ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਉਹ ਜੀਵਾਂ ਨੂੰ ਜੀਵਨ-ਰਾਹ ਉਤੇ ਤੋਰਦਾ ਹੈ, ਅਸਾਂ ਜੀਵਾਂ ਦਾ ਉਸ ਦੇ ਸਾਹਮਣੇ ਕੋਈ ਜ਼ੋਰ ਨਹੀਂ ਚੱਲ ਸਕਦਾ ।
ਨਾਨਕ ਗੁਰਮੁਖਿ ਸਬਦੁ ਸਮੑਾਲੇ ਰਾਮ ਨਾਮਿ ਵਡਿਆਈ ॥੪॥੮॥੧੮॥
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ ।੪।੮।੧੮।
ਭੈਰਉ ਮਹਲਾ ੩ ॥
ਭੈਰਉ ਤੀਜੀ ਪਾਤਸ਼ਾਹੀ।
ਹਉਮੈ ਮਾਇਆ ਮੋਹਿ ਖੁਆਇਆ ਦੁਖੁ ਖਟੇ ਦੁਖ ਖਾਇ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਕਾਰਨ ਮਾਇਆ ਦੇ ਮੋਹ ਦੇ ਕਾਰਨ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ । ਉਹ ਉਹੀ ਕੁਝ ਕਰਦਾ ਰਹਿੰਦਾ ਹੈ ਜਿਸ ਤੋਂ ਉਹ ਦੁੱਖ ਹੀ ਸਹੇੜਦਾ ਹੈ ਦੁੱਖ ਹੀ ਸਹਾਰਦਾ ਹੈ ।
ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ ॥੧॥
ਉਸ ਦੇ ਅੰਦਰ ਲੋਭ (ਟਿਕਿਆ ਰਹਿੰਦਾ ਹੈ ਜਿਵੇਂ ਕੁੱਤੇ ਨੂੰ) ਹਲਕ (ਹੋ ਜਾਂਦਾ) ਹੈ (ਕੁੱਤਾ ਆਪ ਭੀ ਦੁਖੀ ਹੁੰਦਾ ਹੈ ਲੋਕਾਂ ਨੂੰ ਭੀ ਦੁਖੀ ਕਰਦਾ ਹੈ । ਇਸੇ ਤਰ੍ਹਾਂ ਲੋਭੀ ਨੂੰ) ਬਹੁਤ ਦੁੱਖ ਬਣਿਆ ਰਹਿੰਦਾ ਹੈ । ਚੰਗੇ ਮੰਦੇ ਕੰਮ ਦੀ ਪਰਖ ਨਾਹ ਕਰ ਸਕਣ ਕਰਕੇ ਉਹ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ।੧।
ਮਨਮੁਖਿ ਧ੍ਰਿਗੁ ਜੀਵਣੁ ਸੈਸਾਰਿ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜਗਤ ਵਿਚ ਜੀਵਨ (-ਢੰਗ) ਇਹੋ ਜਿਹਾ ਹੀ ਰਹਿੰਦਾ ਹੈ ਕਿ ਉਸ ਨੂੰ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ ।
ਰਾਮ ਨਾਮੁ ਸੁਪਨੈ ਨਹੀ ਚੇਤਿਆ ਹਰਿ ਸਿਉ ਕਦੇ ਨ ਲਾਗੈ ਪਿਆਰੁ ॥੧॥ ਰਹਾਉ ॥
ਉਹ ਪਰਮਾਤਮਾ ਦਾ ਨਾਮ ਕਦੇ ਭੀ ਯਾਦ ਨਹੀਂ ਕਰਦਾ, ਪਰਮਾਤਮਾ ਨਾਲ ਉਸ ਦਾ ਕਦੇ ਭੀ ਪਿਆਰ ਨਹੀਂ ਬਣਦਾ ।੧।ਰਹਾਉ।
ਪਸੂਆ ਕਰਮ ਕਰੈ ਨਹੀ ਬੂਝੈ ਕੂੜੁ ਕਮਾਵੈ ਕੂੜੋ ਹੋਇ ॥
ਹੇ ਭਾਈ! ਮਨ ਦਾ ਮੁਰੀਦ ਮਨੁੱਖ ਪਸ਼ੂਆਂ ਵਾਲੇ ਕੰਮ ਕਰਦਾ ਹੈ, ਉਸ ਨੂੰ ਸਮਝ ਨਹੀਂ ਆਉਂਦੀ (ਕਿ ਇਹ ਜੀਵਨ-ਰਾਹ ਗ਼ਲਤ ਹੈ) । ਨਾਸਵੰਤ ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਾ ਕਰਦਾ ਉਸੇ ਦਾ ਰੂਪ ਹੋਇਆ ਰਹਿੰਦਾ ਹੈ ।
ਸਤਿਗੁਰੁ ਮਿਲੈ ਤ ਉਲਟੀ ਹੋਵੈ ਖੋਜਿ ਲਹੈ ਜਨੁ ਕੋਇ ॥੨॥
ਪਰ ਜੇ ਉਸ ਨੂੰ ਗੁਰੂ ਮਿਲ ਪਏ, ਤਾਂ ਉਸ ਦੀ ਸੁਰਤਿ ਮਾਇਆ ਵਲੋਂ ਪਰਤ ਜਾਂਦੀ ਹੈ (ਫਿਰ ਉਹ) ਖੋਜ ਕਰ ਕੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ (ਪਰ ਅਜਿਹਾ ਹੁੰਦਾ) ਕੋਈ ਵਿਰਲਾ ਹੀ ਹੈ ।੨।
ਹਰਿ ਹਰਿ ਨਾਮੁ ਰਿਦੈ ਸਦ ਵਸਿਆ ਪਾਇਆ ਗੁਣੀ ਨਿਧਾਨੁ ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਿਆ ਰਹਿੰਦਾ ਹੈ, ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦਾ ਹੈ ।
ਗੁਰ ਪਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨੁ ॥੩॥
ਗੁਰੂ ਦੀ ਕਿਰਪਾ ਨਾਲ ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਦਾ ਅਹੰਕਾਰ ਦੂਰ ਹੋ ਜਾਂਦਾ ਹੈ ।੩।
ਆਪੇ ਕਰਤਾ ਕਰੇ ਕਰਾਏ ਆਪੇ ਮਾਰਗਿ ਪਾਏ ॥
(ਪਰ, ਹੇ ਭਾਈ! ਮਨਮੁਖ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਤੇ ਪਾਂਦਾ ਹੈ, ਆਪ ਹੀ ਗੁਰੂ ਦੀ ਰਾਹੀਂ ਇੱਜ਼ਤ ਬਖ਼ਸ਼ਦਾ ਹੈ ।