Sri Guru Granth Sahib Ji — Ang 1127 (punjabi)
ਸਾਚਿ ਰਤੇ ਸਚੁ ਅੰਮ੍ਰਿਤੁ ਜਿਹਵਾ ਮਿਥਿਆ ਮੈਲੁ ਨ ਰਾਈ ॥
ਜੇਹੜੇ ਬੰਦੇ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦੇ ਹਨ, ਜਿਨ੍ਹਾਂ ਦੀ ਜੀਭ ਉਤੇ ਆਤਮਕ ਜੀਵਨ ਦੇਣ ਵਾਲਾ ਨਾਮ ਟਿਕਿਆ ਰਹਿੰਦਾ ਹੈ, ਝੂਠ ਦੀ ਮੈਲ ਉਹਨਾਂ ਦੇ ਅੰਦਰ ਰਤਾ ਭੀ ਨਹੀਂ ਹੁੰਦੀ ।
ਨਿਰਮਲ ਨਾਮੁ ਅੰਮ੍ਰਿਤ ਰਸੁ ਚਾਖਿਆ ਸਬਦਿ ਰਤੇ ਪਤਿ ਪਾਈ ॥੩॥
ਉਹ ਬੰਦੇ ਪਵਿੱਤ® ਨਾਮ (ਜਪਦੇ ਹਨ), ਆਤਮਕ ਜੀਵਨ ਦੇਣ ਵਾਲੇ ਨਾਮ ਦਾ ਸੁਆਦ ਚੱਖਦੇ ਹਨ, ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਸਦਾ ਮਸਤ ਰਹਿੰਦੇ ਹਨ, ਤੇ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੇ ਹਨ ।੩।
ਗੁਣੀ ਗੁਣੀ ਮਿਲਿ ਲਾਹਾ ਪਾਵਸਿ ਗੁਰਮੁਖਿ ਨਾਮਿ ਵਡਾਈ ॥
ਗੁਣਵਾਨ (ਸੇਵਕ) ਗੁਣਵਾਨ (ਸੇਵਕ) ਨੂੰ ਮਿਲ ਕੇ (ਨਾਮ ਸਿਮਰਨ ਦੀ ਸਾਂਝ ਬਣਾ ਕੇ) ਪ੍ਰਭੂ-ਨਾਮ ਦਾ ਲਾਭ ਖੱਟਦਾ ਹੈ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ ਵਿਚ ਜੁੜ ਕੇ ਇੱਜ਼ਤ ਪਾਂਦਾ ਹੈ,
ਸਗਲੇ ਦੂਖ ਮਿਟਹਿ ਗੁਰ ਸੇਵਾ ਨਾਨਕ ਨਾਮੁ ਸਖਾਈ ॥੪॥੫॥੬॥
ਗੁਰੂ ਦੀ ਦੱਸੀ ਕਾਰ ਕਰ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ; ਹੇ ਨਾਨਕ! ਪ੍ਰਭੂ ਦਾ ਨਾਮ ਉਸ ਦਾ (ਸਦਾ ਦਾ) ਮਿੱਤਰ ਬਣ ਜਾਂਦਾ ਹੈ ।੪।੫।੬।
ਭੈਰਉ ਮਹਲਾ ੧ ॥
ਭੈਰਊ ਪਹਿਲੀ ਪਾਤਿਸ਼ਾਹੀ।
ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ ॥
(ਜਿਵੇਂ ਦੁਨੀਆ ਵਾਲਾ ਧਨ-ਪਦਾਰਥ ਇਨਸਾਨ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਣਾ ਸਭ ਜੀਵਾਂ ਲਈ (ਆਤਮਕ ਲੋੜਾਂ ਪੂਰੀਆਂ ਕਰਨ ਵਾਸਤੇ) ਧਨ ਹੈ (ਆਤਮਕ ਜੀਵਨ ਦਾ) ਸਹਾਰਾ ਬਣਦਾ ਹੈ, (ਪਰ ਇਹ ਧਨ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨਿ ਲਿਵ ਲਾਈਐ ॥੧॥
ਆਤਮਕ ਜੀਵਨ ਦੇਣ ਵਾਲੇ ਇਸ ਕੀਮਤੀ ਧਨ ਦੀ ਬਰਕਤਿ ਨਾਲ ਕਾਮਯਾਬ ਜ਼ਿੰਦਗੀ ਵਾਲਾ ਹੋ ਜਾਈਦਾ ਹੈ, ਆਤਮਕ ਅਡੋਲਤਾ ਦੇ ਟਿਕਾE ਵਿਚ ਟਿਕੇ ਰਹਿ ਕੇ ਸੁਰਤਿ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ ।੧।
ਮਨ ਰੇ ਰਾਮ ਭਗਤਿ ਚਿਤੁ ਲਾਈਐ ॥
ਹੇ ਮਨ! ਪਰਮਾਤਮਾ ਦੀ ਭਗਤੀ ਵਿਚ ਜੁੜਨਾ ਚਾਹੀਦਾ ਹੈ ।
ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥੧॥ ਰਹਾਉ ॥
ਹੇ ਮਨ! ਗੁਰੂ ਦੇ ਦੱਸੇ ਜੀਵਨ-ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਸਿਮਰ, (ਇਸ ਤਰ੍ਹਾਂ) ਸ਼ਾਂਤੀ ਵਾਲਾ ਜੀਵਨ ਗੁਜ਼ਾਰਦਿਆਂ ਪਰਮਾਤਮਾ ਦੇ ਚਰਨਾਂ ਵਿਚ ਪਹੁੰਚ ਜਾਈਦਾ ਹੈ ।੧।ਰਹਾਉ।
ਭਰਮੁ ਭੇਦੁ ਭਉ ਕਬਹੁ ਨ ਛੂਟਸਿ ਆਵਤ ਜਾਤ ਨ ਜਾਨੀ ॥
(ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਭਟਕਣਾ, ਪ੍ਰਭੂ ਨਾਲੋਂ ਵਿੱਥ, ਡਰ-ਸਹਮ ਕਦੇ ਨਹੀਂ ਮੁੱਕਦਾ, ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ, (ਸਹੀ ਜੀਵਨ ਦੀ) ਸਮਝ ਨਹੀਂ ਪੈਂਦੀ ।
ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵਸਿ ਡੂਬਿ ਮੁਏ ਬਿਨੁ ਪਾਨੀ ॥੨॥
ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕੋਈ ਬੰਦਾ (ਮਾਇਆ ਦੀ ਤਿ®ਸ਼ਨਾ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰ ਸਕਦਾ । (ਵਿਕਾਰਾਂ ਦੇ ਪਾਣੀ ਵਿਚ) ਗੋਤੇ ਖਾ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ, ਵਿਸ਼ਿਆਂ ਨਾਲ ਤਿ®ਪਤੀ ਭੀ ਨਹੀਂ ਹੁੰਦੀ ।੨।
ਧੰਧਾ ਕਰਤ ਸਗਲੀ ਪਤਿ ਖੋਵਸਿ ਭਰਮੁ ਨ ਮਿਟਸਿ ਗਵਾਰਾ ॥
ਹੇ ਮੂਰਖ (ਮਨ)! (ਨਿਰੀ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਿਆਂ ਤੂੰ ਆਪਣੀ ਇੱਜ਼ਤ ਗਵਾ ਲਏਂਗਾ, (ਇਸ ਤਰ੍ਹਾਂ) ਤੇਰੀ ਭਟਕਣਾ ਨਹੀਂ ਮੁੱਕੇਗੀ ।
ਬਿਨੁ ਗੁਰ ਸਬਦ ਮੁਕਤਿ ਨਹੀ ਕਬ ਹੀ ਅੰਧੁਲੇ ਧੰਧੁ ਪਸਾਰਾ ॥੩॥
ਹੇ ਅੰਨ੍ਹੇ (ਮਨ)! ਗੁਰੂ ਦੇ ਸ਼ਬਦ (ਨਾਲ ਪਿਆਰ ਕਰਨ) ਤੋਂ ਬਿਨਾ (ਮਾਇਆ ਦੀ ਤਿ®ਸ਼ਨਾ ਤੋਂ) ਕਦੇ ਖ਼ਲਾਸੀ ਨਹੀਂ ਹੋਵੇਗੀ । ਇਹ ਦੌੜ-ਭੱਜ ਟਿਕੀ ਰਹੇਗੀ, ਸੁਰਤਿ ਦਾ ਇਹ ਖਿੰਡਾਉ ਬਣਿਆ ਰਹੇਗਾ ।੩।
ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ ॥
ਜੇਹੜਾ ਮਨ ਉਸ ਪ੍ਰਭੂ ਨਾਲ ਗਿੱਝ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਮਾਇਕ ਫੁਰਨਿਆਂ ਵਲੋਂ ਉਸ ਮਨ ਦਾ ਚਾਉ-ਉਤਸ਼ਾਹ ਹੀ ਮੁੱਕ ਜਾਂਦਾ ਹੈ ।
ਅੰਤਰਿ ਬਾਹਰਿ ਏਕੋ ਜਾਨਿਆ ਨਾਨਕ ਅਵਰੁ ਨ ਦੂਆ ॥੪॥੬॥੭॥
ਹੇ ਨਾਨਕ! ਉਹ ਮਨ ਆਪਣੇ ਅੰਦਰ ਤੇ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਪਛਾਣਦਾ ਹੈ, ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਸੁਝਦਾ ।੪।੬।੭।
ਭੈਰਉ ਮਹਲਾ ੧ ॥
ਭੈਰਊ ਪਹਿਲੀ ਪਾਤਿਸ਼ਾਹੀ।
ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ ॥
(ਵਿਕਾਰਾਂ ਤੋਂ ਅਤੇ ਵਿਕਾਰਾਂ ਤੋਂ ਪੈਦਾ ਹੋਏ ਦੁੱਖਾਂ ਤੋਂ) ਖ਼ਲਾਸੀ ਕੋਈ ਮਨੁੱਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਨਹੀਂ ਪ੍ਰਾਪਤ ਕਰ ਸਕਦਾ,
ਰਾਮ ਨਾਮ ਬਿਨੁ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ ॥੧॥
ਇਹ ਖ਼ਲਾਸੀ ਗੁਰੂ ਦੀ ਸਰਨ ਪੈ ਕੇ ਪ੍ਰਭੂ-ਨਾਮ ਵਿਚ ਜੁੜਿਆਂ ਹੀ ਮਿਲਦੀ ਹੈ । (ਜੇ ਮਨੁੱਖ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਤਾਂ) ਜੱਗ ਹਵਨ ਪੁੰਨ-ਦਾਨ, ਤਪ ਪੂਜਾ ਆਦਿਕ ਕਰਮ ਕੀਤਿਆਂ ਸਰੀਰ (ਫਿਰ ਭੀ) ਦੁਖੀ ਹੀ ਰਹਿੰਦਾ ਹੈ ਦੁੱਖ ਹੀ ਸਹਾਰਦਾ ਹੈ ।੧।
ਰਾਮ ਨਾਮ ਬਿਨੁ ਬਿਰਥੇ ਜਗਿ ਜਨਮਾ ॥
ਪਰਮਾਤਮਾ ਦਾ ਨਾਮ ਜਪਣ ਤੋਂ ਵਾਂਜੇ ਰਹਿ ਕੇ ਮਨੁੱਖ ਦਾ ਜਗਤ ਵਿਚ ਜਨਮ (ਲੈਣਾ) ਵਿਅਰਥ ਹੋ ਜਾਂਦਾ ਹੈ ।
ਬਿਖੁ ਖਾਵੈ ਬਿਖੁ ਬੋਲੀ ਬੋਲੈ ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥੧॥ ਰਹਾਉ ॥
ਜੇਹੜਾ ਮਨੁੱਖ ਵਿਸ਼ਿਆਂ ਦੀ ਜ਼ਹਰ ਖਾਂਦਾ ਰਹਿੰਦਾ ਹੈ, ਵਿਸ਼ਿਆਂ ਦੀਆਂ ਹੀ ਨਿੱਤ ਗੱਲਾਂ ਕਰਦਾ ਰਹਿੰਦਾ ਹੈ ਤੇ ਪ੍ਰਭੂ-ਸਿਮਰਨ ਤੋਂ ਖ਼ਾਲੀ ਰਹਿੰਦਾ ਹੈ, ਉਸ ਦੀ ਜ਼ਿੰਦਗੀ ਵਿਅਰਥ ਰਹਿੰਦੀ ਹੈ ਉਹ ਆਤਮਕ ਮੌਤੇ ਮਰ ਜਾਂਦਾ ਹੈ ਅਤੇ ਸਦਾ ਭਟਕਦਾ ਰਹਿੰਦਾ ਹੈ ।੧।ਰਹਾਉ।
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ ॥
(ਪੰਡਿਤ ਸੰਸਕਿ®ਤ) ਪੁਸਤਕਾਂ ਦੇ ਪਾਠ ਤੇ ਵਿਆਕਰਣ ਆਦਿਕ (ਆਪਣੇ ਵਿਦਿਆਰਥੀਆਂ ਆਦਿਕਾਂ ਨੂੰ) ਸਮਝਾਂਦਾ ਹੈ, ਤਿੰਨ ਵੇਲੇ (ਹਰ ਰੋਜ਼) ਸੰਧਿਆ-ਕਰਮ ਭੀ ਕਰਦਾ ਹੈ,
ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ ॥੨॥
ਪਰ, ਹੇ ਪ੍ਰਾਣੀ! ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ (ਵਿਸ਼ਿਆਂ ਦੇ ਜ਼ਹਰ ਤੋਂ) ਖ਼ਲਾਸੀ ਬਿਲਕੁਲ ਨਹੀਂ ਮਿਲ ਸਕਦੀ । ਪਰਮਾਤਮਾ ਦੇ ਨਾਮ ਤੋਂ ਵਾਂਜਿਆ ਉਹ ਵਿਕਾਰਾਂ ਵਿਚ ਫਸਿਆ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ ।੨।
ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥
(ਜੋਗੀ ਹੱਥ ਵਿਚ) ਡੰਡਾ ਤੇ ਖੱਪਰ ਫੜ ਲੈਂਦਾ ਹੈ, ਬ੍ਰਾਹਮਣ ਬੋਦੀ ਰੱਖਦਾ ਹੈ, ਜਨੇਊ ਤੇ ਧੋਤੀ ਪਹਿਨਦਾ ਹੈ, (ਜੋਗੀ) ਤੀਰਥ-ਜਾਤ®ਾ ਤੇ ਧਰਤੀ-ਭ੍ਰਮਨ ਕਰਦਾ ਹੈ ।
ਰਾਮ ਨਾਮ ਬਿਨੁ ਸਾਂਤਿ ਨ ਆਵੈ ਜਪਿ ਹਰਿ ਹਰਿ ਨਾਮੁ ਸੁ ਪਾਰਿ ਪਰੈ ॥੩॥
(ਪਰ ਇਹਨੀਂ ਕੰਮੀਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਮਨ ਨੂੰ) ਸ਼ਾਂਤੀ ਨਹੀਂ ਆ ਸਕਦੀ । ਜੋ ਮਨੁੱਖ ਹਰੀ ਦਾ ਨਾਮ ਸਦਾ ਸਿਮਰਦਾ ਹੈ, ਉਹ (ਵਿਸ਼ੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ।੩।
ਜਟਾ ਮੁਕਟੁ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ ॥
ਜਟਾਂ ਦਾ ਜੂੜਾ ਕਰ ਲਿਆ, ਪਿੰਡੇ ਤੇ ਸੁਆਹ ਮਲ ਲਈ, ਸਰੀਰ ਉਤੋਂ ਕੱਪੜੇ ਉਤਾਰ ਕੇ ਨੰਗਾ ਰਹਿਣ ਲੱਗ ਪਿਆ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ ਲਈ (ਇਹ ਸਾਰਾ ਅਡੰਬਰ) ਨਿਰਾ ਬਾਹਰਲਾ ਧਾਰਮਿਕ ਲਿਬਾਸ ਹੀ ਹੈ ।
ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ ਕਿਰਤ ਕੈ ਬਾਂਧੈ ਭੇਖੁ ਭਇਆ ॥੪॥
ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੀ ਤਿ®ਸ਼ਨਾ ਵਲੋਂ ਮਨ ਰੱਜਦਾ ਨਹੀਂ ।੪।
ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ ਜਤ੍ਰ ਕਤ੍ਰ ਤੂ ਸਰਬ ਜੀਆ ॥
(ਪਰ ਹੇ ਪ੍ਰਭੂ! ਜੀਵਾਂ ਦੇ ਕੁਝ ਵੱਸ ਨਹੀਂ ਹੈ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਜਿਤਨੇ ਭੀ ਜੀਵ ਵੱਸਦੇ ਹਨ ਸਭਨਾਂ ਵਿਚ ਤੂੰ ਆਪ ਹੀ ਹਰ ਥਾਂ ਮੌਜੂਦ ਹੈਂ ।
ਗੁਰ ਪਰਸਾਦਿ ਰਾਖਿ ਲੇ ਜਨ ਕਉ ਹਰਿ ਰਸੁ ਨਾਨਕ ਝੋਲਿ ਪੀਆ ॥੫॥੭॥੮॥
ਹੇ ਨਾਨਕ! ਜਿਸ ਜੀਵ ਨੂੰ ਪ੍ਰਭੂ ਗੁਰੂ ਦੀ ਕਿਰਪਾ ਦੀ ਰਾਹੀਂ (ਵਿਸ਼ੇ ਵਿਕਾਰਾਂ ਤੋਂ) ਬਚਾਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਬੜੇ ਸੁਆਦ ਨਾਲ ਪੀਂਦਾ ਹੈ ।੫।੭।੮।
ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧
ਰਾਗੁ ਭੈਰਉ ਤੀਜੀ ਪਾਤਿਸ਼ਾਹੀ। ਚਊਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥
ਹੇ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿE । (‘ਜਾਤਿ’ ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ)
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥
ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ।੧।
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ ।